ਥੁੱਲੀ (ਦਲੀਆ)
ਸਮੱਗਰੀ : ਕਣਕ ਦਾ ਦਲੀਆ, ਹਰੀ ਮੂੰਗ ਦੀ ਦਾਲ, ਨਮਕ, ਘਿਓ।
ਵਿਧੀ : ਇਕ ਕੌਲੀ ਕਣਕ ਦਾ ਦਲੀਆ ਤੇ ਇਕ ਮੁੱਠੀ ਹਰੀ ਮੂੰਗ ਦੀ ਦਾਲ ਨੂੰ ਆਪਸ ਵਿਚ ਮਿਲਾ ਲਓ। ਫਿਰ ਥੋੜ੍ਹਾ ਜਿਹਾ ਘਿਓ ਗਰਮ ਕਰਕੇ ਦੋਵਾਂ ਨੂੰ ਥੋੜ੍ਹਾ ਸੇਕ ਲਓ। ਤਿੰਨ ਕੌਲੀ ਪਾਣੀ ਗਰਮ ਕਰਕੇ ਦਲੀਆ ਵਿਚ ਮਿਲਾ ਲਓ। ਸਵਾਦ ਅਨੁਸਾਰ ਨਮਕ ਮਿਲਾ ਕੇ ਕੁੱਕਰ ਵਿਚ ਦੋ ਸੀਟੀਆਂ ਆਉਣ ਤੱਕ ਪਕਾਓ। ਪਕਾਉਣ ਤੋਂ ਬਾਅਦ ਜੇਕਰ ਦਲੀਆ ਬਹੁਤ ਗਾੜ੍ਹਾ ਹੋਵੇ ਤਾਂ ਥੋੜ੍ਹਾ ਗਰਮ ਪਾਣੀ ਹੋਰ ਮਿਲਾਓ ਅਤੇ ਚੰਗੀ ਤਰ੍ਹਾਂ ਤੋਂ ਹਿਲਾਓ। ਇਸ ਤਰ੍ਹਾਂ ਦਲੀਾ ਤਿਆਰ ਹੈ। ਪਰੋਸਣ ਸਮੇਂ ਦਲੀਏ ਵਿਚ ਘਿਓ ਪਾਓ ਅਤੇ ਦਹੀਂ ਅਤੇ ਕੜ੍ਹੀ ਦੇ ਨਾਲ ਪੇਸ਼ ਕਰੋ।
ਫਰਕਾ ਮੋਗਰ
ਸਮੱਗਰੀ : ਮੂੰਗੀ ਦੀ ਦਾਲ, ਲਾਲ ਮਿਰਚ ਪੀਸੀ ਹੋਈ, ਹਲਦੀ, ਧਨੀਆ, ਪੀਸਿਆ ਹੋਇਆ ਗਰਮ ਮਸਾਲਾ, ਜੀਰਾ, ਨਮਕ, ਹਿੰਗ, ਹਰੀ ਮਿਰਚ ਤੇ ਧਨੀਆ ਕੱਟਿਆ ਹੋਇਆ, ਤੇਲ, ਘਿਓ।
ਵਿਧੀ : ਮੂੰਗੀ ਦੀ ਦਾਲ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ, ਚੰਗੀ ਤਰ੍ਹਾਂ ਧੋ ਕੇ ਕੁਝ ਦੇਰ ਲਈ ਭਿਉਂ ਦਿਓ। ਭਿੱਜਣ ਤੋਂ ਬਾਅਦ ਦਾਲ ਵਿਚ ਪਾਣੀ ਪਾ ਕੇ ਪੱਕਣ ਲਈ ਰੱਖ ਦਿਉ। ਜਦੋਂ ਮੋਗਰ ਪੱਕ ਜਾਵੇ ਭਾਵ ਦਾਲ ਨੂੰ ਹੱਥ 'ਚ ਲੈ ਕੇ ਉਂਗਲੀ ਨਾਲ ਦਬਾਓ, ਜਦੋਂ ਉਹ ਸੌਖਿਆਂ ਨਾਲ ਦੱਬਣ ਲੱਗੇ ਉਦੋਂ ਸਮਝ ਲਓ ਕਿ ਦਾਲ ਪੱਕ ਗਈ ਹੈ। ਫਿਰ ਦਾਲ ਨੂੰ ਪਾਣੀ ਤੋਂ ਬਾਹਰ ਕੱਢ ਲਓ ਅਤੇ ਅੱਧੀ ਦਾਲ ਉਸੇ ਪਾਣੀ ਵਿਚ ਰਹਿਣ ਦਿਓ।
ਹੁਣ ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਉਦੋਂ ਚੁਟਕੀ ਭਰ ਹਿੰਗ ਅਤੇ ਜੀਰਾ ਪਾਓ। ਨਾਲ ਹੀ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਵੀ ਪਾ ਦਿਓ। ਹੁਣ ਦਾਲ ਵਿਚ ਪੀਸੀ ਹੋਈ ਲਾਲ ਮਿਰਚ, ਹਲਦੀ, ਧਨੀਆ ਤੇ ਸਵਾਦ ਅਨੁਸਾਰ ਨਮਕ ਮਿਲਾ ਕੇ ਗਰਮ ਤੇਲ ਵਿਚ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਹਿਲਾ ਲਓ। ਹੁਣ ਥੋੜ੍ਹਾ ਜਿਹਾ ਗਰਮ ਮਸਾਲਾ ਤੇ ਬਰੀਕ ਕੱਟਿਆ ਹੋਇਆ ਧਨੀਆ ਮਿਲਾ ਦਿਓ। ਇਸ ਨੂੰ ਬਾਕੀ ਦਾਲ ਨਾਲ ਮਿਲਾ ਲਓ। ਇਸ ਤਰ੍ਹਾਂ ਫਰਕਾ ਮੋਗਰ ਤਿਆਰ ਹੈ।
-੦-
ਬਣਾਓ, ਖਾਓ ਰਾਜਸਥਾਨੀ ਪਕਵਾਨ
ਅਜੀਤ ਡੈਸਕ
28-05-2026