05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੰਜਾਬੀ ਦਾ ਸਿਰੜੀ ਖੋਜੀ ਡਾ. ਧਰਮ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026

ਡਾ. ਧਰਮ ਸਿੰਘ ਦਾ ਜਨਮ 5 ਮਈ, 1950 ਨੂੰ ਅੰਮ੍ਰਿਤਸਰ ਦੇ ਨੇੜੇ ਘਣੂਪੁਰ ਕਾਲੇ ਪਿੰਡ ਵਿਚ ਸ. ਬੰਤਾ ਸਿੰਘ 'ਦੋਧੀ' ਅਤੇੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਡਾ. ਧਰਮ ਸਿੰਘ ਨੇ ਦਸਵੀਂ 1967 ਵਿਚ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1972 ਵਿਚ ਬੀ. ਏ. ਆਨਰਜ਼ ਪਾਸ ਕੀਤੀ। 1972 ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐਮ.ਏ. ਪੰਜਾਬੀ ਤੇ 1976 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਤੋਂ ਪੀਐੱਚ.ਡੀ. ਦੀ ਡਿਗਰੀ ਲੈ ਕੇ ਬਾਅਦ ਵਿਚ ਇੱਥੇ ਹੀ ਪੜ੍ਹਾਉਣ ਲੱਗ ਪਏ। 2010 ਵਿਚ ਉਹ ਇੱਥੋਂ ਹੀ ਪ੍ਰੋਫੈਸਰ ਤੇ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਨ੍ਹਾਂ ਨੇ ਐਮ.ਏ. ਪੰਜਾਬੀ ਦੋਵੇਂ ਸਾਲ ਅੱਵਲ ਰਹਿ ਕੇ ਪਾਸ ਕੀਤੀ ਤੇ ਤਗਮੇ ਜਿੱਤੇ। ਇਹੀ ਜਿੱਤ/ਦੌੜ ਹੀ ਉਨ੍ਹਾਂ ਨੂੰ ਸਾਰੀ ਉਮਰ ਹੱਲਾਸ਼ੇਰੀ ਦਿੰਦੀ ਰਹੀ। ਡਾ. ਧਰਮ ਸਿੰਘ ਪਰਿਵਾਰ ਵਲੋਂ ਸਿੱਖ ਇਤਿਹਾਸ ਦੀ ਮਿਲੀ ਗੁੜ੍ਹਤੀ ਕਾਰਨ ਹੀ ਖੋਜ ਕਾਰਜ ਵੱਲ ਰੁਚਿਤ ਹੋਏ। ਉਹ ਅੱਜ ਦੇ ਸਮੇਂ ਵਿਚ ਹੋ ਰਹੀ ਖੋਜ ਤੋਂ ਇਸ ਲਈ ਵੀ ਨਿਰਾਸ਼ ਹਨ ਕਿ ਇਸ ਵਿਚ ਪੀਸੇ ਨੂੰ ਮੁੜ ਪੀਸਿਆ ਜਾ ਰਿਹਾ ਹੈ। ਇਕ ਹੀ ਵਿਸ਼ੇ 'ਤੇ ਦੋ-ਦੋ ਖੋਜ ਪ੍ਰਬੰਧ ਛਪੇ ਮਿਲ ਰਹੇ ਹਨ। ਅਸਲ 'ਚ ਅਧਿਆਪਨ ਤੇ ਖੋਜ ਕਾਰਜ ਪਰ-ਨਿਰਭਰਤਾ ਵਾਲਾ ਕਾਰਜ ਹੈ। ਅਧਿਆਪਕ/ਖੋਜੀ ਨੂੰ ਜੀਵਨ ਨਿਰਬਾਹ ਦੀ ਫ਼ਿਕਰ ਨਾ ਹੋਵੇ। ਦੂਸਰੇ ਪਾਸੇ ਸਰਮਾਏਦਾਰੀ ਦੇ ਸਿਖਰ ਵੱਲ ਵਧ ਰਹੀ ਸਾਡੀ ਆਰਥਿਕ ਵਿਵਸਥਾ ਅਧਿਆਪਕਾਂ ਨੂੰ ਵੀ ਸਾਧਾਰਨ ਕਾਮਿਆਂ ਵਾਂਗ ਸਮਝ ਕੇ ਉਨ੍ਹਾਂ ਤੋਂ ਸਰੀਰਕ ਮੁਸ਼ੱਕਤ ਕਰਵਾਉਣਾ ਚਾਹੁੰਦੀ ਹੈ। ਅਜਿਹੀ ਸਥਿਤੀ 'ਚੋਂ ਚੰਗੇ ਨਤੀਜੇ ਨਹੀਂ ਨਿਕਲ ਸਕਦੇ, ਜਿਸ ਕਾਰਨ ਸਾਡਾ ਅਕਾਦਮਿਕ ਢਾਂਚਾ ਜ਼ਰਜ਼ਰਾ ਹੋ ਰਿਹਾ ਹੈ।
ਡਾ. ਧਰਮ ਸਿੰਘ ਨੇ ਆਪਣੀ ਖੋਜ ਸਮੇਂ ਦੀ ਧੂੜ ਵਿਚ ਲੁਪਤ ਕਵੀ ਸੌਂਧਾ ਦੀਆਂ ਲਿਖਤਾਂ ਲੱਭਣ ਤੋਂ ਸ਼ੁਰੂ ਕੀਤੀ। ਇਹ ਸਮਾਂ (1960-70 ਦਾ) ਪੁਰਾਤਨ ਲਿਖਤਾਂ ਨੂੰ ਲੱਭ ਕੇ ਉਨ੍ਹਾਂ ਦੀ ਸਹੀ ਪਛਾਣ ਕਰਕੇ ਉਨ੍ਹਾਂ ਦੀ ਸੋਧ ਕਰਕੇ ਪ੍ਰਕਾਸ਼ਿਤ ਕਰਨ ਦਾ ਅਖੀਰਲਾ ਸਮਾਂ ਸੀ ਕਿਉਂਕਿ ਇਹ ਕੰਮ ਪੰਜਾਬੀ ਵਿਚ ਵਿਕੋਲਿੱਤਰੇ ਰੂਪ ਵਿਚ 1880-90 ਵਿਚ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਅਤੇ 1920-30 ਤੱਕ ਇਸ ਨੂੰ ਪੰਜਾਬੀ ਵਿਦਵਾਨਾਂ ਨੇ ਸੰਭਾਲ ਲਿਆ ਸੀ। ਡਾ. ਮੋਹਨ ਸਿੰਘ ਦੀਵਾਨਾ ਇਸ ਸਮੇਂ ਦਾ ਪੁਰਾਤਨ ਲਿਖਤਾਂ ਲੱਭਣ ਤੇ ਸੰਭਾਲਣ ਵਾਲਾ ਮੁੱਖ ਵਿਦਵਾਨ ਹੈ। ਡਾ. ਧਰਮ ਸਿੰਘ ਦੀ ਖੋਜ ਬਾਰੇ ਪੰਜਾਬੀ ਦੇ ਮੁੱਖ ਵਿਦਵਾਨ ਡਾ. ਤਾਰਨ ਸਿੰਘ ਨੇ ਬਹੁਤ ਪ੍ਰਸੰਸਾ ਕੀਤੀ ਹੈ। ਡਾ. ਧਰਮ ਸਿੰਘ ਦੀ ਖੋਜ ਦਾ ਇਕ ਖੇਤਰ ਪਾਕਿਸਤਾਨੀ ਪੰਜਾਬੀ ਸਾਹਿਤ ਦੀ ਖੋਜ ਹੈ। ਪਾਕਿਸਤਾਨੀ ਪੰਜਾਬੀ ਸਾਹਿਤ ਦੀ ਸਥਿਤੀ, ਉੱਥੇ ਹੋ ਰਹੀ ਖੋਜ ਅਤੇ ਡਾ. ਧਰਮ ਸਿੰਘ ਦੀ ਉਸ ਖੋਜ ਬਾਰੇ ਰਾਇ ਨੂੰ ਪਾਕਿਸਤਾਨੀ ਵਿਦਵਾਨਾਂ ਤੇ ਭਾਰਤੀ ਪੰਜਾਬੀ, ਅੰਗਰੇਜ਼ੀ ਅਖਬਾਰਾਂ ਨੇ ਖੂਬ ਵਡਿਆਇਆ ਹੈ। ਉਨ੍ਹਾਂ ਦੀ ਇਕ ਖ਼ਾਸੀਅਤ ਇਹ ਵੀ ਹੈ ਕਿ ਜਿੱਥੇ ਉਹ ਖ਼ੁਦ ਚੋਟੀ ਦੇ ਖੋਜੀ ਹਨ, ਉੱਥੇ ਉਹ ਆਪਣੇ ਤੋਂ ਪਹਿਲਾਂ ਹੋ ਗੁਜ਼ਰੇ ਖੋਜੀਆਂ ਦੇ ਕੰਮ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪੂਰੀ ਤਰ੍ਹਾਂ ਮੁਤਾਸਰ ਹਨ। ਉਹ ਆਪਣੀ ਪੁਸਤਕ 'ਖੋਜ ਵਿਧੀ-ਵਿਗਿਆਨ ਅਤੇ ਪੰਜਾਬੀ ਖੋਜਕਾਰ' ਵਿਚ ਜਿੱਥੇ ਭਾਈ ਵੀਰ ਸਿੰਘ, ਪਿਆਰਾ ਸਿੰਘ ਪਦਮ, ਡਾ. ਪਿਆਰ ਸਿੰਘ ਅਤੇ ਪ੍ਰੋ. ਪ੍ਰੀਤਮ ਸਿੰਘ ਦੇ ਖੋਜ-ਕਾਰਜਾਂ ਦੀ ਵਿਸਥਾਰ 'ਚ ਜਾਣਕਾਰੀ ਦਿੰਦੇ ਹਨ, ਉੱਥੇ ਉਨ੍ਹਾਂ ਦੇ ਖੋਜ ਕਾਰਜਾਂ ਦੀ ਪ੍ਰਸੰਸਾ ਵੀ ਕਰਦੇ ਹਨ। ਇਸ ਪੁਸਤਕ 'ਚੋਂ ਪੰਜਾਬੀ ਖੋਜ ਦੇ ਮੁਹਾਂਦਰੇ ਨੂੰ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ।
ਵਿਦਿਆਰਥੀ ਵਰਗ ਉਨ੍ਹਾਂ ਨੂੰ ਮੱਧਕਾਲੀ ਪੰਜਾਬੀ ਸਾਹਿਤ ਦਾ ਮਾਹਿਰ ਸਮਝਦਾ ਹੈ, ਪਰ ਡਾ. ਧਰਮ ਸਿੰਘ ਦਾ ਇਕ ਦੂਸਰਾ ਅਕਸ ਵੀ ਹੈ, ਜਿਸ ਬਾਰੇ ਉਨ੍ਹਾਂ ਨੂੰ ਨੇੜੇ ਤੋਂ ਜਾਣਨ ਵਾਲਿਆਂ ਨੂੰ ਹੀ ਪਤਾ ਹੈ। ਪਿਛਲੇ 40-50 ਸਾਲਾਂ 'ਚ ਉਨ੍ਹਾਂ ਦੇ ਵੱਖ-ਵੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਏ ਲੇਖਾਂ 'ਚ ਸਿੱਖ ਇਤਿਹਾਸ, ਸਿੱਖ ਇਤਿਹਾਸਕਾਰ, ਸਿੱਖ ਸਾਹਿਤ, ਸਿੱਖ ਸਾਹਿਤਕਾਰ, ਪਾਕਿਸਤਾਨ ਦੀ ਰਾਜਨੀਤਕ ਸਥਿਤੀ ਅਤੇ ਸਾਡੇ ਸਮਾਜਿਕ, ਸੱਭਿਆਚਾਰਕ ਵਿਸ਼ੇਸ਼ਕਰ ਕਿਸਾਨੀ ਮਸਲੇ ਵਿਚਾਰੇ ਗਏ ਸਨ। ਉਨ੍ਹਾਂ ਦਾ ਸਭ ਤੋਂ ਵੱਧ ਚਰਚਿਤ ਕੰਮ ਹੁਣ ਤੱਕ ਪੰਜਾਬੀ ਵਿਚ ਹੋਈ ਪੀਐੱਚ.ਡੀ. ਪੱਧਰ ਦੀ ਖੋਜ ਬਾਰੇ ਹੈ। ਉਨ੍ਹਾਂ ਨੇ ਹੁਣ ਤੱਕ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੰਜਾਬੀ ਵਿਸ਼ੇ ਬਾਰੇ ਹੋਏ ਸਾਰੇ ਖੋਜ ਪ੍ਰਬੰਧਾਂ ਦੀ ਜਾਣਕਾਰੀ ਲਈ ਅਤੇ ਉਸ ਨੂੰ 1985 ਵਿਚ ਡਾ. ਧਰਮ ਸਿੰਘ ਹੋਰਾਂ 'ਪੰਜਾਬੀ ਦੇ ਪ੍ਰਵਾਨਿਤ ਖੋਜ-ਪ੍ਰਬੰਧ' ਸਿਰਲੇਖ ਹੇਠ ਪੁਸਤਕ ਦੇ ਰੂਪ 'ਚ ਪ੍ਰਕਾਸ਼ਿਤ ਕਰ ਦਿੱਤਾ। ਇਹ ਪੁਸਤਕ ਬੜੇ ਵਿਵਸਥਿਤ ਢੰਗ ਨਾਲ ਪ੍ਰਕਾਸ਼ਿਤ ਕੀਤੀ ਹੈ, ਜਿਸ ਨਾਲ ਸਾਨੂੰ ਪੰਜਾਬੀ ਖੋਜ ਦੇ ਇਤਿਹਾਸ ਬਾਰੇ, ਇਸ ਦੀ ਸ਼ੁਰੂਆਤ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ।
2008, 2015 ਤੇ 2018 'ਚ 'ਪੰਜਾਬੀ ਖੋਜ ਸੰਦਰਭ' ਸਿਰਲੇਖ ਅਧੀਨ ਇਹ ਜਾਣਕਾਰੀ ਦੁਬਾਰਾ ਪ੍ਰਕਾਸ਼ਿਤ ਕਰਵਾਈ। ਡਾ. ਧਰਮ ਸਿੰਘ ਨੂੰ 75 ਸਾਲਾਂ ਦੀ ਉਮਰ ਵਿਚ ਜਵਾਨਾਂ ਵਾਲੇ ਸਿਰੜ ਨਾਲ ਖੋਜ ਕਾਰਜ ਵਿਚ ਲੱਗੇ ਵੇਖ ਕੇ ਮੇਰਾ ਸਿਰ ਝੁਕ ਜਾਂਦਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਤੇ ਚੰਗੀ ਸਿਹਤ ਬਖਸ਼ਣ ਤਾਂ ਜੋ ਉਹ 'ਪੰਜਾਬੀ ਖੋਜ' ਦੀ ਸਿਹਤ ਨੂੰ ਤਕੜਿਆਂ ਕਰ ਸਕਣ।

-ਖ਼ਾਲਸਾ ਕਾਲਜ, ਅੰਮ੍ਰਿਤਸਰ।
ਮੋਬਾਈਲ : 9417534823

Ad Position 22
No active advertisement
ਪਿਛਲੀ ਖ਼ਬਰ ਗਿਆਨ ਗੋਦੜੀ ਗੁਰਦੁਆਰਾ ਤੇ ਹਰਜੀਤ ਸਿੰਘ ਦੂਆ ਅਗਲੀ ਖ਼ਬਰ ਗੁਰਮਤਿ ਵਿਚ ਮਨੁੱਖੀ ਸਮਾਨਤਾ ਦੀ ਵਿਲੱਖਣ ਦ੍ਰਿਸ਼ਟੀ
Ad Position 24