ਸਮਰਾਲਾ, 6 ਮਈ (ਪੱਤਰ ਪ੍ਰੇਰਕ)-ਫਗਵਾੜਾ ਵਿਖੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਕਰਵਾਈ ਗਈ ਇੱਕ ਦਿਨਾਂ ਦੂਜੀ ਅੰਤਰਰਾਸ਼ਟਰੀ ਪੰਜਾਬੀ ਬਾਲ ਲੇਖਕ ਕਾਨਫ਼ਰੰਸ 'ਨਵੀਆਂ ਕਲਮਾਂ ਨਵੀਂ ਉਡਾਣ ਲੁਧਿਆਣਾ-3' ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਕੁੱਲੇਵਾਲ (ਤਹਿਸੀਲ ਸਮਰਾਲਾ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਲੋਹਾ ਮਨਵਾਇਆ | ਸਕੂਲ ਦੇ ਮੁਖੀ ਪਿ੍ੰਸੀਪਲ ਮੁਨੀਸ਼ ਦੀ ਅਗਵਾਈ ਹੇਠ ਵਿਦਿਆਰਥੀ ਸਿਮਰਨਜੀਤ ਕੌਰ, ਮਲਿਕਾ ਰਾਣੀ, ਦਮਨਜੋਤ ਅਤੇ ਕੋਮਲਦੀਪ ਕੌਰ ਵਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਨਾ ਮਿਲੀ | ਇਸ ਮੌਕੇ ਗਾਈਡ ਅਧਿਆਪਕਾਂ ਵਿਚ ਗੁਰਪ੍ਰੀਤ ਕੌਰ (ਲਾਇਬ੍ਰੇਰੀਅਨ), ਕੁਲਜੀਤ ਕੌਰ, ਮਨਜਿੰਦਰ ਸਿੰਘ ਅਤੇ ਮੁਨੀਸ਼ ਕੁਮਾਰ ਸਮੇਤ ਸਮੂਹ ਸਟਾਫ਼ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ | ਸਮਾਗਮ ਦੌਰਾਨ ਸੰਸਥਾ ਦੇ ਮੁੱਖ ਸੰਸਥਾਪਕ ਸੁੱਖੀ ਬਾਠ, ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਤਗਮੇ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਪ੍ਰਾਪਤੀ ਨਾਲ ਸਕੂਲ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ ਅਤੇ ਵਿਦਿਆਰਥੀਆਂ ਨੇ ਆਪਣੀ ਲਿਖਣੀ ਕਲਾ ਨਾਲ ਨਵੀਆਂ ਉਡਾਣਾਂ ਭਰਨ ਦਾ ਸੰਦੇਸ਼ ਦਿੱਤਾ |