ਬਰਨਾਲਾ, 23 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 31 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਇਕ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਦੇ ਮਾਮਲੇ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਪ੍ਰਸ਼ਾਸਨਿਕ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਚੁੱਕੇ ਕੇ ਅਤੇ ਸੱਤਾਧਾਰੀ ਧਿਰ 'ਤੇ ਧੱਕੇਸ਼ਾਹੀ ਦੇ ਸਿੱਧੇ ਦੋਸ਼ ਲਗਾ ਕੇ ਇਕ ਵੱਡੀ ਚਰਚਾ ਛੇੜ ਦਿੱਤੀ ਹੈ | ਆਪਣੀ ਸੋਸ਼ਲ ਮੀਡੀਆ ਪੋਸਟ 'ਚ ਖ਼ੁਲਾਸਾ ਕਰਦਿਆਂ ਗੁਰਦੀਪ ਸਿੰਘ ਬਾਠ ਨੇ ਦਾਅਵਾ ਕੀਤਾ ਹੈ ਕਿ ਰਿਟਰਨਿੰਗ ਅਫ਼ਸਰ ਵਲੋਂ ਪਹਿਲਾਂ ਉਕਤ ਉਮੀਦਵਾਰਾਂ ਦੇ ਕਾਗ਼ਜ਼ਾਂ ਦੀ ਪੜਤਾਲ ਕਰਨ ਉਪਰੰਤ ਫਾਰਮਾਂ ਉੱਪਰ 'ਪ੍ਰਵਾਨ ਹੈ' ਲਿਖਿਆ ਗਿਆ ਸੀ ਪਰ ਬਾਅਦ ਵਿਚ ਸੱਤਾਧਾਰੀ ਧਿਰ ਦੇ ਇਕ ਵੱਡੇ ਆਗੂ ਦੇ ਦਬਾਅ ਹੇਠ ਅਫ਼ਸਰ ਵਲੋਂ 'ਪ੍ਰਵਾਨ ਹੈ' ਦੇ ਅੱਗੇ 'ਨਹੀਂ' ਸ਼ਬਦ ਜੋੜ ਕੇ ਕਾਗ਼ਜ਼ ਰੱਦ ਕਰ ਦਿੱਤੇ ਗਏ ਅਤੇ ਨਾਲ ਹੀ ਅੰਗਰੇਜ਼ੀ ਵਿਚ 'ਰਿਜੈਕਟਡ' ਵੀ ਲਿਖ ਦਿੱਤਾ ਗਿਆ | ਜਿਸ ਦੀਆਂ ਸ: ਬਾਠ ਵਲੋਂ ਕਾਪੀਆਂ ਵੀ ਪੋਸਟ ਵਿਚ ਲਗਾਈਆਂ ਗਈਆਂ ਹਨ | ਗੱਲਬਾਤ ਕਰਦਿਆਂ ਸ: ਬਾਠ ਨੇ ਇਸ ਘਟਨਾ ਨੂੰ ਲੋਕਤੰਤਰ ਦਾ ਸ਼ਰੇਆਮ ਕਤਲ ਕਰਾਰ ਦਿੰਦਿਆਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਤੁਰੰਤ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਜਿਸ ਅਫ਼ਸਰ ਨੇ ਸਿਆਸੀ ਦਬਾਅ ਹੇਠ ਆ ਕੇ ਇਹ ਕਾਰਵਾਈ ਕੀਤੀ ਹੈ, ਉਸ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਬਹਾਲ ਰਹਿ ਸਕੇ | ਸ: ਬਾਠ ਨੇ ਬਰਨਾਲਾ ਦੇ ਸੂਝਵਾਨ ਵੋਟਰਾਂ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਘਟਨਾਕ੍ਰਮ 'ਤੇ ਡੂੰਘਾਈ ਨਾਲ ਵਿਚਾਰ ਕਰਨ ਅਤੇ ਇਹ ਸੋਚਣ ਕਿ ਆਉਣ ਵਾਲੀਆਂ ਚੋਣਾਂ ਵਿਚ ਅਜਿਹੇ ਆਗੂਆਂ ਨਾਲ ਕਿਹੋ ਜਿਹਾ ਵਰਤਾਰਾ ਕਰਨਾ ਚਾਹੀਦਾ ਹੈ |