ਸ. ਹਰਜੀਤ ਸਿੰਘ ਦੂਆ, ਜਿਨ੍ਹਾਂ ਨੇ ਹਰਿਦੁਆਰ ਵਿਚ ਗਿਆਨ ਗੋਦੜੀ ਗੁਰਦੁਆਰਾ ਬਣਾਉਣ ਦੀ ਮੁਹਿੰਮ ਆਰੰਭ ਕੀਤੀ ਸੀ, ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। 90 ਸਾਲ ਪਹਿਲਾਂ ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਵਿਚ ਹੋਇਆ ਸੀ। ਪਾਕਿਸਤਾਨ ਤੋਂ ਸਹਾਰਨਪੁਰ ਆਏ ਤੇ ਫਿਰ 1970 ਵਿਚ ਪੱਕੇ ਤੌਰ 'ਤੇ ਹਰਿਦੁਆਰ ਵਿਚ ਰਹਿਣ ਲੱਗ ਪਏ ਅਤੇ ਉੱਘੇ ਵਪਾਰੀ ਬਣੇ। ਇਸ ਸ਼ਹਿਰ ਵਿਚ ਸਿੱਖਾਂ ਦੀ ਵਸੋਂ ਕੁਝ ਸੈਂਕੜੇ ਹੀ ਹੈ। ਸ. ਦੂੁਆ ਸਿੰਘ ਸਭਾ ਗੁਰਦੁਆਰੇ ਦੇ ਪ੍ਰਧਾਨ ਰਹੇ ਹਨ ਅਤੇ ਇਹ ਸਾਰੀਆਂ ਸਿੱਖ ਸੁਸਾਇਟੀਆਂ ਦੀ ਆਵਾਜ਼ ਬਣੇ। ਉਹ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਦੀ ਯਾਦ ਵਿਚ ਇਕ ਗੁਰਦੁਆਰਾ ਬਣਾਉਣ ਲਈ ਮੰਦਰ ਅਧਿਕਾਰੀਆਂ ਅਤੇ ਸਰਕਾਰ ਨਾਲ ਗੱਲਬਾਤ ਕਰਦੇ ਰਹੇ ਸਨ। ਉਨ੍ਹਾਂ ਨੂੰ ਨਿਸਚੇ ਹੋ ਗਿਆ ਕਿ ਸਰਕਾਰ ਅਤੇ ਧਾਰਮਿਕ ਆਗੂ ਮੰਦਰ ਦੇ ਸਾਹਮਣੇ ਹਰਿ ਕੀ ਪੌੜੀ 'ਤੇ ਗੁਰਦੁਆਰਾ ਬਣਾਉਣ ਲਈ ਤਿਆਰ ਨਹੀਂ ਹਨ। ਮੈਨੂੰ ਯਾਦ ਹੈ ਜਦੋਂ ਸ. ਸੁਰਜੀਤ ਸਿੰਘ ਬਰਨਾਲਾ ਉੱਤਰਾਖੰਡ ਦੇ ਗਵਰਨਰ ਬਣੇ ਤਾਂ ਉਨ੍ਹਾਂ ਨੇ ਮੈਨੂੰ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਇਸ ਮੁੱਦੇ ਨੂੰ ਹੱਲ ਕਰਨ ਲਈ ਕਿਹਾ। ਮੁੱਖ ਸਕੱਤਰ ਉੱਤਰਾਖੰਡ, ਮੰਦਰ ਅਧਿਕਾਰੀ ਅਤੇ ਸਿੱਖ ਨੁਮਾਇੰਦਿਆਂ ਦੀਆਂ ਕਈ ਸਾਂਝੀਆਂ ਮੀਟਿੰਗਾਂ ਕੀਤੀਆਂ ਗਈਆਂ। ਮੇਰੇ ਦਫ਼ਤਰ ਦਿੱਲੀ ਵਿਚ ਅੰਤਿਮ ਮੀਟਿੰਗ ਹੋਈ ਅਤੇ ਇਹ ਫ਼ੈਸਲਾ ਲਿਆ ਗਿਆ ਕਿ ਮੰਦਰ ਦੇ ਨੇੜੇ ਗੰਗਾ ਦਰਿਆ ਦੇ ਕਿਨਾਰੇ ਗੁਰਦੁਆਰਾ ਬਣਾਉਣ ਲਈ ਜ਼ਮੀਨ ਦਿੱਤੀ ਜਾਵੇਗੀ। ਇਸ ਫ਼ੈਸਲੇ ਅਨੁਸਾਰ ਜਗ੍ਹਾ ਦੀ ਚੋਣ ਕਰ ਲਈ ਗਈ ਤੇ ਸਰਕਾਰ ਤੇ ਸਿੱਖਾਂ ਵਲੋਂ ਇਸ ਅਹਿਦਨਾਮੇ 'ਤੇ ਦਸਤਖ਼ਤ ਕਰ ਦਿੱਤੇ ਗਏ। ਇਹ ਥਾਂ ਨਹਿਰ ਦੇ ਕਿਨਾਰੇ ਸੀ ਤੇ ਨਹਿਰ ਯੂ.ਪੀ. ਸਰਕਾਰ ਦੇ ਅਧਿਕਾਰ ਵਿਚ ਸੀ। ਇਸ ਲਈ ਚੀਫ਼ ਸੈਕਟਰੀ ਉੱਤਰਾਖੰਡ ਨੇ ਚੀਫ਼ ਸੈਕਟਰੀ ਯੂ.ਪੀ. ਨੂੰ ਜ਼ਮੀਨ ਦੇ ਉਸ ਟੁਕੜੇ ਨੂੰ ਸਿੱਖਾਂ ਨੂੰ ਪੱਕੇ ਤੌਰ 'ਤੇ ਦੇਣ ਲਈ ਲਿਖ ਦਿੱਤਾ। ਇਸ ਦੇ ਨਾਲ ਹੀ ਇਸ ਥਾਂ ਦਾ ਕਬਜ਼ਾ ਸਿੱਖਾਂ ਨੂੰ ਦੇ ਦਿੱਤਾ ਗਿਆ। ਇੱਥੇ ਸੰਗਤ ਨੇ ਇਕ ਸ਼ੈੱਡ ਅਤੇ ਨਿਸ਼ਾਨ ਸਾਹਿਬ ਲਗਾ ਦਿੱਤਾ ਜੋ ਅੱਜ ਵੀ ਮੌਜੂਦ ਹੈ। ਗੁਰਦੁਆਰਾ ਉਸ ਦਿਨ ਤੋਂ ਹੀ ਸੁਸ਼ੋਭਿਤ ਹੈ ਤੇ ਵੱਖ-ਵੱਖ ਮੌਕਿਆਂ 'ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਪਰ ਅੱਜ ਤੱਕ ਯੂ.ਪੀ. ਸਰਕਾਰ ਨੇ ਇਸ ਜ਼ਮੀਨ ਨੂੰ ਗੁਰਦੁਆਰੇ ਲਈ ਸਥਾਈ ਤੌਰ 'ਤੇ ਦੇਣ ਲਈ ਕੋਈ ਪੱਤਰ ਨਹੀਂ ਭੇਜਿਆ। ਉੱਤਰਾਖੰਡ ਵਿਚ ਪਿਛਲੇ 5 ਸਾਲਾਂ ਤੋਂ ਸਿੱਖ ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਹਨ, ਪਰ ਉਹ ਵੀ ਇਹ ਪ੍ਰਵਾਨਗੀ ਪ੍ਰਾਪਤ ਨਹੀਂ ਕਰ ਸਕੇ। ਮੈਨੂੰ ਯਾਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ 'ਤੇ ਸਿੱਖਾਂ ਨਾਲ ਹੋਈ ਪਹਿਲੀ ਗੱਲਬਾਤ ਦੌਰਾਨ ਸ. ਦੂੁਆ ਨੇ ਉਸ ਮੀਟਿੰਗ ਵਿਚ ਉੱਤਰਖੰਡ ਦੇ ਸਿੱਖਾਂ ਦੀ ਨੁਮਾਇੰਦਗੀ ਕੀਤੀ ਸੀ। ਹਰਿਦੁਆਰ ਦੇ ਵਸਦੇ ਸਥਾਨਕ ਸਿੱਖ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਹਰ ਕੀ ਪੌੜੀ 'ਤੇ ਗੁਰਦੁਆਰਾ ਬਣਾਉਣਾ ਅਸੰਭਵ ਲਗਦਾ ਹੈ, ਪਰ ਨਹਿਰ ਵਾਲੀ ਥਾਂ 'ਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਸੁੰਦਰ ਗੁਰਦੁਆਰਾ ਬਣ ਜਾਵੇਗਾ। ਮੈਨੂੰ ਚਿੰਤਾ ਹੈ ਕਿ ਸ. ਦੂਆ ਦੇ ਅਕਾਲ ਚਲਾਣੇ ਪਿਛੋਂ ਅਸੀਂ ਮੌਜੂਦਾ ਗੁਰਦੁਆਰੇ ਦਾ ਕਬਜ਼ਾ ਵੀ ਗੁਆ ਨਾ ਬੈਠੀਏ। ਇਸ ਬਾਰੇ ਸਾਰੇ ਸਿੱਖ ਆਗੂਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਮੈਂ ਉੱਤਰਾਖੰਡ ਦੀ ਸਰਕਾਰ ਅਤੇ ਯੂ.ਪੀ. ਸਰਕਾਰ ਨੂੰ ਅਪੀਲ ਕਰਦਾ ਹਾਂ ਕਿ 2003 ਵਿਚ ਹੋਏ ਸਮਝੌਤੇ ਦਾ ਸਨਮਾਨ ਕੀਤਾ ਜਾਵੇ।
ਗਿਆਨ ਗੋਦੜੀ ਗੁਰਦੁਆਰਾ ਤੇ ਹਰਜੀਤ ਸਿੰਘ ਦੂਆ
ਅਜੀਤ ਡੈਸਕ
01-06-2026