ਬਰਨਾਲਾ, 17 ਅਪ੍ਰੈਲ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ ਰਾਸ਼ਟਰੀ ਪੱਧਰ 'ਤੇ 100 ਦਿਨਾਂ ਦੀ ਤੀਬਰ ਟੀ.ਬੀ. ਦੇ ਖ਼ਾਤਮੇ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ, ਸ਼ਹਿਰਾਂ ਅਤੇ ਸਲੱਮ ਇਲਾਕਿਆਂ ਵਿਚ ਚੈੱਕਅਪ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ | ਜਿਸ ਸਬੰਧੀ ਇਕ ਪੋਸਟਰ ਵੀ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਸਿੱਧੂ ਅਤੇ ਐਸ.ਐਮ.ਓ. ਬਰਨਾਲਾ ਡਾ: ਇੰਦੂ ਬਾਂਸਲ ਨੇ ਦੱਸਿਆ ਕਿ ਟੀ.ਬੀ. ਇਕ ਲਾਗ ਦੀ ਬਿਮਾਰੀ ਹੈ ਜੋ ਮਨੁੱਖੀ ਸਰੀਰ 'ਤੇ ਹਮਲਾ ਕਰਨ ਵਾਲੇ ਮਾਈਕੋਬੈਕਟੀਰੀਅਮ ਟਿਊਬਰਕਿਊਲੋਸਿਸ ਕਾਰਨ ਹੁੰਦੀ ਹੈ | ਇਹ ਇਕ ਰੋਗੀ ਤੋਂ ਸਿਹਤਮੰਦ ਇਨਸਾਨ ਤੱਕ ਫੈਲਦੀ ਹੈ | ਟੀ.ਬੀ. ਬਿਮਾਰੀ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੈ | ਸਮੇਂ ਸਿਰ ਜਾਂਚ ਅਤੇ ਨਿਯਮਿਤ ਇਲਾਜ ਨਾਲ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ | ਜ਼ਿਲ੍ਹਾ ਟੀ.ਬੀ. ਅਫ਼ਸਰ ਡਾ: ਮੋਨਿਕਾ ਬਾਂਸਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਟੀ.ਬੀ. ਦੀ ਬਿਮਾਰੀ ਦੀ ਜਾਂਚ ਆਧੁਨਿਕ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ | ਟੀ.ਬੀ.ਦੇ ਲੱਛਣ ਜਿਵੇਂ ਲਗਾਤਾਰ ਦੋ ਹਫ਼ਤਿਆਂ ਤੋਂ ਖਾਂਸੀ ਨਾਲ ਹਲਕਾ ਬੁਖ਼ਾਰ ਰਹਿਣਾ, ਭਾਰ ਦਾ ਘਟਣਾ, ਭੁੱਖ ਨਾ ਲੱਗਣੀ, ਥਕਾਵਟ ਮਹਿਸੂਸ ਕਰਨਾ ਆਦਿ ਹੋਣ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਪਹੁੰਚ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ, ਜ਼ਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਹਰਜੀਤ ਸਿੰਘ ਆਦਿ ਹਾਜ਼ਰ ਸਨ |