ਪਿੰਡ ਆਂਡਲੂ ਦੀ ਧਰਤੀ ਅੱਜ ਇਕ ਐਸੇ ਭਾਵੁਕ, ਇਤਿਹਾਸਕ ਤੇ ਯਾਦਗਾਰ ਪਲ ਦੀ ਗਵਾਹ ਬਣ ਕੇ ਸਾਹਮਣੇ ਆਈ ਹੈ, ਜਿਸ ਨੇ ਹਾਜ਼ਰ ਹਰ ਇਨਸਾਨ ਦੇ ਦਿਲ ਨੂੰ ਛੂਹ ਲਿਆ। ਪਿੰਡ ਵਿਚ ਸਥਿਤ 80 ਸਾਲਾਂ ਤੋਂ ਵੀ ਵਧੇਰੇ ਪੁਰਾਣਾ ਵਿਰਾਸਤੀ ਖੂਹ, ਜੋ 1947 ਦੀ ਵੰਡ ਦੇ ਦਰਦਨਾਕ ਦੌਰ ਦੀਆਂ ਖ਼ਾਮੋਸ਼ ਕਹਾਣੀਆਂ ਆਪਣੇ ਅੰਦਰ ਸਮੇਟੀ ਖੜ੍ਹਾ ਹੈ। ਇਸ ਖੂਹ ਦੀ 80 ਸਾਲਾਂ ਬਾਅਦ ਸੁਣੀ ਗਈ ਹੈ, ਜਿਸ ਨੂੰ ਵਿਰਾਸਤ ਵਜੋਂ ਸੰਭਾਲਣ ਤੇ ਵਿਕਸਤ ਕਰਨ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ। ਅਮਰੀਕਾ ਰਹਿੰਦੇ ਐਨ.ਆਰ.ਆਈ. ਮਨਜੀਤ ਸਿੰਘ ਧਾਲੀਵਾਲ ਨੇ ਪਹਿਲਕਦਮੀ ਕਰਦਿਆਂ ਇਸ ਖੂਹ ਦੇ ਇਤਿਹਾਸਕ ਪਿਛੋਕੜ ਬਾਰੇ ਖੋਜ ਕੀਤੀ। ਜਾਣਕਾਰੀ ਅਨੁਸਾਰ ਇਹ ਖੂਹ ਵੰਡ ਤੋਂ ਪਹਿਲਾਂ ਇਕ ਮੁਸਲਿਮ ਪਰਿਵਾਰ ਵਲੋਂ ਆਪਣੇ ਖੇਤਾਂ ਦੀ ਸਿੰਜਾਈ, ਪਸ਼ੂਆਂ ਦੀ ਪਿਆਸ ਬੁਝਾਉਣ ਅਤੇ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਬਣਵਾਇਆ ਗਿਆ ਸੀ। ਉਸ ਵੇਲੇ ਇਹ ਖੂਹ ਸਿਰਫ਼ ਪਾਣੀ ਦਾ ਸਰੋਤ ਨਹੀਂ ਸੀ, ਸਗੋਂ ਉਸ ਪਰਿਵਾਰ ਦੀ ਮਿਹਨਤ, ਰੋਜ਼ੀ-ਰੋਟੀ, ਖੁਸ਼ਹਾਲੀ ਤੇ ਉਮੀਦਾਂ ਦਾ ਕੇਂਦਰ ਸੀ। ਇਸ ਦੇ ਆਲੇ-ਦੁਆਲੇ ਪਰਿਵਾਰ ਦੇ ਹਾਸੇ, ਬੱਚਿਆਂ ਦੀਆਂ ਖੇਡਾਂ ਤੇ ਮਿੱਟੀ ਨਾਲ ਜੁੜੀ ਜ਼ਿੰਦਗੀ ਦੀ ਰੌਣਕ ਵਸਦੀ ਸੀ। ਸਮਾਂ ਤੇ ਹਾਲਾਤ ਬਦਲੇ ਅਤੇ 1947 ਦੀ ਵੰਡ ਨੇ ਸਦੀਆਂ ਤੋਂ ਇਕੱਠੇ ਰਹਿੰਦੇ ਲੋਕਾਂ ਨੂੰ ਧਰਮਾਂ ਦੀਆਂ ਲਕੀਰਾਂ ਵਿਚ ਵੰਡ ਦਿੱਤਾ। ਉਹੀ ਪਰਿਵਾਰ ਜਿਸ ਨੇ ਆਪਣੇ ਹੱਥਾਂ ਨਾਲ ਇਹ ਖੂਹ ਤਿਆਰ ਕੀਤਾ, ਇਕ ਦਿਨ ਆਪਣੀ ਜਨਮ ਭੂਮੀ, ਆਪਣਾ ਘਰ, ਆਪਣੇ ਖੇਤ ਤੇ ਆਪਣੀਆਂ ਯਾਦਾਂ ਪਿੱਛੇ ਛੱਡ ਕੇ ਪਾਕਿਸਤਾਨ ਜਾਣ ਲਈ ਮਜਬੂਰ ਹੋ ਗਿਆ। ਉਸ ਵੇਲੇ ਦੀ ਤੜਪ, ਵਿਛੋੜੇ ਦੇ ਹਉਕੇ ਤੇ ਬੇਬਸੀ ਦੀਆਂ ਚੀਕਾਂ ਜਿਵੇਂ ਅੱਜ ਵੀ ਇਸ ਖੂਹ ਦੀ ਹਰ ਇਕ ਇੱਟ ਵਿਚ ਦਰਜ ਹਨ। ਇਸ ਖੂਹ ਦੀਆਂ ਕੰਧਾਂ ਅੱਜ ਵੀ ਉਨ੍ਹਾਂ ਮਿਹਨਤੀ ਹੱਥਾਂ ਦੀ ਛਾਪ ਮਹਿਸੂਸ ਕਰਵਾਉਂਦੀਆਂ ਹਨ, ਜਿਨ੍ਹਾਂ ਨੇ ਇਸ ਨੂੰ ਸੁਪਨਿਆਂ ਨਾਲ ਖੜ੍ਹਾ ਕੀਤਾ ਸੀ। ਇਹ ਖੂਹ ਅੱਜ ਵੀ ਬਿਨਾਂ ਬੋਲੇ ਬਹੁਤ ਕੁਝ ਕਹਿੰਦਾ ਹੈ। ਇਹ ਸਿਰਫ਼ ਮਿੱਟੀ, ਇੱਟਾਂ ਤੇ ਪਾਣੀ ਦੀ ਬਣਤਰ ਨਹੀਂ, ਸਗੋਂ ਉਹ ਯਾਦਗਾਰ ਹੈ ਜੋ ਇਨਸਾਨੀ ਦਰਦ, ਵਿਛੋੜੇ ਤੇ ਇਤਿਹਾਸ ਦੀਆਂ ਸਚਾਈਆਂ ਨੂੰ ਸੰਭਾਲੇ ਖੜ੍ਹੀ ਹੈ। 80 ਸਾਲਾਂ ਤੋਂ ਇਸ ਅਨਮੋਲ ਨਿਸ਼ਾਨੀ ਨੂੰ ਗੁਰਦਿੱਤ ਸਿੰਘ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਵਲੋਂ ਬੜੀ ਨਿਸ਼ਠਾ ਨਾਲ ਸੰਭਾਲਿਆ ਗਿਆ। ਇਸ ਪਰਿਵਾਰ ਦੀ ਮੌਜੂਦਾ ਪੀੜ੍ਹੀ ਕਿਰਨਦੀਪ ਸਿੰਘ ਪੁੱਤਰ ਮੇਵਾ ਸਿੰਘ ਨੇ ਇਸ ਖੂਹ ਨੂੰ ਆਪਣੀ ਵਿਰਾਸਤੀ ਜ਼ਿੰਮੇਵਾਰੀ ਸਮਝਦਿਆਂ ਇਸ ਦੀ ਦੇਖਭਾਲ ਕੀਤੀ ਤੇ ਇਸ ਨੂੰ ਮਿਟਣ ਨਹੀਂ ਦਿੱਤਾ। ਹੁਣ ਇਸ ਅਹਿਮ ਨਿਸ਼ਾਨੀ ਨੂੰ ਦੀਵਾਨ ਟੋਡਰ ਮੱਲ ਫਾਊਂਡੇਸ਼ਨ ਵਲੋਂ ਵਿਰਾਸਤੀ ਦਿੱਖ ਦੇਣ ਦਾ ਉੱਦਮ ਆਰੰਭਿਆ ਗਿਆ ਹੈ। ਇਸ ਫਾਊਂਡੇਸ਼ਨ ਦੀ ਪ੍ਰਬੰਧਕੀ ਟੀਮ ਵਲੋਂ ਪਿੰਡ ਆਂਡਲੂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਮਾਹੌਲ ਬੜਾ ਹੀ ਭਾਵੁਕ ਰਿਹਾ। ਕਈਆਂ ਦੀਆਂ ਅੱਖਾਂ ਨਮ ਸਨ, ਦਿਲਾਂ 'ਚ ਮਾਣ ਸੀ ਤੇ ਇਤਿਹਾਸ ਲਈ ਡੂੰਘਾ ਸਤਿਕਾਰ ਸੀ। ਪਿੰਡ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਵਿਰਾਸਤ ਸਿਰਫ਼ ਮਹਿਲਾਂ ਜਾਂ ਇਮਾਰਤਾਂ ਦਾ ਨਾਂਅ ਨਹੀਂ ਹੁੰਦੀ, ਸਗੋਂ ਉਹ ਅਮਾਨਤ ਹੁੰਦੀ ਹੈ ਜੋ ਸਾਨੂੰ ਆਪਣੇ ਪਿਛੋਕੜ ਨਾਲ ਜੋੜਦੀ ਹੈ। ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਦਾ ਮੰਨਣਾ ਹੈ ਕਿ ਇਹ ਖੂਹ ਸਾਡੇ ਪਿੰਡ ਦੀ ਪਛਾਣ ਹੈ ਤੇ ਇਸ ਨੂੰ ਸੰਭਾਲਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਦੀਵਾਨ ਟੋਡਰ ਮੱਲ ਹੈਰੀਟੇਜ ਫਾਊਂਡੇਸ਼ਨ ਵਲੋਂ ਉਚੇਚੇ ਤੌਰ 'ਤੇ ਪੁੱਜੇ ਮਨਪ੍ਰੀਤ ਸਿੰਘ ਜਸਪਾਲ ਤੇ ਮੈਡਮ ਨਮਤਾ ਜਸਪਾਲ ਦਾ ਕਹਿਣਾ ਸੀ ਕਿ ਇਸ ਵਿਰਾਸਤ ਦੀ ਦਿੱਖ ਅਨੂਠੀ ਤੇ ਆਕਰਸ਼ਕ ਹੋਵੇਗੀ। ਦੀਵਾਨ ਟੋਡਰ ਮੱਲ ਚੈਰੀਟੇਬਲ ਟਰੱਸਟ ਤੇ ਹੈਰੀਟੇਜ ਫਾਊਂਡੇਸ਼ਨ ਦੇ ਸੰਸਥਾਪਕ ਮਨਜੀਤ ਸਿੰਘ ਧਾਲੀਵਾਲ ਦਾ ਆਖਣਾ ਹੈ ਕਿ ਵਿਰਾਸਤ ਸਿਰਫ਼ ਪੁਰਾਣੀਆਂ ਕੰਧਾਂ ਜਾਂ ਇਮਾਰਤਾਂ ਨਹੀਂ ਹੁੰਦੀਆਂ, ਸਗੋਂ ਉਹ ਦਰਦ ਭਰੀਆਂ ਕਹਾਣੀਆਂ ਹੁੰਦੀਆਂ ਹਨ ਜੋ ਪੀੜ੍ਹੀਆਂ ਨੂੰ ਆਪਸ 'ਚ ਜੋੜਦੀਆਂ ਹਨ। ਉਨ੍ਹਾਂ ਦੱਸਿਆ ਕਿ ਜੇ ਅਸੀਂ ਆਪਣੀਆਂ ਨਿਸ਼ਾਨੀਆਂ ਬਚਾ ਲਈਆਂ ਤਾਂ ਅਸੀਂ ਆਪਣਾ ਇਤਿਹਾਸ ਵੀ ਬਚਾ ਲਵਾਂਗੇ ਤੇ ਹੁਣ ਇਸ ਖੂਹ ਨੂੰ ਬਚਾਉਣ ਲਈ ਹਰ ਸੰਭਵ ਸਹਿਯੋਗ ਦੇਣਗੇ। ਪਿੰਡ ਆਂਡਲੂ ਦਾ ਇਹ ਖੂਹ ਅੱਜ ਵੀ ਚੁੱਪਚਾਪ ਖੜ੍ਹਾ ਹੈ, ਪਰ ਇਸ ਦੀ ਖਾਮੋਸ਼ੀ ਵਿਚ ਇਕ ਬੇਘਰ ਹੋਏ ਪਰਿਵਾਰ ਦੀ ਪੁਕਾਰ, ਇਕ ਟੁੱਟੇ ਦਿਲ ਦੀ ਸਿਸਕ ਤੇ ਇਕ ਵਿੱਛੜੀ ਮਿੱਟੀ ਦਾ ਦਰਦ ਅੱਜ ਵੀ ਸੁਣਾਈ ਦਿੰਦਾ ਹੈ। ਇਹ ਖੂਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਵੰਡ ਨੇ ਸਰਹੱਦਾਂ ਤਾਂ ਬਣਾ ਦਿੱਤੀਆਂ ਪਰ ਯਾਦਾਂ ਨੂੰ ਕਦੇ ਵੰਡ ਨਹੀਂ ਸਕੀ।
-ਪ੍ਰਤੀਨਿਧ 'ਅਜੀਤ' ਵੈੱਬ ਟੀ.ਵੀ., ਉਪ ਦਫ਼ਤਰ ਜਗਰਾਉਂ।
ਮੋਬਾਈਲ : +9198764-92410