ਭਦੌੜ, 25 ਅਪ੍ਰੈਲ (ਵਿਨੋਦ ਕਲਸੀ/ਰਜਿੰਦਰ ਬੱਤਾ)-ਪਿੰਡ ਨੈਣੇਵਾਲ ਦੇ ਨਿਰਮਲਾ ਡੇਰੇ 'ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਭਾਰੀ ਪੁਲਿਸ ਦੀ ਨਿਗਰਾਨੀ ਹੇਠ ਪਿੰਡ 'ਚੋਂ ਕੱਢਿਆ ਮਹੰਤ ਮੁੜ ਡੇਰੇ 'ਤੇ ਕਾਬਜ਼ ਹੋ ਗਿਆ | ਵਿਵਾਦ ਪਿਛਲੇ ਕਰੀਬ 2 ਸਾਲਾਂ ਤੋਂ ਚੱਲ ਰਿਹਾ ਹੈ | ਜਿਸ ਸਬੰਧੀ ਭਦੌੜ ਪੁਲਿਸ ਵਲੋਂ ਪਿਛਲੇ ਦਿਨੀਂ ਕਾਂਗਰਸ ਦੇ ਬਲਾਕ ਪ੍ਰਧਾਨ ਸਮੇਤ 7 ਵਿਅਕਤੀਆਂ ਉੱਪਰ ਮੁਕੱਦਮਾ ਦਰਜ ਕੀਤਾ ਜਾ ਚੁੱਕਿਆ ਹੈ | ਜ਼ਿਕਰਯੋਗ ਹੈ ਕਿ ਇਸ ਡੇਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸਬੰਧੀ ਪਿਛਲੇ ਦਿਨੀਂ ਪਿੰਡ ਵਾਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵੀ ਜਾ ਕੇ ਆਏ ਹਨ | ਅੱਜ ਸਵੇਰੇ ਪਿੰਡ ਦਾ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ | ਜਦੋਂ ਜਸਕਰਨ ਸਿੰਘ ਬਰਾੜ ਡੀ. ਐੱਸ.ਪੀ. ਤਪਾ, ਰਾਜਿੰਦਰਪਾਲ ਸਿੰਘ ਡੀ.ਐੱਸ.ਪੀ. (ਡੀ), ਇੰਸਪੈਕਟਰ ਬਲਜੀਤ ਸਿੰਘ ਸੀ.ਆਈ.ਏ. ਹੰਡਿਆਇਆ ਅਤੇ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਪਿੰਡ ਨੈਣੇਵਾਲ ਵਿਖੇ ਆਏ ਤੇ ਡੇਰੇ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ | ਪ੍ਰਸ਼ਾਸਨ ਦੀ ਮੌਜੂਦਗੀ ਵਿਚ ਮਹੰਤ ਜਗਤਾਰ ਸਿੰਘ ਮੁੜ ਡੇਰੇ 'ਤੇ ਕਾਬਜ਼ ਹੋ ਗਿਆ | ਮਹੰਤ ਜਗਤਾਰ ਸਿੰਘ ਦੇ ਡੇਰੇ ਵਿਚ ਕਾਬਜ਼ ਹੁੰਦਿਆਂ ਹੀ ਪੁਲਿਸ ਪ੍ਰਸ਼ਾਸਨ ਨੇ ਡੇਰੇ ਦੇ ਮੁੱਖ ਗੇਟ ਨੂੰ ਅੰਦਰੋਂ ਜਿੰਦਾ ਲਗਾ ਦਿੱਤਾ ਗਿਆ, ਉੱਥੇ ਖੜੇ ਮੌਜੂਦਾ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਨੇ ਕਿਹਾ ਕਿ ਜਾਂ ਤਾਂ ਘਰਾਂ ਨੂੰ ਜਾਓ ਨਹੀਂ ਬੈਠੋ ਗੱਡੀਆਂ 'ਚ ਕੁੱਝ ਬੰਦਿਆਂ ਨੂੰ ਪੁਲਿਸ ਨੇ ਗੱਡੀਆਂ 'ਚ ਬਿਠਾ ਵੀ ਲਿਆ ਸੀ | ਜਦੋਂ ਬਾਕੀ ਲੋਕ ਚਲੇ ਗਏ ਤਾਂ ਗੱਡੀ 'ਚ ਬਿਠਾਏ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ | ਖ਼ਬਰ ਲਿਖੇ ਜਾਣ ਤੱਕ ਡੇਰੇ ਦੇ ਮਹੰਤ ਜਗਰਾਜ ਸਿੰਘ ਡੇਰੇ ਦੇ ਅੰਦਰ ਹੀ ਸਨ | ਇਸ ਸਬੰਧੀ ਸਰਪੰਚ ਗਗਨਦੀਪ ਸਿੰਘ ਨੈਣੇਵਾਲ ਨੇ ਕਿਹਾ ਕਿ ਸਰਕਾਰ ਡੇਰੇ ਦੇ ਮਸਲੇ ਤੇ ਪਿੰਡ ਵਿਚ ਨਵਾਂ ਵਿਵਾਦ ਖੜ੍ਹਾ ਕਰ ਰਹੀ ਹੈ, ਸਰਕਾਰ ਦੀ ਧੱਕੇਸ਼ਾਹੀ ਤੋਂ ਪਿੰਡ ਪੂਰੀ ਤਰਾਂ ਦੁਖੀ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਪਿੰਡ ਦੇ ਲੋਕਾਂ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ, ਸਰਕਾਰ ਨੇ ਪਹਿਲਾਂ 7 ਵਿਅਕਤੀਆਂ 'ਤੇ ਝੂਠਾ ਪਰਚਾ ਦਰਜ ਕੀਤਾ ਹੈ | ਜਦੋਂ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਜਗਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਰਕਾਰ ਦੀ ਸਹਿ 'ਤੇ ਡੇਰੇ ਵਿਚੋਂ ਕੱਢੇ ਹੋਏ ਵਿਅਕਤੀ ਨੂੰ ਮੁੜ ਕਾਬਜ਼ ਕਰਵਾ ਕੇ ਧੱਕਾ ਕੀਤਾ ਹੈ |