ਸੰਪੂਰਨ ਬ੍ਰਹਮ ਗਿਆਨੀ ਤੇ ਉਦਾਸੀਨ ਸੰਪਰਦਾਇ ਦੇ ਬਾਨੀ ਬਾਬਾ ਸ੍ਰੀਚੰਦ ਜੀ ਦਾ ਆਗਮਨ ਭਾਦੋਂ ਸੁਦੀ 9, 1551 ਬਿਕ੍ਰਮੀ (1494 ਈ.) ਨੂੰ ਪੰਜਾਬ 'ਚ ਸੁਲਤਾਨਪੁਰ ਲੋਧੀ ਵਿਖੇ ਹੋਇਆ | ਮਾਤਾ ਸੁਲੱਖਣੀ ਤੇ ਪਿਤਾ ਗੂਰੂ ਨਾਨਕ ਦੇਵ ਜੀ ਸਪੁੱਤਰ ਬਾਬਾ ਸ੍ਰੀਚੰਦ ਨੇ ਪੰਡਤ ਪੁਰਸ਼ੋਤਮ ਤੋਂ ਸੰਸਕ੍ਰਿਤ ਦੀ ਪੜ੍ਹਾਈ ਪੜ੍ਹੀ ਤੇ ਅਵਿਨਾਸ਼ ਮੁਨੀ ਤੋਂ ਯੋਗ ਵਿੱਦਿਆ ਦਾ ਗਿਆਨ ਹਾਸਿਲ ਕੀਤਾ | ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਸੀ | ਗੁਰੂ ਨਾਨਕ ਦੇਵ ਜੀ ਨੇ ਆਪਣੇ ਪਲੇਠੇ ਸਪੁੱਤਰ ਬਾਬਾ ਸ੍ਰੀਚੰਦ ਨੂੰ ਆਪਣੀ ਭੈਣ ਦੀ ਝੋਲੀ ਪਾ ਦਿੱਤਾ | ਇਸ ਤਰ੍ਹਾਂ ਬਾਬਾ ਸ੍ਰੀਚੰਦ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਭੂਆ ਜੀ ਦੀ ਸਰਪ੍ਰਸਤੀ ਹੇਠ ਹੋਇਆ | ਪੰਜ ਸਾਲ ਦੀ ਉਮਰ 'ਚ ਹੀ ਬਾਬਾ ਸ੍ਰੀਚੰਦ ਜੀ ਨੇ ਆਤਮ ਗਿਆਨ ਦੀ ਪ੍ਰਾਪਤੀ ਲਈ ਜਪ-ਤਪ ਨੂੰ ਜੀਵਨ ਦਾ ਅੰਗ ਬਣਾ ਲਿਆ ਤੇ ਇਹ ਜਪ-ਤਪ ਦੀ ਅਵਧੀ 118 ਸਾਲ ਤੱਕ ਚਲਦੀ ਰਹੀ | ਜੀਵਨ ਦੇ ਏਨੇ ਲੰਮੇ ਅਰਸਾ ਭੋਗਣ ਪਿੱਛੋਂ 1612 ਈ. (15 ਅੱਸੂ, ਸੰਮਤ 1669) ਚੰਬਾ ਵਿਖੇ ਪ੍ਰਲੋਕ ਸਿਧਾਰ ਗਏ | ਏਨੇ ਵਡੇਰੇ ਜੀਵਨ ਕਾਲ ਦੌਰਾਨ ਉਨ੍ਹਾਂ ਨੇ ਅਨੇਕਾਂ ਮਾਨਵ ਭਲਾਈ ਦੇ ਕਾਰਜ ਕੀਤੇ | ਮਨੁੱਖ ਨੂੰ ਆਤਮ ਗਿਆਨ ਦੀ ਪ੍ਰਾਪਤੀ ਦੀ ਸਿੱਖਿਆ ਦੇਣ ਦੇ ਨਾਲ-ਨਾਲ ਸਾਦਾ ਜੀਵਨ ਜਿਊਣ ਦੀ ਜੀਵਨ ਸ਼ੈਲੀ ਪ੍ਰਦਾਨ ਕੀਤੀ ਅਤੇ ਨਾਲ ਹੀ ਉਤੂ-ਅਧੀਨ ਦੇ ਸੰਕਲਪ ਦਾ ਪ੍ਰਚਾਰ ਕੀਤਾ, ਜਿਸ ਵਿਚ ਨਾਸ਼ਵਾਨ ਸੰਸਾਰ ਤੋਂ ਉੱਪਰ ਉੱਠ ਕੇ ਸੂਖ਼ਮ ਜਗਤ ਨੂੰ ਜਾਣਨਾ ਤੇ ਸੰਸਾਰਕ ਮੋਹ ਤੋਂ ਦੂਰ ਰਹਿ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਕਾਰਜਸ਼ੀਲ ਰਹਿਣਾ ਹੈ, ਭਾਵ ਦੂਜਿਆਂ ਨੂੰ ਜਾਣਨ ਤੋਂ ਪਹਿਲਾਂ ਆਪੇ ਦੀ ਪੜਚੋਲ ਕਰਨਾ ਹੈ |
ਉਨ੍ਹਾਂ ਗੁਰਮਤਿ ਦਾ ਪ੍ਰਚਾਰ ਤੇ ਪਸਾਰ ਕੀਤਾ | ਉਨ੍ਹਾਂ ਜਤੀ-ਸਤੀ ਰਹਿ ਕੇ ਵੀ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਿਤ ਕੀਤਾ | ਉਨ੍ਹਾਂ ਨੇ ਮੂਲਮੰਤਰ ਬਾਰੇ ਹਰ ਵਿਅਕਤੀ ਨੂੰ ਜਾਣੂ ਕਰਾਇਆ | ਪਹਿਲਾਂ ਉਨ੍ਹਾਂ ਨੇ ਹੀ ਗੁਰੂ ਨਾਨਕ ਦੇਵ ਜੀ ਨੂੰ 'ਪਾਤਿਸ਼ਾਹ' ਆਖਿਆ ਸੀ | ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਘੋਖਣ 'ਤੇ ਪਤਾ ਚੱਲਦਾ ਹੈ ਕਿ ਬਾਬਾ ਸ੍ਰੀਚੰਦ ਜੀ ਦਾ ਸਿੱਖ ਗੁਰੂ ਸਾਹਿਬਾਨ ਨਾਲ ਅਥਾਹ ਸੰਬੰਧ ਰਿਹਾ ਹੈ | ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਬਾਬਾ ਸ੍ਰੀਚੰਦ ਜੀ ਤੋਂ ਪ੍ਰਭਾਵਿਤ ਹੋਏ ਤੇ ਉਨ੍ਹਾਂ ਉਦਾਸੀਨ ਸੰਪਰਦਾਇ ਨੂੰ ਅਪਣਾ ਲਿਆ | ਬਾਬਾ ਸ੍ਰੀਚੰਦ ਜੀ ਨੇ ਉਦਾਸੀ ਸੰਪਰਦਾਇ ਨੂੰ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਨੂੰ ਸੌਂਪ ਦਿੱਤਾ ਤੇ ਉਨ੍ਹਾਂ ਨੂੰ 'ਗੁਰਦਿੱਤਾ ਦੀਨ ਦੁਨੀ ਕਾ ਟਿੱਕਾ' ਆਖਿਆ | ਉਨ੍ਹਾਂ ਨੇ ਪਹਿਲੇ ਛੇਵੇਂ ਪਾਤਿਸ਼ਾਹ ਤੱਕ ਨੇੜਤਾ ਨੂੰ ਬਾਖੂਬੀ ਨਿਭਾਉਦਿਆਂ ਉਦਾਸੀ ਲਿਬਾਸ ਵਿਚ ਰਹਿ ਕੇ ਵੀ ਸਤਿਨਾਮ ਦਾ ਪ੍ਰਚਾਰ ਕੀਤਾ | ਉਨ੍ਹਾਂ ਨੇ ਗੁਰਬਾਣੀ ਦਾ ਪ੍ਰਚਾਰ ਤੇ ਪਸਾਰ ਕਰਨ ਵਿਚ ਵੱਡੀ ਭੂਮਿਕਾ ਨਿਭਾਈ | ਇਸ ਤਰ੍ਹਾਂ ਉਨ੍ਹਾਂ ਦਾ ਸੰਬੰਧ ਸਿੱਖ ਮਤ ਨਾਲ ਡੂੰਘੀ ਸਾਂਝ ਵਾਲਾ ਹੀ ਰਿਹਾ ਹੈ, ਜਿਸ ਦੇ ਅਨੇਕਾਂ ਪ੍ਰਮਾਣ ਇਤਿਹਾਸ ਦੀਆਂ ਵੱਡਮੁੱਲੀਆਂ ਤਖ਼ਤੀਆਂ 'ਤੇ ਉਭਰ ਕੇ ਸਾਹਮਣੇ ਆਏ | ਉਨ੍ਹਾਂ ਨੇ ਅਨੇਕਾਂ ਰਚਨਾਵਾਂ ਵੀ ਰਚੀਆਂ, ਜਿਨ੍ਹਾਂ ਵਿਚ ਇਕ 'ਆਰਤਾ ਕੀਜੈ ਨਾਨਕ ਪਾਤਿਸ਼ਾਹ ਕਾ' ਪ੍ਰਸਿੱਧ ਹੈ, ਜਿਸ ਨੂੰ ਬਾਬਾ ਸ੍ਰੀਚੰਦ ਨੇ ਇਕ ਲੰਬੀ ਯਾਤਰਾ (ਉਦਾਸੀ) ਤੋਂ ਵਾਪਸ ਆਉਣ 'ਤੇ ਆਪਣੇ ਪਿਤਾ ਨੂੰ ਪਿਆਰ ਤੇ ਸ਼ਰਧਾ ਨਾਲ ਭੇਟ ਕੀਤਾ ਸੀ |
ਚਾਰ ਕੂਟ ਕੀ ਧਰਮਸਾਲਾ,
ਸੰਗਤ ਗਾਵੈ ਸਬਦ ਰਸਾਲਾ |
ਆਰਤਾ ਕੀਜੈ ਨਾਨਕ ਪਾਤਸਾਹ ਕਾ,
ਦੀਨ ਦੁਨੀ ਕੇ ਸਾਹ ਕਾ |
ਖੇਦ ਵਾਲੀ ਗੱਲ ਹੈ ਕਿ ਏਨੇ ਮਹਾਨ ਤਪੱਸਵੀ, ਸਮਰੱਥਵਾਨ, ਗੂੜ੍ਹ ਗਿਆਨ ਦੇ ਗਿਆਤਾ ਬਾਰੇ ਅਨੇਕਾਂ ਤਰ੍ਹਾਂ ਦੀ ਕਿੰਤੂ-ਪ੍ਰੰਤੂ ਕੀਤੀ ਜਾਂਦੀ ਰਹੀ ਹੈ | ਸਾਡੀ ਰੁਚੀ ਇਤਿਹਾਸ ਨੂੰ ਤੋੜ-ਮਰੋੜ ਕੇ ਵੇਖਣਾ ਜਾਂ ਇਤਿਹਾਸਕ ਪਿਛੋਕੜ ਨੂੰ ਆਪਣੇ ਸੰਕਲਪਾਂ ਦੇ ਹਾਣ ਦਾ ਬਣਾ ਕੇ ਪੇਸ਼ ਕਰਨ ਵਿਚ ਗਹਿਰੀ ਦਿਲਚਸਪੀ ਲੈਣ ਲੱਗ ਪਈ ਹੈ, ਜਦਕਿ ਮੌਜੂਦਾ ਸਮੇਂ ਸਾਨੂੰ ਬਾਬਾ ਸ੍ਰੀਚੰਦ ਜੀ ਦੀ ਜੀਵਨ ਧਾਰਾ 'ਚੋਂ ਸਾਦਾ ਰਹਿਣ-ਸਹਿਣ ਤੇ ਤਪ ਸਾਧਨਾ ਨੂੰ ਜ਼ਿੰਦਗੀ 'ਚ ਅਪਣਾਉਣਾ ਚਾਹੀਦਾ ਹੈ ਕਿਉਂਕਿ ਅੱਜ ਹਰ ਵਰਗ ਮਾਨਸਿਕ ਤਣਾਅ ਵਿਚ ਗ੍ਰਸਿਆ ਹੋਇਆ ਹੈ, ਜਿਸ ਦਾ ਕਾਰਨ ਸਾਡੀ ਦੂਜਿਆਂ ਵਾਂਗ ਜਿਊਣ ਦੀ ਜੀਵਨ ਸ਼ੈਲੀ ਹੈ | ਬਾਬਾ ਸ੍ਰੀਚੰਦ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਮਨ ਨੂੰ ਟਿਕਾਅ ਵਿਚ ਲਿਆਉਣਾ ਚਾਹੀਦਾ ਹੈ, ਜਿਨ੍ਹਾਂ ਦਾ ਸਭ ਤੋਂ ਵੱਡਾ ਸਰੋਤ ਧਿਆਨ ਸਾਧਨਾ ਹੈ ਜੋ ਅਸੀਂ ਬਾਬਾ ਸ੍ਰੀਚੰਦ ਜੀ ਦੇ ਜੀਵਨ ਤੋਂ ਬਾਖੂਬੀ ਸਿੱਖ ਸਕਦੇ ਹਾਂ |
ਅਜੋਕੇ ਸਮੇਂ ਵਿਚ ਬਾਬਾ ਸ੍ਰੀਚੰਦ ਜੀ ਦੀ ਉਦਾਸੀਨ ਸੰਪਰਦਾਇ ਆਪਣੇ ਸਰੂਪ ਤੇ ਸਿਧਾਂਤ ਦੀ ਸੰਪੂਰਨਤਾ ਨੂੰ ਗੁਆ ਕੇ ਮੂਰਤੀ ਪੂਜਾ ਤੇ ਹੋਰ ਅਨੁਸ਼ਠਾਨਾਂ ਨੂੰ ਆਪਣੇ ਕਲਾਵੇ ਵਿਚ ਸਮਾਉਂਦੀ ਹੋਈ ਪ੍ਰਤੀਤ ਹੋ ਰਹੀ ਹੈ, ਜਦਕਿ ਗੁਰਮਤਿ ਦਾ ਪ੍ਰਸਾਰ ਕਰਨ ਅਤੇ ਇਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅਨੁਸਾਰ ਜੀਵਨ ਜਿਊਣਾ ਉਦਾਸੀਨ ਸੰਪਰਦਾਇ ਦੀ ਪ੍ਰਮੁੱਖ ਵਿਸ਼ੇਸ਼ਤਾ ਸੀ | ਉਦਾਸੀਨ ਡੇਰਿਆਂ ਵਿਚ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮਹਾਨ ਰੁਤਬਾ ਦਿੱਤਾ ਜਾਂਦਾ ਸੀ | ਡੇਰੇ ਦਾ ਹਰੇਕ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਲਾਗੂ ਕਰਦਾ ਤੇ ਇਸ ਪ੍ਰਕਾਰ ਇਹ ਡੇਰੇ ਗੁਰਮਤਿ ਸਿੱਖਿਆ ਦੇਣ ਵਿਚ ਮੋਹਰੀ ਸਨ, ਪਰ ਮੌਜੂਦਾ ਸਮੇਂ ਉਦਾਸੀ ਡੇਰਿਆਂ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਮੌਜੂਦਗੀ ਜ਼ਰੂਰੀ ਨਹੀਂ ਸਮਝੀ ਜਾ ਰਹੀ | ਬਾਬਾ ਸ੍ਰੀਚੰਦ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨੂੰ ਪੰਜਾਬ ਸੂਬੇ ਦੇ ਨਾਲ ਲੱਗਦੀਆਂ ਹੱਦਾਂ ਤੋਂ ਪਾਰ ਪਹੁੰਚਾਇਆ | ਵਡਿਆਈ ਇਸ ਗੱਲ ਵਿਚ ਵੀ ਹੈ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਧਰਮ ਦੀ ਨਿਖੇਧੀ ਨਹੀਂ ਕੀਤੀ, ਸਗੋਂ ਹਰ ਧਰਮ ਦੇ ਵਡਮੁੱਲੇ ਵਿਚਾਰਾਂ ਨੂੰ ਲੋਕਾਈ ਤੱਕ ਪਹੁੰਚਾਉਣ ਲਈ ਹਮੇਸ਼ਾ ਤਤਪਰ ਰਹੇ |
ਬਾਬਾ ਸ੍ਰੀਚੰਦ ਜੀ ਦੀ ਬਾਹਰੀ ਸ਼ਖ਼ਸੀਅਤ ਤੋਂ ਹਿੰਦੂ ਇਸ਼ਟ ਦੇ ਝਲਕਾਰੇ ਦਿਖਦੇ ਹਨ, ਪਰ ਉਨ੍ਹਾਂ ਦੀ ਵਿਚਾਰਧਾਰਾ ਵਿਚ ਗੁਰਮਤਿ ਫ਼ਲਸਫ਼ੇ ਨੂੰ ਦੇਖਿਆ ਗਿਆ | ਉਨ੍ਹਾਂ ਦੀ ਵਿਚਾਰਧਾਰਾ ਪਿੱਛੇ ਪਰਮਾਤਮਾ ਦਾ ਸਰੂਪ, ਪਰਮਾਤਮਾ ਦੀ ਪ੍ਰਾਪਤੀ ਤੇ ਆਤਮ ਚਿੰਤਨ ਦਿਸਦਾ ਹੈ, ਜੋ ਹਰ ਧਰਮ, ਹਰ ਸੰਪਰਦਾਇ ਦੀ ਅੰਤਿਮ ਮੰਜ਼ਿਲ ਹੁੰਦੀ ਹੈ | ਗਹਿਰੀ ਖੋਜ ਬਿਰਤੀ ਨਾਲ ਦੇਖੀਏ ਤਾਂ ਬਾਬਾ ਸ੍ਰੀਚੰਦ ਦੀ ਤਿਆਗ ਦੀ ਬਿਰਤੀ ਦਾ ਅਰਥ ਘਰ ਤਿਆਗਣ ਤੋਂ ਜ਼ਿਆਦਾ ਸੰਸਾਰਕ ਮੋਹ-ਮਾਇਆ ਤੋਂ ਨਿਰਲੇਪਤਾ ਹੀ ਸੀ | ਤਿਆਗ ਬਿਰਤੀ, ਨਿਰਲੇਪਤਾ, ਉਪਰਾਮਤਾ, ਵਿਰੁਕਤਾ ਦੇ ਪਿੱਛੇ ਕਾਰਜ਼ਸ਼ੀਲ ਅਸਲ ਵਿਚਾਰਧਾਰਾ ਨੂੰ ਸਮਝਣਾ ਮੌਜੂਦਾ ਸਮੇਂ ਦੀ ਲੋੜ ਵੀ ਹੈ ਤੇ ਮੰਗ ਵੀ |
ਮੌਜੂਦਾ ਸਮੇਂ ਵਿਚ ਵੀ ਉਦਾਸੀਨ ਸੰਪਰਦਾਇ ਦੇ ਵਿਰਲੇ ਮਹਾਤਮਾ ਬਾਬਾ ਸ੍ਰੀਚੰਦ ਦੇ ਫ਼ਲਸਫ਼ੇ 'ਤੇ ਚਾਨਣਾ ਪਾ ਕੇ ਮਨੁੱਖਤਾ ਨੂੰ ਆਤਮ ਚਿੰਤਨ ਵੱਲ ਪ੍ਰੇਰਿਤ ਕਰਦੇ ਹਨ | ਇਹ ਸਾਰੇ ਮਹਾਂਪੁਰਖ ਧੰਨਤਾ ਦੇ ਯੋਗ ਹਨ | ਪਰ ਕਿਤੇ-ਕਿਤੇ ਉਦਾਸੀਨ ਮਤ ਆਪਣੇ ਪਿਛੋਕੜ ਅਤੇ ਆਪਣੇ ਪੁਰਖਿਆਂ ਦੇ ਪੂਰਨਿਆਂ 'ਤੇ ਤੁਰਨ ਦੀ ਬਜਾਏ ਨਿਵੇਕਲੀ ਜੀਵਨ ਜਾਚ ਅਤੇ ਸੰਕਲਪਾਂ ਦਾ ਪਸਾਰ ਕਰਦੀ ਦਿਖਾਈ ਦੇ ਰਹੀ, ਜਦਕਿ ਲੋੜ ਹੈ ਆਪਣੀਆਂ ਜੜ੍ਹਾਂ ਨੂੰ ਪੱਕੇ ਪੈਰੀਂ ਮਜ਼ਬੂਤੀ ਦੇਣ ਦੀ, ਨਾ ਕਿ ਸਮੇਂ ਦੀ ਹਨੇਰੀ ਵਿਚ ਉੱਖੜ ਕੇ ਅਸੰਤੁਲਿਤ ਹੋਣ ਦੀ | ਬਾਬਾ ਸ੍ਰੀਚੰਦ ਜੀ ਦੇ ਪੂਰਨਿਆਂ 'ਤੇ ਚੱਲਣ ਦੀ ਸਾਡੀ ਪਹਿਲੀ ਤੇ ਸਫ਼ਲ ਪੁਲਾਂਘ ਇਹੀ ਹੋਣੀ ਚਾਹੀਦੀ ਹੈ | ਉਦਾਸੀਨ, ਨਿਰਮਲੇ, ਸੇਵਾ ਪੰਥੀ ਅਤੇ ਹੋਰ ਬਹੁਤ ਸਾਰੀਆਂ ਸੰਪਰਦਾਵਾਂ ਇਕੋ ਹੀ ਮਾਲਾ ਦੇ ਸੁੱਚੇ ਮੋਤੀ ਹਨ, ਜਿਨ੍ਹਾਂ ਦੀ ਕਾਰਜਸ਼ੈਲੀ ਵਿਚ ਭਾਵੇਂ ਵਖਰੇਵੇ ਹਨ, ਪਰ ਨਿਸ਼ਾਨਾ ਗੁਰਮਤਿ ਜੀਵਨ ਜਾਚ ਸਿਖਾਉਣਾ ਹੀ ਹੈ | ਇਨ੍ਹਾਂ ਸਾਰੀਆਂ ਸੰਪਰਦਾਵਾਂ ਦਾ ਮੁੱਖ ਮਕਸਦ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮਾਰਗਦਰਸ਼ਕ ਮੰਨ ਕੇ ਮਨੁੱਖਤਾ ਨੂੰ ਆਤਮ ਚਿੰਤਨ ਵੱਲ ਪ੍ਰੇਰਿਤ ਕਰਨਾ ਹੋਣਾ ਚਾਹੀਦਾ ਹੈ |
ਸੋ, ਆਓ, ਬਾਬਾ ਸ੍ਰੀਚੰਦ ਜੀ ਦੇ 532ਵੇਂ ਆਗਮਨ ਪੁਰਬ ਮੌਕੇ ਉਨ੍ਹਾਂ ਦੇ ਜੀਵਨ ਤੋਂ ਸੇਧ ਲਈਏ | ਸਕਾਰਾਤਮਕ ਸੋਚ ਦੇ ਧਾਰਨੀ ਬਣੀਏ | ਬਾਹਰੀ ਪਹਿਰਾਵੇ, ਰਹਿਣ-ਸਹਿਣ ਵੱਲ ਟੀਕਾ-ਟਿੱਪਣੀ ਵਾਲੀ ਬਿਰਤੀ ਨੂੰ ਤਿਆਗ ਕੇ ਨਿਰੋਈ ਸੋਚ ਦੇ ਧਾਰਨੀ ਬਣੀਏ ਅਤੇ ਉਦਾਸੀਨ ਸੰਪਰਦਾਇ ਦੇ ਮੂਲ ਫ਼ਲਸਫ਼ੇ ਦੇ ਜਾਣਕਾਰ ਬਣੀਏ, ਜੋ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਓਟ-ਆਸਰੇ ਬਣਾ ਕੇ ਜੀਵਨ ਜਿਊਣ ਦੀ ਜਾਚ ਸਿਖਾਉਂਦਾ ਹੈ |
-ਅਹਿਮਦਗੜ੍ਹ (ਮਲੇਰਕੋਟਲਾ) |
ਮੋਬਾਈਲ : 94171-60833