ਭਾਰਤੀ ਹਾਕੀ ਦੇ ਭਰੋਸੇਮੰਦ ਫਾਰਵਰਡ ਖਿਡਾਰੀ ਗੁਰਜੰਟ ਸਿੰਘ ਨੇ ਵੀ ਆਖਰ ਹਾਕੀ ਨੂੰ ਅਲਵਿਦਾ ਆਖ ਦਿੱਤਾ ਹੈ। ਉਸ ਦੇ ਗੋਲ ਕਰਨ ਦੇ ਵਿਸ਼ੇਸ਼ ਹੁਨਰ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ। ਉਸ ਨੇ ਏਸ਼ੀਆ ਕੱਪ, ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਖੇਡਾਂ, ਉਲੰਪਿਕ ਤੇ ਵਿਸ਼ਵ ਕੱਪ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਗੁਰਜੰਟ ਸਿੰਘ ਦੀ ਰਿਵਰਸ ਹਿਟ ਵਿਚ ਐਨੀ ਤਾਕਤ ਹੁੰਦੀ ਸੀ ਕਿ ਕਹਿੰਦੇ-ਕਹਾਉਂਦੇ ਡਿਫੈਂਡਰ ਤੇ ਗੋਲਕੀਪਰ ਵੀ ਬਾਲ ਨੂੰ ਨਹੀਂ ਰੋਕ ਸਕਦੇ ਸਨ। ਸੱਟਾਂ-ਫੇਟਾਂ ਕਾਰਨ ਗੁਰਜੰਟ ਸਿੰਘ ਨੂੰ 31 ਸਾਲਾਂ ਦੀ ਉਮਰ ਵਿਚ ਸੰਨਿਆਸ ਲੈਣਾ ਪਿਆ, ਨਹੀਂ ਤਾਂ ਉਹ ਅਜੇ ਅਗਲੀਆਂ ਉਲੰਪਿਕ ਖੇਡਾਂ ਵੀ ਖੇਡ ਸਕਦਾ ਸੀ। ਗੁਰਜੰਟ ਸਿੰਘ ਦਾ ਜਨਮ ਮਾਝੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਲਿਆਰਾ ਵਿਖੇ 26 ਫਰਵਰੀ, 1995 'ਚ ਹੋਇਆ। ਸੁਰਜੀਤ ਹਾਕੀ ਅਕੈਡਮੀ ਜਲੰਧਰ ਤੋਂ ਉਸ ਨੇ ਹਾਕੀ ਦੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਸੰਨ 2016 ਵਿਚ ਲਖਨਊ ਵਿਖੇ ਹੋਏ ਜੂਨੀਅਰ ਵਿਸ਼ਵ ਹਾਕੀ ਕੱਪ ਵੇਲੇ ਗੁਰਜੰਟ ਦਾ ਨਾਂਅ ਉਦੋਂ ਚਰਚਾ ਵਿਚ ਆਇਆ ਸੀ, ਜਦੋਂ ਭਾਰਤ ਨੇ 15 ਸਾਲ ਬਾਅਦ ਇਹ ਕੱਪ ਜਿੱਤਿਆ ਸੀ। ਫਾਈਨਲ ਵਿਚ ਬੈਲਜੀਅਮ ਵਿਰੁੱਧ ਗੁਰਜੰਟ ਦਾ ਕੀਤਾ ਗਿਆ ਗੋਲ ਅੱਜ ਵੀ ਹਾਕੀ ਪ੍ਰੇਮੀਆਂ ਨੂੰ ਵਾਰ-ਵਾਰ ਚੇਤੇ ਆਉਂਦਾ ਹੈ। ਜੂਨੀਅਰ ਪੱਧਰ ਦੇ ਆਹਲਾ ਦਰਜੇ ਦਾ ਪ੍ਰਦਰਸ਼ਨ ਕਰਨ ਸਦਕਾ ਗੁਰਜੰਟ ਸਿੰਘ ਨੂੰ ਭਾਰਤ ਦੀ ਸੀਨੀਅਰ ਟੀਮ ਵਿਚ ਲੈ ਲਿਆ ਗਿਆ।
ਗੁਰਜੰਟ ਸਿੰਘ ਨੇ ਭਾਰਤੀ ਹਾਕੀ ਲਈ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ, ਜਿਨ੍ਹਾਂ 'ਚੋਂ ਜੂਨੀਅਰ ਏਸ਼ੀਆ ਕੱਪ 2015 ਕੁਆਟਨ ਵਿਚ ਗੋਲਡ ਤੇ ਜੂਨੀਅਰ ਹਾਕੀ ਵਿਸ਼ਵ ਕੱਪ 2016 ਲਖਨਊ ਵਿਚ ਸੋਨ ਤਗਮਾ ਪ੍ਰਾਪਤ ਕਰਨਾ ਹੈ। 2016-17 ਵਿਚ ਭੁਵਨੇਸ਼ਵਰ ਵਿਖੇ ਹਾਕੀ ਵਿਸ਼ਵ ਲੀਗ 'ਚ ਕਾਂਸੀ ਦਾ ਤਗਮਾ, ਏਸ਼ਿਆਈ ਚੈਂਪੀਅਨ ਟਰਾਫੀ 2018 ਮਸਕਟ ਅਤੇ 2023 ਚੇਨਈ ਵਿਚ ਸੋਨ ਤਗਮਾ, ਏਸ਼ੀਆ ਕੱਪ 2017 ਢਾਕਾ 'ਚ ਸੋਨ ਤਗਮਾ, ਏਸ਼ਿਆਈ ਖੇਡਾਂ 2022 ਹਾਂਗਜੂ 'ਚ ਸੋਨ ਤਗਮਾ, ਰਾਸ਼ਟਰਮੰਡਲ ਖੇਡਾਂ 2023 ਬਰਮਿੰਘਮ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਜਦੋਂ ਭਾਰਤ ਨੇ 2021 ਦੀਆਂ ਟੋਕੀਓ ਉਲੰਪਿਕ ਵਿਚ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤਿਆ ਸੀ ਤਾਂ ਉਸ ਜਿੱਤ ਵਿਚ ਗੁਰਜੰਟ ਸਿੰਘ ਦਾ ਅਹਿਮ ਯੋਗਦਾਨ ਸੀ। 2024 ਦੀਆਂ ਪੈਰਿਸ ਉਲੰਪਿਕ ਖੇਡਾਂ ਵਿਚ ਭਾਰਤ ਨੇ ਲਗਾਤਾਰ ਦੂਜੀ ਵਾਰੀ ਕਾਂਸੀ ਦਾ ਤਗਮਾ ਜਿੱਤ ਕੇ ਨਵਾਂ ਅਧਿਆਇ ਲਿਖਿਆ ਸੀ, ਜਿਸ ਵਿਚ ਗੁਰਜੰਟ ਸਿੰਘ ਦੀ ਅਹਿਮ ਭੂਮਿਕਾ ਸੀ। ਐਫ. ਆਈ. ਐੱਚ. ਪ੍ਰੋ ਲੀਗ ਵਿਚ ਨੀਦਰਲੈਂਡਜ਼ ਖ਼ਿਲਾਫ਼ ਸਿਰਫ਼ 13 ਸਕਿੰਟਾਂ ਵਿਚ ਸਭ ਤੋਂ ਤੇਜ਼ ਅੰਤਰਰਾਸ਼ਟਰੀ ਗੋਲ ਕਰਨ ਦਾ ਰਿਕਾਰਡ ਗੁਰਜੰਟ ਸਿੰਘ ਦੇ ਨਾਂਅ ਦਰਜ ਹੈ। ਗੁਰਜੰਟ ਸਿੰਘ ਨੇ 130 ਅੰਤਰਰਾਸ਼ਟਰੀ ਮੈਚ ਖੇਡਦਿਆਂ 33 ਗੋਲ ਕੀਤੇ ਹਨ।
ਬੀਤੇ ਮਹੀਨੇ ਹਾਕੀ ਇੰਡੀਆ ਦੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਗੁਰਜੰਟ ਸਿੰਘ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ, ਜਿੱਥੇ ਉਸ ਨੂੰ ਪੰਜ ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸੰਨ 2021 ਵਿਚ ਭਾਰਤ ਸਰਕਾਰ ਨੇ ਉਸ ਨੂੰ 'ਅਰਜੁਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਸੀ। ਸੰਨ 2021-22 ਵਿਚ ਪੰਜਾਬ ਸਰਕਾਰ ਨੇ ਉਸ ਨੂੰ ਪੰਜਾਬ ਪੁਲਿਸ ਵਿਚ ਡੀ. ਐਸ. ਪੀ. ਨਿਯੁਕਤ ਕੀਤਾ ਸੀ। ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਉਹ ਘਰੇਲੂ ਹਾਕੀ ਅਤੇ ਲੀਗ ਮੈਚ ਖੇਡਦਾ ਰਹੇਗਾ। ਗੁਰਜੰਟ ਸਿੰਘ ਦਾ ਖੇਡ ਜੀਵਨ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹੈ।
-ਤਹਿਸੀਲ-ਸੁਨਾਮ (ਸੰਗਰੂਰ)।