28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

26 ਜਨਵਰੀ 'ਤੇ ਵਿਸ਼ੇਸ਼ ਬਾਲ ਕਹਾਣੀ ਦੇਸ਼ ਪ੍ਰੇਮ

Ad Position 21
No active advertisement
ਅਜੀਤ ਡੈਸਕ 24-01-2026

ਸਰਦਾਰ ਦਰਸ਼ਨ ਸਿੰਘ ਦੇਸ਼ ਦੀ ਫ਼ੌਜ ਵਿਚ ਕਰਨਲ ਦੇ ਅਹੁਦੇ ਉੱਤੇ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੀ ਰੈਜਮੈਂਟ ਦੀ ਇਕ ਟੁਕੜੀ ਦੇਸ਼ ਦੀ ਸਰਹੱਦ ਉੱਤੇ ਤਾਇਨਾਤ ਸੀ। ਸਰਹੱਦ ਦੇ ਬਿਲਕੁੱਲ ਨਾਲ ਦੂਜਾ ਦੇਸ਼ ਪੈਂਦਾ ਸੀ। ਦੇਸ਼ ਦੀ ਸਰਹੱਦ ਉੱਤੇ ਤਿੰਨ ਚਾਰ ਪਰਿਵਾਰ ਵਸੇ ਹੋਏ ਸਨ, ਜਿਨ੍ਹਾਂ ਘਰਾਂ ਵਿਚ ਉਹ ਰਹਿੰਦੇ ਸਨ, ਉਹ ਕੇਵਲ ਕਹਿਣ ਲਈ ਮਕਾਨ ਸਨ। ਉਨ੍ਹਾਂ ਮਿੱਟੀ ਅਤੇ ਬਾਂਸਾਂ ਦੇ ਬਣੇ ਘਰਾਂ ਵਿਚ ਉਹ ਕੇਵਲ ਜ਼ਿੰਦਗੀ ਜੀਅ ਰਹੇ ਸਨ। ਕਰਨਲ ਦਰਸ਼ਨ ਸਿੰਘ ਦੇ ਮਨ ਵਿਚ ਹਰ ਰੋਜ਼ ਸਵੇਰੇ ਸੈਰ ਕਰਦਿਆਂ ਉਨ੍ਹਾਂ ਘਰਾਂ ਵਿਚ ਰਹਿੰਦੇ ਲੋਕਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਆਉਂਦੇ। ਉਹ ਸੋਚਦੇ ਕਿਸ ਤਰ੍ਹਾਂ ਜਿੰਦਗੀ ਜੀਅ ਰਹੇ ਨੇ ਇਹ ਲੋਕ। ਐਨੀ ਹੱਡਭੰਨਵੀਂ ਠੰਢ, ਨਾ ਕੋਈ ਸਹੂਲਤ, ਨਾ ਕੋਈ ਖਾਸ ਆਮਦਨ, ਹਰ ਵੇਲੇ ਮੌਤ ਦਾ ਡਰ, ਇਹ ਇਸ ਥਾਂ ਨੂੰ ਛੱਡ ਕੇ ਕਿਧਰੇ ਹੋਰ ਕਿਉਂ ਨਹੀਂ ਚਲੇ ਜਾਂਦੇ। ਉਹ ਇਹ ਸਾਰਾ ਕੁੱਝ ਸੋਚਦੇ ਉਨ੍ਹਾਂ ਘਰਾਂ ਕੋਲੋਂ ਲੰਘ ਜਾਂਦੇ। ਉਨ੍ਹਾਂ ਦਾ ਦਿਲ ਕਰਦਾ ਕਿ ਕਿਸੇ ਦਿਨ ਉਨ੍ਹਾਂ ਲੋਕਾਂ ਨਾਲ ਬੈਠ ਕੇ ਗੱਲ ਕਰਨ, ਉਨ੍ਹਾਂ ਤੋਂ ਆਪਣੇ ਸਵਾਲਾਂ ਦਾ ਜਵਾਬ ਮੰਗਣ ਪਰ ਉਹ ਸੋਚਦੇ-ਸੋਚਦੇ ਹੀ ਉਨ੍ਹਾਂ ਘਰਾਂ ਕੋਲੋਂ ਲੰਘ ਜਾਂਦੇ। ਇਕ ਦਿਨ ਉਨ੍ਹਾਂ ਦੀ ਰੈਜਮੈਂਟ ਦਾ ਛੋਟਾ ਜਿਹਾ ਸਮਾਗਮ ਸੀ। ਕਰਨਲ ਦਰਸ਼ਨ ਸਿੰਘ ਦੇ ਮਨ ਵਿਚ ਆਇਆ ਕਿ ਕਿਉਂ ਨਾ ਇਸ ਵੇਰ ਉਨ੍ਹਾਂ ਘਰਾਂ ਵਿਚ ਵਸਦੇ ਲੋਕਾਂ ਨੂੰ ਆਪਣੇ ਸਮਾਗਮ 'ਚ ਬੁਲਾਇਆ ਜਾਵੇ। ਉਨ੍ਹਾਂ ਨੇ ਆਪਣੀ ਰੈਜਮੈਂਟ ਦੇ ਜਵਾਨਾਂ ਨਾਲ ਸਲਾਹ ਕਰਕੇ ਉਨ੍ਹਾਂ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਆਪਣੇ ਸਮਾਗਮ ਵਿਚ ਬਲਾਉਣ ਦਾ ਫ਼ੈਸਲਾ ਕੀਤਾ। ਕਰਨਲ ਦਰਸ਼ਨ ਸਿੰਘ ਆਪਣੇ ਜਵਾਨਾਂ ਨਾਲ ਉਨ੍ਹਾਂ ਲੋਕਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਗਏ। ਉਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਬਹੁਤ ਹੀ ਖੁਸ਼ੀ ਨਾਲ ਸਵਾਗਤ ਕੀਤਾ।
ਉਨ੍ਹਾਂ ਲੋਕਾਂ ਦੇ ਚਿਹਰਿਆਂ ਉੱਤੇ ਖੁਸ਼ੀ ਨੂੰ ਵੇਖ ਕੇ ਕਰਨਲ ਦਰਸ਼ਨ ਸਿੰਘ ਨੂੰ ਆਪਣੇ ਸਵਾਲਾਂ ਦਾ ਜਵਾਬ ਮਿਲ ਗਿਆ ਸੀ ਪਰ ਫੇਰ ਵੀ ਉਹ ਉਨ੍ਹਾਂ ਦੇ ਮੂੰਹ ਤੋਂ ਆਪਣੇ ਸਵਾਲਾਂ ਦੇ ਜਵਾਬ ਸੁਣਨਾ ਚਾਹੁੰਦੇ ਸਨ। ਰੈਜਮੈਂਟ ਦੇ ਸਮਾਗਮ ਵਾਲੇ ਦਿਨ ਉਨ੍ਹਾਂ ਘਰਾਂ ਦੇ ਲੋਕ ਸਮਾਗਮ 'ਚ ਸ਼ਾਮਿਲ ਹੋਣ ਲਈ ਪਹੁੰਚ ਗਏ। ਖਾਣਾ ਖਾਣ ਤੋਂ ਬਾਅਦ ਕਰਨਲ ਦਰਸ਼ਨ ਸਿੰਘ ਅਤੇ ਹੋਰ ਫ਼ੌਜੀ ਜਵਾਨਾਂ ਨੇ ਉਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਕੁਝ ਆਪਣੀ ਪਸੰਦ ਦਾ ਸੁਣਾਉਣ ਲਈ ਕਿਹਾ।
ਬੱਚਿਆਂ ਨੇ ਦੇਸ-ਪ੍ਰੇਮ ਦੇ ਗੀਤ ਸੁਣਾ ਕੇ ਸਭ ਦੇ ਮਨਾਂ ਨੂੰ ਮੋਹ ਲਿਆ। ਕਰਨਲ ਸਾਹਿਬ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਤੋਹਫ਼ੇ ਦੇ ਕੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਇਸ ਥਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਕਿਉਂ ਨਹੀਂ ਚਲੇ ਜਾਂਦੇ ? ਕਰਨਲ ਸਾਹਿਬ ਦੀ ਗੱਲ ਦਾ ਜਵਾਬ ਦੇਣ ਲਈ ਅਜੇ ਬਜ਼ੁਰਗਾਂ ਨੇ ਤਾਂ ਕੋਈ ਜਵਾਬ ਦੇਣਾ ਹੀ ਸੀ ਕਿ ਉਸ ਤੋਂ ਪਹਿਲਾਂ ਉਨ੍ਹਾਂ ਦੇ ਬੱਚਿਆਂ ਨੇ ਕਿਹਾ, ਕਰਨਲ ਅੰਕਲ, ਇਹ ਸਾਡੇ ਦੇਸ਼ ਦੀ ਧਰਤੀ ਹੈ, ਅਸੀਂ ਇਸ ਮਿੱਟੀ ਵਿਚ ਪਲ ਕੇ ਵੱਡੇ ਹੋਏ ਹਾਂ। ਇਸ ਮਿੱਟੀ ਨੇ ਸਾਡੇ ਮਨਾਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕੀਤੀ ਹੈ।
ਇਸ ਦੇਸ਼ ਦਾ ਸਾਡੇ ਉੱਤੇ ਕਰਜ਼ ਹੈ। ਇਸ ਨਾਲ ਸਾਡਾ ਜਨਮ-ਮਰਨ ਦਾ ਸੰਬੰਧ ਹੈ। ਅਸੀਂ ਇਸ ਮਿੱਟੀ ਨੂੰ ਛੱਡ ਕੇ ਨਹੀਂ ਜਾ ਸਕਦੇ। ਬੱਚਿਆਂ ਦਾ ਦੇਸ਼-ਪ੍ਰੇਮ ਵੇਖ ਕੇ ਕਰਨਲ ਸਾਹਿਬ ਅਤੇ ਦੂਜੇ ਫ਼ੌਜੀ ਜਵਾਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਕਰਨਲ ਦਰਸ਼ਨ ਸਿੰਘ ਨੇ ਬੱਚਿਆਂ ਨੂੰ ਜੱਫੀ ਵਿਚ ਲੈ ਕੇ ਕਿਹਾ, ਬੱਚਿਓ, ਬੋਲੋ, ਸਾਡਾ ਦੇਸ਼ ਜ਼ਿੰਦਾਬਾਦ।

-ਮੋਬਾਈਲ : 98726-27136

Ad Position 22
No active advertisement
ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-2 ਪਾਣੀ-ਪਿਤਾ ਅਗਲੀ ਖ਼ਬਰ 24-01-26
Ad Position 24