ਮਹਿਲ ਕਲਾਂ, 3 ਜੁਲਾਈ (ਤਰਸੇਮ ਸਿੰਘ ਗਹਿਲ)-ਮੈਡੀਕਲ ਵਿੱਦਿਆ ਸੰਸਥਾ ਐਸ.ਬੀ.ਐਸ. ਗਰੁੱਪ ਆਫ਼ ਕਾਲਜ ਮਹਿਲ ਕਲਾਂ ਵਲੋਂ ਪੰਛੀਆਂ ਦੇ ਰਹਿਣ ਵਸੇਬੇ ਲਈ ਆਲ੍ਹਣੇ ਲਗਾਏ ਗਏ। ਇਸ ਮੌਕੇ ਕਾਲਜ ਦੇ ਚੇਅਰਮੈਨ ਲਾਜਪਤ ਰਾਏ, ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਬਾਂਸਲ ਅਤੇ ਸ੍ਰੀਮਤੀ ਸਾਰਿਕਾ ਬਾਂਸਲ, ਪ੍ਰੋਫੈਸਰ ਡਾ: ਪੁਨੀਤ ਬਾਂਸਲ ਨੇ ਕਿਹਾ ਕਿ ਨੇਚਰ ਲਵਰ ਕਲੱਬ ਬਰਨਾਲਾ ਦੇ ਸਹਿਯੋਗ ਨਾਲ ਇਲਾਕੇ ਦੀਆਂ ਵੱਖ-ਵੱਖ ਥਾਵਾਂ ਉੱਪਰ ਪੰਛੀਆਂ ਲਈ ਆਲ੍ਹਣੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਛੀਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ, ਕਿ ਅਸੀਂ ਆਪਣੇ ਘਰਾਂ ਵਿਚ ਇੱਕ-ਇੱਕ ਆਲ੍ਹਣਾ ਜ਼ਰੂਰ ਲਗਾਈਏ। ਕਾਲਜ ਪ੍ਰਬੰਧਕਾਂ ਵਲੋਂ ਮੁਹਿੰਮ ਦੇ ਤਹਿਤ ਸਮੂਹ ਸਟਾਫ਼ ਨੂੰ ਆਲ੍ਹਣੇ ਵੰਡੇ ਗਏ ਅਤੇ ਪੰਛੀਆਂ ਦੀ ਸੁਰੱਖਿਆ ਲਈ ਪ੍ਰੇਰਿਤ ਕੀਤਾ ਗਿਆ। ਇਸ ਸੇਵਾ ਕਾਰਜ ਵਿਚ ਪੰਜਾਬ ਫਾਰਮੇਸੀ ਕੌਂਸਲ ਦੇ ਪ੍ਰਧਾਨ ਅਤੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਬਾਂਸਲ ਨੇ ਕਿਹਾ ਕਿ ਅੱਜ ਪੰਛੀਆਂ ਦੀਆਂ ਕਈ ਪਰਜਾਤੀਆਂ ਗਹਿਰੇ ਜੰਗਲ ਨਾ ਹੋਣ ਕਾਰਨ ਲੁਪਤ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਬਚਾਉਣ ਲਈ ਇਲਾਕੇ ਵਿਚ 1000 ਦੇ ਕਰੀਬ ਆਲ੍ਹਣੇ ਲਾਏ ਜਾਣਗੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਅਨਿਲ ਜਿੰਦਲ ਅਤੇ ਸਮੂਹ ਸਟਾਫ਼ ਆਦਿ ਹਾਜ਼ਰ ਸੀ।