ਸਾਹਨੇਵਾਲ, 6 ਮਈ (ਹਨੀ ਚਾਠਲੀ)-ਕਲਗੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਵਿਖੇ ਮਾਂ ਦੀ ਮਮਤਾ ਅਤੇ ਉਸ ਦੇ ਨਿਰਸਵਾਰਥ ਪਿਆਰ ਨੂੰ ਸਮਰਪਿਤ ਮਾਂ ਦਿਵਸ ਮਨਾਇਆ | 'ਰੱਬ ਹਰ ਥਾਂ ਨਹੀਂ ਹੋ ਸਕਦਾ, ਇਸ ਲਈ ਉਸ ਨੇ ਮਾਂ ਬਣਾਈ' ਸਿਰਲੇਖ ਹੇਠ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਦੇ ਲਗਭਗ 30 ਬੱਚਿਆਂ ਨੇ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿਚ ਬਹੁਤ ਹੀ ਭਾਵੁਕ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕੀਤੇ | ਭਾਸ਼ਣ ਪ੍ਰਤੀਯੋਗਤਾ ਵਿਚ ਬੱਚਿਆਂ ਨੇ ਮਾਂ ਦੀ ਮਮਤਾ, ਪਿਆਰ, ਸਾਡੇ ਜੀਵਨ ਵਿਚ ਮਾਂ ਦਾ ਸਥਾਨ, ਮਾਂ ਦੇ ਤਿਆਗ ਅਤੇ ਕੁਰਬਾਨੀਆਂ ਬਾਰੇ ਆਪਣੇ ਵਿਚਾਰਾਂ ਨੂੰ ਬੋਲ ਕੇ ਬਖੂਬੀ ਤਰੀਕੇ ਨਾਲ ਪੇਸ਼ ਕੀਤਾ | ਸਕੂਲ ਦੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਨੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਮਾਂ ਦਾ ਪਿਆਰ ਦੁਨੀਆਂ ਦਾ ਸਭ ਤੋਂ ਖੂਬਸੂਰਤ ਤੋਹਫਾ ਹੈ ਤੇ ਮਾਂ ਦਾ ਸਥਾਨ ਕੋਈ ਨਹੀਂ ਲੈ ਸਕਦਾ | ਅਖੀਰ ਵਿਚ ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਦਾ ਮਕਸਦ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨਾ ਤੇ ਆਪਣੇ ਮਾਪਿਆਂ ਦੇ ਸਤਿਕਾਰ ਪ੍ਰਤੀ ਜਾਗਰੂਕ ਕਰਨਾ ਹੈ, ਮਾਂ ਰੱਬ ਦਾ ਰੂਪ ਹੈ ਤੇ ਸਾਨੂੰ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਾ ਚਾਹੀਦਾ ਹੈ |