ਸਾਫ਼-ਸੁਥਰੀ ਸਹੀ ਢੰਗ ਨਾਲ ਸਜਾਈ ਰਸੋਈ ਪੂਰੇ ਪਰਿਵਾਰ ਨੂੰ ਸਿਹਤਮੰਦ ਰੱਖਣ ਵਿਚ ਸਮਰੱਥ ਹੁੰਦੀ ਹੈ। ਸੁਆਣੀ ਦੀ ਵੀ ਸਮੁੱਚੀ ਸ਼ਖ਼ਸੀਅਤ ਰਸੋਈ ਘਰ ਵਿਚ ਜਾਣ ਨਾਲ ਹੀ ਨਜ਼ਰ ਆਉਂਦੀ ਹੈ। ਥੋੜ੍ਹੀ ਜਿਹੀ ਸੂਝ-ਬੂਝ ਅਤੇ ਸਮਝਦਾਰੀ ਨਾਲ ਰਸੋਈ ਨੂੰ ਹਮੇਸ਼ਾ ਸਾਫ਼ ਅਤੇ ਚਮਕਦਾਰ ਰੱਖ ਸਕਦੇ ਹਾਂ। ਆਓ! ਹੇਠ ਲਿਖੀਆਂ ਗੱਲਾਂ 'ਤੇ ਗੌਰ ਕਰਕੇ ਇਨ੍ਹਾਂ ਨੂੰ ਅਮਲ ਵਿਚ ਲਿਆਈਏ।
ਰਸੋਈ ਘਰ ਦੀ ਸਫ਼ਾਈ ਲਗਾਤਾਰ ਕਰੋ। ਛੱਤਾਂ, ਦੀਵਾਰਾਂ, ਦਰਵਾਜ਼ਿਆਂ, ਖਿੜਕੀਆਂ ਵਿਚ ਫੈਲੇ ਜਾਲਿਆਂ ਨੂੰ ਲਗਾਤਾਰ ਸਾਫ਼ ਕਰਦੇ ਰਹੋ।
ਫਿਨਾਈਲ ਵਾਲੇ ਪਾਣੀ ਨਾਲ ਦੋ-ਤਿੰਨ ਵਾਰ ਪੋਚਾ ਲਗਾਓ। ਗੈਸ ਵਿਚ ਕੋਈ ਚੀਜ਼ ਡਿੱਗ ਜਾਣ 'ਤੇ ਤੁਰੰਤ ਪੂੰਝੋ। ਰਸੋਈ ਵਿਚ ਵਰਤੋਂ ਆਉਣ ਵਾਲਾ ਸਭ ਸਾਮਾਨ ਦੀ ਸੂਚੀ ਬਣਾ ਕੇ ਉਨ੍ਹਾਂ ਨੂੰ ਸਹੀ ਢੰਗ ਨਾਲ ਰੱਖੋ। ਖਾਣ ਵਾਲੀ ਸਮੱਗਰੀ ਰੱਖੇ ਜਾਣ ਵਾਲੇ ਡੱਬੇ, ਭਾਂਡਿਆਂ ਨੂੰ 15 ਦਿਨਾਂ ਬਾਅਦ ਸਾਫ਼ ਕਰਦੇ ਰਹੋ ਅਤੇ ਉਨ੍ਹਾਂ ਦੇ ਢੱਕਣ ਕੱਸ ਕੇ ਬੰਦ ਰੱਖੋ। ਰਸੋਈ ਵਿਚ ਸਲ੍ਹਾਬ, ਬਚੇ ਸਾਮਾਨ ਨਾਲ ਕੀੜੇ-ਮਕੌੜਿਆਂ ਦੇ ਪੈਦਾ ਹੋਣ ਦੀ ਸੰਭਾਵਨਾ ਵਧ ਜਾਵੇਗੀ।
ਇਸ ਲਈ ਕੀਟਨਾਸ਼ਕ ਦਵਾਈ ਦਾ ਛਿੜਕਾਅ ਸਮੇਂ-ਸਮੇਂ 'ਤੇ ਕਰਦੇ ਰਹਿਣਾ ਚਾਹੀਦਾ ਹੈ। ਰਸੋਈ ਵਿਚ ਕੂੜੇ ਦੇ ਢੇਰ ਨਾ ਲਗਾਓ। ਕੂੜੇ ਦੇ ਡੱਬੇ ਨੂੰ ਵੀ ਲਗਾਤਾਰ ਸਾਫ਼ ਕਰਦੇ ਰਹੋ। ਰਸੋਈ ਵਿਚ ਛੋਟੇ-ਛੋਟੇ ਤੌਲੀਏ ਜਾਂ ਨੈਪਕਿਨ ਦੀ ਹੀ ਵਰਤੋਂ ਕਰੋ, ਪੁਰਾਣੇ ਕੱਪੜਿਆਂ ਦੀ ਨਹੀਂ। ਹਾਂ, ਰਾਤ ਨੂੰ ਸੌਣ ਤੋਂ ਪਹਿਲਾਂ ਵਰਤੋਂ ਵਿਚ ਲਿਆਂਦੇ ਗਏ ਕੱਪੜਿਆਂ ਨੂੰ ਜ਼ਰੂਰ ਧੋਵੋ। ਜੂਠੇ ਭਾਂਡਿਆਂ ਨੂੰ ਉਂਝ ਹੀ ਖੰਗਾਲ ਕੇ ਸਿੰਕ ਵਿਚ ਨਾ ਪਾਓ ਸਗੋਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ-ਪੂੰਝ ਕੇ ਰੱਖੋ। ਰਸੋਈ ਵਿਚ ਭੋਜਨ ਤਿਆਰ ਕਰਨ ਤੋਂ ਪਹਿਲਾਂ ਸਭ ਜ਼ਰੂਰੀ ਸਮੱਗਰੀ ਨੂੰ ਇਕ ਥਾਂ ਰੱਖ ਲਓ। ਭੋਜਨ ਬਣਾਉਣ ਤੋਂ ਪਹਿਲਾਂ ਆਪਣੇ ਹੱਥਾਂ-ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲਓ। ਰਸੋਈ ਵਿਚ ਭੋਜਨ ਤੇ ਸਭ ਖਾਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਸਾਫ਼ ਥਾਂ 'ਤੇ ਢਕ ਕੇ ਰੱਖੋ। ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਨੂੰ ਪੂਰਾ ਸਾਫ਼ ਕਰ ਲਓ। ਸਵੇਰ ਸਮੇਂ ਰਸੋਈ ਨੂੰ ਦੇਖ ਤੁਹਾਡਾ ਮਨ ਦੁੱਗਣੇ ਉਤਸ਼ਾਹ ਨਾਲ ਕੰਮ ਕਰਨ ਦਾ ਹੋਵੇਗਾ।
ਘਰ ਦਾ ਸ਼ੀਸ਼ਾ ਹੁੰਦੀ ਹੈ ਸਾਫ਼ ਰਸੋਈ
ਅਜੀਤ ਡੈਸਕ
09-04-2026