ਸ਼ਾਂਤੀ ਸਾਡੇ ਅੰਦਰ ਦੀ ਉਹ ਅਵਸਥਾ ਹੈ ਜਿਸ 'ਚ ਸਰੀਰ, ਮਨ ਤੇ ਆਤਮਾ ਆਪਸੀ ਤਾਲਮੇਲ ਵਿਚ ਹੁੰਦੇ ਹਨ | ਆਪਣੇ ਆਲੇ-ਦੁਆਲੇ, ਆਪਣੇ ਲੋਕਾਂ ਅਤੇ ਸਮਾਜ ਨਾਲ ਤਾਲਮੇਲ 'ਚ ਰਹਿਣਾ ਵੀ ਸ਼ਾਂਤੀ ਹੀ ਹੈ | ਸ਼ਾਂਤੀ ਦਾ ਅਰਥ ਹੈ, ਸਮੁੱਚੇ ਵਾਤਾਵਰਨ ਤੇ ਬ੍ਰਹਿਮੰਡ ਨਾਲ ਇਕ-ਮਿੱਕ ਹੋਣਾ | ਇਸੇ ਲਈ ਅਸੀਂ ਤਿੰਨ ਵਾਰ ਕਹਿੰਦੇ ਹਾਂ-ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ | ਯਾਨੀ ਅੰਦਰ ਸ਼ਾਂਤੀ, ਵਾਤਾਵਰਨ ਵਿਚ ਸ਼ਾਂਤੀ ਤੇ ਬ੍ਰਹਿਮੰਡ ਵਿਚ ਸ਼ਾਂਤੀ | ਪਰ ਸ਼ਾਂਤੀ ਦਾ ਅਰਥ ਅਕਿਰਿਆਸ਼ੀਲਤਾ ਜਾਂ ਆਤਮ-ਸੰਤੁਸ਼ਟੀ ਨਹੀਂ ਹੈ | ਕਈ ਲੋਕ ਸ਼ਾਂਤੀ ਨੂੰ ਜੀਵਨ ਜਿਊਣ, ਪ੍ਰਸਥਿਤੀਆਂ ਨੂੰ ਚੁੱਪਚਾਪ ਸਵੀਕਾਰ ਕਰ ਲੈਣ ਜਾਂ ਉਦਾਸੀਨ ਬਣੇ ਰਹਿਣ ਨਾਲ ਜੋੜ ਦਿੰਦੇ ਹਨ | ਉਹ ਸ਼ਾਂਤੀ ਨੂੰ ਅਕਿਰਿਆਸ਼ੀਲਤਾ ਤੇ ਆਕਰਾਮਕਤਾ ਨੂੰ ਕਿਰਿਆਸ਼ੀਲਤਾ ਸਮਝ ਬੈਠਦੇ ਹਨ | ਲੋੜ ਇਸ ਗੱਲ ਦੀ ਹੈ ਕਿ ਅਨਿਆਂ ਦੇ ਸਾਹਮਣੇ ਅਸੀਂ ਅਕਿਰਿਆਸ਼ੀਲ ਹੋਏ ਬਿਨਾਂ ਸ਼ਾਂਤੀ ਨੂੰ ਆਪਣੇ ਆਚਰਣ ਵਿਚ ਧਾਰਨ ਕਰੀਏ | ਸੰਘਰਸ਼ ਤੋਂ ਬਚਣ ਦੀ ਲੋੜ ਨਹੀਂ ਹੈ, ਸੱਚ ਬੋਲੋ | ਪਰ ਸੱਚ ਬੋਲਦੇ ਸਮੇਂ ਆਕਰਮਕ ਜਾਂ ਅਭੱਦਰ ਹੋਣ ਦੀ ਵੀ ਲੋੜ ਨਹੀਂ | ਦਿ੍ੜ੍ਹ ਰਹੋ, ਪਰ ਕਰੁਣਾ ਤੇ ਕੋਮਲਤਾ ਦੇ ਨਾਲ | ਤੁਹਾਡਾ ਗੁੱਸਾ ਪਾਣੀ ਦੀ ਸਤ੍ਹਾ 'ਤੇ ਖਿੱਚੀ ਗਈ ਰੇਖਾ ਵਾਂਗ ਹੋਵੇ, ਜੋ ਇਕ ਪਲ ਲਈ ਦਿਖਾਈ ਦੇਵੇ ਤੇ ਅਗਲੇ ਹੀ ਪਲ ਮਿਟ ਜਾਵੇ |
ਅਕਸਰ ਹਰ ਵਿਵਾਦ ਦੇ ਦੋ ਪੱਖ ਹੁੰਦੇ ਹਨ ਤੇ ਦੋਵਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਹੀ ਸਹੀ ਹਨ | ਜੇ ਤੁਸੀਂ ਵਾਸਤਵ ਵਿਚ ਧਿਆਨ ਨਾਲ ਸੁਣੋਗੇ ਤਾਂ ਪਾਓਗੇ ਕਿ ਦੋਵਾਂ ਪੱਖਾਂ ਦੀ ਗੱਲ ਵਿਚ ਕੁਝ ਨਾ ਕੁਝ ਸਾਰ ਜ਼ਰੂਰ ਹੈ | ਪਰ ਸ਼ਾਂਤੀ ਲਈ ਸਿਰਫ਼ ਸਹੀ ਸਾਬਤ ਹੋਣਾ ਹੀ ਕਾਫ਼ੀ ਨਹੀਂ, ਵਿਸ਼ਵਾਸ ਦਾ ਨਿਰਮਾਣ, ਆਪਣੇਪਨ ਦੀ ਭਾਵਨਾ ਤੇ ਗੱਲਬਾਤ (ਸੰਵਾਦ) ਲਈ ਜਗ੍ਹਾ ਹੋਣੀ ਜ਼ਰੂਰੀ ਹੈ | ਗੱਲਬਾਤ ਦਾ ਟੁੱਟਣਾ ਹੀ ਅਕਸਰ ਵਿਵਾਦ ਨੂੰ ਜਨਮ ਦਿੰਦਾ ਹੈ ਅਤੇ ਜਦੋਂ ਦੋਵੇਂ ਪੱਖ ਆਪਣੀਆਂ-ਆਪਣੀਆਂ ਧਾਰਨਾਵਾਂ 'ਤੇ ਅੜੇ ਰਹਿੰਦੇ ਹਨ ਤਾਂ ਵਿਵਾਦ ਹੋਰ ਡੂੰਘਾ ਹੋ ਜਾਂਦਾ ਹੈ | ਸੰਘਰਸ਼ ਦੇ ਹੱਲ ਲਈ ਦੋਵਾਂ ਪੱਖਾਂ ਨੂੰ ਆਪਣੇ ਮਤਭੇਦਾਂ ਤੋਂ ਉੱਪਰ ਉੱਠ ਕੇ ਵੱਡੇ ਵਿਆਪਕ ਨਜ਼ਰੀਏ ਨੂੰ ਦੇਖਣਾ ਹੋਵੇਗਾ | ਇੱਥੇ ਵਿਚੋਲਗੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ | ਅਗਵਾਈ ਕਰਨ ਵਾਲੇ ਅਤੇ ਸੱਤਾ ਵਿਚ ਬੈਠੇ ਲੋਕਾਂ ਲਈ ਅੰਦਰੂਨੀ ਸ਼ਾਂਤੀ ਤੇ ਸਥਿਰਤਾ ਦਾ ਵਿਕਾਸ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੈ | ਅੰਦਰ ਦੀ ਸ਼ਾਂਤੀ ਉਨ੍ਹਾਂ ਨੂੰ ਪ੍ਰਸਥਿਤੀਆਂ ਨੂੰ ਸਪੱਸ਼ਟਤਾ ਨਾਲ ਸਮਝਣ ਤੇ ਸਮੁੱਚੇ ਸਮਾਜ ਦੇ ਭਲੇ ਲਈ ਸਮਝਦਾਰੀ ਨਾਲ ਫ਼ੈਸਲੇ ਲੈਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ | ਇਸ ਸੰਸਾਰ ਵਿਚ ਸਭ ਕੁਝ ਅਨਿਸਚਿਤ ਹੈ, ਫਿਰ ਵੀ ਅਸੀਂ ਇੰਝ ਜਿਊਾਦੇ ਹਾਂ ਜਿਵੇਂ ਸਭ ਕੁਝ ਨਿਸਚਿਤ ਹੋਵੇ | ਜਦੋਂ ਅਸੀਂ ਅਨਿਸਚਿਤਤਾ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਗੁੱਸੇ ਤੇ ਹਿੰਸਾ ਦੇ ਬੰਧਨ ਤੋਂ ਮੁਕਤ ਹੋਣ ਲੱਗਦੇ ਹਾਂ | ਉਦੋਂ ਅਸੀਂ ਕਿਸੇ ਇਕ ਕਠੋਰ ਨਤੀਜੇ ਨਾਲ ਚਿਪਕੇ ਰਹਿਣ ਦੀ ਬਜਾਏ ਸੰਭਾਵਨਾਵਾਂ ਵਿਚ ਵਿਸ਼ਵਾਸ ਕਰਨਾ ਸਿੱਖਦੇ ਹਾਂ | ਜੀਵਨ ਜਦੋਂ ਸਾਡੀ ਉਮੀਦ ਅਨੁਸਾਰ ਨਹੀਂ ਚਲਦਾ, ਉਦੋਂ ਇਹੋ ਨਜ਼ਰੀਆ ਸਾਨੂੰ ਸੰਤੁਲਿਤ ਬਣਾਏ ਰੱਖਦਾ ਹੈ | ਉਥਲ-ਪੁਥਲ ਸੰਸਾਰ ਦਾ ਸੁਭਾਅ ਹੈ, ਪਰ ਸ਼ਾਂਤੀ ਸਾਡੀ ਆਤਮਾ ਦਾ ਸੁਭਾਅ ਹੈ | ਜਦੋਂ ਅਸੀਂ ਸੰਕਲਪ ਅਤੇ ਕੁਸ਼ਲਤਾ ਨਾਲ ਆਪਣੀ ਸ਼ਾਂਤੀ ਵਿਚ ਸਥਿਰ ਰਹਿੰਦੇ ਹਾਂ ਤਾਂ ਅੰਦਰ ਦੀ ਇਹ ਖ਼ਾਮੋਸ਼ੀ ਹੌਲੀ-ਹੌਲੀ ਬਾਹਰ ਵੀ ਪ੍ਰਗਟ ਹੋਣ ਲੱਗਦੀ ਹੈ ਅਤੇ ਸਾਡੇ ਆਲੇ-ਦੁਆਲੇ ਦੀ ਅਸ਼ਾਂਤੀ ਨੂੰ ਸ਼ਾਂਤ ਕਰਨ ਲੱਗਦੀ ਹੈ |
ਇਸ ਲਈ ਸੰਕਲਪ ਲਵੋ ਕਿ ਅੰਦਰੋਂ ਸਥਿਰ ਤੇ ਸ਼ਾਂਤ ਰਹਿਣਾ ਹੈ, ਬਾਹਰੋਂ ਗਤੀਸ਼ੀਲ ਤੇ ਚੌਕਸ | ਉਦੋਂ ਤੁਸੀਂ ਨਾ ਕੇਵਲ ਖ਼ੁਦ ਸ਼ਾਂਤੀ ਵਿਚ ਸਥਾਪਤ ਰਹੋਗੇ, ਸਗੋਂ ਆਪਣੇ ਆਲੇ-ਦੁਆਲੇ ਦੇ ਜੀਵਨ ਵਿਚ ਵੀ ਸ਼ਾਂਤੀ ਦਾ ਸੰਚਾਰ ਕਰ ਸਕੋਗੇ |
-0-