ਬੀਜਾ, 26 ਜੂਨ (ਕਸ਼ਮੀਰਾ ਸਿੰਘ ਬਗ਼ਲੀ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਜੋ ਸੂਬੇ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਪੂਰੇ ਕਰ ਦਿੱਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਸਰਗਰਮ ਆਗੂ ਤੇ ਰਾਜਨੀਤੀ ਸ਼ਾਸਤਰ ’ਚ ਡਿਗਰੀ ਹੋਲਡਰ ਕਾਕਾ ਸਤਵਿੰਦਰ ਸਿੰਘ ਗਰੇਵਾਲ ਨੇ ਕਰਦਿਆਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣ ਮੈਨੀਫੈਸਟੋ ਦੀ ਆਖ਼ਰੀ ਗਰੰਟੀ ਵੀ ਪੂਰੀ ਕਰ ਦਿੱਤੀ ਹੈ। ਜਿਸ ਨਾਲ ਪੂਰੇ ਸੂਬੇ ਅੰਦਰ ਔਰਤ ਵਰਗ ਅੰਦਰ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਹੁਣ ਇੱਕ ਜੁਲਾਈ ਨੂੰ ਔਰਤਾਂ ਦੇ ਖਾਤਿਆਂ ਚ ਪੈਸਿਆਂ ਦੇ ਗੱਫੇ ਆਉਣਗੇ। ਜੋ ਸਾਡੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰ ਦੀ ਇਸ ਯੋਜਨਾ ਤਹਿਤ ਹਰ ਵਰਗ ਨਾਲ ਸੰਬੰਧਿਤ ਮਹਿਲਾਵਾਂ ਜਿਨ੍ਹਾਂ ਵਿਚ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਮਹਿਲਾਵਾਂ ਨੂੰ 1,500 ਰੁਪਏ ਤੇ ਜਨਰਲ ਮਹਿਲਾਵਾਂ ਨੂੰ 1000 ਪ੍ਰਤੀ ਮਹੀਨਾ ਮਿਲਣਗੇ ਅਤੇ ਇਸ ਯੋਜਨਾ ਦਾ ਹਰੇਕ ਔਰਤ ਨੂੰ ਲਾਭ ਮਿਲੇਗਾ ਅਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਔਰਤਾਂ ਦੇ ਪਿੰਡ ਪਿੰਡ ਚ ਫਾਰਮ ਭਰੇ ਜਾ ਰਹੇ ਹਨ। ਇਸ ਮੌਕੇ ਸਰਪੰਚ ਜਸਵੀਰ ਕੌਰ ਦੇ ਪਤੀ ਅਵਤਾਰ ਸਿੰਘ ਰਿੰਕੂ ‘ਆਪ’ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰ ਰਹੀ ਹੈ ਅਤੇ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਬਣੇਗੀ।