18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸੂਲੀ 'ਤੇ ਨੱਚਦਾ ਸੱਚ : ਹਜ਼ਰਤ ਹੁਸੈਨ ਮਨਸੂਰ

Ad Position 21
No active advertisement
ਅਜੀਤ ਡੈਸਕ 20-04-2026

ਸੱਜਣਾਂ ਨੇ ਫੁੱਲ ਮਾਰਿਆ
ਸਾਡੀ ਰੂਹ ਅੰਬਰਾਂ ਤੱਕ ਰੋਈ,
ਲੋਕਾਂ ਦਿਆਂ ਵੱਟਿਆਂ ਦੀ
ਸਾਨੂੰ ਪੀੜ ਰਤਾ ਨਾ ਹੋਈ।
ਸੱਜਣਾਂ ਦੁਆਰਾ ਫੁੱਲ ਮਾਰੇ ਜਾਣ ਦੀ ਪੀੜ, ਗੈਰਾਂ ਵਲੋਂ ਮਾਰੇ ਪੱਥਰਾਂ ਨਾਲੋਂ ਕਿੰਨੇ ਗੁਣਾ ਜ਼ਿਆਦਾ ਹੁੰਦੀ ਹੈ। ਇਹ ਤਾਂ ਉਹ ਹੀ ਦੱਸ ਸਕਦਾ ਹੈ ਜਿਸ ਨੇ ਇਹ ਪੀੜ ਆਪਣੇ ਪਿੰਡੇ 'ਤੇ ਹੰਡਾਈ ਹੋਵੇ। ਸੱਜਣਾਂ ਹੱਥੋਂ ਫੁੱਲ ਵੱਜਣ 'ਤੇ ਉੱਠੇ ਦਰਦ ਨੂੰ ਰੂਹ ਦਾ ਰੋਣਾ ਅੰਬਰਾਂ ਤੀਕ ਕਿਵੇਂ ਲੈ ਜਾਂਦਾ ਹੈ, ਇਸ ਨੂੰ ਹਜ਼ਰਤ ਹੁਸੈਨ ਮਨਸੂਰ ਤੋਂ ਵਧਕੇ ਕੋਈ ਬਿਆਨ ਨਹੀਂ ਕਰ ਸਕਦਾ। ਕਿਉਂ ਜੋ ਹਕੀਕੀ ਇਸ਼ਕ ਦੀ ਰੂਹ ਤੱਕ ਉਤਰਨ ਲਈ ਬੰਦੇ ਨੂੰ ਮਨਸੂਰ ਹੋਣਾ ਪੈਂਦਾ ਹੈ ਅਤੇ ਮਨਸੂਰ ਹੋਣ ਲਈ ਰੂਹਾਨੀਅਤ ਦੀਆਂ ਸਿਖ਼ਰਾਂ ਨੂੰ ਛੂੰਹਦੇ ਹੋਏ ਜਿੰਦ ਪੋਟਾ-ਪੋਟਾ ਕੁਰਬਾਨ ਕਰ ਦੇਣੀ ਪੈਂਦੀ ਹੈ।
ਹਜ਼ਰਤ ਹੁਸੈਨ ਮਨਸੂਰ ਇਕ ਅਜਿਹਾ ਮਨੁੱਖੀ 'ਸਿਰ' ਜੋ ਹੱਸਦਿਆਂ-ਹੱਸਦਿਆਂ ਕੁਰਬਾਨ ਤਾਂ ਹੋ ਗਿਆ ਪਰ ਝੂਠ ਅੱਗੇ ਝੁਕਿਆ ਨਹੀਂ। ਸੂਫ਼ੀਵਾਦ ਦੇ ਇਤਿਹਾਸ ਵਿਚ ਹਜ਼ਰਤ ਮਨਸੂਰ ਇਕ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਦਰਦ ਅਤੇ ਜਸ਼ਨ ਨੂੰ ਆਪਣੇ ਅੰਦਰ ਸਮੇਟ ਲਿਆ। ਜਦੋਂ ਸੱਚ ਹੱਕ ਇੰਨਾ ਜ਼ਿਆਦਾ ਬਲਵਾਨ ਹੋ ਜਾਵੇ ਕਿ ਮੌਤ ਦਾ ਡਰ ਵੀ ਨਾਚ ਵਿਚ ਬਦਲ ਜਾਵੇ ਤਾਂ ਉਹ ਮਨਸੂਰੀਅਤ ਬਣ ਜਾਂਦਾ ਹੈ।
ਹਜ਼ਰਤ ਹੁਸੈਨ ਮਨਸੂਰ ਜਿਨ੍ਹਾਂ ਨੂੰ ਆਮ ਤੌਰ 'ਤੇ 'ਮਨਸੂਰ ਅਲ-ਹੱਲਾਜ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਦਾ ਜਨਮ ਸੰਨ 858 ਈ. ਵਿਚ ਫ਼ਾਰਸ (ਅੱਜ ਕੱਲ੍ਹ ਈਰਾਨ) ਦੇ ਅਲਤੁਰ ਨਾਂ ਦੇ ਪਿੰਡ ਵਿਚ ਹੋਇਆ। ਮਨਸੂਰ ਦੇ ਪਿਤਾ ਹਜ਼ਰਤ ਹੁਸੈਨ ਬਿਨ ਮਨਸੂਰ ਮੁਹੰਮਦ ਅਲਬੈਦਤਵੀ ਅਲ ਹਲਾਜ਼, ਮੂਲ ਰੂਪ ਵਿਚ ਪਾਰਸੀ ਸਨ ਅਤੇ ਸਮਾਂ ਪਾ ਕੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਸੀ। ਉਹ ਕਿੱਤੇ ਪੱਖੋਂ ਰੂੰ ਪਿੰਜਣ ਦਾ ਕੰਮ ਕਰਦੇ ਸਨ ਜਿਨ੍ਹਾਂ ਨੂੰ ਅਰਬੀ ਭਾਸ਼ਾ ਵਿਚ 'ਹੱਲਾਜ' ਕਿਹਾ ਜਾਂਦਾ ਹੈ। ਇਸੇ ਕਰਕੇ ਹੀ ਮਨਸੂਰ ਦੇ ਨਾਂਅ ਨਾਲ 'ਹੱਲਾਜ' ਸ਼ਬਦ ਵੀ ਪੱਕੇ ਤੌਰ 'ਤੇ ਜੁੜਿਆ ਹੋਇਆ ਹੈ। ਮਨਸੂਰ ਅਜੇ ਬੱਚਾ ਹੀ ਸੀ ਜਦੋਂ ਸਾਰਾ ਪਰਿਵਾਰ ਕੰਮ ਦੇ ਸਿਲਸਿਲੇ ਵਿਚ ਪਿੰਡ ਅਲਤੂਰ ਛੱਡ 'ਵਾਸਿਤ' (ਈਰਾਕ) ਆ ਵਸਿਆ। ਇੱਥੇ ਹੀ ਮਨਸੂਰ ਦਾ ਪਾਲਣ ਪੋਸ਼ਣ ਅਤੇ ਮੁਢਲੀ ਪੜ੍ਹਾਈ ਮੁਕੰਮਲ ਹੋਈ।
ਮਨਸੂਰ ਅਲ-ਹੱਲਾਜ ਬਚਪਨ ਤੋਂ ਹੀ ਸ਼ਾਂਤ ਸੁਭਾਅ ਦਾ ਧਾਰਨੀ ਸੀ ਅਤੇ ਬਾਲਪੁਣੇ ਤੋਂ ਹੀ ਅਧਿਆਤਮਿਕ ਕਾਰਜਾਂ ਵਿਚ ਰੁਚੀ ਵਿਖਾਉਣ ਲੱਗ ਪਿਆ ਸੀ। ਇਹ ਹੀ ਕਾਰਨ ਸੀ ਮਨਸੂਰ ਨੇ ਬਾਲ ਉਮਰੇ ਹੀ ਸਮੁੱਚਾ ਕੁਰਾਨ ਸ਼ਰੀਫ਼ ਮੂੰਹ-ਜ਼ੁਬਾਨੀ ਯਾਦ ਕਰ ਲਿਆ ਸੀ। ਇਲਾਹੀ ਗਿਆਨ ਪ੍ਰਾਪਤ ਕਰਨ ਦੀ ਤਲਬ ਮਨਸੂਰ ਨੂੰ ਬਾਲ ਅਵਸਥਾ ਤੋਂ ਹੀ ਇਕ ਤੋਂ ਬਾਅਦ ਇਕ ਮਹਾਨ ਸੰਤ-ਮਹਾਂਪੁਰਸ਼ਾਂ ਦੇ ਚਰਨਾਂ ਵਿਚ ਲੈ ਗਈ।
ਬਸਰਾ ਵਿਖੇ ਅਮਰ ਬਿਨ ਉਸਮਾਨ ਅਲ-ਮੱਕੀ ਅਤੇ ਸਹਿਲ ਬਿਨ ਅਬਦੁੱਲਾ ਤਸਤੁਰੀ ਤੋਂ ਮੁਢਲਾ ਗਿਆਨ ਪਾਉਣ ਉਪਰੰਤ ਮਨਸੂਰ 22 ਸਾਲ ਦੀ ਉਮਰ ਵਿਚ ਬਗਦਾਦ ਵਿਚ ਆ ਕੇ ਅੱਬੂ ਹੁਸੈਨ ਨੂਰੀ ਅਤੇ ਸਿਲਸਿਲਾ ਜੁਨੈਦੀਆ ਦੇ ਸੰਸਥਾਪਕ ਮੁਰਸ਼ਦ ਸੱਯਦ-ਉਤ-ਤਾਇਫ਼ਾ (ਸੂਫ਼ੀਆਂ ਦੇ ਸਰਦਾਰ) ਹਜ਼ਰਤ ਜੁਨੈਦ ਬਗਦਾਦੀ ਦੇ ਸ਼ਾਗਿਰਦ ਹੋ ਗਏ। ਮੁਰਸ਼ਦ ਜੁਨੈਦ ਦੇ ਚਰਨਾਂ ਵਿਚ ਹੀ ਮਨਸੂਰ ਨੂੰ ਅਬੂ ਬਕਰ ਸ਼ਿਬਲੀ (ਸਾਈਂ ਸ਼ਿਬਲੀ) ਦੀ ਸੰਗਤ ਮਿਲੀ। ਇੱਥੇ ਸ਼ਿਬਲੀ ਅਤੇ ਮਨਸੂਰ ਦੋਵੇਂ ਸਹਿਪਾਠੀ ਹੋਣ ਦੇ ਨਾਲ-ਨਾਲ ਗਹਿਰੇ ਦੋਸਤ ਵੀ ਬਣੇ।
ਜਿੱਥੇ ਮਨਸੂਰ ਅਲ-ਹੱਲਾਜ ਨੇ ਭਾਰਤ ਸਮੇਤ ਕਈ ਦੇਸ਼ਾਂ ਦੀ ਯਾਤਰਾ ਕਰਦਿਆਂ ਸਾਰੀ ਜ਼ਿੰਦਗੀ ਇਰਾਕ, ਪਰਸ਼ੀਆ, ਗੁਜਰਾਤ, ਕਸ਼ਮੀਰ ਆਦਿ ਦੀਆਂ ਗਲੀਆਂ ਵਿਚ ਗੁਜ਼ਾਰੀ। ਉੱਥੇ ਉਨ੍ਹਾਂ ਨੇ ਤਿੰਨ ਵਾਰ ਮੱਕਾ ਦਾ ਹੱਜ (ਯਾਤਰਾ) ਕੀਤਾ ਅਤੇ ਜਿੰਦਗੀ ਦਾ ਲੰਬਾ ਸਮਾਂ ਇਬਾਦਤ ਵਿਚ ਗੁਜ਼ਾਰਿਆ। ਮਨਸੂਰ ਬਗ਼ਦਾਦ ਵਾਸੀਆਂ ਦੇ ਤਾਂ ਮਨਾਂ ਵਿਚ ਪੱਕਾ ਡੇਰਾ ਜਮਾਈ ਬੈਠਾ ਸੀ।
ਮਨਸੂਰ ਅਲ-ਹਲਾਜ ਦੀਆਂ ਸਿੱਖਿਆਵਾਂ ਇਸ ਕਦਰ ਪਵਿੱਤਰ ਹਨ ਕਿ ਇਨ੍ਹਾਂ ਵਿਚ ਜਾਤ-ਪਾਤ ਅਤੇ ਮਜ਼ਹਬੀ ਕੱਟੜਤਾ ਲਈ ਕੋਈ ਜਗ੍ਹਾ ਨਹੀਂ ਹੈ।
ਮਨਸੂਰ ਅਲ-ਹਲਾਜ ਦੁਆਰਾ ਰਚੀਆਂ ਕੁੱਲ ਲਿਖਤਾਂ ਵਿਚੋਂ ਜ਼ਿਆਦਾਤਰ ਤਾਂ ਉਸ ਦੀ ਕੈਦ ਅਤੇ ਸ਼ਹਾਦਤ ਦੌਰਾਨ ਹੀ ਨਸ਼ਟ ਕਰ ਦਿੱਤੀਆਂ ਗਈਆਂ ਸਨ। ਫਿਰ ਵੀ ਉਸ ਦੀਆਂ ਅਹਿਮ ਰਚਨਾਵਾਂ, ਸਿੱਖਿਆਵਾਂ ਅਤੇ ਵਿਚਾਰ ਜੋ ਅੱਜ ਵੀ ਉਪਲੱਬਧ ਹਨ, ਉਨ੍ਹਾਂ ਵਿਚ ਕਿਤਾਬ ਅਲ-ਤਵਾਸੀਨ ਇਕੋ ਇਕ ਅਜਿਹੀ ਕਿਤਾਬ ਹੈ ਜੋ ਸੂਫ਼ੀ ਫ਼ਲਸਫ਼ੇ, ਰੱਬ ਦੀ ਤੌਹੀਦ (ਰੱਬ ਨਾਲ ਇਕਮਿਕਤਾ) ਅਤੇ ਪੈਗੰਬਰ ਸਾਹਿਬ ਦੇ ਨੂਰ ਬਾਰੇ ਗੂੜ੍ਹੇ ਵਿਚਾਰ ਹਨ। ਇਸੇ ਤਰ੍ਹਾਂ ਮਨਸੂਰ ਦੁਆਰਾ ਰਚਿਤ ਕਵਿਤਾਵਾਂ/ਗ਼ਜ਼ਲਾਂ ਅਤੇ ਰੁਬਾਈਆਂ ਦਾ ਸੰਗ੍ਰਹਿ ਦੀਵਾਨ-ਏ-ਹੱਲਾਜ ਹੈ, ਜੋ ਅੱਜ ਵੀ ਸੂਫ਼ੀਆਨਾ ਮਹਿਫ਼ਲਾਂ ਵਿਚ ਗਾਈਆਂ ਜਾਂਦੀਆਂ ਹਨ। ਰਵਾਇਤ ਮਨਸੂਰ ਦੇ ਕਥਨਾਂ ਅਤੇ ਬਚਨਾਂ ਦਾ ਸੰਗ੍ਰਹਿ ਹੈ ਜੋ ਕਿ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਇਕੱਠੇ ਕੀਤੇ ਗਏ ਸਨ। ਮਨਸੂਰ ਦੇ ਖ਼ਤ ਮਨਸੂਰ ਦੁਆਰਾ ਆਪਣੇ ਵੱਖ ਵੱਖ ਸਫ਼ਰਾਂ ਦੌਰਾਨ ਅਤੇ ਕੈਦ ਹੰਢਾਉਦਿਆਂ ਆਪਣੇ ਪਿਆਰਿਆਂ ਨੂੰ ਲਿਖੀਆਂ ਗਈਆਂ ਚਿੱਠੀਆਂ ਹਨ। 'ਅਖ਼ਬਾਰ ਅਲ-ਹੱਲਾਜ' ਭਾਵੇਂ ਕਿ ਮਨਸੂਰ ਦੁਆਰਾ ਨਹੀਂ ਲਿਖੀ ਗਈ ਫਿਰ ਵੀ ਇਹ ਉਨ੍ਹਾਂ ਬਾਰੇ ਬਹੁਤ ਹੀ ਅਹਿਮ ਇਤਿਹਾਸਿਕ ਦਸਤਾਵੇਜ਼ ਹੈ। ਮਨਸੂਰ ਦੁਆਰਾ ਵੱਖ ਵੱਖ ਵਨਗੀਆਂ ਵਿਚ ਰਚਿਆ ਗਿਆ ਸਾਹਿਤ ਬਹੁਤ ਹੀ ਰਮਜ਼ਮਈ ਹੈ। ਮਨਸੂਰ ਦੇ ਬੋਲ ਪੜ੍ਹਨ-ਸੁਣਨ ਵਿਚ ਤਾਂ ਬਹੁਤ ਸਧਾਰਨ ਲਗਦੇ ਹਨ ਪਰ ਰੂਹਾਨੀ ਅਰਥਾਂ ਵਿਚ ਬਹੁਤ ਗੰਭੀਰ ਅਰਥ ਰੱਖਦੇ ਹਨ।
ਮਨਸੂਰ ਅਲ-ਹੱਲਾਜ ਦਾ ਫ਼ਲਸਫ਼ਾ ਵਹਦਤ-ਉਲ-ਵਜੂਦ (ਰੱਬ ਅਤੇ ਕਾਇਨਾਤ ਦੀ ਏਕਤਾ) 'ਤੇ ਆਧਾਰਿਤ ਸੀ।
'ਲਾ ਇਲਾਹਾ ਇੱਲ ਅੱਲ੍ਹਾ' ਉਸ ਸਮੇਂ ਦੇ ਕੱਟੜਪੰਥੀ ਵਿਦਵਾਨ ਅਤੇ ਕਾਜ਼ੀ (ਉਲੇਮਾ), ਸ਼ਰ੍ਹਾ (ਧਾਰਮਿਕ ਕਾਨੂੰਨ) ਦਾ ਚਰਚਿਤ ਨਾਹਰਾ ਸੀ ਜਿਸ ਤੋਂ ਭਾਵ ਸੀ ਕਿ ਰੱਬ ਤੋਂ ਇਲਾਵਾ ਕੋਈ ਵੀ ਪੂਜਣਯੋਗ ਨਹੀਂ। ਇਨ੍ਹਾਂ ਦਾ ਮੰਨਣਾ ਸੀ ਕਿ ਰੱਬ ਇਕ 'ਖ਼ਾਲਿਕ' (ਸਿਰਜਣਹਾਰ) ਹੈ ਜਦੋਂ ਕਿ ਇਨਸਾਨ ਇਕ 'ਮਖ਼ਲੂਕ' (ਸਿਰਜੀ ਗਈ ਵਸਤੂ) ਹੈ। ਇਸ ਕਰਕੇ ਇਨਸਾਨ ਅੱਲ੍ਹਾ ਤਾਲਾ ਦੇ ਨੇੜੇ ਤਾਂ ਜਾ ਸਕਦਾ ਹੈ ਪਰ ਉਹ ਖੁਦ ਅੱਲ੍ਹਾ ਨਹੀਂ ਹੋ ਸਕਦਾ।
ਉਸ ਸਮੇਂ ਬਾਇਜ਼ੀਦ ਬਸਤਾਮੀ ਨੇ ਵੀ ਆਪਣੇ ਆਪ ਨੂੰ ਰੱਬ ਬਰਾਬਰ ਤੋਲਦੇ ਹੋਏ ਲੁਕਵੇਂ ਜਿਹੇ ਅੰਦਾਜ਼ ਵਿਚ ਸੁਬਹਾਨੀ, ਮਾ ਆਜ਼ਮਾ ਸ਼ਾਨੀ ਆਖਿਆ ਸੀ, ਜਿਸਦਾ ਪੰਜਾਬੀ ਵਿਚ ਅਰਥ ਮੈਂ ਪਵਿੱਤਰ ਹਾਂ, ਅਤੇ ਮੇਰੀ ਸ਼ਾਨ ਕਿੰਨੀ ਮਹਾਨ ਹੈ, ਹੁੰਦਾ ਹੈ। ਸੱਚ ਬਾਇਜ਼ੀਦ ਦੇ ਅੰਦਰੋਂ ਬਾਹਰ ਆਉਣ ਲਈ ਉਬਾਲੇ ਤਾਂ ਮਾਰ ਰਿਹਾ ਸੀ ਪਰ ਬਾਇਜ਼ੀਦ ਸੱਚ ਬੋਲਣਾ ਚਾਹ ਕੇ ਵੀ ਹਿੰਮਤ ਨਹੀਂ ਸੀ ਜੁਟਾ ਪਾ ਰਿਹਾ।
ਬੱਸ ਇਸੇ ਤਰ੍ਹਾਂ ਦੀ ਹੀ ਹਲਾਤ ਮਹਾਨ ਸੂਫ਼ੀ ਸੰਤ ਅਤੇ ਮਨਸੂਰ ਅਲ-ਹੱਲਾਜ ਦੇ ਮੁਰਸ਼ਦ ਹਜ਼ਰਤ ਜੁਨੈਦ ਬਗ਼ਦਾਦੀ ਦੀ ਸੀ। ਉਹ ਵੀ ਸਭ ਸੱਚ ਜਾਣਦੇ ਹੋਏ ਆਪਣੇ ਅੰਦਰੋਂ ਉੱਠੀ ਆਵਾਜ਼ ਨੂੰ ਸ਼ਬਦਾਂ ਦੀ ਜਾਦੂਗਿਰੀ ਹੇਠ ਦਬਾਅ ਕੇ ਬੈਠੇ ਸੀ। ਉਸ ਦੇ ਬੋਲ ਸਨ, ਅਨ-ਅਲ-ਅਬਦ ਜਿਸਦੇ ਅਰਥ ਹਨ ਕਿ 'ਮੈਂ ਹੀ ਰੱਬ ਦਾ ਬੰਦਾ/ਗੁਲਾਮ ਹਾਂ।' ਜੁਨੈਦ ਖੁਦ ਨੂੰ ਰੱਬ ਦਾ ਬੰਦਾ ਦੱਸ ਕੇ ਸੱਚ ਬੋਲਣ ਦੇ ਨੇੜੇ ਤਾਂ ਪਹੁੰਚ ਪਾ ਰਿਹਾ ਸੀ ਪਰ ਉਹ ਵੀ ਸਪੱਸ਼ਟ ਰੂਪ ਵਿਚ ਰੱਬ ਅਤੇ ਆਪਣੇ ਵਿਚਲਾ ਅੰਤਰ ਨਹੀਂ ਸੀ ਮਿਟਾ ਪਾ ਰਿਹਾ।
ਸੱਚ ਬੋਲਣ ਅਤੇ ਸਭ ਸੱਚ ਕਰ ਵਿਖਾਉਣ ਦਾ ਜਿਗਰਾ ਤਾਂ ਮਨਸੂਰ ਅਲ-ਹੱਲਾਜ ਨੇ ਕੀਤਾ ਹੈ। ਉਸ ਨੇ ਜਦ ਬਗਦਾਦ ਦੀਆਂ ਗਲੀਆਂ ਵਿਚ 'ਅਨ-ਅਲ-ਹੱਕ' ਦਾ ਨਾਹਰਾ ਗੁੰਜ਼ਾਇਆ ਤਾਂ ਉਸ ਨੂੰ ਇਸ ਦਾ ਅੰਜਾਮ ਭਲੀ ਭਾਂਤ ਪਤਾ ਸੀ। ਉਹ ਅਨ-ਅਲ-ਹੱਕ ਦੇ ਅਰਥਾਂ ਤੋਂ ਬਾਖੂਬੀ ਵਾਕਿਫ਼ ਸੀ। ਅਨ-ਅਲ-ਹੱਕ ਨੇ ਐਵੇਂ ਤਾਂ ਨਹੀਂ ਸਮੁੱਚਾ ਈਰਾਨ ਹਿਲਾ ਕੇ ਰੱਖ ਦਿੱਤਾ ਸੀ। ਅਨ-ਅਲ-ਹੱਕ ਤੋਂ ਭਾਵ ਹੈ ਕਿ ਮੈਂ ਹੀ ਰੱਬ ਹਾਂ । ਇਕ ਇਨਸਾਨ ਵਲੋਂ ਅੱਜ ਤੋਂ ਗਿਆਰਾਂ ਸੌ ਪੰਜਾਹ ਸਾਲ ਪਹਿਲਾਂ ਆਪਣੇ ਆਪ ਨੂੰ ਜਨਤਕ ਤੌਰ 'ਤੇ ਰੱਬ ਐਲਾਨ ਦੇਣਾ ਆਪਣੇ ਆਪ ਦਾ ਸਿਰ ਭੁੱਖੇ ਪਿਆਸੇ ਮਗਰਮੱਛ ਦੇ ਮੂੰਹ ਵਿਚ ਰੱਖ ਦੇਣ ਦੇ ਬਰਾਬਰ ਸੀ।
ਓਸ਼ੋ ਰਜਨੀਸ਼ ਦੇ ਪ੍ਰਵਚਨਾਂ ਅਨੁਸਾਰ ਹਜ਼ਰਤ ਮਨਸੂਰ ਅਲ-ਹੱਲਾਜ ਦਾ ਅਨ-ਅਲ-ਹੱਕ ਉਸ ਦੀ ਕਿਸੇ ਹਊਮੈ ਵਿਚੋਂ ਨਹੀਂ ਸੀ ਉਪਜਿਆ, ਉਹ ਤਾਂ ਸਗੋਂ ਉਸ ਅੰਦਰੋਂ ਹਉਮੈ ਪੂਰੀ ਤਰ੍ਹਾਂ ਖ਼ਤਮ ਹੋਣ ਜਾਣ ਦੀ ਗਵਾਹੀ ਭਰਦਾ ਹੈ। ਜਦੋਂ ਤੱਕ ਇਨਸਾਨ ਅੰਦਰ 'ਮੈਂ' ਹੁੰਦੀ ਹੈ, ਉਹ ਰੱਬ ਦੇ ਨੇੜੇ ਵੀ ਨਹੀਂ ਜਾ ਸਕਦਾ। ਪਰ ਹਜ਼ਰਤ ਮਨਸੂਰ ਨੇ ਆਪਣੇ-ਆਪ ਨੂੰ ਇਸ ਕਦਰ ਖਾਲੀ ਕਰ ਲਿਆ ਸੀ ਕਿ ਮਨਸੂਰ ਨਾਂਅ ਦੀ ਵੀ ਕੋਈ ਚੀਜ਼ ਉਸ ਅੰਦਰ ਬਾਕੀ ਨਹੀਂ ਸੀ ਬਚੀ, ਉਸ ਅੰਦਰ ਸਿਰਫ਼ ਰੱਬ ਹੀ ਰੱਬ ਬਾਕੀ ਸੀ। ਇਸ ਲਈ ਜਦੋਂ ਉਹ ਬੋਲਦਾ ਸੀ ਤਾਂ ਉਹ ਮਨਸੂਰ ਨਹੀਂ ਬਲਕਿ ਉਸ ਅੰਦਰੋਂ ਰੱਬ ਬੋਲ ਰਿਹਾ ਮਹਿਸੂਸ ਹੁੰਦਾ ਸੀ।
ਹਜ਼ਰਤ ਜੁਨੈਦ ਬਗਦਾਦੀ ਪੂਰੀ ਤਰ੍ਹਾਂ ਜਾਣ ਗਏ ਸਨ ਕਿ ਮਨਸੂਰ ਅਲ-ਹੱਲਾਜ, ਇਲਾਹੀ ਇਬਾਦਤ ਦੀ ਉਸ ਸਿਖ਼ਰ 'ਤੇ ਪਹੁੰਚ ਗਿਆ ਹੈ, ਜਿੱਥੇ ਉਸ ਨੂੰ ਅਹਿਸਾਸ ਹੋ ਚੁੱਕਾ ਹੈ ਕਿ ਰੱਬ ਉਸ ਤੋਂ ਵੱਖਰਾ ਨਹੀਂ ਹੈ, ਸਗੋਂ ਰੱਬ ਉਸ ਦੇ ਅੰਦਰ ਹੀ ਵਸਦਾ ਹੈ। ਇਸ ਗਿਆਨ ਨੂੰ ਸਿਰ-ਏ-ਇਲਾਹੀ (ਰੱਬ ਦਾ ਰਾਜ਼) ਜਾਂ ਰੱਬੀ ਰਹੱਸ ਕਿਹਾ ਜਾਂਦਾ ਹੈ। ਇਸ ਕਰਕੇ ਮਨਸੂਰ ਅਲ-ਹੱਲਾਜ ਵਲੋਂ ਅਨ-ਅਲ-ਹੱਕ ਦਾ ਹੋਕਾ ਲਾਉਣਾ ਗ਼ਲਤ ਨਹੀਂ ਹੈ। ਪਰ ਉਹ ਮਨਸੂਰ ਦੀ ਬੇ-ਪ੍ਰਵਾਹੀ ਹੱਦ ਦਰਜੇ ਤੀਕ ਖ਼ਤਰਨਾਕ ਸੀ। ਉਨ੍ਹਾਂ ਮਨਸੂਰ ਨੂੰ ਸਮਝਾਇਆ ਕਿ ਤੂੰ ਚੌਂਕ ਵਿਚ ਖੜ੍ਹ ਕੇ ਜੋ ਅਨ-ਅਲ-ਹੱਕ ਦਾ ਨਾਹਰਾ ਦਿੱਤਾ ਹੈ, ਉਸ ਨਾਲ ਤੂੰ ਸਾਰਾ ਭੇਤ ਫ਼ਾਸ਼ ਕਰ ਦਿੱਤਾ ਹੈ ਜੋ ਨਹੀਂ ਸੀ ਕੀਤਾ ਜਾਣਾ ਚਾਹੀਦਾ। ਤੇਰਾ ਅਤੇ ਅੱਲ੍ਹਾ ਦਾ ਇਕ-ਮਿਕ ਹੋ ਜਾਣਾ ਇਕ ਅਜਿਹਾ ਇਸ਼ਕ ਹੈ ਜਿਸਦਾ ਮੁਸ਼ਕ ਤੱਕ ਵੀ ਬਾਹਰ ਨਹੀਂ ਸੀ ਨਿਕਲਣਾ ਚਾਹੀਦਾ। ਹਜ਼ਰਤ ਜੁਨੈਦ ਨੇ ਆਪਣੇ ਮੁਰੀਦ ਮਨਸੂਰ ਨੂੰ ਸਮਝਾਇਆ ਕਿ ਅਜਿਹੇ ਸੱਚ ਨੂੰ ਸਮਝ ਸਕਣਾ ਹਰ ਇਨਸਾਨ ਦੇ ਵੱਸ ਵਿਚ ਨਹੀਂ ਹੁੰਦਾ ਅਤੇ ਜਿਸ ਸੱਚ ਨੂੰ ਲੋਕ ਸਮਝ ਨਹੀਂ ਪਾਉਂਦੇ, ਉਸ ਨੂੰ ਕੁਫ਼ਰ (ਬੇ-ਅਦਬੀ) ਕਰਾਰ ਦੇ ਦਿੰਦੇ ਹਨ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-ਕੈਲੀਬਰ ਆਰਟ ਸਟੂਡੀਓ, ਸ਼ਹੀਦ ਭਗਤ ਸਿੰਘ ਨਗਰ। ਮੋਬਾਈਲ : 98154-61875

Ad Position 22
No active advertisement
ਪਿਛਲੀ ਖ਼ਬਰ ਅਧਿਆਤਮਕ ਕ੍ਰਾਂਤੀ ਦੇ ਮੋਢੀ ਆਦਿ ਸ਼ੰਕਰਾਚਾਰੀਆ ਅਗਲੀ ਖ਼ਬਰ ਵੱਖ-ਵੱਖ ਧਰਮਾਂ ਵਿਚ ਵਾਤਾਵਰਨ ਦਾ ਜ਼ਿਕਰ
Ad Position 24