ਪੰਜਾਬ ਵਾਸੀਆਂ ਲਈ ਅਗਲੇ ਕੁਝ ਮਹੀਨੇ ਬਹੁਤ ਮਹੱਤਵਪੂਰਨ ਹਨ। ਸੂਬੇ ਵਿਚ ਮਰਦਮਸ਼ੁਮਾਰੀ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ.ਆਈ.ਆਰ.) ਕਰਵਾਉਣ ਦਾ ਐਲਾਨ ਹੋ ਚੁੱਕਾ ਹੈ। ਮਰਦਮਸ਼ੁਮਾਰੀ 15 ਮਈ ਤੋਂ 13 ਜੂਨ ਤੱਕ ਹੋਣੀ ਹੈ, ਜਦਕਿ ਐੱਸ.ਆਈ.ਆਰ. 25 ਜੂਨ ਤੋਂ 24 ਜੁਲਾਈ ਤੱਕ। ਦੋਵੇਂ ਪ੍ਰਕਿਰਿਆਵਾਂ ਸਾਡੇ ਲਈ ਮਾਅਨੇ ਰੱਖਦੀਆਂ ਹਨ। ਸ਼ਹਿਰਾਂ ਦੀਆਂ ਸੜਕਾਂ ਤੋਂ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਵੋਟਾਂ ਦੀ ਸੁਧਾਈ ਅਤੇ ਮਰਦਮਸ਼ੁਮਾਰੀ ਦੀ ਚਰਚਾ ਛਿੜ ਗਈ ਹੈ। ਵਕਤ ਬਦਲ ਗਿਆ ਹੈ, ਹੁਣ ਸਿਰਫ਼ ਬੂਹੇ ਉੱਤੇ ਆਏ ਬੰਦੇ ਨੂੰ ਹੀ ਨਹੀਂ,ਉਸ ਦੇ ਹੱਥ ਵਿਚ ਫੜੀ ਡਿਜੀਟਲ ਡਾਇਰੀ ਨੂੰ ਵੀ ਪਰਖਣ ਦੀ ਲੋੜ ਹੈ। ਪੰਜਾਬੀਆਂ ਦੀ ਸਾਦਗੀ ਧੋਖਾਧੜੀ ਦਾ ਸ਼ਿਕਾਰ ਨਾ ਹੋਵੇ, ਇਸ ਲਈ ਸੁਚੇਤ ਰਹਿਣਾ ਪਵੇਗਾ। ਤੁਹਾਡੇ ਵੇਰਵੇ ਤੁਹਾਡੀ ਨਿੱਜੀ ਪੂੰਜੀ ਹਨ। ਡਿਜੀਟਲ ਯੁੱਗ ਵਿਚ ਐੱਸ.ਆਈ.ਆਰ. ਜਾਂ ਮਰਦਮਸ਼ੁਮਾਰੀ ਦੇ ਨਾਂਅ 'ਤੇ ਧੋਖਾਧੜੀ ਤੋਂ ਬਚਾਅ ਯਕੀਨੀ ਬਣਾਉਣਾ ਹੋਵੇਗਾ। ਬੂਹੇ 'ਤੇ ਆਏ ਕਿਸੇ ਵੀ ਅਧਿਕਾਰੀ ਨੂੰ ਨਿੱਜੀ ਜਾਣਕਾਰੀ ਦੇਣ ਤੋਂ ਪਹਿਲਾਂ ਕਈ ਪਹਿਲੂ ਜਾਨਣੇ ਜ਼ਰੂਰੀ ਹਨ।
ਘਰ 'ਚ ਕਿਸੇ ਵੀ ਅਧਿਕਾਰੀ ਦੇ ਆਉਣ 'ਤੇ ਸਾਨੂੰ ਅਧਿਕਾਰੀ ਦਾ ਪਛਾਣ ਪੱਤਰ ਦੇਖਣਾ ਹੋਵੇਗਾ। ਹਰੇਕ ਗਣਨਾਕਾਰ ਜਾਂ ਅਧਿਕਾਰੀਕੋਲ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਅਧਿਕਾਰਤ ਪਛਾਣ ਪੱਤਰ ਹੋਣਾ ਲਾਜ਼ਮੀ ਹੁੰਦਾ ਹੈ। ਉਸ 'ਤੇ ਅਧਿਕਾਰੀ ਦੀ ਫੋਟੋ,ਮੋਹਰ ਅਤੇ ਵਿਭਾਗ ਦਾ ਨਾਂਅ ਹੁੰਦਾ ਹੈ। ਜੇਕਰ ਉਸ ਕੋਲ ਅਜਿਹਾ ਦਸਤਾਵੇਜ਼ ਨਹੀਂ ਹੈ ਤਾਂ ਤੁਸੀਂ ਉਸ ਨੂੰ ਆਪਣੀ ਨਿੱਜੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਸਕਦੇ ਹੋ। ਤੁਸੀਂ ਅਧਿਕਾਰੀ ਨੂੰ ਨਿਯੁਕਤੀ ਪੱਤਰ ਦੀ ਕਾਪੀ ਦਿਖਾਉਣ ਲਈ ਵੀ ਕਹਿ ਸਕਦੇ ਹੋ। ਆਮ ਤੌਰ 'ਤੇ ਮਰਦਮਸ਼ੁਮਾਰੀ ਤੋਂ ਪਹਿਲਾਂ ਇਲਾਕੇ ਦੇ ਪਟਵਾਰੀ,ਸਰਪੰਚ ਜਾਂ ਕੌਂਸਲਰ ਨੂੰ ਸੂਚਿਤ ਕੀਤਾ ਜਾਂਦਾ ਹੈ। ਅਧਿਕਾਰੀ ਦੀ ਉਨ੍ਹਾਂ ਤੋਂ ਪੁਸ਼ਟੀ ਕੀਤੀ ਜਾ ਸਕਦੀ ਹੈ। ਪਿੰਡਾਂ ਵਿਚ ਲੋਕ ਅਕਸਰ ਇਨ੍ਹਾਂ ਸਾਵਧਾਨੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਉੱਥੋਂ ਦੇ ਸਰਪੰਚਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੇ ਪਿੰਡ ਵਾਸੀਆਂ ਨੂੰ ਇਨ੍ਹਾਂ ਸਾਵਧਾਨੀਆਂ ਤੋਂ ਜਾਣੂ ਕਰਵਾਉਣ। ਸ਼ਹਿਰਾਂ ਵਿਚ ਵੀ ਸੰਚਾਰ ਦੇ ਵਧੇਰੇ ਸਾਧਨ ਹੋਣ ਦੇ ਬਾਵਜੂਦ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਨੇ, ਜਿਨ੍ਹਾਂ ਨੂੰ ਸੁਚੇਤ ਹੋਣਾ ਪਵੇਗਾ।
ਪੰਜਾਬ ਵਿਚ ਹਾਊਸਲਿਸਟਿੰਗ ਅਤੇ ਹਾਊਸਿੰਗ ਜਨਗਣਨਾ ਦੌਰਾਨ ਸਾਡੇ ਤੋਂ ਕੁੱਝ ਵਿਸ਼ੇਸ਼ ਸਵਾਲ ਪੁੱਛੇ ਜਾਣੇ ਹਨ। ਧਿਆਨ ਰੱਖੋ ਕਿ ਕੋਈ ਵੀ ਅਧਿਕਾਰੀ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦਾ ਸਵਾਲ ਨਾ ਪੁੱਛੇ। ਘਰ ਦੀ ਜਾਣਕਾਰੀ ਵਿਚ ਮਕਾਨ ਨੰਬਰ, ਫਰਸ਼, ਕੰਧਾਂ ਅਤੇ ਛੱਤ ਦੀ ਸਮੱਗਰੀ, ਘਰ ਦੀ ਨਿਸ਼ਚਿਤਵਰਤੋਂ-(ਰਿਹਾਇਸ਼ੀ/ਗੈਰ ਰਿਹਾਇਸ਼ੀ), ਘਰ ਦੀ ਹਾਲਤ ਬਾਰੇ ਸਵਾਲ ਪੁੱਛੇ ਜਾਣਗੇ। ਪਰਿਵਾਰ ਬਾਰੇ ਮੁੱਢਲੀ ਜਾਣਕਾਰੀ ਵਿਚ ਪਰਿਵਾਰਕ ਮੈਂਬਰਾਂ ਦੀ ਗਿਣਤੀ, ਪਰਿਵਾਰ ਦੇ ਮੁਖੀ ਦਾ ਨਾਂਅ, ਲਿੰਗ ਅਤੇ ਜਾਤ ਬਾਰੇ ਪੁੱਛਿਆ ਜਾਵੇਗਾ। ਇਸ ਤੋਂ ਇਲਾਵਾ ਮਕਾਨ ਦੀ ਮਲਕੀਅਤ ਸਥਿਤੀ, ਮਕਾਨ ਵਿਚ ਕਮਰਿਆਂ ਦੀ ਗਿਣਤੀ, ਘਰ ਵਿਚ ਰਹਿਣ ਵਾਲੇ ਵਿਆਹੇ ਜੋੜਿਆਂ ਦੀ ਗਿਣਤੀ ਬਾਰੇ ਪੁੱਛਿਆ ਜਾਵੇਗਾ। ਸਹੂਲਤਾਂ ਵਿਚ ਪੀਣ ਵਾਲੇ ਪਾਣੀ ਦਾ ਸਰੋਤ, ਪੀਣ ਵਾਲੇ ਪਾਣੀ ਦੇ ਸਰੋਤ ਦੀ ਉਪਲਬਧਤਾ, ਰੌਸ਼ਨੀ ਦਾ ਮੁੱਖ ਸਰੋਤ, ਪਖਾਨੇ ਤੱਕ ਪਹੁੰਚ, ਪਖਾਨੇ ਦੀ ਕਿਸਮ, ਗੰਦੇ ਪਾਣੀ ਦਾ ਨਿਕਾਸ, ਬਾਥਰੂਮ ਦੀ ਸਹੂਲਤ, ਰਸੋਈ ਘਰ ਅਤੇ ਐੱਲ.ਪੀ.ਜੀ/ਪੀ.ਐੱਨ.ਜੀ. ਕੁਨੈਕਸ਼ਨ ਦੀ ਉਪਲਬਧਤਾ, ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਮੁੱਖ ਬਾਲਣ ਬਾਰੇ ਪੁੱਛਿਆ ਜਾਵੇਗਾ। ਸੰਪਤੀਆਂ ਵਿਚ ਰੇਡੀਓ, ਟਰਾਂਜਿਸਟਰ, ਟੈਲੀਵਿਜ਼ਨ, ਇੰਟਰਨੈੱਟ ਸਹੂਲਤ, ਕੰਪਿਊਟਰ/ ਲੈਪਟਾਪ ਤੱਕ ਪਹੁੰਚ, ਮੋਬਾਈਲ ਫੋਨ, ਟੈਲੀਫੋਨ, ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨਾਂ ਬਾਰੇ ਪੁੱਛਿਆ ਜਾਵੇਗਾ।
ਸਰਕਾਰ ਨੇ ਟੋਲ ਫਰੀ ਨੰਬਰ-1855 ਵੀ ਜਾਰੀ ਕੀਤਾ ਹੈ, ਜਿਸ ਰਾਹੀਂ ਕੋਈ ਵੀ ਅਧਿਕਾਰਤ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਚੇਤੇ ਰਹੇ ਕਿਇਨ੍ਹਾਂਸੰਭਾਵਿਤਸਵਾਲਾਂਬਾਰੇਹੀਅਸੀਂਜਾਣਕਾਰੀਸਾਂਝੀਕਰਨੀਹੈ।
ਐੱਸ.ਆਈ.ਆਰ. ਦਾ ਮੁੱਖ ਮਕਸਦ ਵੋਟਰ ਸੂਚੀ ਨੂੰ ਬਿਲਕੁਲ ਸਹੀ ਤੇ ਅਪਡੇਟ ਕਰਨਾ ਹੈ। ਇਸ ਸਬੰਧੀ ਜਾਣਕਾਰੀ ਲੈਣ ਲਈ ਤੁਹਾਡੇ ਘਰ ਮੁੱਖ ਤੌਰ 'ਤੇਬੀ.ਐਲ.ਓ. (ਬੂਥ ਪੱਧਰ ਅਧਿਕਾਰੀ)ਆਵੇਗਾ। ਇਹ ਆਮ ਤੌਰ 'ਤੇ ਸਥਾਨਕ ਸਰਕਾਰੀ ਸਕੂਲਾਂ ਦੇ ਅਧਿਆਪਕ,ਆਂਗਣਵਾੜੀ ਵਰਕਰ ਜਾਂ ਪਟਵਾਰੀ ਹੁੰਦੇ ਹਨ,ਜਿਨ੍ਹਾਂ ਦੀ ਡਿਊਟੀ ਚੋਣ ਕਮਿਸ਼ਨ ਵਲੋਂ ਲਗਾਈ ਜਾਂਦੀ ਹੈ। ਬੀ.ਐੱਲ.ਓ. ਦਾ ਕੰਮ ਵੋਟਰ ਸੂਚੀ ਦੀ ਪੜਤਾਲ ਕਰਨਾ ਹੈ। ਇਸ ਲਈ ਉਹ ਤੁਹਾਡੇ ਪਰਿਵਾਰ ਦੇ ਸਾਰੇ18ਸਾਲ ਤੋਂ ਉੱਪਰ ਦੇ ਜੀਆਂ ਬਾਰੇ ਜਾਣਕਾਰੀ ਇਕੱਠੀ ਕਰੇਗਾ। ਉਸ ਵਲੋਂ ਵੋਟਰ ਰਜਿਸਟ੍ਰੇਸ਼ਨ, ਵਿਆਹ, ਪੱਕੇ ਤੌਰ 'ਤੇ ਪ੍ਰਵਾਸ ਕਰਨ ਬਾਰੇ, ਵੋਟਰ ਕਾਰਡ ਵਿਚ ਕਿਸੇ ਤਰ੍ਹਾਂ ਦੀ ਗਲਤ ਜਾਣਕਾਰੀ ਬਾਰੇ, ਪਰਿਵਾਰ ਵਿਚ ਕਿਸੇ ਦੀ ਮੌਤ ਹੋਣ ਬਾਰੇ ਜਾਂ ਨਵਾਂ ਵੋਟਰ ਕਾਰਡ ਬਣਾਉਣ ਬਾਰੇ ਸਵਾਲ ਪੁੱਛੇ ਜਾਣਗੇ। ਅਧਿਕਾਰਤ ਤੌਰ 'ਤੇ ਬੀ.ਐਲ.ਓ. ਨੂੰ ਤੁਹਾਡੇ ਤੋਂ ਕਿਸੇ ਵੀ ਤਰ੍ਹਾਂ ਦਾਬੈਂਕ ਨਾਲ ਸੰਬੰਧਿਤ ਓ.ਟੀ.ਪੀ. ਜਾਂ ਨਿੱਜੀ ਪਾਸਵਰਡ ਮੰਗਣ ਦੀ ਲੋੜ ਨਹੀਂ ਹੁੰਦੀ।
ਹਾਲਾਂਕਿ,ਜੇਕਰ ਤੁਸੀਂ ਆਪਣਾ ਵੋਟਰ ਕਾਰਡ ਆਧਾਰ ਨਾਲ ਲਿੰਕ ਕਰਵਾ ਰਹੇ ਹੋ ਜਾਂ ਆਨਲਾਈਨ ਫਾਰਮ ਭਰ ਰਹੇ ਹੋਤਾਂ ਚੋਣ ਕਮਿਸ਼ਨ ਦੇ ਪੋਰਟਲ ਤੋਂ ਸਿਰਫ਼ ਮੋਬਾਈਲ ਵੈਰੀਫਿਕੇਸ਼ਨ ਲਈ ਇਕ ਕੋਡ ਮੰਗਿਆ ਜਾ ਸਕਦਾ ਹੈ। ਜੇਕਰ ਕੋਈ ਬੈਂਕ ਖਾਤੇ,ਪਿੰਨ ਜਾਂ ਕਿਸੇ ਸ਼ੱਕੀ ਐਪ ਨੂੰ ਡਾਊਨਲੋਡ ਕਰਨ ਲਈ ਓ.ਟੀ.ਪੀ ਮੰਗੇ ਤਾਂ ਉਹ ਧੋਖਾਧੜੀ ਹੋ ਸਕਦੀ ਹੈ। ਤੁਸੀਂ ਸਿਰਫ਼ ਆਪਣੇ ਵੋਟਰ ਕਾਰਡ ਨਾਲ ਸੰਬੰਧਿਤ ਦਸਤਾਵੇਜ਼ ਦਿਖਾਉਣੇ ਹਨ। ਸਭ ਤੋਂ ਪਹਿਲਾਂ ਅਧਿਕਾਰੀ ਤੋਂ ਉਸ ਦਾ ਵਿਭਾਗੀ ਪਛਾਣ ਪੱਤਰ ਮੰਗੋ।ਉਸ ਕੋਲ ਵੋਟਰ ਸੂਚੀ ਦੀ ਕਾਪੀ ਜਾਂ ਸਰਕਾਰੀ ਮੋਹਰ ਵਾਲਾ ਰਜਿਸਟਰ ਹੋਵੇਗਾ। ਪਿੰਡਾਂ ਵਿਚ ਬੀ.ਐਲ.ਓਜ਼. ਆਮ ਤੌਰ 'ਤੇ ਸਥਾਨਕ ਹੀ ਹੁੰਦੇ ਹਨ,ਫਿਰ ਵੀ ਜੇਕਰ ਸ਼ੱਕ ਹੋਵੇ ਤਾਂ ਆਪਣੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਉਸ ਦੀ ਪੁਸ਼ਟੀ ਕਰ ਲਵੋ। ਮਰਦਮਸ਼ੁਮਾਰੀ ਅਤੇਐਸ.ਆਈ.ਆਰ. ਦੋਵੇਂ ਵੱਖ-ਵੱਖ ਕੰਮ ਹਨ, ਪਰ ਇਸ ਵਾਰ ਇਹ ਲਗਭਗ ਨਾਲ-ਨਾਲ ਚੱਲ ਰਹੇ ਹਨ,ਇਸ ਲਈ ਦੋਵਾਂ ਦੇ ਅਧਿਕਾਰੀਆਂ ਦੀ ਪਛਾਣ ਕਰਨੀ ਲਾਜ਼ਮੀ ਹੈ।
ਮਰਦਮਸ਼ੁਮਾਰੀ ਦੌਰਾਨ ਕੋਈ ਵੀ ਸਰਕਾਰੀ ਅਧਿਕਾਰੀ ਤੁਹਾਡੇ ਤੋਂਤੁਹਾਡਾ ਬੈਂਕ ਖਾਤਾ ਨੰਬਰ, ਏ.ਟੀ.ਐੱਮ. ਨਾਲ ਜੁੜੀ ਕੋਈ ਵੀ ਜਾਣਕਾਰੀ, ਕ੍ਰੈਡਿਟ ਕਾਰਡ ਨੰਬਰ, ਪਿੰਨ, ਪਾਸਵਰਡ ਜਾਂ ਓ.ਟੀ.ਪੀ. ਨਹੀਂ ਮੰਗੇਗਾ ਤੇ ਨਾ ਹੀ ਇਸ ਲਈ ਉਹ ਦਬਾਅ ਪਾ ਸਕਦਾ ਹੈ। ਜੇ ਉਹ ਅਜਿਹਾ ਕਰਦਾ ਹੈ ਤਾਂ ਸੰਬੰਧਿਤ ਥਾਣੇ 'ਚ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਕਿਸੇ ਵੀ ਖਾਲੀ ਕਾਗਜ਼ 'ਤੇ ਦਸਤਖਤ ਨਾ ਕਰੋ ਜਾਂ ਅੰਗੂਠਾ ਨਾ ਲਗਾਓ। ਸਿਰਫ ਅਧਿਕਾਰਤ ਫਾਰਮ 'ਤੇ ਹੀ ਜਾਣਕਾਰੀ ਦਰਜ ਕਰਾਓ।ਜੇ ਤੁਹਾਨੂੰ ਮਰਦਮਸ਼ੁਮਾਰੀ ਦੇ ਨਾਂਅ 'ਤੇ ਕੋਈ ਮੈਸੇਜ ਜਾਂ ਲਿੰਕ ਆਉਂਦਾ ਹੈ ਤਾਂ ਉਸ 'ਤੇ ਬਿਲਕੁਲ ਕਲਿਕ ਨਾ ਕਰੋ।
ਹਾਲਾਂਕਿ ਇਹ ਦੇਸ਼ ਦੀ ਪਹਿਲੀ ਡਿਜੀਟਲ ਮਰਦਮਸ਼ੁਮਾਰੀ ਹੈ, ਇਸ ਲਈ ਆਨਲਾਈਨ ਪੋਰਟਲ 'ਤੇ ਅਸੀਂ ਖ਼ੁਦ ਆਪਣੀ ਨਿੱਜੀ ਜਾਣਕਾਰੀ ਦਰਜ ਕਰ ਸਕਦੇ ਹਾਂ। ਇਸ ਲਈ ਸਾਨੂੰ ਅਧਿਕਾਰਤ ਵੈੱਬਸਾਈਟ ਦੀ ਤਸਦੀਕ ਕਰਨੀ ਲਾਜ਼ਮੀ ਹੋਵੇਗਾ। ਸਿਰਫ਼https://se.census.{ov.}n 'ਤੇ ਹੀ ਆਪਣੀ ਨਿੱਜੀ ਜਾਣਕਾਰੀ ਦਰਜ ਕਰਾਈ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਉਕਤ ਮਰਦਮਸ਼ੁਮਾਰੀ 2021 'ਚ ਕਰਾਈ ਜਾਣੀ ਸੀ,ਜੋ ਕੋਵਿਡ ਕਾਰਨ ਮੁਲਤਵੀ ਕੀਤੀ ਗਈ ਸੀ। ਹੁਣ ਇਹ 2026-27 'ਚ ਕਰਾਈ ਜਾ ਰਹੀ ਹੈ। ਇਹ ਦੇਸ਼ ਦੀ ਪਹਿਲੀ ਜਾਤੀ ਜਨਗਣਨਾ ਵੀ ਹੈ। ਇਹ ਗੱਲ ਯਾਦ ਰੱਖੋ ਕਿ 'ਮਰਦਮਸ਼ੁਮਾਰੀ ਐਕਟ 1948'ਤਹਿਤ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਤੇ ਇਹ ਕਿਸੇ ਨਿੱਜੀ ਕੰਪਨੀ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ। ਅਜਿਹਾ ਹੋਣ 'ਤੇ ਉਕਤ ਐਕਟ ਤਹਿਤ ਇਸ ਨੂੰ ਅਦਾਲਤ 'ਚ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ। ਇਕ ਜਾਗਰੂਕ ਨਾਗਰਿਕ ਵਜੋਂ ਸਹੀ ਜਾਣਕਾਰੀ ਦੇਣਾ ਸਾਡਾ ਫਰਜ਼ ਹੈ ਤਾਂ ਜੋ ਸਰਕਾਰ ਸਹੀ ਯੋਜਨਾਵਾਂ ਬਣਾ ਸਕੇ।
-ਸੀਨੀਅਰ ਨਾਮਾਨਿਗਾਰ,
ਖੇਤਰੀ ਸਮਾਚਾਰ ਇਕਾਈ, ਦੂਰਦਰਸ਼ਨ ਕੇਂਦਰ ਜਲੰਧਰ।
ਸੰਪਰਕ:99148-11835