08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗਰਮੀਆਂ ਦੀਆਂ ਛੁੱਟੀਆਂ 'ਚ ਬੱਚਿਆਂ ਨੂੰ ਬਣਾਓ ਰਚਨਾਤਮਿਕ ਰੱਖੋ ਸੁਰੱਖਿਅਤ

Ad Position 21
No active advertisement
ਅਜੀਤ ਡੈਸਕ 21-05-2026

ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਤੇ ਮਾਂ-ਬਾਪ ਲਈ ਇਕ ਤੋਹਫ਼ਾ ਹੈ, ਜਿਸ ਦਾ ਸਹੀ ਇਸਤੇਮਾਲ ਕਰਕੇ ਬੱਚੇ ਆਪਣੇ ਅੰਦਰ ਛੁਪੇ ਹੁਨਰ ਨੂੰ ਖੋਜ ਸਕਦੇ ਹਨ ਤੇ ਕਈ ਨਵੀਆਂ ਰਚਨਾਤਮਿਕ ਚੀਜ਼ਾਂ ਸਿੱਖ ਸਕਦੇ ਹਨ। ਇਸ ਦੇ ਨਾਲ ਪੜ੍ਹਾਈ ਵਿਚ ਰਹਿਣ ਵਾਲੀਆਂ ਕਮੀਆਂ ਨੂੰ ਦੂਰ ਕਰਕੇ ਮਾਂ-ਬਾਪ ਨਾਲ ਘਰ ਦੀਆਂ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣਾ ਸਿੱਖ ਸਕਦੇ ਹਨ।
ਸਭ ਤੋਂ ਪਹਿਲਾਂ ਮਾਂ ਬਾਪ ਨੂੰ ਬੱਚਿਆਂ ਨਾਲ ਕੁਆਲਿਟੀ ਸਮਾਂ ਬਿਤਾਉਣਾ ਚਾਹੀਦਾ ਹੈ ਤਾਂ ਕਿ ਹਰ ਪਲ ਦਾ ਲਾਭ ਉਠਾਇਆ ਜਾਏ। ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰੋ ਕਿ ਉਨ੍ਹਾਂ ਨੂੰ ਕੀ ਕਰਨਾ ਪਸੰਦ ਹੈ ਤੇ ਛੁੱਟੀਆਂ ਵਿਚ ਉਹ ਕੀ ਨਵਾਂ ਸਿੱਖਣਾ ਚਾਹੁੰਦੇ ਹਨ? ਕਿਸੇ ਬੱਚੇ ਨੂੰ ਪੇਟਿੰਗ, ਕਿਸੇ ਨੂੰ ਡਾਂਸ, ਸੰਗੀਤ, ਫੋਟੋਗ੍ਰਾਫ਼ੀ ਜਾਂ ਖੇਡਾਂ ਆਦਿ। ਜਦੋਂ ਉਨ੍ਹਾਂ ਨੂੰ ਰੁਚੀ ਅਨੁਸਾਰ ਮੌਕੇ ਮਿਲਦੇ ਹਨ ਤਾਂ ਉਹ ਹੋਰ ਉਤਸ਼ਾਹ ਨਾਲ ਕੰਮ ਕਰਦੇ ਹਨ ਤੇ ਉਨ੍ਹਾਂ ਦਾ ਹੁਨਰ ਚਮਕ ਕੇ ਸਾਹਮਣੇ ਆਉਂਦਾ ਹੈ। ਕਈ ਬੱਚੇ ਪੁਰਾਣੀਆਂ ਤੇ ਫਾਲਤੂ ਚੀਜ਼ਾਂ ਦਾ ਇਸਤੇਮਾਲ ਕਰਕੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਹਨ ਕਿ ਵੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ।
ਮਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਧੀ ਹੋਵੇ ਜਾਂ ਪੁੱਤਰ ਦੋਵਾਂ ਨੂੰ ਘਰ ਦੇ ਛੋਟੇ-ਛੋਟੇ ਕੰਮ ਕਰਨੇ ਜ਼ਰੂਰ ਸਿਖਾਵੇ। ਜਿਵੇਂ ਆਪਣੇ ਲਈ ਬ੍ਰੈੱਡ ਟੋਸਟ ਬਣਾਉਣਾ, ਆਂਡਾ ਉਬਾਲਣਾ ਤੇ ਦੁੱਧ-ਕੌਫ਼ੀ ਆਦਿ ਬਣਾਉਣਾ। ਇਸ ਦੇ ਇਲਾਵਾ ਰਸੋਈ ਵਿਚ ਛੋਟੇ-ਛੋਟੇ ਕੰਮਾਂ ਵਿਚ ਹੱਥ ਵੰਡਾਉਣਾ, ਜੇ ਕਦੀ ਮਾਂ ਠੀਕ ਨਾ ਹੋਵੇ ਤਾਂ ਉਸ ਨੂੰ ਆਰਾਮ ਕਰਨ ਲਈ ਕਹਿ ਕੇ ਖਾਣਾ ਆਪ ਬਣਾਉਣ ਦੀ ਕੋਸ਼ਿਸ਼ ਕਰਨਾ। ਮਾਂ-ਬਾਪ ਦੁਆਰਾ ਕੀਤੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਦੇ ਨਾਲ ਆਤਮ-ਵਿਸ਼ਵਾਸੀ ਵੀ ਬਣਾਉਂਦੀਆਂ ਹਨ। ਭੈਣ-ਭਰਾਵਾਂ ਨੂੰ ਕੁਝ ਦੇਰ ਇਕੱਲੇ ਬੈਠਣ ਲਈ ਸਮਾਂ ਦਿਓ, ਜਦੋਂ ਉਹ ਮੋਬਾਈਲ ਤੋਂ ਦੂਰ ਰਹਿ ਕੇ ਆਪਸ ਵਿਚ ਬੈਠਣਗੇ ਤਾਂ ਉਹ ਖੁੱਲ੍ਹ ਕੇ ਆਪਣੀ ਹਰ ਗੱਲ ਇਕ ਦੂਜੇ ਨਾਲ ਸਾਂਝੀ ਕਰ ਸਕਣਗੇ, ਜਿਸ ਨਾਲ ਉਨ੍ਹਾਂ ਵਿਚ ਪਿਆਰ ਤੇ ਵਿਚਾਰ ਵਟਾਂਦਰੇ ਦੀ ਭਾਵਨਾ ਵਧੇਗੀ। ਬੱਚਿਆਂ ਨੂੰ ਕੁਝ ਸਮਾਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰੋ। ਸਾਹਿਤ, ਮਹਾਨ ਲੋਕਾਂ ਦੇ ਜੀਵਨ ਤੇ ਗਿਆਨਵਰਧਕ ਕਿਤਾਬਾਂ ਬੱਚਿਆਂ ਦੀ ਸੋਚ ਨੂੰ ਵਧਾਉਂਦੀਆਂ ਹਨ। ਇਸ ਨਾਲ ਬੱਚਿਆਂ ਦੀ ਕਲਪਨਾ ਸ਼ਕਤੀ ਤੇ ਭਾਸ਼ਾ ਦੋਵੇਂ ਮਜ਼ਬੂਤ ਹੁੰਦੇ ਹਨ।
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਨਾਲ ਜੋੜਨਾ ਤੇ ਉਸ ਨੂੰ ਬਚਾਉਣ ਬਾਰੇ ਦੱਸਣਾ ਵੀ ਬਹੁਤ ਜ਼ਰੂਰੀ ਹੈ। ਸਵੇਰ ਦੀ ਸੈਰ, ਪੰਛੀਆਂ ਨੂੰ ਦਾਣਾ ਪਾਉਣਾ ਜਾਂ ਰੁੱਖ ਲਗਾਉਣਾ ਉਨ੍ਹਾਂ ਨੂੰ ਕੁਦਰਤ ਦੀ ਮਹੱਤਤਾ ਸਮਝਾਉਣ ਦੇ ਨਾਲ ਮਨ ਵਿਚ ਦਇਆ ਤੇ ਜ਼ਿੰਮੇਵਾਰੀ ਦੀ ਭਾਵਨਾ ਵਿਚ ਵੀ ਵਾਧਾ ਹੁੰਦਾ ਹੈ। ਘਰ ਵਿਚ ਇਕ 'ਟੈਲੇਂਟ ਡੇ' ਰੱਖਣਾ ਚਾਹੀਦਾ ਹੈ ਜਿਥੇ ਘਰ ਦਾ ਹਰ ਮੈਂਬਰ ਆਪਣੇ ਹੁਨਰ ਜਾਂ ਕਲਾ ਨੂੰ ਦਿਖਾ ਸਕੇ, ਜੇ ਹੋ ਸਕੇ ਤਾਂ ਬੱਚਿਆਂ ਨੂੰ ਛੋਟਾ ਜਿਹਾ ਉਪਹਾਰ ਦੇ ਕੇ, ਉਸ ਦਾ ਹੌਸਲਾ ਵੀ ਵਧਾ ਸਕਦੇ ਹੋ। ਛੁੱਟੀਆਂ ਹੋਣ ਤੋਂ ਪਹਿਲਾਂ ਹੀ ਸਮਰ ਕੈਲੰਡਰ ਜਾਂ ਡੇਲੀ ਰੁਟੀਨ ਤਿਆਰ ਕਰ ਲੈਣੀ ਚਾਹੀਦੀ ਹੈ। ਬੱਚਿਆਂ ਨੂੰ ਸਭ ਤੋਂ ਪਹਿਲਾਂ ਛੁੱਟੀਆਂ ਦਾ ਕੰਮ ਕਰ ਲੈਣਾ ਚਾਹੀਦਾ ਹੈ, ਕਿਉਂਕਿ ਜਦੋਂ ਬਾਹਰ ਘੁੰਮਣ ਫਿਰਨ ਜਾਣ ਤਾਂ ਆ ਕੇ ਉਨ੍ਹਾਂ ਨੂੰ ਮੁਸ਼ਕਿਲ ਨਾ ਹੋਵੇ। ਬੱਚਿਆਂ ਨੂੰ ਆਪਣੇ ਟੀਚੇ ਲਿਖਣ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

-ਮੋਬਾ. : 98782-49944

Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ 'ਚ ਬੱਚਿਆਂ ਨੂੰ ਬਣਾਓ ਰਚਨਾਤਮਿਕ ਰੱਖੋ ਸੁਰੱਖਿਅਤ ਅਗਲੀ ਖ਼ਬਰ ਐੱਸ.ਆਈ.ਆਰ. ਤੇ ਮਰਦਮਸ਼ੁਮਾਰੀ ਦੌਰਾਨ ਸਾਵਧਾਨੀ ਦੀ ਲੋੜ
Ad Position 24