ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੀ ਸੰਪੂਰਨ ਘਾੜਤ ਘੜਦਿਆਂ ਜਿੱਥੇ ਉਸ ਨੂੰ ਸੰਤ-ਸਿਪਾਹੀ ਸਿਰਜਿਆ ਤੇ ਖ਼ਾਲਸਾਈ ਰਹਿਤ ਬਖਸ਼ੀ, ਉੱਥੇ ਤਨ ਤੇ ਮਨ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਵਾਲੀਆਂ ਅਲਾਮਤਾਂ ਤੋਂ ਵੀ ਸੁਚੇਤ ਕੀਤਾ। ਜ਼ਿਆਦਾਤਰ ਸਰੀਰਕ ਰੋਗ ਸਾਡੇ ਖਾਣ-ਪੀਣ, ਪਹਿਨਣ, ਆਲਸ ਤੇ ਵਿਕਾਰੀ ਸੋਚਾਂ ਦੀ ਦੇਣ ਹਨ। ਇਸੇ ਤਰ੍ਹਾਂ ਅਨੇਕਾਂ ਮਾਨਸਿਕ ਰੋਗ ਡਰੂ ਬਿਰਤੀ ਤੇ ਨਕਾਰਾਤਮਕ ਖ਼ਿਆਲਾਂ ਦੀ ਉਪਜ ਹਨ। ਮਾਨਸਿਕ ਰੋਗੀ ਕਦੇ ਵੀ ਸਰੀਰਕ ਤੌਰ 'ਤੇ ਤੰਦਰੁਸਤੀ ਦਾ ਅਨੰਦ ਨਹੀਂ ਮਾਣ ਸਕਦਾ ਅਤੇ ਸਰੀਰਕ ਰੋਗੀ ਤੰਦਰੁਸਤ ਮਨ ਦੇ ਹੁੰਦਿਆਂ ਵੀ ਜ਼ਿੰਦਗੀ ਦੇ ਉਮਾਹ ਤੇ ਉਤਸ਼ਾਹ ਤੋਂ ਵਿਰਵਾ ਰਹਿੰਦਾ ਹੈ। ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਵਰਗੇ ਅਮੋਲਕ ਬਚਨ ਦਾਨਸ਼ਵਰਾਂ ਦਾ ਜੀਵਨ ਦੀ ਕਸਵੱਟੀ 'ਤੇ ਪਰਖਿਆ ਤੱਤ ਗਿਆਨ ਹੈ। ਜੇਕਰ ਦਸਮੇਸ਼ ਪਿਤਾ ਵਲੋਂ ਤਨ-ਮਨ ਦੀ ਅਰੋਗਤਾ ਸੰਬੰਧੀ ਬਖ਼ਸ਼ਿਸ਼ ਕੀਤੇ ਅਮੋਲਕ ਬਚਨਾਂ ਬਾਰੇ ਵਿਚਾਰ ਕਰੀਏ ਤਾਂ ਗੁਰੂ ਜੀ ਇਕ ਚੰਗੇਰੀ ਜੀਵਨ ਜਾਚ ਦੀ ਸਿੱਖਿਆ ਜਾਂ ਸਬਕ ਇਉਂ ਦ੍ਰਿੜਾਉਂਦੇ ਹਨ:-
ਅਲਪ ਅਹਾਰ ਸੁਲਪ ਸੀ ਨਿੰਦ੍ਰਾ
ਦਯਾ ਛਿਮਾ ਤਨ ਪ੍ਰੀਤਿ॥
ਸੀਲ ਸੰਤੋਖ ਸਦਾ ਨਿਰਬਾਹਿਬੋ
ਹ੍ਵੈਬੋ ਤ੍ਰਿਗੁਣ ਅਤੀਤਿ॥
ਕਾਮ ਕ੍ਰੋਧ ਹੰਕਾਰ ਲੋਭ ਹਠ
ਮੋਹ ਨ ਮਨ ਸੋ ਲਯਾਵੈ॥
ਤਬ ਹੀ ਆਤਮ ਤਤ ਕੋ ਦਰਸੇ
ਪਰਮ ਪੁਰਖ ਕਹ ਪਾਵੈ॥
(ਰਾਮਕਲੀ, ਪਾਤਸ਼ਾਹੀ-10, ਦਸਮ ਗ੍ਰੰਥ)
ਭਾਵ ਥੋੜ੍ਹਾ ਖਾਣਾ, ਲੋੜ ਅਨੁਸਾਰ ਸੌਣਾ, ਦਇਆ ਤੇ ਖਿਮਾ ਵਾਲੇ ਸੁਭਾਅ ਨਾਲ ਰਹਿਣਾ ਅਤੇ ਆਪਣੇ ਸਰੀਰ ਨਾਲ ਪ੍ਰੀਤ ਧਾਰਨ ਕਰਨੀ ਹੈ। ਇਸੇ ਤਰ੍ਹਾਂ ਸੀਲ ਸੰਤੋਖ, ਸ੍ਰਿਸ਼ਟਾਚਾਰ ਤੇ ਸੰਤੋਖੀ ਜੀਵਨ ਵਿਚ ਨਿਰਬਾਹ ਕਰਦਿਆਂ ਰਜੋ-ਤਮੋ-ਸਤੋ ਤ੍ਰਿਗੁਣ ਤੋਂ ਅਤੀਤ ਹੋ ਕੇ ਰਹਿਣਾ ਹੈ। ਸਰੀਰ ਨੂੰ ਵਿਨਾਸ਼ ਕਰ ਦੇਣ ਵਾਲੇ ਔਗੁਣ ਕਾਮ, ਕ੍ਰੋਧ, ਹੰਕਾਰ, ਲੋਭ, ਨਿੰਦਤ ਹੱਠ ਤੇ ਬੇਲੋੜੇ ਮੋਹ ਨੂੰ ਮਨ ਵਿਚ ਨਹੀਂ ਲਿਆਉਣਾ, ਤਾਂ ਕਿ ਜ਼ਿੰਦਗੀ ਇਨ੍ਹਾਂ ਦੀ ਗੁਲਾਮ ਹੋ ਕੇ ਨਾ ਰਹਿ ਜਾਵੇ। ਇਸ ਤਰ੍ਹਾਂ ਆਤਮ ਤੱਤ ਭਾਵ ਸਵੈ-ਚਿੰਤਨ ਤੇ ਸਵੈ-ਚੇਤਨਾ ਨਾਲ ਆਪਣੇ-ਆਪ ਦੀ ਅਸਲੀਅਤ ਵੇਖ ਕੇ ਪਰਮ ਪੁਰਖ ਨੂੰ ਪਾਇਆ ਜਾ ਸਕਦਾ ਹੈ। ਕਈ ਵਾਰ ਬਹੁਤਾ ਖਾਣ ਤੇ ਬਹੁਤਾ ਸੌਣ ਵਾਲਾ, ਬੇਰਹਿਮ ਤੇ ਕ੍ਰੋਧੀ ਸੁਭਾਅ ਵਾਲਾ ਮਨੁੱਖ ਜਦ ਸੀਲ ਸੰਤੋਖ ਨੂੰ ਤਿਆਗ ਦਿੰਦਾ ਹੈ ਤਾਂ ਕਾਮੀ, ਕ੍ਰੋਧੀ, ਹੰਕਾਰੀ, ਲੋਭੀ, ਨਿੰਦਤ ਹੱਠੀ ਤੇ ਲਾਲਚ ਫਾਥਾ ਆਪਣੇ ਲਈ ਤਾਂ ਘਾਤੀ ਹੁੰਦਾ ਹੀ ਹੈ, ਸਗੋਂ ਸਮੂਹ ਮਾਨਵਤਾ ਲਈ ਵੀ ਅਤਿ ਘਾਤਕ ਹੁੰਦਾ ਹੈ। ਇਸੇ ਤਰ੍ਹਾਂ ਅਗਲੇ ਪ੍ਰਕਰਣ ਵਿਚ ਲੰਬੀ ਉਮਰ ਤੇ ਕੰਚਨ ਭਾਵ ਸੋਨੇ ਵਰਗੀ ਦੇਹੀ ਕਿਵੇਂ ਰਹਿ ਸਕਦੀ ਹੈ, ਇਸ ਦਾ ਰਾਜ਼ ਇਉਂ ਵਰਣਨ ਕੀਤਾ ਗਿਆ ਹੈ:-
ਆਤਮ ਉਪਦੇਸ਼ ਭੇਸੁ ਸੰਜਮ ਕੋ
ਜਾਪੁ ਸੁ ਅਜਪਾ ਜਾਪੇ॥
ਸਦਾ ਰਹੈ ਕੰਚਨ ਸੀ ਕਾਯਾ
ਕਾਲ ਨ ਕਬਹੂੰ ਬਯਾਪੇ॥
(ਰਾਮਕਲੀ, ਪਾਤਸ਼ਾਹੀ-10, ਦਸਮ ਗ੍ਰੰਥ)
ਭਾਵ ਆਪਣੀ ਆਤਮਾ ਨੂੰ ਆਪ ਉਪਦੇਸ਼ ਕਰਨਾ ਤੇ ਸੰਜਮ ਦਾ ਭੇਸ ਧਾਰਨਾ ਹੈ। ਮਨੁੱਖੀ ਜੀਵਨ ਕੇਵਲ ਬਾਹਰੀ ਲੋਕ ਵਿਖਾਵਾ ਨਾ ਹੋਵੇ, ਸਗੋਂ ਉਪਰੋਕਤ ਵਰਨਣ ਸਮੂਹ ਗੁਣਾ ਦੇ ਧਾਰਨੀ ਹੋ ਕੇ ਪ੍ਰਭੂ ਦੀ ਰਜ਼ਾ ਵਿਚ ਅਜਪਾ ਜਾਪ ਸਿਮਰਨ ਕਰਨਾ ਹੈ। ਅਜਿਹੀ ਜੀਵਨ ਜੁਗਤ ਨਾਲ ਸੋਨੇ ਵਰਗੀ ਦੇਹੀ ਰਹੇਗੀ ਤੇ ਜੀਵਨ ਮੁਕਤੀ ਪ੍ਰਾਪਤ ਹੋਵੇਗੀ।
ਤੱਤਸਾਰ ਕਿ ਅਜੋਕੇ ਸਮੇਂ ਵਿਚ ਸਾਡੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਮੱਸਿਆਵਾਂ ਦਾ ਹੱਲ ਤਦ ਹੋਵੇਗਾ, ਜੇਕਰ ਸਭ ਆਪਣੀ ਆਤਮਾ ਨੂੰ ਆਪ ਉਪਦੇਸ਼ ਦੇਣਗੇ ਅਤੇ ਦੂਜਿਆਂ ਪ੍ਰਤੀ ਭੰਡੀ ਪ੍ਰਚਾਰ ਤਿਆਗਣਗੇ। ਹਰੇਕ ਨੂੰ ਹਰ ਪੱਖੋਂ ਸੰਜਮ ਦੇ ਧਾਰਨੀ ਹੋਣਾ ਜ਼ਰੂਰੀ ਹੈ। ਫਿਰ ਪ੍ਰਭੂ ਦੀ ਬੰਦਗੀ ਵਾਲਾ ਜਿਨ ਪ੍ਰੇਮੁ ਕੀਓ ਤਿਨ ਹੀ ਪ੍ਰਭ ਪਾਇਓ॥ ਦੇ ਅਸੂਲਾਂ 'ਤੇ ਚੱਲ ਸਕੇਗਾ ਅਤੇ ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ॥ ਦੇ ਉਪਦੇਸ਼ 'ਤੇ ਅਮਲ ਕਰਦਾ ਹੋਇਆ ਵੈਰ ਵਿਰੋਧ, ਈਰਖਾ ਤੇ ਨਫ਼ਰਤ ਦਾ ਵੀ ਤਿਆਗ ਕਰੇਗਾ। ਇਸ ਤਰ੍ਹਾਂ ਮਨੁੱਖ ਅਰੋਗ ਰਹੇਗਾ। ਇਹ ਸਮੂਹ ਮਾਨਵਤਾ ਲਈ ਸਫ਼ਲ ਜੀਵਨ ਦਾ ਸਬਕ ਹੈ।
-ਮੋਬਾਈਲ : 98159-85559