ਤਪਾ ਮੰਡੀ, 12 ਜੂਨ (ਵਿਜੇ ਸ਼ਰਮਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਾਲਜਾਂ ਤੋਂ ਲਈਆਂ ਜਾਣ ਵਾਲੀਆਂ ਕੰਟੀਨਿਊਏਸ਼ਨ, ਅਫਿਲੀਏਸ਼ਨ ਫ਼ੀਸਾਂ, ਰਜਿਸਟ੍ਰੇਸ਼ਨ ਫ਼ੀਸਾਂ ਅਤੇ ਰਿਜ਼ਰਵ ਫ਼ੰਡ ਵਿਚ 100 ਤੋਂ 300 ਫ਼ੀਸਦੀ ਤੱਕ ਕੀਤੇ ਗਏ ਭਾਰੀ ਵਾਧੇ ਖ਼ਿਲਾਫ਼ ਪੰਜਾਬ ਅਨਏਡਿਡ ਡਿਗਰੀ ਕਾਲਜ ਐਸੋਸੀਏਸ਼ਨ (ਪੁਡਕਾ) ਨੇ ਸਖ਼ਤ ਰੋਸ ਪ੍ਰਗਟ ਕੀਤਾ ਹੈ | ਐਸੋਸੀਏਸ਼ਨ ਦੇ ਪ੍ਰਧਾਨ ਐੱਸ.ਐੱਸ. ਚੱਠਾ ਨੇ ਇਸ ਫ਼ੈਸਲੇ ਨੂੰ ਕਾਲਜਾਂ ਅਤੇ ਵਿਦਿਆਰਥੀਆਂ ਉੱਪਰ ਵੱਡਾ ਵਿੱਤੀ ਹਮਲਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ | ਪੁਡਕਾ ਦੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਐੱਸ.ਐੱਸ. ਚੱਠਾ ਨੇ ਕਿਹਾ ਕਿ ਪਹਿਲਾਂ ਹੀ ਦਾਖ਼ਲਿਆਂ ਵਿਚ ਆਈ ਭਾਰੀ ਗਿਰਾਵਟ ਕਾਰਨ ਨਿੱਜੀ ਕਾਲਜ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ | ਅਜਿਹੇ ਸਮੇਂ ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸਾਂ ਅਤੇ ਹੋਰ ਵਿੱਤੀ ਬੋਝ ਵਿਚ ਕੀਤਾ ਗਿਆ ਬੇਤਹਾਸ਼ਾ ਵਾਧਾ ਉੱਚ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲਾ ਕਦਮ ਹੈ | ਇਸ ਨਾਲ ਉੱਚ ਸਿੱਖਿਆ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਨਵੇਂ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਫ਼ੀਸ ਵਿਚ ਲਗਭਗ 80 ਫ਼ੀਸਦੀ ਵਾਧਾ ਕੀਤਾ ਗਿਆ ਹੈ | ਜਦਕਿ ਕਾਲਜਾਂ ਲਈ ਲਾਜ਼ਮੀ ਰਿਜ਼ਰਵ ਫ਼ੰਡ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤਾ ਗਿਆ ਹੈ | ਚੱਠਾ ਨੇ ਦੋਸ਼ ਲਾਇਆ ਕਿ ਕਾਲਜਾਂ ਦੇ ਰਿਜ਼ਰਵ ਫ਼ੰਡ ਦੀ ਐਫ਼.ਡੀ.ਆਰ. ਉੱਪਰ ਲਿਆ ਜਾਣ ਵਾਲਾ ਸਰਵਿਸ ਚਾਰਜ 3 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਤੱਕ ਕਰ ਦਿੱਤਾ ਗਿਆ ਹੈ, ਜੋ ਕਿ ਕਰੋੜਾਂ ਰੁਪਏ ਦੀ ਨਾਜਾਇਜ਼ ਵਸੂਲੀ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਇਹ ਚਾਰਜ ਲੰਬੇ ਸਮੇਂ ਤੋਂ ਗੈਰ-ਵਾਜਬ ਢੰਗ ਨਾਲ ਵਸੂਲਿਆ ਜਾ ਰਿਹਾ ਹੈ ਅਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਕਾਲਜਾਂ ਅਤੇ ਅਧਿਆਪਕਾਂ ਨੂੰ ਪ੍ਰੀਖਿਆ ਕੇਂਦਰਾਂ, ਪ੍ਰੀਖਿਆ ਡਿਊਟੀਆਂ ਅਤੇ ਮੁਲਾਂਕਣ ਕਾਰਜਾਂ ਦੇ ਕਰੋੜਾਂ ਰੁਪਏ ਵੀ ਅਜੇ ਤੱਕ ਅਦਾ ਨਹੀਂ ਕੀਤੇ ਗਏ, ਜਿਸ ਕਾਰਨ ਸੰਸਥਾਵਾਂ ਨੂੰ ਹੋਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਾਲਜਾਂ ਦੇ ਸਟਾਫ਼ ਵਲੋਂ ਆਪਣੀਆਂ ਪ੍ਰੀਖਿਆ ਕੇਂਦਰਾਂ ਵਿਚ ਡਿਊਟੀਆਂ ਅਤੇ ਪੇਪਰ ਮੁਲਾਂਕਣ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸਰਪ੍ਰਸਤ ਡਾ: ਗੁਰਮੀਤ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਡਾ: ਆਰ.ਕੇ. ਗੋਇਲ, ਤਰਸੇਮ ਸੈਣੀ, ਗੁਰਤੇਜ ਸਿੰਘ ਬਰਾੜ, ਬਲਵਿੰਦਰ ਸਿੰਘ ਬਰਾੜ, ਬੀ.ਐਡ. ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ, ਲਾਅ ਕਾਲਜਾਂ ਵਲੋਂ ਡਾ: ਮੋਹਨ ਲਾਲ ਗਰਗ, ਸਰੀਰਕ ਸਿੱਖਿਆ ਕਾਲਜਾਂ ਵਲੋਂ ਗੁਰਪ੍ਰੀਤ ਸਿੰਘ ਮਾਨ, ਮਨਜੀਤ ਸਿੰਘ ਚਹਿਲ, ਡਾ: ਅਮਰਜੀਤ ਸਿੰਘ ਸਿੱਧੂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੀ ਫੈਡਰੇਸ਼ਨ ਵਲੋਂ ਐਮ.ਐਲ. ਬਾਂਸਲ ਨੇ ਵੀ ਪੰਜਾਬੀ ਯੂਨੀਵਰਸਿਟੀ ਦੀ ਇਸ ਨੀਤੀ ਦੀ ਨਿਖੇਧੀ ਕੀਤੀ |