ਧਰਮ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ, ਜਿਸ ਦਾ ਉਦੇਸ਼ ਆਦਰਸ਼ ਮਾਨਵ, ਆਦਰਸ਼ ਸਮਾਜ ਅਤੇ ਆਦਰਸ਼ ਜੀਵਨ ਦੀ ਸਿਰਜਣਾ ਕਰਨਾ ਹੁੰਦਾ ਹੈ। ਮਨੁੱਖ ਦੇ ਆਦਰਸ਼ ਹੋਣ ਦਾ ਆਧਾਰ ਉਸ ਦੇ ਨਿੱਜੀ ਜੀਵਨ ਨੂੰ ਪਾਰਦਰਸ਼ੀ ਬਣਾਉਣਾ ਹੈ। ਸਮਾਜਿਕ ਪ੍ਰਸੰਗ ਵਿਚ ਧਰਮ ਅਜਿਹੇ ਸਮਾਜ ਦੀ ਸਿਰਜਣਾ ਉਪਰ ਜ਼ੋਰ ਦਿੰਦਾ ਹੈ, ਜੋ ਹਰ ਪੱਖੋਂ ਉਚੇਰੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰੇ। ਅਜਿਹੀ ਜੀਵਨ-ਜਾਚ ਉਸ ਨੂੰ ਆਚਰਣਕ ਤੌਰ 'ਤੇ ਬਲਵਾਨ ਅਤੇ ਸਮਾਜਿਕ ਤੌਰ 'ਤੇ ਸੁਖਾਵਾਂਪਣ ਪ੍ਰਦਾਨ ਕਰਦੀ ਹੈ। ਜਿਥੇ ਧਰਮ ਮਨੁੱਖ ਦੇ ਨੈਤਿਕ ਗੁਣਾਂ- ਸੱਤ, ਸੰਤੋਖ, ਗਿਆਨ, ਮਿਠਾਸ, ਬਿਬੇਕ, ਨੇਕੀ, ਪਰਉਪਕਾਰ ਆਦਿ ਨੂੰ ਉਜਾਗਰ ਕਰਦਾ ਹੈ, ਉਥੇ ਬਾਹਰੀ ਪੱਖ ਤੋਂ ਇਕ ਸਾਫ਼-ਸੁਥਰੇ ਵਾਤਾਵਰਨ ਰਾਹੀਂ ਨਿਰਮਲ ਸਮਾਜ ਦੀ ਸਥਾਪਨਾ ਵੀ ਕਰਦਾ ਹੈ।
ਮਨੁੱਖ ਦਾ ਧਾਰਮਿਕ ਹੋਣ ਤੋਂ ਭਾਵ ਮਨੁੱਖ ਦਾ ਕੁਦਰਤ ਦੇ ਨੇੜੇ ਹੋਣਾ ਹੈ। ਇਹ ਸੰਬੰਧ ਆਦਿ ਕਾਲ ਤੋਂ ਚਲਦਾ ਆ ਰਿਹਾ ਹੈ। ਧਰਮ ਦਾ ਉਦੇਸ਼ ਹੀ ਇਕ ਅਜਿਹੇ ਕੁਦਰਤੀ ਵਾਤਾਵਰਨ ਨੂੰ ਪੈਦਾ ਕਰਨਾ ਹੈ, ਜਿਸ ਰਾਹੀਂ ਮਨੁੱਖ ਆਪਣੇ ਅੰਦਰ ਨਿਰਾਲੀ ਜੋਤ ਜਗਾ ਕੇ ਪਰਮ ਸਤਿ ਦਾ ਅਨੁਭਵ ਕਰ ਸਕੇ। ਭਾਰਤੀ ਸੱਭਿਆਚਾਰ ਤੇ ਸਰਬ ਧਰਮਾਂ ਦਾ ਆਦਰਸ਼ 'ਜੀਉ ਤੇ ਜੀਉਣ ਦਿਓ'ਰਿਹਾ ਹੈ। ਇਸ ਸੰਕਲਪ ਦਾ ਸੰਬੰਧ ਚਰ, ਅਚਰ, ਜੜ੍ਹ, ਜੀਵ, ਪ੍ਰਕਿਰਤੀ ਅਤੇ ਵਾਤਾਵਰਨ ਨਾਲ ਵੀ ਹੈ।
ਵਾਤਾਵਰਨ, ਜੋ ਮੁੱਖ ਰੂਪ ਵਿਚ ਪਦਾਰਥ ਦੇ ਪੰਜ ਤੱਤਾਂ- ਜਲ, ਵਾਯੂ, ਅਗਨੀ, ਧਰਤੀ ਅਤੇ ਆਕਾਸ਼ ਉਤੇ ਆਧਾਰਿਤ ਹੈ, ਦੀ ਸ਼ੁੱਧਤਾ ਅਤੇ ਅਸ਼ੁੱਧਤਾ ਇਨ੍ਹਾਂ ਤੱਤਾਂ ਦੀ ਗੁਣਵੱਤਾ ਉੱਤੇ ਹੀ ਨਿਰਭਰ ਕਰਦੀ ਹੈ। ਜਲ ਤੇ ਵਾਯੂ ਸ਼ੁੱਧ ਰੂਪ ਵਿਚ ਹਨ ਤਾਂ ਸਾਡਾ ਜੀਵਨ ਅਰੋਗ, ਅਨੰਦਿਤ ਅਤੇ ਸੁਖਮਈ ਹੋਏਗਾ। ਇਸ ਦੇ ਉਲਟ ਜੇਕਰ ਇਹੀ ਮੂਲ ਤੱਤ ਦੂਸ਼ਿਤ ਜਾਂ ਪਲੀਤ ਹੋ ਜਾਣ ਤਾਂ ਹਰ ਜੀਵਤ ਪ੍ਰਾਣੀ, ਚਾਹੇ ਉਹ ਮਨੁੱਖ ਹੈ, ਜਲਚਰ ਜੀਵ, ਪਸ਼ੂ ਜਾਂ ਪੰਛੀ ਸ਼੍ਰੇਣੀ ਵਿਚੋਂ ਹੈ ਜਾਂ ਬਨਸਪਤੀ ਦਾ ਕੋਈ ਛੋਟਾ-ਵੱਡਾ ਰੂਪ, ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਤਾਂ ਉਸ ਦੀ ਹੋਂਦ ਹੀ ਖ਼ਤਰੇ ਵਿਚ ਪੈ ਜਾਂਦੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਆਦਿ ਕਾਲ ਤੋਂ ਹੀ ਵੱਖ-ਵੱਖ ਧਰਮ ਗੁਰੂਆਂ, ਪੀਰਾਂ-ਪੈਗ਼ੰਬਰਾਂ ਅਤੇ ਚਿੰਤਕਾਂ ਨੇ ਇਨ੍ਹਾਂ ਮੂਲ ਤੱਤਾਂ ਦੀ ਅਹਿਮੀਅਤ ਅਤੇ ਸ਼ੁੱਧਤਾ 'ਤੇ ਜ਼ੋਰ ਦਿੱਤਾ ਹੈ।
ਯਹੂਦੀ ਧਰਮ : ਯਹੂਦੀ ਧਰਮ ਗ੍ਰੰਥਾਂ ਅਨੁਸਾਰ ਕਰਤਾ ਨੇ ਜੋ ਕੁਝ ਵੀ ਬਣਾਇਆ ਹੈ, ਉਸ ਦੀ ਰੱਖਿਆ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ ਅਤੇ ਹਵਾ, ਧਰਤੀ, ਪਾਣੀ ਤੇ ਬਨਸਪਤੀ ਨੂੰ ਨਸ਼ਟ ਹੋਣ ਤੋਂ ਬਚਾਉਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਦੇ ਧਰਮ ਗ੍ਰੰਥ 'ਚ ਪਾਣੀ ਲਈ ਅਨੇਕਾਂ ਸੰਦਰਭ ਦਰਸਾਏ ਗਏ ਹਨ ਜਿਵੇਂ- ਪਾਣੀ ਸ਼ੁੱਧ ਕਰਦਾ ਹੈ, ਜਲ ਮੁਕਤੀ ਹੈ। ਯਹੂਦੀ ਧਰਮ ਵਿਚ ਪਾਣੀ ਪਰਮਾਤਮਾ ਦੀ ਹਾਜ਼ਰੀ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਦਰੱਖਤਾਂ ਨੂੰ ਜੀਵਨ, ਸ਼ਾਂਤੀ ਤੇ ਗਿਆਨ ਦਾ ਪ੍ਰਤੀਕ ਮੰਨਿਆਂ ਗਿਆ ਹੈ। ਕਾਦਰ ਤੇ ਦਰੱਖਤ ਜੀਵਨ-ਚੱਕਰ ਦਾ ਪ੍ਰਤੀਕ ਹਨ। ਜਿਵੇਂ ਸਨਾਤਨ ਧਰਮ ਵਿਚ ਤੁਲਸੀ ਅਤੇ ਪਿੱਪਲ ਦੀ ਪੂਜਾ ਕੀਤੀ ਜਾਂਦੀ ਹੈ, ਉਵੇਂ ਹੀ ਯਹੂਦੀ ਧਰਮ ਵਿਚ ਜੈਤੂਨ ਦੇ ਦਰੱਖਤ ਨੂੰ ਪਵਿੱਤਰ ਮੰਨਿਆ ਜਾਂਦਾ ਹੈ।
ਈਸਾਈ ਧਰਮ : ਪ੍ਰਾਚੀਨ ਯੂਨਾਨੀ ਫਲਸਫ਼ੇ ਅਨੁਸਾਰ ਪਾਣੀ ਨੂੰ ਉਹ ਬੁਨਿਆਦੀ ਪਦਾਰਥ ਮੰਨਿਆ ਗਿਆ ਹੈ, ਜਿਸ ਤੋਂ ਸਾਰੀਆਂ ਵਸਤਾਂ ਬਣੀਆਂ ਹਨ। ਈਸਾਈ ਮੱਤ ਦਾ ਧਰਮ ਗ੍ਰੰਥ 'ਬਾਈਬਲ' ਇਸ ਵਿਸ਼ਵਾਸ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਪਤਰਸ ਦੀ ਦੂਜੀ ਪੱਤ੍ਰੀ ਵਿਚ ਇਸ ਪ੍ਰਕਾਰ ਦਰਜ ਕੀਤਾ ਮਿਲਦਾ ਹੈ: ਨਵੇਂ ਨੇਮ ਵਿਚ ਵੀ ਪਾਣੀ ਦੀ ਬਹੁਤ ਮਹੱਤਤਾ ਦਰਸਾਈ ਗਈ ਹੈ। ਇਸ 'ਚ ਕਾਦਰ ਵਲੋਂ ਸਮੇਂ-ਸਮੇਂ ਦੁਨੀਆ ਵਿਚ ਵਰਤਦੇ ਕੁਦਰਤ ਦੀ ਰਹਿਮਤ ਅਤੇ ਕਰੋਪੀ ਦੇ ਵਰਤਾਰੇ ਦਾ ਵੀ ਬਾਖ਼ੂਬੀ ਜ਼ਿਕਰ ਮਿਲਦਾ ਹੈ।
ਇਸਲਾਮ ਧਰਮ : 'ਇਸਲਾਮ'ਸ਼ਬਦ ਦਾ ਅਰਥ ਹੈ- ਰੱਬ ਦੀ ਰਜ਼ਾ ਵਿਚ ਰਹਿਣਾ। ਇਸ ਅਨੁਸਾਰ ਰੱਬ ਇਕ ਹੈ ਅਤੇ ਉਸ ਦੇ ਅੱਗੇ ਸੰਪੂਰਨ ਸਮਰਪਣ ਕਰਨਾ ਮਨੁੱਖ ਦਾ ਪਰਮ ਧਰਮ ਹੈ, ਜਿਸ ਨੂੰ 'ਤੌਹੀਦ' ਕਿਹਾ ਗਿਆ ਹੈ। ਕੁਰਾਨ ਦੀ ਸਿੱਖਿਆ ਹੈ ਕਿ ਕੁਦਰਤ ਵਿਚੋਂ ਅੱਲ੍ਹਾ ਦੇ ਦਰਸ਼ਨ ਕਰਨੇ ਚਾਹੀਦੇ ਹਨ। ਅੱਲ੍ਹਾ ਦੇ ਹੁਕਮ ਵਿਚ ਰਹਿਣ ਦਾ ਅਰਥ ਹੈ ਉਸ ਦੀ ਕਾਇਨਾਤ ਨਾਲ ਇੱਕਸੁਰ ਹੋਣਾ। ਇਸ ਤਰ੍ਹਾਂ ਇਸਲਾਮ ਇਕ ਪ੍ਰਕਿਰਤਕ ਵਿਸ਼ਵਾਸ ਹੈ।
ਇਸਲਾਮ ਧਰਮ ਸੱਤਵੀਂ ਸਦੀ ਵਿਚ ਅਰਬ ਮੁਲਕਾਂ ਵਿਚ ਪ੍ਰਫੁੱਲਿਤ ਹੋਇਆ। ਇਹ ਖੇਤਰ ਪਾਣੀ ਦੀ ਬਹੁਤ ਕਮੀ ਵਾਲਾ ਇਲਾਕਾ ਹੈ। ਇਸ ਲਈ ਮੁੱਢ ਤੋਂ ਹੀ ਪਾਣੀ ਦੀ ਮਹੱਤਤਾ ਇਸਲਾਮ ਧਰਮ ਦਾ ਬੁਨਿਆਦੀ ਸਰੋਕਾਰ ਰਿਹਾ ਹੈ। ਇਨ੍ਹਾਂ ਧਾਰਮਿਕ ਗ੍ਰੰਥਾਂ ਵਿਚ ਵਾਤਾਵਰਨ ਸੰਬੰਧੀ ਇਕ ਪੂਰਾ ਨੈਤਿਕ ਪ੍ਰਬੰਧ ਪੇਸ਼ ਕੀਤਾ ਗਿਆ ਹੈ। ਮਾਰਜਰੀ ਹੋਪ ਅਤੇ ਜੇਮਜ਼ ਯੰਗ ਦਾ ਵਿਚਾਰ ਹੈ ਕਿ ਇਸਲਾਮ ਦੇ ਤਿੰਨ ਕੇਂਦਰੀ ਸੰਕਲਪ- 'ਤੌਹੀਦ', 'ਖਿਲਾਫ਼ਾ' ਅਤੇ 'ਆਖੀਰਾਹ' ਇਸਲਾਮ ਦੀ ਵਾਤਾਵਰਨੀ ਨੈਤਿਕਤਾ ਦੇ ਥੰਮ੍ਹ ਹਨ। ਇਸ ਪ੍ਰਕਾਰ ਇਸਲਾਮ ਹਰ ਮੁਸਲਮਾਨ ਨੂੰ ਵਾਤਾਵਰਨ ਅਤੇ ਆਲੇ-ਦੁਆਲੇ ਨੂੰ ਪ੍ਰਦੂਸ਼ਣ-ਮੁਕਤ ਰੱਖਣ ਦੀ ਵਿਸ਼ੇਸ਼ ਤਾਕੀਦ ਕਰਦਾ ਹੈ।
ਇਸਲਾਮ ਵਿਚ ਪਾਣੀ ਮਨੁੱਖ ਦੇ ਜਨਮ ਤੋਂ ਮੌਤ ਤੱਕ ਦੀ ਹਰ ਇਕ ਰਸਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਰਮਜ਼ਾਨ ਦੇ ਮਹੀਨੇ ਵਿਚ ਰੋਜ਼ੇ ਰੱਖਣ ਉਪਰੰਤ ਵਰਤ ਨੂੰ ਖੋਲ੍ਹਣ ਲਈ ਖਜੂਰਾਂ ਦੇ ਨਾਲ ਪਾਣੀ ਦਾ ਹੋਣਾ ਜ਼ਰੂਰੀ ਮੰਨਿਆ ਗਿਆ ਹੈ। ਬੰਦੇ ਨੂੰ ਖੁਦਾਈ ਦਾ ਸੁਹਜ ਕਾਇਮ ਰੱਖਣ ਲਈ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦੀ ਲੋੜ ਹੈ।
ਪਾਰਸੀ ਧਰਮ : 7000 ਤੋਂ 1000 ਸਾਲ ਈਸਾ ਪੂਰਵ ਦੇ ਸਮੇਂ ਦਰਮਿਆਨ, ਪ੍ਰਾਚੀਨ ਪਰਸ਼ੀਆ (ਈਰਾਨ) ਦੇ ਸ਼ਾਹੀ ਖਾਨਦਾਨ ਵਿਚ ਪੈਦਾ ਹੋਏ ਇਕ ਪੈਗ਼ੰਬਰ ਜ਼ੋਰੋਆਸਟਰ (ਜਾਂ ਜ਼ਰਤੁਸਤ) ਵਲੋਂ ਆਰੰਭ ਕੀਤੇ ਗਏ ਪਾਰਸੀ ਧਰਮ ਵਿਚ ਜਿਥੇ ਕੁਦਰਤ, ਪਾਣੀ, ਹਵਾ, ਅਗਨੀ ਅਤੇ ਦਰੱਖਤਾਂ ਦੀ ਮਹਾਨਤਾ ਦਾ ਜ਼ਿਕਰ ਮਿਲਦਾ ਹੈ, ਉਥੇ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣਾ ਇਸ ਧਰਮ ਦੇ ਅਨੁਆਈਆਂ ਦਾ ਇਕ ਮੁੱਖ ਕਰਤੱਵ ਮੰਨਿਆ ਗਿਆ ਹੈ।
ਡਾ. ਪੱਲਣ ਇਚਾਪੋਰੀਆ ਅਨੁਸਾਰ, ਜ਼ੋਰੋਆਸਟਰ ਦਾ ਧਰਮ ਮੂਲ ਤੌਰ 'ਤੇ ਵਾਤਾਵਰਨ ਪ੍ਰੇਮੀ ਧਰਮ ਹੈ। ਇਹ ਕਾਇਨਾਤ ਦੇ ਸੱਤ ਮੂਲ ਤੱਤਾਂ- ਧਰਤੀ, ਪਾਣੀ, ਅੱਗ, ਜੀਵ-ਜੰਤ, ਬਨਸਪਤੀ, ਹਵਾ ਅਤੇ ਮਾਨਵ, ਦੀ ਸ਼ੁੱਧਤਾ ਦਾ ਬਹੁਤ ਸਤਿਕਾਰ ਕਰਦਾ ਹੈ। ਇਸ ਵਿਚ ਪ੍ਰਦੂਸ਼ਣ ਨੂੰ 'ਬਦੀ' ਅਤੇ ਸਫ਼ਾਈ ਤੇ ਸ਼ੁੱਧਤਾ ਨੂੰ 'ਨੇਕੀ' ਕਿਹਾ ਗਿਆ ਹੈ।
ਵੈਦਿਕ ਧਰਮ : 'ਵੇਦ' ਆਰੀਆ ਲੋਕਾਂ ਦੁਆਰਾ ਰਚੇ ਗਏ ਉਹ ਪ੍ਰਾਚੀਨ ਧਾਰਮਿਕ ਗ੍ਰੰਥ ਹਨ ਜਿਨ੍ਹਾਂ ਵਿਚ ਭਾਰਤ ਵਰਸ਼ ਦੇ ਜਨ-ਜੀਵਨ ਦਾ ਫ਼ਲਸਫ਼ਾ, ਜੀਵਨ ਜਾਚ, ਸੱਭਿਆਚਾਰ, ਭਾਵਨਾਵਾਂ, ਵਿਚਾਰਧਾਰਾ ਆਪਣੀ ਪੂਰੀ ਵੰਨ-ਸੁਵੰਨਤਾ ਨਾਲ ਅੰਕਿਤ ਹੋਏ ਮਿਲਦੇ ਹਨ। ਵੇਦਾਂ ਦੇ ਅਧਿਐਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਧਰਤੀ (ਭੂ), ਵਾਯੂ-ਮੰਡਲ (ਭੂਵਾਹ) ਤੇ ਆਸਮਾਨ ਅਤੇ ਇਨ੍ਹਾਂ ਨਾਲ ਸੰਬੰਧਿਤ ਦੇਵੀ-ਦੇਵਤਿਆਂ ਪ੍ਰਿਥਵੀ (ਧਰਤੀ ਦੀ ਦੇਵੀ), ਅਪ (ਪਾਣੀ ਦਾ ਦੇਵਤਾ), ਅਗਨੀ (ਅੱਗ ਅਤੇ ਗਰਮੀ ਦਾ ਦੇਵਤਾ) ਅਤੇ ਵਾਯੂ (ਹਵਾ ਦਾ ਦੇਵਤਾ) ਆਰੀਆਂ ਦੇ ਵਿਵਹਾਰਕ, ਧਾਰਮਿਕ ਤੇ ਸੱਭਿਆਚਾਰਕ ਜੀਵਨ ਦਾ ਅਟੁੱਟ ਅੰਗ ਬਣ ਗਏ ਸਨ। ਇਸ ਪ੍ਰਕਾਰ ਹਿੰਦੂ ਸੰਸਕ੍ਰਿਤੀ ਵਿਚ ਮੁੱਢ ਕਦੀਮ ਤੋਂ ਹੀ ਵਾਤਾਵਰਨ ਅਤੇ ਪਾਣੀ ਦੀ ਬਹੁਤ ਵੱਡੀ ਮਹੱਤਤਾ ਰਹੀ ਹੈ। ਬਾਅਦ ਦੇ ਭਾਰਤੀ ਫਲਸਫ਼ੇ ਵਿਚ ਇਹ ਵੈਦਿਕ ਸੰਕਲਪ ਸਾਂਖਯ ਦੇ ਪੰਜ ਤੱਤਾਂ (ਮਹਾ ਭੂਤ) ਦੇ ਨਾਮਕਰਣ ਧਰਤੀ (ਪ੍ਰਿਥਵੀ), ਪਾਣੀ (ਜਲ), ਅੱਗ (ਤੇਜਸ), ਹਵਾ (ਵਾਯੂ) ਅਤੇ ਪੁਲਾੜ (ਆਕਾਸ਼) ਰਾਹੀਂ ਹੋਰ ਦ੍ਰਿੜ ਹੁੰਦਾ ਦਿਸਦਾ ਹੈ। ਅਫ਼ਲਾਤੂਨ ਜਗਤ ਸਿਰਜਣਹਾਰ ਨੂੰ ਕਲਾਕਾਰ ਕਹਿੰਦਾ ਹੈ ਅਤੇ ਪ੍ਰਕਿਰਤੀ ਨੂੰ ਉਸ ਦੀ ਕਲਾ।
ਪਦਮ ਪੁਰਾਣ ਅਨੁਸਾਰ ਜਿਸ ਇਲਾਕੇ ਵਿਚ ਪਾਣੀ ਦੀ ਘਾਟ ਹੋਵੇ, ਉਥੇ ਖੂਹ ਲਗਵਾਉਣ ਵਾਲਾ ਵਿਅਕਤੀ ਪਾਣੀ ਦੀਆਂ ਬੂੰਦਾਂ ਜਿੰਨਾ ਹੀ ਸਵਰਗੀ ਪੁੰਨ ਪ੍ਰਾਪਤ ਕਰ ਲੈਂਦਾ ਹੈ। ਦਸ ਖੂਹਾਂ ਦੇ ਬਰਾਬਰ ਇਕ ਬਾਉਲੀ, ਦਸ ਬਾਉਲੀਆਂ ਦੇ ਬਰਾਬਰ ਇਕ ਕੰਨਿਆ ਅਤੇ ਦਸ ਕੰਨਿਆਵਾਂ ਦੇ ਬਰਾਬਰ ਇਕ ਰੁੱਖ ਲਗਵਾਉਣ ਦਾ ਪੁੰਨ ਹੈ। ਪਦਮ ਪੁਰਾਣ ਪਿੱਪਲ, ਅਸ਼ੋਕ, ਨਿੰਮ, ਜਾਮਣ, ਅਨਾਰ, ਖੈਰ, ਬੇਰ, ਬੈਂਤ, ਚੰਦਨ, ਕਟਹਲ, ਚੰਪਾ, ਮੌਲਸਰੀ, ਦਾਖ, ਕੇਵੜਾ ਆਦਿ ਰੁੱਖਾਂ ਨੂੰ ਵਰਦਾਨ ਦੇਣ ਵਾਲੇ ਮੰਨਦਾ ਹੈ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਸ੍ਰੀ ਅਨੰਦਪੁਰ ਸਾਹਿਬ।