ਰਾਏਕੋਟ, 26 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਅਗਵਾਈ ਹੇਠ ਕੁਤਬਾ ਗੇਟ ਸਾਹਮਣੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਰਾਘਵ ਚੱਢਾ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸੰਦੀਪ ਪਾਠਕ, ਰਾਜਿੰਦਰ ਗੁਪਤਾ ਅਤੇ ਹੋਰ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੇ ਵਿਸ਼ਵਾਸਘਾਤ ਦੇ ਵਿਰੋਧ ਵਿਚ ਉਨ੍ਹਾਂ ਦੇ ਪੁਤਲਾ ਫੂਕ ਕੇ ਸਖ਼ਤ ਰੋਸ ਜਤਾਇਆ ਗਿਆ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਹ ਲੋਕ ਸੱਤ੍ਹਾ ਅਤੇ ਪੈਸੇ ਦੇ ਲਾਲਚ ਵਿਚ ਪੰਜਾਬ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਗੱਦਾਰ ਹਨ | ਜਿਨ੍ਹਾਂ ਨੇ ਇਮਾਨਦਾਰੀ ਅਤੇ ਤਬਦੀਲੀ ਦੇ ਨਾਮ 'ਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਲਈਆਂ, ਅੱਜ ਉਹੀ ਲੋਕ ਭਾਜਪਾ ਦੀ ਗੋਦ ਵਿਚ ਬੈਠ ਕੇ ਪੰਜਾਬ ਦੇ ਹਿੱਤਾਂ ਨੂੰ ਵੇਚਣ ਲਈ ਤਿਆਰ ਹੋ ਗਏ ਹਨ | ਇਹ ਕੋਈ ਸਿਆਸੀ ਫ਼ੈਸਲਾ ਨਹੀਂ, ਇਹ ਸਾਫ਼ ਸਿਆਸੀ ਸੌਦਾਬਾਜ਼ੀ ਅਤੇ ਧੋਖਾ ਹੈ | ਇਸ ਮੌਕੇ ਵਿਧਾਇਕ ਠੇਕੇਦਾਰ ਨੇ ਆਖਿਆ ਕਿ ਇਨ੍ਹਾਂ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਤੁਰੰਤ ਰੱਦ ਕੀਤੀ ਜਾਵੇ ਅਤੇ ਉਨ੍ਹਾਂ ਤੋਂ ਅਸਤੀਫ਼ਾ ਲਿਆ ਜਾਵੇ, ਨਾਲ ਹੀ ਭਾਜਪਾ ਵੱਲੋਂ ਚੱਲ ਰਹੀ ਸਿਆਸੀ ਖ਼ਰੀਦ-ਫਰੋਖਤ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਉਨ੍ਹਾਂ ਆਖਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਹਰ ਵਰਕਰ ਦਾ ਲਹੂ ਖੌਲ ਰਿਹਾ ਹੈ | ਅਸੀਂ ਸਪੱਸ਼ਟ ਕਰ ਦਿੰਦੇ ਹਾਂ ਕਿ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲੇ ਇਨ੍ਹਾਂ ਮੌਕਾਪ੍ਰਸਤਾਂ ਲਈ ਆਪ ਪਾਰਟੀ ਵਿਚ ਕੋਈ ਥਾਂ ਨਹੀਂ ਹੈ | ਭਾਜਪਾ ਜੋ ਪੈਸੇ ਦੇ ਜ਼ੋਰ 'ਤੇ ਲੋਕਤੰਤਰ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਪੰਜਾਬ ਦੇ ਲੋਕ ਉਸਨੂੰ ਕਦੇ ਮੁਆਫ਼ ਨਹੀਂ ਕਰਨਗੇ | ਇਸ ਮੌਕੇ ਪੀ.ਏ. ਕਮਲ ਸਿੰਘ ਸੁਖਾਣਾ, ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਟਰੱਕ ਯੂਨੀਅਨ ਰਾਏਕੋਟ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਜਲਾਲਦੀਵਾਲ, ਬਲਾਕ ਸੰਮਤੀ ਮੈਂਬਰ ਡਾ. ਗੁਰਦੀਪ ਸਿੰਘ ਜੌਹਲਾਂ, ਗੁਰਸੇਵਲ ਸਿੰਘ ਬਿੰਜਲ, ਬਲਾਕ ਪ੍ਰਧਾਨ ਮਨਸਾ ਖਾਨ, ਗੁਰਪਾਲ ਸਿੰਘ ਮੁਹੰਮਦਪੁਰਾ, ਅਵਤਾਰ ਸਿੰਘ ਤਾਰੀ, ਸਾਹਿਲ ਰਾਏਕੋਟ, ਹਰਪ੍ਰੀਤ ਸਿੰਘ, ਜੋਤੀ ਰਾਏਕੋਟ, ਰਾਏ ਸਿੰਘ ਲੋਹਟਬੱਦੀ, ਸਤਪਾਲ ਸਿੰਘ, ਪੰਚ ਜਸਵੰਤ ਸਿੰਘ ਜੌਹਲਾਂ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਗੋਲੂ, ਕਾਕਾ ਸਿੰਘ ਰਾਏਕੋਟ, ਰਣਧੀਰ ਸਿੰਘ, ਜੱਸ ਸਿੰਘ ਹਲਵਾਰਾ, ਮਨਿੰਦਰ ਸਿੰਘ ਰਾਏਕੋਟ ਆਦਿ ਹਾਜ਼ਰ ਸਨ |