ਰਾਏਕੋਟ, 26 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਬੀਤੇ ਦਿਨ ਕਰੀਬ ਦੁਪਹਿਰ 12 ਵਜੇ ਨਗਰ ਕੌਂਸਲ ਰਾਏਕੋਟ ਦੇ ਸਾਹਮਣੇ ਸ਼ਹਿਰ ਦੇ ਵਸਨੀਕ ਭੀਮਸੇਨ ਪੁੱਤਰ ਕੌਰਸੇਨ (ਉਮਰ 65 ਸਾਲ) ਇਕ ਸਬਜ਼ੀ ਵਾਲੇ ਕੋਲ ਟਮਾਟਰ ਖਰੀਦਣ ਲਈ ਰੁਕੇ ਹੋਏ ਸਨ | ਜਦੋਂ ਉਹ ਟਮਾਟਰ ਚੁਣ ਰਹੇ ਸਨ, ਉੱਥੇ ਹੀ 4-5 ਨੌਜਵਾਨਾਂ ਨੇ ਟੇਬਲ ਲਗਾ ਕੇ ਡੀਟੀਆ (ਪੁਰਾਣਾ ਜੂਏ ਦੀ ਖੇਡ) ਦਿਖਾਉਣਾ ਸ਼ੁਰੂ ਕਰ ਦਿੱਤਾ, 2 ਨੌਜਵਾਨ ਖੇਡ ਚਲਾ ਰਹੇ ਸਨ ਅਤੇ ਤਿੰਨ ਹੋਰ ਉਸ ਨੂੰ ਦੇਖ ਰਹੇ ਸਨ | ਖੇਡ ਚਲਾਉਣ ਵਾਲੇ ਦਾਅਵਾ ਕਰ ਰਹੇ ਸਨ ਕਿ ਜੇਕਰ ਕੋਈ ਸਹੀ ਲਾਲ ਡੀਟੀਆ ਦਾ ਪਤਾ ਦੱਸੇਗਾ ਤਾਂ ਉਸ ਦੇ ਲਗਾਏ ਪੈਸੇ ਦੁੱਗਣੇ ਕਰਕੇ ਵਾਪਿਸ ਕੀਤੇ ਜਾਣਗੇ | ਭੀਮਸੇਨ ਦੀ ਨਜ਼ਰ ਵੀ ਉਸ ਖੇਡ 'ਤੇ ਪਈ, ਇਸ ਦੌਰਾਨ ਇਕ ਨੌਜਵਾਨ (ਜੋ ਠੱਗਾਂ ਦਾ ਹੀ ਸਾਥੀ ਸੀ) ਨੇ ਉਨ੍ਹਾਂ ਨੂੰ ਕਿਹਾ ਕਿ 'ਅੰਕਲ ਜੀ ਧਿਆਨ ਨਾਲ ਦੇਖੋ, ਇਹ ਸਹੀ ਖੇਡ ਰਹੇ ਹਨ |' ਭੀਮਸੇਨ ਨੇ ਦੱਸਿਆ ਕਿ ਜਿਵੇਂ ਹੀ ਉਹ ਉਤਸੁਕਤਾ ਨਾਲ ਉਨ੍ਹਾਂ ਵੱਲ ਦੇਖਣ ਲੱਗੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕਿਸੇ ਨੌਜਵਾਨ ਨੇ ਉਨ੍ਹਾਂ ਨੂੰ ਕੁਝ ਸੁੰਘਾ ਦਿੱਤਾ | ਕੁਝ ਸਮੇਂ ਲਈ ਉਹ ਮੱਤ ਭਰਮ ਵਿਚ ਚਲੇ ਗਏ ਅਤੇ ਜੋ ਨੌਜਵਾਨ ਕਹਿ ਰਹੇ ਸਨ, ਉਹ ਉਹੀ ਕਰਦੇ ਗਏ | ਇਸ ਦੌਰਾਨ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਪਾਈਆਂ 2 ਸੋਨੇ ਦੀਆਂ ਅੰਗੂਠੀਆਂ (ਇਕ 7.50 ਗ੍ਰਾਮ ਅਤੇ ਦੂਜੀ 5 ਗ੍ਰਾਮ), ਜੋ ਕੁੱਲ ਕਰਕੇ ਲਗਭਗ ਸਵਾ ਤੋਲਾ ਸੋਨਾ ਬਣਦਾ ਹੈ ਅਤੇ ਕੀਮਤ 2 ਲੱਖ ਤੋਂ ਵੱਧ ਹੈ, ਆਪਣੇ ਹੱਥਾਂ ਨਾਲ ਹੀ ਦੇ ਦਿੱਤੀਆਂ | ਕੁਝ ਮਿੰਟਾਂ ਬਾਅਦ ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਠੱਗ ਸੋਨਾ ਲੈ ਕੇ ਫ਼ਰਾਰ ਹੋ ਚੁੱਕੇ ਸਨ | ਭੀਮਸੇਨ ਨੇ ਤੁਰੰਤ ਸ਼ੋਰ ਮਚਾਇਆ ਅਤੇ ਮੋਟਰਸਾਈਕਲ 'ਤੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ | ਉੱਥੇ ਖੜ੍ਹੇ ਹੋਰ 2 ਨੌਜਵਾਨ ਵੀ ਉਨ੍ਹਾਂ ਦੇ ਨਾਲ ਜਾਣ ਲਈ ਤਿਆਰ ਹੋ ਗਏ, ਪਰ ਗਊਸ਼ਾਲਾ ਕੋਲ ਪਹੁੰਚ ਕੇ ਜਦੋਂ ਭੀਮਸੇਨ ਨੂੰ ਪੂਰੀ ਤਰ੍ਹਾਂ ਹੋਸ਼ ਆਇਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਵੀ ਠੱਗਾਂ ਦੇ ਸਾਥੀ ਹਨ | ਜਦੋਂ ਉਹ ਥਾਣੇ ਜਾਂ ਭੀੜ ਵਾਲੇ ਇਲਾਕੇ ਵਿਚ ਜਾਣ ਬਾਰੇ ਸੋਚ ਰਹੇ ਸਨ ਤਾਂ ਪਿੱਛੇ ਬੈਠੇ ਦੋਵੇਂ ਨੌਜਵਾਨਾਂ ਨੇ ਉਨ੍ਹਾਂ ਦਾ ਗਲਾ ਦਬਾ ਕੇ ਮੋਟਰਸਾਈਕਲ ਹੌਲੀ ਕਰ ਦਿੱਤਾ ਅਤੇ ਛਾਲ ਮਾਰ ਕੇ ਪਿੱਛੇ ਆ ਰਹੀ ਕੋਰੋਲਾ ਗੱਡੀ ਨੰਬਰ ਪੀ.ਬੀ. 04 ਐੱਫ 1020, ਵਿਚ ਬੈਠ ਕੇ ਫ਼ਰਾਰ ਹੋ ਗਏ | ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਭੀਮਸੇਨ ਦੇ ਹੱਥ ਕੁਝ ਨਾ ਲੱਗਿਆ | ਉਨ੍ਹਾਂ ਨੇ ਤੁਰੰਤ ਰਾਏਕੋਟ ਸਿਟੀ ਪੁਲਿਸ ਥਾਣੇ ਨੂੰ ਸੂਚਨਾ ਦਿੱਤੀ, ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ |