ਕੁਹਾੜਾ, 26 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਸਮਾਜ ਸੇਵੀ ਅਤੇ ਐਡਵੋਕੇਟ ਰਣਜੀਤ ਸਿੰਘ ਸਿਵੀਆ ਨੇ ਸੂਬੇ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਜ ਕੱਲ੍ਹ ਸਾਰੀਆਂ ਸਿਆਸੀ ਪਾਰਟੀਆਂ ਸੂਬੇ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾ ਕੇ ਸਿਰਫ਼ ਇੱਕ ਦੂਜੇ 'ਤੇ ਨਿੱਜੀ ਹਮਲੇ ਕਰਨ ਅਤੇ ਲੋਕਾਂ ਨੂੰ ਹਸਾਉਣ ਵਾਲੀ ਰਾਜਨੀਤੀ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ ਅਤੇ ਸਿਹਤ ਵਰਗੇ ਜ਼ਰੂਰੀ ਮੁੱਦੇ ਪਿੱਛੇ ਛੱਡ ਦਿੱਤੇ ਗਏ ਹਨ | ਜਦਕਿ ਨੇਤਾਵਾਂ ਵਲੋਂ ਮੰਚਾਂ 'ਤੇ ਇੱਕ ਦੂਜੇ ਦੀ ਆਲੋਚਨਾ ਅਤੇ ਤੰਜ਼ ਹੀ ਮੁੱਖ ਏਜੰਡਾ ਬਣ ਚੁੱਕਾ ਹੈ | ਐਡਵੋਕੇਟ ਸਿਵੀਆ ਨੇ ਕਿਹਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਨਾਲ ਲੋਕਾਂ ਦਾ ਭਰੋਸਾ ਘਟ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਧਿਰਾਂ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ 'ਚ ਲੋਕ ਆਪਣੇ ਫ਼ੈਸਲੇ ਨਾਲ ਇਨ੍ਹਾਂ ਨੂੰ ਸਬਕ ਸਿਖਾਉਣਗੇ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਕਈ ਗੰਭੀਰ ਮੁੱਦਿਆਂ ਦਾ ਸਾਹਮਣਾ ਕਰ ਰਿਹਾ ਹੈ | ਪਰ ਸਿਆਸੀ ਧਿਰਾਂ ਵਲੋਂ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਸਿਰਫ਼ ਇਕ ਦੂਜੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਐਡਵੋਕੇਟ ਸਿਵੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮਾਂ ਰਾਜਨੀਤਿਕ ਲਾਭ ਲਈ ਲੜਾਈ ਕਰਨ ਦਾ ਨਹੀਂ, ਸਗੋਂ ਇਕੱਠੇ ਹੋ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਾਰੇ ਆਗੂ ਸਾਂਝੇ ਤੌਰ 'ਤੇ ਲੋਕ ਹਿਤ ਦੇ ਮੁੱਦਿਆਂ 'ਤੇ ਗੱਲ ਕਰਨ ਅਤੇ ਯੋਜਨਾਬੱਧ ਢੰਗ ਨਾਲ ਹੱਲ ਲੱਭਣ ਤਾਂ ਪੰਜਾਬ ਨੂੰ ਮੁੜ ਤਰੱਕੀ ਦੀ ਰਾਹ 'ਤੇ ਲਿਆਂਦਾ ਜਾ ਸਕਦਾ ਹੈ |