'ਸਭਨਾ ਜੀਆ ਕਾ ਇਕੁ ਦਾਤਾ' ਅਨੁਸਾਰ ਪਰਮਾਤਮਾ ਸਭ ਦਾ ਦਾਤਾ ਹੈ। ਉਹ ਇਕੋ ਦਾਤਾ ਹੈ ਤੇ ਸਾਰੇ ਹੀ ਉਸ ਦੇ ਸਾਹਮਣੇ ਭਿਖਾਰੀ ਬਣ ਕੇ ਖੜ੍ਹੇ ਹਨ। ਸਭ ਦਾ ਭਿਖਾਰੀ ਹੋਣਾ ਆਪਸੀ ਸਮਾਨਤਾ ਦਾ ਇਕ ਅਜਿਹਾ ਆਧਾਰ ਹੈ, ਜਿਸ ਨੂੰ ਕੋਈ ਵੀ ਅਸਵੀਕਾਰ ਨਹੀਂ ਕਰ ਸਕਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿਹਾ ਕਿ ਮਨੁੱਖ ਆਪਣੀ ਹੋਂਦ ਲਈ ਪੂਰੀ ਤਰ੍ਹਾਂ ਪਰਮਾਤਮਾ 'ਤੇ ਨਿਰਭਰ ਹੈ:
ਕਹਿਆ ਕਰਣਾ ਦਿਤਾ ਲੈਣਾ॥
ਗਰੀਬਾ ਅਨਾਥਾ ਤੇਰਾ ਮਾਣਾ॥
ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ
ਤੇਰੀ ਕੁਦਰਤਿ ਕਉ ਬਲਿ ਜਾਈ ਜੀਉ॥
(ਮਾਝ, ਮ:5 ਅੰਗ:98)
ਮਨੁੱਖ ਨੂੰ ਅਕਸਰ ਆਪਣੇ ਕਰਮਾਂ 'ਤੇ ਅਹੰਕਾਰ ਹੋ ਜਾਂਦਾ ਹੈ। ਇਸ ਅਹੰਕਾਰ ਵਿਚ ਉਹ ਹੋਰਾਂ ਨੂੰ ਤੁੱਛ ਸਮਝਣ ਲੱਗ ਪੈਂਦਾ ਹੈ। ਉਸ ਨੂੰ ਜੋ ਉਪਲਬਧੀਆਂ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਦਾ ਸਿਹਰਾ ਵੀ ਉਹ ਆਪਣੇ ਸਿਰ ਬੰਨ੍ਹ ਲੈਂਦਾ ਹੈ ਤੇ ਆਪਣੇ-ਆਪ ਨੂੰ ਹੋਰਾਂ ਨਾਲੋਂ ਸ੍ਰੇਸ਼ਠ ਸਮਝਣ ਲੱਗ ਪੈਂਦਾ ਹੈ। ਇਸੇ ਅਹੰਕਾਰ ਤੋਂ ਆਪਸ ਦੀ ਊਚ-ਨੀਚ ਅਤੇ ਅਸਮਾਨਤਾ ਜਨਮ ਲੈਂਦੀ ਹੈ। ਸਮਾਜ ਵਿਚ ਅਸਮਾਨਤਾ ਦੀ ਭਾਵਨਾ ਸਭ ਤੋਂ ਵੱਡੀ ਤ੍ਰਾਸਦੀ ਹੈ, ਜਿਸ ਨੇ ਦੁੱਖ ਤੇ ਸੰਤਾਪ ਪੈਦਾ ਕੀਤੇ ਹਨ। ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਇਹ ਮੂਲਤ: ਅਸੱਤ ਹੈ। ਮਨੁੱਖ ਜੀਵਨ ਵਿਚ ਉਹੀ ਕਰਦਾ ਹੈ, ਜੋ ਪਰਮਾਤਮਾ ਉਸ ਤੋਂ ਕਰਾਉਂਦਾ ਹੈ। ਮਨੁੱਖ ਆਪਣੇ-ਆਪ ਵਿਚ ਦੀਨ ਹੈ। ਉਸ ਦਾ ਮਾਣ ਪਰਮਾਤਮਾ ਦੀ ਕਿਰਪਾ ਵਿਚ ਹੈ। ਮਨੁੱਖ ਹੰਕਾਰ ਵੱਸ ਖ਼ੁਦ ਨੂੰ ਤਾਂ ਬੁੱਧੀਮਾਨ ਸਮਝਦਾ ਹੈ, ਪਰ ਹੋਰਾਂ ਨੂੰ ਮੂਰਖ। ਇਸ ਤਰ੍ਹਾਂ ਉਹ ਭੇਦਭਾਵ ਭਰਿਆ ਵਿਵਹਾਰ ਕਰਦਾ ਹੈ। ਪਰ ਗੁਰੂ ਅਰਜਨ ਦੇਵ ਜੀ ਇਸ ਖੰਡਨ ਕਰਦੇ ਹੋਏ ਫਰਮਾਉਂਦੇ ਹਨ:
ਨਾ ਕੋ ਮੂਰਖੁ ਨਾ ਕੋ ਸਿਆਣਾ॥
ਵਰਤੈ ਸਭ ਕਿਛੁ ਤੇਰਾ ਭਾਣਾ॥
ਅਗਮ ਅਗੋਚਰ ਬੇਅੰਤ ਅਥਾਹਾ
ਤੇਰੀ ਕੀਮਤਿ ਕਹਣੁ ਨ ਜਾਈ ਜੀਉ॥
(ਮਾਝ, ਮ:5 ਅੰਗ:98)
ਗੁਰੂ ਸਾਹਿਬ ਅਨੁਸਾਰ ਕੋਈ ਮੂਰਖ ਨਹੀਂ ਤੇ ਕੋਈ ਬੁੱਧੀਮਾਨ ਨਹੀਂ। ਪਰਮਾਤਮਾ ਨੇ ਜਿਸ ਨੂੰ ਜਿਵੇਂ ਬਣਾਇਆ ਹੈ, ਉਹ ਉਹੋ ਜਿਹਾ ਹੀ ਹੈ। ਇਹ ਪਰਮਾਤਮਾ ਦੀ ਰਚੀ ਹੋਈ ਵਿਵਸਥਾ ਹੈ, ਜਿਸ ਨੂੰ ਉਹ ਖ਼ੁਦ ਹੀ ਜਾਣਦਾ ਹੈ। ਪਰਮਾਤਮਾ ਦੀ ਵਿਵਸਥਾ ਦਾ ਆਧਾਰ ਅਨੰਤ, ਅਗਮ ਤੇ ਦ੍ਰਿਸ਼ਟੀ ਤੋਂ ਪਰ੍ਹੇ ਹੈ। ਕੌਣ ਮੂਰਖ ਤੇ ਕੌਣ ਬੁੱਧੀਮਾਨ ਹੈ, ਇਹ ਪਰਮਾਤਮਾ ਹੀ ਜਾਣ ਸਕਦਾ ਹੈ। ਇਸ ਦਾ ਸਪੱਸ਼ਟ ਅਰਥ ਇਹ ਹੈ ਕਿ ਮਨੁੱਖ ਕਿਸੇ ਦਾ ਤ੍ਰਿਸਕਾਰ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਨਾਲ ਭੇਦਭਾਵ ਕਰ ਸਕਦਾ ਹੈ। ਅਜਿਹਾ ਕਰਨਾ ਪਰਮਾਤਮਾ ਦੀ ਰਚਨਾ ਤੇ ਵਿਧਾਨ ਦੇ ਵਿਰੁੱਧ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਇਸੇ ਤੱਤ ਨੂੰ ਦ੍ਰਿੜ੍ਹ ਕੀਤਾ:
ਨਾ ਜਾਣਾ ਮੂਰਖੁ ਹੈ ਕੋਈ ਨ ਜਾਣਾ ਸਿਆਣਾ॥
ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ॥
ਬਾਬਾ ਮੂਰਖੁ ਹਾ ਨਾਵੈ ਬਲਿ ਜਾਉ॥
ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ॥
(ਮਾਰੂ, ਮ:1, ਅੰਗ:1015)
ਗੁਰੂ ਸਾਹਿਬ ਨੇ ਸੇਧ ਦਿੱਤੀ ਕਿ ਮਨੁੱਖ ਕਿਸੇ ਨੂੰ ਅਜਾਣ ਜਾਂ ਗਿਆਨੀ ਸਮਝ ਕੇ ਆਪਣੇ ਮਨ ਵਿਚ ਊਚ-ਨੀਚ ਦੀ ਭਾਵਨਾ ਨਾ ਪੈਦਾ ਕਰੇ। ਕਿਸੇ ਮਨੁੱਖ ਦੇ ਸੁਭਾਅ ਜਾਂ ਸਮਰੱਥਾ ਨੂੰ ਪਰਖਣ ਵਿਚ ਸਮਾਂ ਗੁਆਉਣ ਦੀ ਥਾਂ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਤੇ ਆਪਣੇ ਮਨ ਨੂੰ ਉਸ ਦੇ ਨਾਮ 'ਚ ਇਕਾਗਰ ਕਰਨਾ ਚਾਹੀਦਾ ਹੈ। ਖ਼ੁਦ ਨੂੰ ਅਜਾਣ ਸਮਝ ਕੇ ਜਦੋਂ ਮਨੁੱਖ ਪਰਮਾਤਮਾ ਦੀ ਮਹਿਮਾ ਦੇ ਦਰਸ਼ਨ ਕਰਦਾ ਹੈ ਤਾਂ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਕ ਪਰਮਾਤਮਾ ਹੀ ਗਿਆਨ ਦਾ ਸਾਗਰ ਹੈ ਤੇ ਉਹੀ ਸ੍ਰਿਸ਼ਟੀ ਦਾ ਸੰਚਾਲਨ ਕਰ ਰਿਹਾ ਹੈ। ਜੇ ਹਰ ਮਨੁੱਖ ਇਸ ਸੱਚ ਨੂੰ ਹਿਰਦੇ ਵਿਚ ਧਾਰਨ ਕਰ ਲਵੇ ਤਾਂ ਸਮਾਜ ਵਿਚ ਸਦਭਾਵਨਾ ਬਣੀ ਰਹੇਗੀ ਤੇ ਆਪਸੀ ਪ੍ਰੇਮ ਦੀ ਅਵਸਥਾ ਬਣੇਗੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ- ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ॥ ਭਾਵ ਸਭ ਇਕ ਜੋਤ ਤੋਂ ਹੀ ਪੈਦਾ ਹੋਏ ਹਨ। ਉਨ੍ਹਾਂ ਦੇ ਰੂਪ ਤੇ ਰੰਗ ਵੱਖ ਹੋ ਸਕਦੇ ਹਨ, ਪਰ ਹਕੀਕਤ ਵਿਚ ਕੋਈ ਅੰਤਰ ਨਹੀਂ। ਉਹ ਇਕ ਹੀ ਪਿਤਾ ਦੀ ਸੰਤਾਨ ਹਨ। ਭਗਤ ਕਬੀਰ ਜੀ ਨੇ ਇਸ ਤੱਥ ਨੂੰ ਹੋਰ ਸਪੱਸ਼ਟ ਕਰਦਿਆਂ ਪਰਮਾਤਮਾ ਨੂੰ ਕੁੰਭਾਰ ਤੇ ਜੀਵਾਂ ਨੂੰ ਮਿੱਟੀ ਦੇ ਭਾਂਡਿਆਂ ਦੀ ਉਪਮਾ ਦਿੱਤੀ:-
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥
(ਪ੍ਰਭਾਤੀ, ਭਗਤ ਕਬੀਰ ਜੀ, ਅੰਗ:1349)
ਪਰਮਾਤਮਾ ਨੇ ਕੁੰਭਾਰ ਦੀ ਤਰ੍ਹਾਂ ਜੀਵ ਰਚੇ ਹਨ। ਸਭ ਨੂੰ ਸਮਾਨ ਅੰਗ ਦਿੱਤੇ ਤੇ ਸਭ ਦੇ ਤਨ ਇਕੋ ਸਮਾਨ ਪ੍ਰਕਿਰਿਆ ਨਾਲ ਗਤਿਸ਼ੀਲ ਹਨ।
ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ॥
ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ॥
(ਰਾਮਕਲੀ ਦਖਣੀ, ਮ:1 ਅੰਗ:929)
ਗੁਰੂ ਨਾਨਕ ਸਾਹਿਬ ਨੇ ਸੁਚੇਤ ਕੀਤਾ ਕਿ ਜਦੋਂ ਮਨੁੱਖ ਦਾ ਮਨ ਤ੍ਰਿਸ਼ਨਾ ਤੇ ਲਾਲਸਾ 'ਚ ਲਿਪਤ ਹੋ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਆਪਣੇ ਸਵਾਰਥਾਂ ਦੀ ਪੂਰਤੀ 'ਚ ਲੱਗ ਜਾਂਦਾ ਹੈ ਤਾਂ ਇਸ ਦਾ ਨਤੀਜਾ ਦੁੱਖ ਤੇ ਸੰਤਾਪ ਦੇ ਰੂਪ ਵਿਚ ਹੀ ਨਿਕਲਦਾ ਹੈ। ਉਸ ਸਮੇਂ ਨਾ ਧਨ ਕੰਮ ਆਉਂਦਾ ਹੈ, ਨਾ ਸੰਪਤੀ, ਨਾ ਸੱਤਾ ਤੇ ਨਾ ਹੀ ਬਲ ਸਾਥ ਰਹਿੰਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਇਹ ਸਭ ਕੁਝ ਮਦਾਰੀ ਦੇ ਤਮਾਸ਼ੇ ਵਾਂਗ ਹੈ। ਮਾਇਆ ਮਦਾਰੀ ਦੀ ਤਰ੍ਹਾਂ ਮਨੁੱਖ ਨੂੰ ਨਚਾਉਂਦੀ ਹੈ, ਪਰ ਖੇਡ ਖਤਮ ਹੋਣ ਨਾਲ ਹੀ ਸਭ ਕੁਝ ਛਿੰਨ-ਭਿੰਨ ਹੋ ਜਾਂਦਾ ਹੈ। ਸੱਚ ਇਹ ਹੈ ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ॥ ਮਾਇਆ ਕਦੇ ਕਿਸੇ ਦੀ ਸੰਗੀ ਨਹੀਂ ਬਣੀ। ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਪਰਮਾਤਮਾ ਨਾਲ ਜੋੜਿਆ, ਪਰ ਨਾਲ ਹੀ ਜੀਵਨ ਦੀ ਸਦ ਵਰਤੋਂ ਦੀ ਪ੍ਰੇਰਨਾ ਵੀ ਦਿੱਤੀ।
ਇਕ ਵਾਰ ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਜੀ ਨਾਲ ਮਿਲਣ ਦੀ ਇੱਛਾ ਜਤਾਈ। ਗੁਰੂ ਅਮਰਦਾਸ ਜੀ ਨੇ ਆਪ ਨਾ ਜਾ ਕੇ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਲਾਹੌਰ ਭੇਜਿਆ। ਅਕਬਰ ਨੇ ਧਰਮ ਤੇ ਸਿੱਖ ਪੰਥ ਬਾਰੇ ਕਈ ਸਵਾਲ ਕੀਤੇ, ਜਿਨ੍ਹਾਂ ਦੇ ਜਵਾਬ ਭਾਈ ਜੇਠਾ ਜੀ ਨੇ ਬਹੁਤ ਵਿਦਵਤਾ ਤੇ ਸਪੱਸ਼ਟਤਾ ਨਾਲ ਦਿੱਤੇ। ਅਕਬਰ ਪ੍ਰਭਾਵਿਤ ਹੋਇਆ ਤੇ ਕੁਝ ਮੰਗਣ ਲਈ ਕਿਹਾ। ਭਾਈ ਜੇਠਾ ਜੀ ਨੇ ਆਪਣੇ ਲਈ ਕੁਝ ਨਾ ਮੰਗ ਕੇ ਹਿੰਦੂਆਂ 'ਤੇ ਲਾਏ ਵਿਸ਼ੇਸ਼ ਕਰ ਨੂੰ ਮਾਫ਼ ਕਰਨ ਦੀ ਬੇਨਤੀ ਕੀਤੀ। ਅਕਬਰ ਨੇ ਤੁਰੰਤ ਇਹ ਮੰਗ ਸਵੀਕਾਰ ਕਰ ਲਈ ਤੇ ਕਰ ਮੁਆਫ਼ੀ ਦਾ ਹੁਕਮ ਜਾਰੀ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਗੁਰੂ ਘਰ ਦੀ ਮਹਾਨਤਾ ਵੀ ਕਾਇਮ ਰੱਖੀ, ਅਨਿਆਂ ਸਹਿ ਰਹੇ ਹਿੰਦੂਆਂ ਦੀ ਵੀ ਬਿਨ ਮੰਗੇ ਮਦਦ ਕਰ ਦਿੱਤੀ। ਇਹੋ ਘਾਲਿ ਖਾਇ ਕਿਛੁ ਹਥਹੁ ਦੇਇ॥ ਦੀ ਗੁਰਮਤਿ ਪ੍ਰੇਰਿਤ ਜੀਵਨ-ਪ੍ਰਣਾਲੀ ਹੈ। ਇਹ ਮਨੁੱਖੀ ਸਮਾਨਤਾ ਨੂੰ ਸਨਮਾਨ ਨਾਲ ਵੀ ਜੋੜਦੀ ਹੈ। ਹਰ ਮਨੁੱਖ ਬਰਾਬਰੀ ਦੇ ਸਨਮਾਨ ਦਾ ਵੀ ਹੱਕਦਾਰ ਹੈ।
ਸੰਸਾਰ ਵਿਚ ਪਹਿਲਾਂ ਪਰੰਪਰਾ ਸੀ ਕਿ ਗੁਰੂ ਗਿਆਨ ਦਾ ਮਾਲਕ ਰਹਿੰਦਾ ਸੀ ਤੇ ਆਪਣੇ ਅਨੁਆਈਆਂ ਨੂੰ ਸੀਮਤ ਗਿਆਨ ਦਿੰਦਾ ਸੀ ਤਾਂ ਜੋ ਗੁਰੂ ਦਾ ਮਹੱਤਵ ਬਣਿਆ ਰਹੇ। ਗੁਰੂ ਸਾਹਿਬਾਨ ਨੇ ਆਪਣੇ ਸਿੱਖ ਨੂੰ ਆਪਣੇ ਵਰਗਾ ਬਣਾਇਆ ਤੇ ਆਪਣਾ ਸਮੂਹ ਗਿਆਨ ਗੁਰਬਾਣੀ ਰਾਹੀਂ ਉਨ੍ਹਾਂ ਨੂੰ ਸੌਂਪ ਦਿੱਤਾ। ਇਸ ਨਾਲ ਗੁਰੂ ਤੇ ਸਿੱਖ ਇਕ ਸਮਾਨ ਤਲ 'ਤੇ ਆ ਗਏ। ਗੁਰਸਿੱਖ ਭਗਤੀ ਆਪਣੇ ਤੱਕ ਹੀ ਸੀਮਤ ਨਹੀਂ ਰੱਖਦਾ, ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਇਕ ਸ੍ਰੇਸ਼ਟ ਸਮਾਜ ਵਿਕਸਿਤ ਹੋ ਸਕੇ।
ਆਪਿ ਜਪਹੁ ਅਵਰਾ ਨਾਮੁ ਜਪਾਵਹੁ॥
ਸੁਨਤ ਕਹਤ ਰਹਤ ਗਤਿ ਪਾਵਹੁ॥
(ਗਉੜੀ ਸੁਖਮਨੀ, ਮ:5, ਅੰਗ:288)
ਮਨੁੱਖ ਦਾ ਆਪਣੇ-ਆਪ ਵਿਚ ਸੀਮਤ ਨਾ ਰਹਿ ਕੇ ਸਮੂਹ ਮਨੁੱਖਤਾ ਨੂੰ ਆਪਣਾ ਅੰਗ ਬਣਾ ਲੈਣਾ ਹੀ ਗੁਰਮਤਿ ਅਨੁਸਾਰ ਸਭ ਤੋਂ ਉੱਚੀ ਆਤਮਿਕ ਅਵਸਥਾ ਹੈ।
-ਈ-1716, ਰਾਜਾਜੀਪੁਰਮ, ਲਖਨਊ-226017