06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਗ਼ਜ਼ਨੀ ਦੇ ਬਾਜ਼ਾਰਾਂ ਦਾ ਸੱਚ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026

ਇਤਿਹਾਸ ਦੀਆਂ ਉਹ ਘਟਨਾਵਾਂ ਜੋ ਸਦੀਆਂ ਬਾਅਦ ਵੀ ਲੋਕਾਂ ਦੀਆਂ ਯਾਦਾਂ 'ਚ ਘੁੰਮਦੀਆਂ ਰਹਿੰਦੀਆਂ ਹਨ, ਅਕਸਰ ਅਸਲੀਅਤ ਤੇ ਮਿਥਿਹਾਸ ਦੇ ਗੁੰਝਲਦਾਰ ਰੂਪ ਵਿਚ ਸਾਹਮਣੇ ਆਉਂਦੀਆਂ ਹਨ। ਗ਼ਜ਼ਨੀ ਦੇ ਬਾਜ਼ਾਰ ਇਸੇ ਤਰ੍ਹਾਂ ਦੀ ਇਕ ਵਿਵਾਦਤ ਤੇ ਅੰਧਕਾਰਮਈ ਕਹਾਣੀ ਹੈ। ਇਨ੍ਹਾਂ ਬਾਜ਼ਾਰਾਂ ਨੂੰ ਭਾਰਤੀ ਇਤਿਹਾਸ 'ਚ ਉਸ ਸਥਾਨ ਵਜੋਂ ਯਾਦ ਕੀਤਾ ਜਾਂਦਾ ਹੈ, ਜਿੱਥੇ ਮਹਿਮੂਦ ਗ਼ਜ਼ਨੀ ਵਲੋਂ ਭਾਰਤ ਤੋਂ ਅਗਵਾ ਕੀਤੀਆਂ ਔਰਤਾਂ ਤੇ ਕੁੜੀਆਂ ਨੂੰ ਟਕੇ-ਟਕੇ ਸਿਰ ਵੇਚਿਆ ਜਾਂਦਾ ਸੀ। ਇਸ ਬਾਰੇ ਬਹੁਤ ਸਾਰੀਆਂ ਲੋਕ-ਕਥਾਵਾਂ ਤੇ ਆਧੁਨਿਕ ਰਾਜਨੀਤਕ ਬਿਆਨ ਵੀ ਆਉਂਦੇ ਰਹਿੰਦੇ ਹਨ। ਪਰ ਅਸਲੀਅਤ ਇਸ ਤੋਂ ਬਹੁਤ ਵੱਖਰੀ ਤੇ ਵਧੇਰੇ ਗੁੰਝਲਦਾਰ ਹੈ। ਗ਼ਜ਼ਨੀ ਜੋ ਅੱਜ ਦੇ ਅਫ਼ਗਾਨਿਸਤਾਨ 'ਚ ਛੋਟਾ ਜਿਹਾ ਸ਼ਹਿਰ ਹੈ, 10ਵੀਂ ਤੇ 11ਵੀਂ ਸਦੀ 'ਚ ਇਕ ਤਾਕਤਵਰ ਰਾਜਧਾਨੀ ਵਜੋਂ ਉੱਭਰਿਆ। ਇਸ ਦਾ ਰਾਜਵੰਸ਼ ਘਜ਼ਨਵਿਦ ਰਾਜ ਵਜੋਂ ਜਾਣਿਆ ਜਾਂਦਾ ਹੈ, ਜਿਸ ਦੀ ਨੀਂਹ ਸੇਬੂਕਤਗੀਨ ਨੇ 977 ਈ. 'ਚ ਰੱਖੀ ਸੀ। ਉਸ ਦਾ ਪੁੱਤਰ ਮਹਿਮੂਦ ਗ਼ਜ਼ਨੀ (998-1030 ਈ.) ਇਸ ਰਾਜ ਨੂੰ ਉਚਾਈਆਂ ਤੱਕ ਲੈ ਗਿਆ। ਉਸ ਨੇ ਆਪਣੀ ਫ਼ੌਜੀ ਤਾਕਤ ਤੇ ਧਾਰਮਿਕ ਉਤਸ਼ਾਹ ਨੂੰ ਵਰਤ ਕੇ ਭਾਰਤ ਉੱਤੇ ਲਗਭਗ 17 ਵੱਡੇ ਹਮਲੇ ਕੀਤੇ। ਇਹ ਹਮਲੇ ਸਿਰਫ਼ ਲੁੱਟਮਾਰ ਤੇ ਧਨ ਇਕੱਠਾ ਕਰਨ ਲਈ ਨਹੀਂ ਸਨ, ਸਗੋਂ ਵੱਡੀ ਗਿਣਤੀ 'ਚ ਲੋਕਾਂ ਨੂੰ ਗੁਲਾਮ ਬਣਾਉਣ ਲਈ ਵੀ ਸਨ। ਉਸ ਸਮੇਂ ਮੱਧ ਏਸ਼ੀਆ ਤੇ ਇਸਲਾਮੀ ਖੇਤਰਾਂ 'ਚ ਗੁਲਾਮ ਵਪਾਰ ਇਕ ਵਿਆਪਕ ਤੇ ਲਾਭਦਾਇਕ ਸੀ। ਗ਼ਜ਼ਨੀ ਇਸ ਵਪਾਰ ਦਾ ਇਕ ਮਹੱਤਵਪੂਰਨ ਕੇਂਦਰ ਬਣ ਗਿਆ।
ਇਤਿਹਾਸਕਾਰ ਅਲ-ਉਤਬੀ ਜੋ ਮਹਿਮੂਦ ਦਾ ਆਪਣਾ ਇਤਿਹਾਸਕਾਰ ਸੀ, ਆਪਣੀ ਰਚਨਾ ਤਾਰੀਖ ਅਲ-ਯਾਮੀਨੀ 'ਚ ਇਸ ਦਾ ਵਿਸਥਾਰ ਨਾਲ ਵਰਣਨ ਕਰਦਾ ਹੈ। ਉਸ ਅਨੁਸਾਰ 1001 ਈ. 'ਚ ਪਹਿਲੇ ਵੱਡੇ ਹਮਲੇ ਤੋਂ ਹੀ ਹਜ਼ਾਰਾਂ ਲੋਕ ਗੁਲਾਮ ਬਣਾਏ ਗਏ। ਥਾਨੇਸਰ (1015 ਈ.) 'ਚ ਲਗਭਗ 2 ਲੱਖ ਗੁਲਾਮ ਲਿਆਂਦੇ ਗਏ, ਜਿਸ ਨਾਲ ਗ਼ਜ਼ਨੀ ਇਕ ਭਾਰਤੀ ਸ਼ਹਿਰ ਵਾਂਗ ਲੱਗਣ ਲੱਗਾ। ਸਾਲ 1018-19 'ਚ ਕਨੌਜ ਤੇ ਮਥੁਰਾ ਉੱਤੇ ਹਮਲੇ ਤੋਂ ਬਾਅਦ 53 ਹਜ਼ਾਰ ਤੋਂ ਵੱਧ ਗੁਲਾਮ ਲਿਆਂਦੇ ਗਏ, ਜਿਨ੍ਹਾਂ 'ਚ ਮਰਦ, ਔਰਤਾਂ ਤੇ ਬੱਚੇ ਸਭ ਸ਼ਾਮਿਲ ਸਨ। ਇਹ ਗੁਲਾਮ ਗ਼ਜ਼ਨੀ ਦੇ ਬਾਜ਼ਾਰਾਂ 'ਚ ਵੇਚੇ ਜਾਂਦੇ ਸਨ। ਇਨ੍ਹਾਂ ਬਾਜ਼ਾਰਾਂ 'ਚ ਗੁਲਾਮਾਂ ਦੀਆਂ ਕੀਮਤ ਬਹੁਤ ਘੱਟ ਹੁੰਦੀ ਸੀ, ਆਮ ਤੌਰ 'ਤੇ ਇਕ ਵਿਅਕਤੀ ਲਈ 2 ਤੋਂ 10 ਦਿਰਹਮ ਤੱਕ। ਇਹ ਮੁੱਲ ਇੰਨਾ ਘੱਟ ਸੀ ਕਿ ਵਪਾਰੀ ਦੂਰੋਂ-ਦੂਰੋਂ ਆ ਕੇ ਖਰੀਦਦੇ ਤੇ ਉਨ੍ਹਾਂ ਨੂੰ ਖ਼ੁਰਾਸਾਨ, ਇਰਾਕ ਤੇ ਹੋਰ ਇਸਲਾਮਿਕ ਖੇਤਰਾਂ 'ਚ ਲੈ ਜਾਂਦੇ। ਇਹ ਬਾਜ਼ਾਰ ਗੁਲਾਮੀ ਦੀ ਉਸ ਵਿਆਪਕ ਪ੍ਰਣਾਲੀ ਦਾ ਹਿੱਸਾ ਸਨ, ਜੋ ਅਬਾਸੀ ਖ਼ਲੀਫ਼ਾ ਕਾਲ ਤੋਂ ਚੱਲੀ ਆ ਰਹੀ ਸੀ। ਗ਼ਜ਼ਨੀ 'ਚ ਇਹ ਬਾਜ਼ਾਰ 10ਵੀਂ ਸਦੀ ਦੇ ਅਖੀਰ ਤੋਂ ਸ਼ੁਰੂ ਹੋਏ ਤੇ 11ਵੀਂ ਸਦੀ 'ਚ ਆਪਣੀ ਉਚਾਈ ਤੱਕ ਪਹੁੰਚੇ। ਮਹਿਮੂਦ ਦੀ ਮੌਤ (1030 ਈ.) ਤੋਂ ਬਾਅਦ ਵੀ ਘਜ਼ਨਵਿਦ ਰਾਜ ਵਿਚ ਗੁਲਾਮ ਵਪਾਰ ਜਾਰੀ ਰਿਹਾ, ਪਰ ਭਾਰਤ ਤੋਂ ਵੱਡੇ ਪੱਧਰ 'ਤੇ ਗੁਲਾਮ ਲਿਆਉਣ ਦਾ ਸਿਲਸਿਲਾ ਘਟ ਗਿਆ। 12ਵੀਂ ਸਦੀ 'ਚ ਘੁਰੀਦਾਂ ਵਲੋਂ ਗ਼ਜ਼ਨੀ 'ਤੇ ਹਮਲਿਆਂ ਨਾਲ ਇਸ ਰਾਜ ਦਾ ਅੰਤ ਹੋ ਗਿਆ ਤੇ ਗੁਲਾਮ ਵਪਾਰ ਦਾ ਕੇਂਦਰ ਹੌਲੀ-ਹੌਲੀ ਦਿੱਲੀ ਵੱਲ ਚਲਾ ਗਿਆ। ਇਹ ਬਾਜ਼ਾਰ ਭਾਰਤ ਲਈ ਇਕ ਵੱਡੀ ਤ੍ਰਾਸਦੀ ਸੀ। ਹਜ਼ਾਰਾਂ ਔਰਤਾਂ ਤੇ ਕੁੜੀਆਂ ਨੂੰ ਘਰਾਂ ਤੋਂ ਚੁੱਕ ਕੇ ਗੁਲਾਮ ਵਜੋਂ ਵੇਚਿਆ ਗਿਆ। ਇਸ ਨਾਲ ਨਾ ਸਿਰਫ਼ ਭਾਰਤੀ ਸਮਾਜ ਦੀ ਢਾਂਚਾਗਤ ਤਬਾਹੀ ਹੋਈ, ਸਗੋਂ ਇਕ ਲੰਬੇ ਸਮੇਂ ਤੱਕ ਚੱਲਣ ਵਾਲੀ ਯਾਦ ਵੀ ਬਣ ਗਈ। ਆਧੁਨਿਕ ਭਾਰਤੀ ਇਤਿਹਾਸ ਵਿਚ ਇਸ ਨੂੰ ਇਕ ਉਦਾਹਰਨ ਵਜੋਂ ਲਿਆ ਜਾਂਦਾ ਹੈ, ਜੋ ਬਾਹਰੀ ਹਮਲਾਵਰਾਂ ਵਲੋਂ ਹੋਈ ਲੁੱਟ ਤੇ ਅੱਤਿਆਚਾਰ ਨੂੰ ਦਰਸਾਉਂਦੀ ਹੈ।
ਪਾਨੀਪਤ ਦੀ ਤੀਜੀ ਲੜਾਈ (1761 ਈ.) ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵਲੋਂ ਵੀ ਅਗਵਾ ਕੀਤੀਆਂ ਲਗਭਗ 22 ਹਜ਼ਾਰ ਮਰਾਠਾ ਔਰਤਾਂ ਤੇ ਬੱਚਿਆਂ ਨੂੰ ਅਫ਼ਗਾਨਿਸਤਾਨ ਲਿਜਾਇਆ ਜਾ ਰਿਹਾ ਸੀ। ਸਿੱਖ ਮਿਸਲਾਂ ਨੇ ਇਨ੍ਹਾਂ 'ਤੇ ਹਮਲਾ ਕਰਕੇ ਬਹੁਤ ਸਾਰੀਆਂ ਔਰਤਾਂ ਤੇ ਬੱਚਿਆਂ ਨੂੰ ਬਚਾਇਆ। ਖ਼ਾਸ ਕਰਕੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਧਿਆਂ ਨੇ ਹਮਲੇ ਦੀ ਸੁਚੱਜੀ ਅਗਵਾਈ ਕੀਤੀ। ਇਨ੍ਹਾਂ ਔਰਤਾਂ ਨੂੰ ਵਾਪਸ ਇਨ੍ਹਾਂ ਦੇ ਘਰ ਪਹੁੰਚਾਇਆ ਗਿਆ, ਜਿਨ੍ਹਾਂ ਔਰਤਾਂ ਨੂੰ ਉਨ੍ਹਾਂ ਦੇ ਘਰਦਿਆਂ ਨੇ ਪ੍ਰਵਾਨ ਨਾ ਕੀਤਾ, ਉਨ੍ਹਾਂ ਨਾਲ ਸਿੱਖ ਯੋਧਿਆਂ ਦੇ ਵਿਆਹ ਕਰਵਾ ਦਿੱਤੇ ਗਏ। ਇਹ ਘਟਨਾ ਸਿੱਖ ਬਹਾਦਰੀ ਦੀ ਆਦਰਸ਼ ਮਿਸਾਲ ਹੈ। ਅਬਦਾਲੀ ਵੀ ਅਫ਼ਗਾਨ ਰਾਜਾ ਸੀ ਤੇ ਗ਼ਜ਼ਨੀ ਖੇਤਰ ਉਸ ਦੇ ਰਾਜ ਵਿਚ ਆਉਂਦਾ ਸੀ। ਅਸਲ ਵਿਚ ਗ਼ਜ਼ਨੀ ਦੇ ਬਾਜ਼ਾਰ ਗੁਲਾਮੀ ਦੀ ਉਸ ਨਿਰਦਈ ਪ੍ਰਥਾ ਨੂੰ ਦਰਸਾਉਂਦੇ ਹਨ, ਜੋ ਉਸ ਸਮੇਂ ਦੀ ਰਾਜਨੀਤੀ ਤੇ ਆਰਥਿਕਤਾ ਦਾ ਹਿੱਸਾ ਸੀ। ਇਹ ਸਿਰਫ਼ ਇਕ ਧਰਮ ਜਾਂ ਇਕ ਵਿਅਕਤੀ ਦੀ ਕਹਾਣੀ ਨਹੀਂ ਸੀ, ਸਗੋਂ ਯੁੱਧ, ਲੁੱਟ ਤੇ ਮਨੁੱਖੀ ਸ਼ੋਸ਼ਣ ਦੀ ਵੱਡੀ ਪ੍ਰਣਾਲੀ ਸੀ। ਅੱਜ ਵੀ ਜਦੋਂ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਨੂੰ ਨਫ਼ਰਤ ਫੈਲਾਉਣ ਲਈ ਨਹੀਂ, ਸਗੋਂ ਸਿੱਖਿਆ ਲੈਣ ਲਈ ਵਰਤਣਾ ਚਾਹੀਦਾ ਹੈ।

ਰੂਪਨਗਰ।
ਮੋਬਾਈਲ : 70098-07121

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਬਾਬਾ ਸ੍ਰੀਚੰਦ ਉਦਾਸੀਨ ਕੁਟੀਆ, ਲੜੋਈ (ਜਲੰਧਰ)
Ad Position 24