ਤਪਾ ਮੰਡੀ, 9 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਥਾਣਾ ਤਪਾ ਦੇ ਨਵ-ਨਿਯੁਕਤ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਵਲੋਂ ਸਥਾਨਕ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਗੀਤਾ ਭਵਨ ਸਥਿਤ ਹਾਲ ਵਿਖੇ ਕੀਤੀ ਗਈ। ਮੀਟਿੰਗ ਮੌਕੇ ਵੱਖ-ਵੱਖ ਟਰੇਡਰਜ਼ ਨਾਲ ਸਬੰਧਿਤ ਅਹੁਦੇਦਾਰਾਂ ਅਤੇ ਵਪਾਰੀਆਂ ਨੇ ਭਾਗ ਲਿਆ। ਇਸ ਦੌਰਾਨ ਉਨ੍ਹਾਂ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ, ਟਰੈਫ਼ਿਕ ਪ੍ਰਬੰਧ ਅਤੇ ਅਪਰਾਧ ਰੋਕਥਾਮ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਵਪਾਰੀਆਂ ਵਲੋਂ ਇਲਾਕੇ ਅੰਦਰ ਵਾਪਰ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ, ਸਮਾਜ ਵਿਰੋਧੀ ਅਨਸਰਾਂ ਦੀ ਭਰਮਾਰ, ਬਿਨਾਂ ਨੰਬਰ ਪਲੇਟ ਵਾਹਨ ਆਦਿ ਹੋਰ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿਚ ਜੋ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ ਦੀ ਵੀ ਕੋਈ ਅੱਪਡੇਟ ਨਹੀਂ ਮਿਲ ਰਹੀ, ਜਿਸ ਦਾ ਫ਼ਾਇਦਾ ਸਮਾਜ ਵਿਰੋਧੀ ਅਨਸਰ ਉਠਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰੀਆਂ ਨੇ ਪੁਲਿਸ ਦਾ ਇੱਕ ਸਰਕਾਰੀ ਨੰਬਰ ਵੀ ਚਾਲੂ ਕਰਨ ਦੀ ਮੰਗ ਰੱਖੀ ਜੋ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹੇ। ਇਸ ਮੌਕੇ ਕੈਮਿਸਟ, ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਸਵਰਨਕਾਰ ਸੰਘ ਵਲੋਂ ਵੀ ਆਪਣੀ ਸਮੱਸਿਆ ਰੱਖੀ ਗਈ। ਉਪਰੰਤ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਵਪਾਰੀਆਂ ਨੂੰ ਭਰੋਸਾ ਦਿੰਦਿਆਂ ਅਪੀਲ ਕੀਤੀ ਕਿ ਉਹ ਸ਼ੱਕੀ ਵਿਅਕਤੀਆਂ ਜਾਂ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਸੁਰੱਖਿਅਤ ਅਤੇ ਅਪਰਾਧ-ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਮੀਟਿੰਗ ਵਿਚ ਵਪਾਰੀਆਂ ਅਤੇ ਪੁਲਿਸ ਵਿਚਕਾਰ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਅਤੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ ਵਲੋਂ ਥਾਣਾ ਮੁਖੀ ਦਾ ਸਵਾਗਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਸਾਤੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਤਨੇਜਾ, ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਤੇਲੂ ਰਾਮ ਤਾਜੋ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਲਾਲ ਗੋਗਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ, ਸਵਰਨਕਾਰ ਸੰਘ ਦੇ ਸੋਨੂੰ, ਅਮਨ ਵਰਮਾ, ਪ੍ਰਵੀਨ ਕੁਮਾਰ, ਰਾਹੁਲ ਮਹਿਤਾ, ਮਨੀਸ਼ ਮਿੱਤਲ, ਮਨੋਜ ਕੁਮਾਰ ਸਿੰਗਲਾ, ਰਮੇਸ਼ ਗੋਇਲ ਮੇਸ਼ੀ, ਦੀਪਕ ਕੁਮਾਰ ਦੀਪੂ, ਸਤਪਾਲ ਗੋਇਲ, ਪ੍ਰਵੀਨ ਰੂੜੇਕੇ, ਅੰਕਿਤ ਸਿੰਗਲਾ, ਮੱਖਣ ਰੂੜੇਕੇ, ਦੀਪੂ ਭੈਣੀ, ਸ਼ੀਲਾ ਤਾਜੋ, ਟਿੰਕੂ ਧੂਰਕੋਟੀਆ, ਵਿਕਰਮ ਕੁਮਾਰ, ਸੰਦੀਪ ਭੈਣੀ, ਸੰਜੀਵ ਕੁਮਾਰ, ਬਾਬਰ ਰਾਮ, ਮੰਗੂ ਮੌੜ, ਭੂਸ਼ਨ ਘੜੈਲਾ, ਕੇਸ਼ਪਾਲ ਗੋਇਲ, ਕਰਮਜੀਤ, ਲਵਲੀ ਆਦਿ ਵੱਡੀ ਗਿਣਤੀ ਵਪਾਰੀ ਮੌਜੂਦ ਸਨ।