ਸੂਬਾ ਸਰਕਾਰ ਬਿਜਲੀ ਦੇ ਕੱਟਾਂ ਨੂੰ ਬੰਦ ਕਰਕੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਵੇ-ਇਯਾਲੀ
ਅਜੀਤ ਡੈਸਕ
27-04-2026
ਹੰਬੜਾਂ, 26 ਅਪ੍ਰੈਲ (ਮੇਜਰ ਹੰਬੜਾਂ)-ਸੂਬੇ ਦੀ 'ਆਪ' ਸਰਕਾਰ ਵਲੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵੱਡੇ ਵੱਡੇ ਦਾਅਵੇ ਅੱਜ ਖੋਖਲੇ ਸਾਬਿਤ ਹੋ ਰਹੇ ਹਨ ਕਿਉਕੇ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ 'ਚ ਗੁਜ਼ਰਨਾ ਪੈ ਰਿਹਾ ਹੈ, ਜਿਸ ਪਾਸੇ ਸੂਬਾ ਸਰਕਾਰ ਤੁਰੰਤ ਧਿਆਨ ਦੇਵੇ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਵੇ | ਇਹ ਪ੍ਰਗਟਾਵਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਲੱਗ ਰਹੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨਾਲ ਖੜਨ ਦੀ ਗੱਲ ਕਰਦਿਆਂ ਕੀਤਾ ਤੇ ਕਿਹਾ ਕਿ ਜੇ ਪਾਵਰ ਕੱਟ ਬੰਦ ਨਾ ਹੋਏ ਤਾਂ ਅਸੀਂ ਧਰਨੇ ਦੇਵਾਂਗੇ | ਸ. ਇਯਾਲੀ ਨੇ ਕਿਹਾ ਕਿ ਅੱਜ ਜਿੱਥੇ ਕਿਸਾਨਾਂ ਵਲੋਂ ਸਬਜ਼ੀਆਂ ਸਮੇਤ ਹਰਾ ਚਾਰਾ 'ਤੇ ਹੋਰ ਫ਼ਸਲਾਂ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ ਤੇ ਗਰਮੀ ਲੋਕਾਂ ਦਾ ਬੁਰਾ ਹਾਲ ਕਰ ਰਹੀ ਉਸੇ ਸਮੇਂ ਬਿਜਲੀ ਬੰਦ ਰਹਿਣਾ ਪ੍ਰੇਸ਼ਾਨੀ ਦੀ ਗੱਲ ਹੈ, ਜਿਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਜੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਮੋਟਰਾਂ ਲਈ ਜਿੱਥੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਉੱਥੇ ਘਰਾਂ ਵਾਲੀ ਬਿਜਲੀ ਸਪਲਾਈ ਵੀ ਨਿਰਵਿਘਨ ਦਿੱਤੀ ਜਾਵੇ, ਕਿਉਂਕਿ ਪੈ ਰਹੀ ਗਰਮੀ ਵਿਚ ਪਾਵਰ ਕੱਟ ਲਗਾਏ ਜਾਣਾ ਪਾਵਰਕਾਮ ਮਹਿਕਮੇ ਦਾ ਨਾ ਸਹਿਣਯੋਗ ਫ਼ੈਸਲਾ, ਜਿਸ ਦੀ ਨਿੰਦਾ ਕਰਦੇ ਹਾਂ ਤੇ ਸਰਕਾਰ ਤੇ ਪਾਵਰਕਾਮ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ |