ਭਾਰਤ ਦੇ ਅਧਿਆਤਮਕ ਤੇ ਦਾਰਸ਼ਨਿਕ ਇਤਿਹਾਸ ਵਿਚ ਆਦਿ ਸ਼ੰਕਰਾਚਾਰੀਆ ਦਾ ਨਾਂਅ ਬਹੁਤ ਆਦਰ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਕੇਵਲ 32 ਸਾਲਾਂ ਦੇ ਸੰਖੇਪ ਜੀਵਨ ਵਿਚ ਉਨ੍ਹਾਂ ਨੇ ਜੋ ਮਹਾਨ ਕਾਰਜ ਕੀਤੇ, ਉਹ ਸਨਾਤਨ ਧਰਮ ਨੂੰ ਨਵੀਂ ਦਿਸ਼ਾ ਤੇ ਮਜ਼ਬੂਤ ਨੀਂਹ ਦੇਣ ਵਾਲੇ ਸਾਬਤ ਹੋਏ। ਉਹ ਸਿਰਫ਼ ਇਕ ਵਿਦਵਾਨ ਦਾਰਸ਼ਨਿਕ ਹੀ ਨਹੀਂ, ਸਗੋਂ ਇਕ ਅਧਿਆਤਮਕ ਜਾਗਰੂਕਤਾ ਦੇ ਮੋਢੀ ਵੀ ਸਨ, ਜਿਨ੍ਹਾਂ ਨੇ ਵਖਰੇਵੇਂ ਵਾਲੇ ਪਾਸੇ ਜਾ ਰਹੇ ਸਮਾਜ ਨੂੰ ਵੇਦਾਂਤ ਦੇ ਸੂਤਰ ਵਿਚ ਜੋੜਿਆ। 788 ਈ. ਵਿਚ ਕੇਰਲ ਦੇ ਕਲਾਡੀ ਪਿੰਡ ਵਿਚ ਜਨਮੇ ਸ਼ੰਕਰਾਚਾਰੀਆ ਬਚਪਨ ਤੋਂ ਹੀ ਅਸਧਾਰਨ ਬੁੱਧੀ ਤੇ ਤਿਆਗ ਦੀ ਭਾਵਨਾ ਵਾਲੇ ਸਨ। ਅੱਠ ਸਾਲ ਦੀ ਉਮਰ ਵਿਚ ਸੰਨਿਆਸ ਧਾਰਨ ਕਰਕੇ ਉਨ੍ਹਾਂ ਨੇ ਭਾਰਤ ਭਰ ਦੀ ਯਾਤਰਾ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਮੱਤਾਂ ਤੇ ਸੰਪਰਦਾਵਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਅਦਵੈਤ ਵੇਦਾਂਤ ਦੇ ਸਿਧਾਂਤ ਦਾ ਮਜ਼ਬੂਤੀ ਨਾਲ ਪ੍ਰਚਾਰ ਤੇ ਪਸਾਰ ਕੀਤਾ। ਉਸ ਸਮੇਂ ਸਮਾਜ ਵਿਚ ਕਰਮਕਾਂਡ, ਅੰਧਵਿਸ਼ਵਾਸ ਤੇ ਧਾਰਮਿਕ ਗ੍ਰੰਥਾਂ ਦੀ ਗਲਤ ਵਿਆਖਿਆ ਦਾ ਦੌਰ ਚੱਲ ਰਿਹਾ ਸੀ। ਲੋਕ ਆਤਮਿਕ ਸਚਾਈ ਤੋਂ ਦੂਰ ਹੋ ਰਹੇ ਸਨ। ਅਜਿਹੇ ਸਮੇਂ ਵਿਚ ਸ਼ੰਕਰਾਚਾਰੀਆ ਨੇ ਗਿਆਨ ਦੀ ਜੋਤ ਜਗਾਈ ਤੇ ਦਰਸਾਇਆ ਕਿ ਸੱਚਾ ਧਰਮ ਬਾਹਰੀ ਰਸਮਾਂ ਵਿਚ ਨਹੀਂ, ਸਗੋਂ ਅੰਦਰੂਨੀ ਚੇਤਨਾ ਤੇ ਆਤਮ-ਬੋਧ ਵਿਚ ਵਸਦਾ ਹੈ। ਪੁਰਾਤਨ ਸਮੇਂ ਦੀਆਂ ਚੱਲ ਰਹੀਆਂ ਕਹਾਣੀਆਂ ਮੁਤਾਬਕ ਕਾਸ਼ੀ ਦੀ ਪ੍ਰਸਿੱਧ ਘਟਨਾ ਉਨ੍ਹਾਂ ਦੇ ਜੀਵਨ ਦਾ ਇਕ ਮਹੱਤਵਪੂਰਨ ਮੋੜ ਹੈ, ਜਦੋਂ ਇਕ ਚੰਡਾਲ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਸਰੀਰ ਨੂੰ ਹਟਾਉਣ ਲਈ ਕਹਿ ਰਹੇ ਹੋ ਜਾਂ ਆਤਮਾ ਨੂੰ? ਇਸ ਗਹਿਰੇ ਸਵਾਲ ਨੇ ਉਨ੍ਹਾਂ ਨੂੰ ਅੰਦਰੋਂ ਝੰਜੋੜ ਦਿੱਤਾ। ਉਨ੍ਹਾਂ ਨੇ ਉਸ ਨੂੰ ਗੁਰੂ ਮੰਨਦੇ ਹੋਏ 'ਮਨੀਸ਼ਾ ਪੰਚਕ' ਦੀ ਰਚਨਾ ਕੀਤੀ, ਜੋ ਅਦਵੈਤ ਦੇ ਸਾਰ ਨੂੰ ਦਰਸਾਉਂਦੀ ਹੈ। ਇਹ ਘਟਨਾ ਇਹ ਸਿਖਾਉਂਦੀ ਹੈ ਕਿ ਸੱਚਾ ਗਿਆਨ ਜਾਤ-ਪਾਤ ਤੇ ਭੇਦਭਾਵ ਤੋਂ ਉੱਪਰ ਹੁੰਦਾ ਹੈ। ਅਦਵੈਤ ਵੇਦਾਂਤ ਦੇ ਮੂਲ ਸਿਧਾਂਤ ਅਨੁਸਾਰ ਬ੍ਰਹਮ ਹੀ ਸੱਚ ਹੈ, ਜਗਤ ਮਿਥਿਆ ਹੈ ਤੇ ਜੀਵ ਆਤਮਾ ਬ੍ਰਹਮ ਦਾ ਹੀ ਅੰਸ਼ ਹੈ। ਇਹ ਦਰਸ਼ਨ ਮਨੁੱਖਤਾ ਨੂੰ ਏਕਤਾ, ਸਮਾਨਤਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਆਦਿ ਸ਼ੰਕਰਾਚਾਰੀਆ ਨੇ ਇਸ ਸਿਧਾਂਤ ਨੂੰ ਸਿਰਫ਼ ਗ੍ਰੰਥਾਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਆਪਣੇ ਜੀਵਨ ਰਾਹੀਂ ਇਸ ਦੀ ਜੀਵੰਤ ਉਦਾਹਰਨ ਪੇਸ਼ ਕੀਤੀ। ਉਨ੍ਹਾਂ ਨੇ ਭਾਰਤ ਦੇ ਚਾਰੇ ਦਿਸ਼ਾਵਾਂ ਵਿਚ ਚਾਰ ਮੁੱਖ ਮੱਠ ਪੂਰਵ ਵਿਚ ਗੋਵਰਧਨ ਮੱਠ (ਪੁਰੀ), ਪੱਛਮ ਵਿਚ ਦਵਾਰਕਾ ਸ਼ਾਰਧਾ ਪੀਠਮ (ਦਵਾਰਕਾ), ਉੱਤਰ ਵਿਚ ਜੋਤਿਰ (ਜੋਸ਼ੀ) ਮੱਠ (ਬਦਰੀਨਾਥ) ਅਤੇ ਦੱਖਣ ਵਿਚ ਸ਼ਿੰਗੇਰੀ ਸ਼ਾਰਧਾ ਪੀਠ ਦਵਾਰਕਾ ਦੀ ਸਥਾਪਨਾ ਕਰਕੇ ਧਾਰਮਿਕ ਤੇ ਸੱਭਿਆਚਾਰਕ ਏਕਤਾ ਨੂੰ ਮਜ਼ਬੂਤ ਕੀਤਾ। ਇਹ ਮੱਠ ਅੱਜ ਵੀ ਵੇਦਾਂਤ ਦੇ ਪਸਾਰ ਤੇ ਅਧਿਆਤਮਕ ਪਰੰਪਰਾ ਦੇ ਮੁੱਖ ਕੇਂਦਰ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿਵੇਕਚੂੜਾਮਣੀ, ਆਤਮਬੋਧ, ਉਪਦੇਸ਼ ਸਾਹਸਰੀ, ਭਜ ਗੋਵਿੰਦਮ ਅਤੇ ਸੌਂਦਰਿਆ ਲਹਿਰੀ ਸਾਧਕਾਂ ਲਈ ਅੱਜ ਵੀ ਮਾਰਗਦਰਸ਼ਕ ਹਨ। ਉਨ੍ਹਾਂ ਨੇ ਭਗਤੀ ਤੇ ਗਿਆਨ ਦਾ ਸੁੰਦਰ ਸੁਮੇਲ ਪੇਸ਼ ਕਰਦੇ ਹੋਏ ਇਹ ਦਰਸਾਇਆ ਕਿ ਪਰਮ ਸੱਚ ਦੀ ਪ੍ਰਾਪਤੀ ਲਈ ਦੋਵਾਂ ਦਾ ਸੰਤੁਲਨ ਜ਼ਰੂਰੀ ਹੈ। ਅੱਜ ਦੇ ਯੁੱਗ ਵਿਚ ਜਦੋਂ ਮਨੁੱਖਤਾ ਭੌਤਿਕਵਾਦ, ਅਸਥਿਰਤਾ ਤੇ ਮਾਨਸਿਕ ਤਣਾਅ ਨਾਲ ਜੂਝ ਰਹੀ ਹੈ ਤਾਂ ਆਦਿ ਸ਼ੰਕਰਾਚਾਰੀਆ ਜੀ ਦਾ ਸੰਦੇਸ਼ ਹੋਰ ਵੀ ਪ੍ਰਸੰਗਿਕ ਬਣ ਜਾਂਦਾ ਹੈ। ਉਹ ਸਾਨੂੰ ਸਿਖਾਉਂਦੇ ਹਨ ਕਿ ਮਨੁੱਖ ਦੀ ਅਸਲੀ ਪਛਾਣ ਨਾ ਤਾਂ ਉਸ ਦਾ ਸਰੀਰ ਹੈ ਤੇ ਨਾ ਹੀ ਜਾਤ ਜਾਂ ਧਰਮ, ਸਗੋਂ ਉਹ ਬ੍ਰਹਮ ਦਾ ਇਕ ਅੰਸ਼ ਹੈ- ਸ਼ੁੱਧ, ਚੇਤਨ ਤੇ ਅਵਿਨਾਸ਼ੀ। ਉਨ੍ਹਾਂ ਦਾ ਜੀਵਨ ਇਹ ਪ੍ਰੇਰਨਾ ਦਿੰਦਾ ਹੈ ਕਿ ਗਿਆਨ, ਤਪੱਸਿਆ, ਭਗਤੀ ਤੇ ਸਮਰਪਣ ਰਾਹੀਂ ਨਾ ਸਿਰਫ਼ ਆਪਣੀ ਆਤਮਿਕ ਉੱਚਾਈ ਹਾਸਲ ਕੀਤੀ ਜਾ ਸਕਦੀ ਹੈ, ਸਗੋਂ ਪੂਰੇ ਸਮਾਜ ਨੂੰ ਇਕ ਨਵੀਂ ਦਿਸ਼ਾ ਵੀ ਦਿੱਤੀ ਜਾ ਸਕਦੀ ਹੈ। -ਮੋਬਾਈਲ : 90412-95900
ਅਧਿਆਤਮਕ ਕ੍ਰਾਂਤੀ ਦੇ ਮੋਢੀ ਆਦਿ ਸ਼ੰਕਰਾਚਾਰੀਆ
ਅਜੀਤ ਡੈਸਕ
20-04-2026