ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਵਤਾਰ ਧਾਰਨ ਕਰਨ ਤੋਂ 53 ਸਾਲ ਪਹਿਲਾਂ ਭਾਵ ਸੰਨ 1416 ਈ. ਨੂੰ ਭਗਤ ਧੰਨਾ ਜੀ ਦਾ ਜਨਮ ਰਾਜਪੂਤਾਨੇ (ਰਾਜਸਥਾਨ) ਦੇ ਧੂਆਨ ਕਲਾਂ ਪਿੰਡ ਵਿਚ ਇਕ ਸਾਧਾਰਨ ਕਿਰਤੀ ਕਿਸਾਨ ਪਰਿਵਾਰ 'ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਭੋਲਾ ਜੀ ਤੇ ਮਾਤਾ ਦਾ ਨਾਂਅ ਧੰਨੋ ਜੀ ਸੀ। ਭਗਤ ਧੰਨਾ ਜੀ ਬਚਪਨ ਤੋਂ ਹੀ ਆਪਣੇ ਜੱਦੀ-ਪੁਸ਼ਤੀ ਕੰਮ ਖੇਤੀਬਾੜੀ ਤੇ ਪਸ਼ੂ ਪਾਲਣ ਵਾਲੇ ਕੰਮ ਵਿਚ ਲੱਗ ਗਏ। ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਅਕਾਲ ਪੁਰਖ ਪਰਮਾਤਮਾ ਨਾਲ ਬਹੁਤ ਸਨੇਹ ਸੀ। ਉਹ ਸੁਭਾਅ ਪੱਖੋਂ ਬੜੇ ਭੋਲੇ-ਭਾਲੇ ਤੇ ਸਿੱਧੇ-ਸਾਦੇ ਸਨ।
ਉਨ੍ਹਾਂ ਨੇ ਜਦੋਂ ਇਕ ਪੰਡਤ (ਪੁਜਾਰੀ) ਨੂੰ ਠਾਕੁਰ ਦੀ ਪੂਜਾ ਕਰਦੇ ਵੇਖਿਆ ਤਾਂ ਉਸ ਕੋਲੋਂ ਆਪਣੇ ਲਈ ਠਾਕੁਰ ਦੀ ਮੰਗ ਕੀਤੀ। ਪੰਡਤ ਨੇ ਉਨ੍ਹਾਂ ਦੇ ਭੋਲੇਪਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਕਾਲੇ ਰੰਗ ਦਾ ਪੱਥਰ ਦੇ ਕੇ ਉਨ੍ਹਾਂ ਦੀ ਮੰਗ ਪੂਰੀ ਕਰ ਦਿੱਤੀ। ਉਸ ਸਾਧਾਰਨ ਪੱਥਰ ਨੂੰ ਭਗਤ ਧੰਨਾ ਜੀ ਆਪਣੇ ਘਰ ਲੈ ਆਏ ਤੇ ਉਸ ਪ੍ਰਤੀ ਸ਼ਰਧਾ ਤੇ ਭਰੋਸਗੀ ਜ਼ਾਹਰ ਕੀਤੀ। ਅੰਤ ਉਨ੍ਹਾਂ ਨੂੰ ਅੰਦਰੋਂ ਹੀ ਗਿਆਨ ਦੀ ਪ੍ਰਾਪਤੀ ਹੋ ਗਈ। ਉਨ੍ਹਾਂ ਨੇ ਆਪਣੀ ਸੱਚੀ-ਸੁੱਚੀ ਭਗਤੀ ਰਾਹੀਂ ਇਹ ਰੂਹਾਨੀ ਭੇਤ ਪਾ ਲਿਆ ਸੀ ਕਿ ਸੱਚੇ ਪ੍ਰੇਮ ਦੀ ਬਦੌਲਤ ਪਰਮਾਤਮਾ ਨੂੰ ਆਪਣੇ ਅੰਦਰੋਂ ਹੀ ਪਾਇਆ ਜਾ ਸਕਦਾ ਹੈ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਧੰਨਾ ਜੀ ਦੇ ਬਾਰੇ ਧੰਨੈ ਸੇਵਿਆ ਬਾਲ ਬੁਧਿ॥ ਆਖ ਕੇ ਉਨ੍ਹਾਂ ਦੀ ਪ੍ਰਭੂ-ਭਗਤੀ ਦੀ ਪ੍ਰਸੰਸਾ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦਸਮ ਗ੍ਰੰਥ ਵਿਚ ਪਰਮਾਤਮਾ ਨੂੰ ਪ੍ਰੇਮ ਰਾਹੀਂ ਪਾਉਣ ਦਾ ਅਤਿ ਸੁੰਦਰ ਜ਼ਿਕਰ ਕੀਤਾ ਹੈ- ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ॥
ਭਗਤ ਧੰਨਾ ਜੀ ਫ਼ਰਮਾਨ ਕਰਦੇ ਹਨ ਕਿ ਲੋਭ-ਲਾਲਚ ਜ਼ਹਿਰ ਸਮਾਨ ਹੈ। ਪ੍ਰਭੂ ਭਗਤੀ ਰਾਹੀਂ ਮਨ ਦਾ ਸੱਚਾ ਸੁੱਖ ਮਿਲਦਾ ਹੈ। ਮੈਂ ਜਾਣ ਲਿਆ ਹੈ ਕਿ ਪਰਮਾਤਮਾ ਦੀ ਭਗਤੀ ਨਾਲ ਤ੍ਰਿਪਤੀ ਪਾ ਕੇ ਆਵਾ-ਗਵਨ ਦੇ ਚੱਕਰਾਂ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀਹੈ। ਰਾਗ ਆਸਾ ਵਿਚ ਉਹ ਫਰਮਾਨ ਕਰਦੇ ਹਨ:-
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ॥
ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ॥
-0-
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ॥
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥
(ਆਸਾ, ਭਗਤ ਧੰਨਾ ਜੀ, ਅੰਗ : 487)
ਭਗਤ ਧੰਨਾ ਜੀ ਨੇ ਆਪਣੇ ਭੋਲੇਪਨ ਵਿਚ ਹੀ ਪ੍ਰਭੂ ਦੇ ਦਰਸ਼ਨ ਕਰਨ ਦੀ, ਉਸ ਨੂੰ ਪਾਉਣ ਦੀ ਜ਼ਿੱਦ ਕੀਤੀ ਤੇ ਥਾਂ-ਥਾਂ ਉਤਾਰੀ ਜਾ ਰਹੀ ਆਰਤੀ ਨੂੰ ਵੇਖ ਕੇ ਆਪਣੇ ਸ਼ਬਦਾਂ 'ਚ ਆਰਤਾ ਸ਼ਬਦ ਦਾ ਉਚਾਰਨ ਕੀਤਾ:-ਗੋਪਾਲ ਤੇਗ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥ ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥ ਪਨੀਆ ਛਾਦਨੁ ਨੀਕਾ॥ ਅਨਾਜੁ ਮਗਉ ਸਤ ਸੀ ਕਾ॥੧॥ ਗਊ ਭੈਸ ਮਗਉ ਲਾਵੇਰੀ॥ ਇਕ ਤਾਜਨਿ ਤੁਰੀ ਚੰਗੇਰੀ॥ ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥
(ਧਨਾਸਰੀ, ਭਗਤ ਧੰਨਾ ਜੀ, ਅੰਗ : 695)
ਆਰਤਾ ਸ਼ਬਦ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਹ ਜਾਣ ਸਕੇ ਹਾਂ ਕਿ ਭਗਤ ਧੰਨਾ ਜੀ ਸਾਨੂੰ ਇਹ ਸਮਝਾ ਰਹੇ ਹਨ ਕਿ ਭਗਤੀ ਲਈ ਜਿੱਥੇ ਸੱਚੀ-ਸੁੱਚੀ ਭਾਵਨਾ ਤੇ ਮਨ ਦੀ ਇਕਾਗਰਤਾ ਜ਼ਰੂਰੀ ਹੈ, ਉੱਥੇ ਸਰੀਰਕ ਸ਼ਕਤੀ, ਭੋਜਨ ਤੇ ਹੋਰ ਸੁੱਖ-ਸਹੂਲਤਾਂ ਵੀ ਅਤਿ ਜ਼ਰੂਰੀ ਹਨ। ਨੇਕ ਤੇ ਚੰਗੀ ਔਰਤ ਤਾਂ ਭਗਤੀ ਲਈ ਸਹਾਇਕ ਸਿੱਧ ਹੁੰਦੀ ਹੈ। ਇਸੇ ਲਈ ਉਨ੍ਹਾਂ ਨੇ ਹੋਰ ਵਸਤਾਂ ਮੰਗਣ ਦੇ ਨਾਲ-ਨਾਲ ਪ੍ਰਭੂ ਤੋਂ ਚੰਗੀ ਤੇ ਯੋਗ ਪਤਨੀ ਦੀ ਮੰਗ ਵੀ ਕੀਤੀ। ਉਨ੍ਹਾਂ ਦਾ ਸਿੱਖ ਧਰਮ ਵਿਚ ਖ਼ਾਸ ਮੁਕਾਮ ਹੈ। ਉਨ੍ਹਾਂ ਦੀ ਵਿਚਾਰਧਾਰਾ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ।
-ਬੀ. ਐਕਸ/925, ਮੁਹੱਲਾ ਸੰਤੋਖਪੁਰਾ,
ਹੁਸ਼ਿਆਰਪੁਰ ਰੋਡ, ਜਲੰਧਰ-144008
ਮੋਬਾਈਲ : 98722-54990