ਤਪਾ ਮੰਡੀ, 3 ਜੁਲਾਈ (ਪ੍ਰਵੀਨ ਗਰਗ)-ਪੰਜਾਬ ਵਿਚ ਕਬੱਡੀ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੀ ਫਿਟਨੈੱਸ ਬਰਕਰਾਰ ਰੱਖਣ ਲਈ ਕਬੱਡੀ ਟਰੇਨਿੰਗ ਅਤੇ ਫਿਜ਼ੀਕਲ ਫਿਟਨੈੱਸ ਕੈਂਪਾਂ ਦਾ ਨਿਰੰਤਰ ਆਯੋਜਨ ਕੀਤਾ ਜਾਂਦਾ ਹੈ। ਜਿਸ ਦੇ ਚੱਲਦਿਆਂ ਇਸੇ ਲੜੀ ਤਹਿਤ ਤਪਾ ਇਲਾਕੇ ਅੰਦਰ ਸਾਡਾ ਸੁਪਨਾ ਫਿੱਟ ਪੰਜਾਬ ਤਹਿਤ ਕਬੱਡੀ ਟਰੇਨਿੰਗ ਅਤੇ ਫਿਜ਼ੀਕਲ ਫਿਟਨੈੱਸ ਕੈਂਪ ਦਾ ਆਯੋਜਨ ਕੱਸੀ ਵਾਲੇ ਗਰਾਊਂਡ ਵਿਖੇ ਕੀਤਾ ਗਿਆ ਹੈ ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਣ ਨਾਲ ਜੋੜਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਚ ਬੂਟਾ ਭੀਖੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਟਰੇਨਿੰਗ ਕੈਂਪ ਦੀ ਦੋ ਮਹੀਨਿਆਂ ਲਈ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਨਵੀਂ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ, ਜੋ ਅੱਜ ਕੱਲ੍ਹ ਨਸ਼ੇ ਦਾ ਦੌਰ ਚੱਲ ਰਿਹਾ ਨੂੰ ਠੱਲ੍ਹ ਪੈ ਸਕੇ। ਇਸ ਟਰੇਨਿੰਗ ਕੈਂਪ ਦਾ ਸਮਾਂ ਸ਼ਾਮ 5:30 ਤੋਂ ਲੈ ਕੇ 7:30 ਵਜੇ ਤੱਕ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖੇਡਾਂ ਨਾਲ ਮਾਨਸਿਕ, ਅਨੁਸ਼ਾਸਨ ਅਤੇ ਟੀਮ ਵਰਕ, ਨਸ਼ਿਆਂ ਤੋਂ ਦੂਰ, ਚੰਗਾ ਭਵਿੱਖ ਅਤੇ ਕੈਰੀਅਰ ਬਣਾਉਣ ਆਦਿ ਚੰਗੀ ਸੇਧ ਮਿਲੇਗੀ। ਇਸ ਟਰੇਨਿੰਗ ਕੈਂਪ ਵਿਚ ਬਾਬਾ ਇੰਦਰ ਦਾਸ ਸਪੋਰਟਸ ਕਲੱਬ ਤਪਾ, ਗੁਰੂ ਤੇਗ਼ ਬਹਾਦਰ ਸਪੋਰਟਸ ਕਲੱਬ (ਜਰਮਨ) ਅਤੇ ਕਬੱਡੀ ਪ੍ਰਮੋਟਰ ਜੱਗੀ ਘੰਡਾਬੰਨਾ ਮਾਲਵੇ ਦਾ ਪ੍ਰਸਿੱਧ ਪ੍ਰਮੋਟਰ ਆਦਿ ਦਾ ਭਰਪੂਰ ਸਹਿਯੋਗ ਰਹੇਗਾ।