ਲੱਛੂ ਕਬਾੜੀਆ
ਲੇਖਕ : ਸਾਹਿਬ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 60
ਸੰਪਰਕ : 98880-11096

ਦੁਨੀਆ ਭਰ ਦੇ ਕਿਰਤੀਆਂ ਨੂੰ ਸਮਰਪਿਤ ਕੀਤਾ ਗਿਆ ਨਾਟਕ 'ਲੱਛੂ ਕਬਾੜੀਆ' ਮਾਤ੍ਹੜ ਬੰਦੇ ਨਾਲ ਹੁੰਦੇ ਧੱਕਿਆਂ 'ਤੇ ਅਣਹੋਣੀਆਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦਾ ਹੈ। ਨਾਟਕ ਦੇ ਆਰੰਭ 'ਚ ਲਿਖੀ ਸਾਧੂ ਸਿੰਘ ਹੋਰਾਂ ਦੀ ਇਹ ਗੱਲ ਬਿਲਕੁਲ ਸਹੀ ਹੈ ਕਿ ਇਹ ਇਕ-ਪਾਤਰੀ ਨਾਟਕ ਨਹੀਂ ਸਗੋਂ ਬਹੁਤ ਸਾਰੇ ਪਾਤਰਾਂ ਦੇ ਕਿਰਦਾਰਾਂ ਦੀ ਇਕ ਇਕ ਪੁਰਖਾ ਅਦਾਕਾਰੀ ਵਾਲਾ ਨਾਟਕ ਹੈ। ਦਰਅਸਲ ਇਸ ਨਾਟਕ ਵਿਚ ਨਾਟਕਕਾਰ ਨੇ ਗ਼ਲਤ ਨੂੰ ਗ਼ਲਤ ਕਹਿਣ ਦੀ ਪੂਰੀ ਜੁਅਰੱਤ ਕੀਤੀ ਹੈ ਤੇ ਹਰ ਤਰ੍ਹਾਂ ਦੀ ਨਾਇਨਸਾਫ਼ੀ ਨੂੰ ਨਰੋਏ ਢੰਗ ਨਾਲ ਨਕਾਰਿਆ ਹੈ। ਨਾਟਕ ਦਾ ਸਿੱਧਾ ਸੰਬੰਧ ਰੰਗਮੰਚ ਨਾਲ ਹੁੰਦਾ ਹੈ। ਨਾਟਕ ਦੇ ਕਰਤਾ ਸਾਹਿਬ ਸਿੰਘ ਮੁਤਾਬਕ ਇਸ ਨਾਟਕ ਦਾ ਸਵਾ ਸੌ ਸ਼ੋਅ ਖੇਡਿਆ ਜਾ ਚੁੱਕਿਆ ਹੈ। ਇਸਦਾ ਅਰਥ ਹੈ ਕਿ ਇਹ ਨਾਟਕ ਦੇਖਣ, ਸੁਣਨ ਤੇ ਪੜ੍ਹਨ ਵਾਲਿਆਂ ਭਾਵ ਸਭ ਨੂੰ ਪ੍ਰਵਾਨ ਹੈ। ਸਹੀ ਮਾਅਨਿਆਂ 'ਚ ਇਹ 40 ਕੁ ਸਫ਼ਿਆਂ ਦਾ ਨਾਟਕ ਬੜੇ ਤਿੱਖੇ ਭਾਵਅਰਥ ਵਾਲਾ ਹੈ। ਨਾਟਕ ਦੀ ਸ਼ੈਲੀ ਬੜੀ ਟੁੰਬਵੀਂ ਤੇ ਦਿਲਚਸਪ ਹੈ। ਹਰ ਸ਼ਬਦ ਤੇ ਹਰ ਵਾਕ ਅਰਥ ਭਰਪੂਰ ਹੈ। ਵੰਨਗੀ ਵੇਖੋ :- (ਲੱਛੂ ਦੀਆਂ ਅੱਖਾਂ 'ਚ ਗੁੱਸਾ ਤੇ ਨਰਾਜ਼ਗੀ ਪ੍ਰਗਟ ਹੁੰਦੀ ਹੈ)
ਅੱਖਾਂ ਖੋਲ੍ਹ ਕੇ ਦੇਖੋ, ਫਿਰ ਲਿਖੋ ਅੰਕੜੇ...
ਕਲੰਕ ਭੁੱਖ ਹੈ, ਭੁੱਖ ਸਹਿਣ ਆਲੇ ਨ੍ਹੀ...
ਕਲੰਕ ਭੁੱਖ ਪੈਦਾ ਕਰਨ ਆਲੇ ਐ
ਭੁੱਖ ਨਾਲ ਲੜਨ ਆਲੇ ਨ੍ਹੀ
ਕਲੰਕ ਉਹ ਨੇ ਜਿਹੜੇ ਭੁੱਖੀ ਜਨਤਾ ਨੂੰ ਭੇਡਾਂ ਬੱਕਰੀਆਂ
ਦੀ ਤਰ੍ਹਾਂ ਹੱਕੀ ਫਿਰਦੇ ਨੇ
ਉਹ ਕਲੰਕ ਨਹੀਂ ਜਿਹੜੇ ਕਿਮੇਂ ਨਾ ਕਿਮੇਂ ਭੁੱਖੇ ਰਹਿ ਕੇ
ਵੀ ਜ਼ਿੰਦਗੀ ਖਿੱਚੀ ਤੁਰਦੇ ਨੇ!
(ਪੰਨਾ 35)
ਨਿਰਸੰਦੇਹ ਪੂਰਾ ਨਾਟਕ ਇਕ ਅਮੀਰ ਅਦਬੀ ਕਿਰਤ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੈਫ਼ਾਬਾਦ ਆਗਮਨ ਅਤੇ ਨਵਾਬ ਸੈਫ਼ ਖ਼ਾਨ
ਲੇਖਕ, ਸੰਪਾਦਕ ਅਤੇ ਅਨੁਵਾਦਕ :
ਸਤਿੰਦਰ ਸਿੰਘ (ਡਾ.)
ਪ੍ਰਕਾਸ਼ਕ : ਟਵੈਂਟੀ ਫਸਟ ਸੈਂਚਰੀ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 190 ਰੁਪਏ, ਸਫ਼ੇ : 128
ਸੰਪਰਕ : 98156-54530

ਹਥਲੀ ਪੁਸਤਕ ਦਾ ਰਚੇਤਾ ਧਰਮ ਦੇ ਖੇਤਰ ਦਾ ਸਫਲ ਅਧਿਆਪਕ, ਬੁਲਾਰਾ ਤੇ ਲੇਖਕ ਹੈ। ਇਸ ਤੋਂ ਪਹਿਲਾਂ ਵੀ ਉਹ ਦੋ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕਾ ਹੈ। ਲੇਖਕ ਨੇ ਇਹ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮੇਂ ਗੁਰੂ ਸਾਹਿਬ ਪਿਆਰੇ ਨਵਾਬ ਸੈਫ਼ ਖਾਨ ਜੀ ਦੀ ਸੱਚੀ ਪ੍ਰੀਤ ਨੂੰ ਭੇਟ ਕੀਤੀ ਹੈ। ਪਟਿਆਲਾ-ਰਾਜਪੁਰਾ ਰੋਡ 'ਤੇ ਗੁਰਦੁਆਰਾ ਪਾਤਿਸ਼ਾਹੀ ਨੌਵੀਂ, ਬਹਾਦਰਗੜ੍ਹ ਵੀ ਨਵਾਬ ਸੈਫ਼ ਖਾਨ ਦੀ ਸੱਚੀ ਪ੍ਰੀਤ ਦੀ ਜੁਗਾਂ ਤੱਕ ਸਥਾਪਿਤ ਰਹਿਣ ਵਾਲੀ ਬੇਸ਼ਕੀਮਤੀ ਸਰਮਾਏ ਦੀ ਨਿਸ਼ਾਨੀ ਹੈ। ਸੁਹਿਰਦ ਲੇਖਕ ਨੇ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਗੁਰੂ ਸਾਹਿਬ ਦੇ ਆਗਮਨ ਦੇ ਸਿਰਲੇਖ ਹੇਠ ਸ਼ਾਮਿਲ ਕੀਤੇ ਪੰਜ ਉਪ ਸਿਰਲੇਖਾਂ ਵਿਚ 'ਨਵਾਬ ਸੈਫ਼ ਖਾਂ' ਨੇ ਦੇਣੇ ਹਨ 'ਹੁਣ ਬਾਸਣ ਭੇਜਣੇ' ਦੂਜੇ ਉਪ ਸਿਰਲੇਖ ਵਿਚ 'ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੈਫ਼ਬਾਦ ਆਗਮਨ' ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ 'ਤੇ ਆਧਾਰਿਤ ਪੇਸ਼ ਕੀਤਾ ਹੈ। ਤੀਜੇ ਅਧਿਆਇ ਵਿਚ 'ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ' 'ਤੇ ਆਧਾਰਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੈਫ਼ਾਬਾਦ ਆਗਮਨ ਚੌਥੇ ਅਧਿਆਇ ਵਿਚ 'ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੈਫ਼ਾਬਾਦ ਆਗਮਨ', 'ਇਕ ਪੰਛੀ ਝਾਤ' ਵਜੋਂ ਅਤੇ ਅੰਤਲੇ ਅਧਿਆਏ ਵਿਚ ਨੌਵੇਂ ਪਾਤਿਸ਼ਾਹ ਅਤੇ ਨਵਾਬ ਸੈਫ਼ ਖਾਨ ਵਿਚਾਲੇ ਗੁਣਾਂ ਦੀ ਸਾਂਝ ਵਿਚ ਭਾਵਪੂਰਤ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ।
ਪੁਸਤਕ ਦੇ ਦੂਜੇ ਭਾਗ ਵਿਚ 'ਨਵਾਬ ਸੈਫ਼ ਖਾਨ : ਜਾਣ ਪਛਾਣ ਤੇ ਰਚਨਾ ਸੰਸਾਰ' ਅਧੀਨ ਸੱਤ ਉਪ-ਸਿਰਲੇਖਾਂ ਵਿਚ 'ਨਵਾਬ ਸੈਫ਼ ਮੁਆਸਿਰੀ ਆਲਮਗਿਰੀ ਅਨੁਸਾਰ', ਦੂਜੇ ਅਧਿਆਏ 'ਨਵਾਬ ਸੈਫ਼ ਖਾਨ' ਮਾਸਿਰ-ਉਲ-ਉਮਰਾ ਦੇ ਅਨੁਸਾਰ', ਤੀਜੇ ਅਧਿਆਇ ਵਿਚ 'ਨਵਾਬ ਸੈਫ਼ ਖਾਨ ਫਰੀਰੁੱਲਾ ਦੀ ਆਪਬੀਤੀ' ਲੇਖਕ ਨੇ ਸਖ਼ਤ ਘਾਲਣਾ ਨਾਲ ਪਾਠਕਾਂ ਦੀ ਸਾਂਝ ਪੁਆਈ ਹੈ। ਚੌਥੇ ਤੇ ਪੰਜਵੇਂ ਅਧਿਆਏ ਵਿਚ 'ਰਾਗ ਦਰਪਣ : ਜਾਣ-ਪਛਾਣ' ਅਤੇ 'ਗੁਰੂ ਭਗਤ, ਸੂਰਬੀਰ, ਸੰਗੀਤ ਸ਼ਾਸਤਰ ਦਾ ਗਿਆਤਾ ਬਾਬਾ ਸੈਫ਼ ਦੀਨ' ਨਵਾਬ ਸਾਹਿਬ ਦੇ ਸੰਗੀਤ ਪ੍ਰੇਮੀ ਹੋਣ ਦਾ ਜ਼ਿਕਰ ਬਾ-ਖ਼ੂਬੀ ਕੀਤਾ ਹੈ। ਛੇਵੇਂ ਤੇ ਸੱਤਵੇਂ ਅਧਿਆਏ ਵਿਚ 'ਨਵਾਬ ਸੈਫ਼ ਖਾਨ ਉਰਫ਼ ਸੈਫ਼ੂਦੀਨ ਅਹਿਮਦ ਫਕੀਰੁੱਲਾ, ਅਲੀ ਰਾਜਪੁਰਾ, ਸਟੇਟ ਐਵਾਰਡੀ ਵਲੋਂ ਅਤੇ ਮਤਲਬ ਤੋਂ ਕੀ ਚਾਹ ਸੇ ਹੈ ਸ਼ਾਇਰ ਸਦੀਦ' ਨੇ ਭਰਪੂਰ ਜਾਣਕਾਰੀ ਦਿੱਤੀ ਹੈ।
ਕਿਤਾਬ ਦੇ ਅੰਤਿਮ ਭਾਗ ਵਿਚ 'ਸੈਫ਼ਾਬਾਦ ਦੇ ਆਸਪਾਸ : ਕੁਝ ਨਵੇਂ ਤੱਤਾਂ ਦੇ ਸਨਮੁਖ' ਅਧੀਨ ਉਪ-ਸਿਰਲੇਖ 'ਪਿੰਡ ਛੋਟਾ ਰਸੂਲਪੁਰ ਅਤੇ ਹੋਰ ਜਗੀਰ : ਭਾਲ ਜਾਰੀ ਹੈ' ਦੇ ਤੱਥਾਂ ਅਨੁਸਾਰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਅਧਿਆਏ ਵਿਚ ਧੰਨਾ ਸਿੰਘ ਚਹਿਲ ਦੀ ਰਚਨਾ '1931 ਈਸਵੀ ਵਿਚ ਗੁਰਦੁਆਰਾ ਪਾਤਿਸ਼ਾਹੀ ਨੌਵੀਂ' ਬਹਾਦਰਗੜ੍ਹ ਦੀ ਯਾਤਰਾ, ਡਾ. ਮਨਜੀਤ ਸਿੰਘ ਰੰਧਾਵਾ ਦਾ ਖੋਜ ਭਰਪੂਰ ਲੇਖ 'ਅਲੋਪ ਹੋਏ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਾਰੇ ਖੋਜ, ਡਾ. ਮੁਨੀਸ਼ ਕਪੂਰ ਦੀ ਖੋਜ ਭਰਪੂਰ ਰਚਨਾ 'ਗੁਰਦੁਆਰਾ ਨਿੰਮ ਸਾਹਿਬ ਅਤੇ ਪਵਿੱਤਰ ਰੁੱਖ ਨਿੰਮ' ਅਤੇ ਜੋਬਨਜੀਤ ਸਿੰਘ ਸੰਧਾ ਦੇ ਵਡਮੁੱਲੇ ਵਿਚਾਰ 'ਗੁਰਦੁਆਰਾ ਨਿੰਮ ਸਾਹਿਬ', ਦੇ ਪਵਿੱਤਰ ਰੁੱਖ ਨਿੰਮ ਨੂੰ ਬਚਾਉਣ ਦੇ ਯਤਨ' ਲੇਖਕ ਦੇ ਆਪਣੇ ਵਿਚਾਰ 'ਗੁਰਦੁਆਰਾ ਨਿੰਮ ਸਾਹਿਬ ਦੀ ਇਕ ਯਾਦ' ਵੀ ਵਿਚਾਰਨਯੋਗ ਵਿਸ਼ਾ ਹੈ। ਅੰਤ ਵਿਚ ਵਾਤਾਵਰਨ ਨੂੰ ਸੰਭਾਲਣ ਲਈ 'ਪਵਿੱਤਰ ਖਿਰਨੀ ਦੇ ਰੁੱਖ ਦੀ ਸੇਵਾ ਅਤੇ ਭਵਿੱਖ' ਲਈ ਉਦਮ ਵੀ ਸ਼ਲਾਘਾਯੋਗ ਉਪਰਾਲਾ ਹੈ। ਪੁਸਤਕ ਦੇ ਅੰਤ ਵਿਚ ਸਹਾਇਕ ਪੁਸਤਕ ਸੂਚੀ ਅਤੇ ਬਹੁ-ਰੰਗੀਆਂ ਤਸਵੀਰਾਂ ਪੁਸਤਕ ਦੀ ਸ਼ੋਭਾ ਨੂੰ ਵਧਾਉਂਦੀਆਂ ਹਨ। ਲੇਖਕ ਇਸ ਸਫ਼ਲ ਉਪਰਾਲੇ ਲਈ ਵਧਾਈ ਦਾ ਪਾਤਰ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਮਾਹੌਲ
ਲੇਖਕ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98150-02302

ਪੰਜਾਬੀ ਸ਼ਾਇਰੀ ਨੂੰ ਸਮਰਪਿਤ ਬਜ਼ੁਰਗ ਸ਼ਾਇਰ ਨਵਰਾਹੀ ਘੁਗਿਆਣਵੀ ਆਪਣੀ ਨਵੀਂ ਵਿਅੰਗ ਕਾਵਿ-ਬੰਦਾਂ ਦੀ ਕਿਤਾਬ ਲੈ ਕੇ ਹਾਜ਼ਿਰ ਹੈ। ਇਸ ਤੋਂ ਪਹਿਲਾਂ ਵੀ ਉਹ 'ਤਰਕਸ਼', 'ਖ਼ਰਖ਼ਰਾ', 'ਗੁਲੇਲ', 'ਜਾਇਜ਼ਾ', 'ਜਬੈ ਬਾਣ ਲਾਗਯੋ', ਪੰਜਾਬੀ ਕਾਵਿ-ਜਗਤ ਵਿਚ ਵਿਅੰਗ ਅਖ਼ਬਾਰ 'ਰੋਜ਼ਾਨਾ ਅਜੀਤ' ਵਿਚ ਲਗਾਤਾਰ ਕਈ ਵਰ੍ਹਿਆਂ ਤੋਂ ਇਕ ਕਾਲਮ ਵਜੋਂ ਪ੍ਰਕਾਸ਼ਿਤ ਹੋ ਕੇ ਨਾਮਣਾ ਖੱਟ ਚੁੱਕੇ ਹਨ। ਇਨ੍ਹਾਂ ਕਾਵਿ-ਬੰਦਾਂ ਨੂੰ ਪੰਜਾਬੀ ਸ਼ਾਇਰੀ ਵਿਚ 'ਚੌਕੇ', 'ਛੱਕੇ' ਨਾਂਅ ਨਾਲ ਵੀ ਪ੍ਰਸਿੱਧੀ ਮਿਲੀ ਹੋਈ ਹੈ। ਨਵਰਾਹੀ ਘੁਗਿਆਣਵੀ ਕਵਿਤਾ ਰਾਹੀਂ ਵਿਅੰਗ ਸਿਰਜਣ 'ਚ ਮਾਹਿਰ ਤੇ ਉਸਤਾਦ ਸ਼ਾਇਰ ਵਜੋਂ ਜਾਣਿਆ ਜਾਂਦਾ ਹੈ। ਭ੍ਰਿਸ਼ਟ, ਲਾਲਚੀ, ਬੇਈਮਾਨ, ਭੁੱਖੜ, ਬਦਲਾਖੋਰ, ਚਾਪਲੂਸ ਤੇ ਕੰਮ-ਕੱਢੂ ਨੇਤਾ ਉਸ ਦੇ ਵਿਅੰਗ ਦੀ ਧਾਰ ਹੇਠਾਂ ਸਭ ਤੋਂ ਵੱਧ ਆਏ ਹਨ। ਕੁਰਸੀ ਦੇ ਲਾਲਚੀ ਅਤੇ ਅਕਲ ਦੇ ਅੰਨ੍ਹੇ ਨੇਤਾਵਾਂ ਪ੍ਰਤੀ ਸ਼ਾਇਰ ਨੂੰ ਸਭ ਤੋਂ ਵੱਧ ਚਿੜ ਹੈ। ਸਮਾਜਿਕ ਵਿਸੰਗਤੀਆਂ ਫੜਨ ਤੇ ਉਨ੍ਹਾਂ ਨੂੰ ਜੱਗ-ਜ਼ਾਹਿਰ ਕਰਨ ਵਿਚ ਲੇਖਕ ਦਾ ਕੋਈ ਸਾਨੀ ਨਹੀਂ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਕਵੀ ਨੂੰ ਸਭ ਤੋਂ ਵੱਧ ਮੋਹ ਹੈ। ਪਰ ਪੰਜਾਬੀਆਂ ਦੇ ਗੁਣਾਂ ਦੇ ਨਾਲ-ਨਾਲ ਉਹ ਉਨ੍ਹਾਂ ਦੇ ਔਗੁਣਾਂ ਨੂੰ ਵੀ ਜੱਗ-ਜ਼ਾਹਿਰ ਕਰਨ ਵਿਚ ਦਰੇਗ ਨਹੀਂ ਕਰਦਾ। ਉਨ੍ਹਾਂ ਦੇ ਔਗੁਣ ਜ਼ਾਹਿਰ ਕਰਨ ਵਿਚ ਵੀ ਨਵਰਾਹੀ ਕੋਈ ਰੂ-ਰਿਆਇਤ ਨਹੀਂ ਕਰਦਾ। ਉਂਝ ਪੰਜਾਬੀਅਤ ਪ੍ਰਤੀ ਉਸ ਕੋਲ ਅਥਾਹ ਪ੍ਰੇਮ ਅਤੇ ਮੋਹ ਹੈ। 'ਮਾਹੌਲ' ਪੁਸਤਕ ਰਾਹੀਂ ਉਹ ਆਪਣੇ ਆਲੇ-ਦੁਆਲੇ ਦੇ ਸਮਾਜ ਵਿਚ ਫੈਲੀਆਂ ਕੁਰੀਤੀਆਂ, ਕੁਰਹਿਤਾਂ, ਕੁਨਬਾ ਪ੍ਰਸਤੀਆਂ ਤੇ ਕੁਰਤੀਤਾਂ 'ਤੇ ਵੀ ਉਂਗਲ ਧਰਨੋਂ ਦਰੇਗ ਨਹੀਂ ਕਰਦਾ। ਭੈੜੇ ਲੋਕਾਂ, ਮੁਸ਼ਟੰਡਿਆਂ, ਲੰਡਿਆਂ ਲੋਕਾਂ ਨੂੰ ਵੀ ਉਹ ਨਹੀਂ ਬਖ਼ਸ਼ਦਾ। ਉਹ ਆਪਣੇ ਵਿਅੰਗਾਂ ਰਾਹੀਂ ਸਮਾਜ ਨੂੰ ਸੁਧਾਰ ਕੇ ਨੇਕ ਬੰਦਿਆਂ ਦੇ ਰਹਿਣਯੋਗ ਸਥਾਨ ਬਣਾਉਣਾ ਲੋਚਦਾ ਹੈ। ਇਹੋ ਚੰਗੇ ਵਿਅੰਗਕਾਰ ਦੇ ਸਮਾਜ ਪ੍ਰਤੀ ਪ੍ਰਕਾਰਜ ਹੁੰਦਾ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਕਾਲ ਨਾਚ
ਲੇਖਕ : ਪਰਮਜੀਤ ਸੋਹਲ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ: 136
ਸੰਪਰਕ : 94636-58706

ਹਥਲੇ ਕਾਵਿ-ਸੰਗ੍ਰਹਿ 'ਕਾਲ ਨਾਚ' ਵਿਚ ਉੱਘੇ ਕਵੀ ਪਰਮਜੀਤ ਸੋਹਲ ਵਲੋਂ ਗ਼ਾਜ਼ਾ 'ਤੇ ਹੋਏ ਇਜ਼ਰਾਇਲੀ ਹਮਲੇ ਦੌਰਾਨ ਪਰਿਵਾਰ ਦੇ ਦਸ ਜੀਆਂ ਨਾਲ ਮਾਰੀ ਗਈ ਪੱਚੀ ਸਾਲਾ ਮੁਟਿਆਰ ਫੋਟੋਗ੍ਰਾਫ਼ਰ ਫ਼ਾਤਿਮਾ ਹਸੋਨਾ ਨੂੰ ਸਮਰਪਿਤ ਫ਼ਲਸਤੀਨ ਬਾਰੇ ਲਿਖੀਆਂ ਗਈਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਕਵੀ ਦੀ ਅੰਦਰੂਨੀ ਸੰਵੇਦਨਾ ਵਿਸ਼ਵ ਦੇ ਕਿਸੇ ਵੀ ਹਿੱਸੇ ਵਿਚ ਵਾਪਰਦੀਆਂ ਅਣਮਨੁੱਖੀ ਘਟਨਾਵਾਂ ਪ੍ਰਤੀ ਖ਼ਾਮੋਸ਼ ਨਹੀਂ ਰਹਿ ਸਕਦੀਆਂ:
ਜਦ ਵੀ ਮੇਰੀਆਂ ਅੱਖਾਂ ਅੱਗੇ
ਗ਼ਾਜ਼ਾ ਪੱਟੀ ਦੀ ਤਬਾਹੀ ਦੀਆਂ
ਤਸਵੀਰਾਂ ਆਉਂਦੀਆਂ ਹਨ,
ਮੇਰੀ ਰੂਹ ਕੰਬ ਉੱਠਦੀ ਹੈ।
1948 ਵਿਚ ਹੋਈ ਯਹੂਦੀ ਰਾਸ਼ਟਰ ਦੀ ਸਥਾਪਨਾ ਨਾਲ ਹੀ ਇਸ ਵਿਵਾਦ ਦੀ ਸ਼ੁਰੂਆਤ ਹੋ ਗਈ ਸੀ ਅਤੇ ਲੱਗਭਗ ਸੱਤ ਲੱਖ ਫ਼ਲਸਤੀਨੀ ਮੁਸਲਮਾਨ ਆਪਣੇ ਘਰਾਂ ਤੋਂ ਬੇਘਰ ਕਰ ਦਿੱਤੇ ਗਏ ਸਨ। ਇਸ ਨੂੰ ਕੇਵਲ ਜੰਗੀ ਕਾਰਵਾਈ ਨਹੀਂ ਕਿਹਾ ਜਾ ਸਕਦਾ ਬਲਕਿ ਇਹ ਤਾਂ ਇੱਕ ਭਿਆਨਕ ਨਸਲਕੁਸ਼ੀ ਅਤੇ ਇੱਕ ਪੂਰੀ ਕੌਮ ਦੀ ਪਛਾਣ ਨੂੰ ਮਿਟਾਉਣ ਦੀ ਕੋਝੀ ਯੋਜਨਾ ਸੀ। ਬ੍ਰਿਟਿਸ਼ ਸਰਕਾਰ ਦੀ ਫ਼ਲਸਤੀਨ ਵਿਚ ਯਹੂਦੀਆਂ ਦੇ ਕੌਮੀ ਘਰ ਦੀ ਸਿਫ਼ਾਰਿਸ਼ ਲੱਖਾਂ ਬੇਗੁਨਾਹ ਲੋਕਾਂ ਲਈ ਤਬਾਹੀ ਬਣ ਗਈ ਸੀ:
ਮੇਰੇ ਕੋਲ ਫ਼ਲਸਤੀਨ ਦੇ ਮਾਸੂਮਾਂ ਲਈ
ਅਣਵਗੇ ਹੰਝੂਆਂ ਦੀ ਪੀੜਾ
ਜੋ ਮੇਰੇ ਅੰਤਰਮਨ 'ਚੋਂ
ਅੱਖਰਾਂ ਦਾ ਰੂਪ ਧਾਰ ਕੇ ਸਿੰਮ ਆਈ ਹੈ।
ਪਰਮਜੀਤ ਸੋਹਲ ਦੀਆਂ ਇਨ੍ਹਾਂ ਕਵਿਤਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਵੀ ਕਦੇ ਵੀ ਕਿਸੇ ਹਕੂਮਤ ਜਾਂ ਤਖ਼ਤ ਨਾਲ ਸੁਰ ਮਿਲਾ ਕੇ ਨਹੀਂ ਚੱਲ ਸਕਦਾ। ਸਰਕਾਰੀ ਮਾਨ-ਸਨਮਾਨ ਉਸ ਦੀਆਂ ਲਿਖਤਾਂ ਦੀ ਆਵਾਜ਼ ਨੂੰ ਰੋਕ ਨਹੀਂ ਸਕਦੇ ਬਲਕਿ ਉਹ ਹਰ ਹਾਲਤ ਵਿਚ ਪੀੜਤ ਲੋਕਾਂ ਦੀ ਹੂਕ ਬਣ ਕੇ ਮੈਦਾਨ ਵਿਚ ਨਿੱਤਰਦਾ ਹੈ। ਉਨ੍ਹਾਂ ਦੀਆਂ ਕਵਿਤਾਵਾਂ ਨੇ ਧਰਤੀ ਦੇ ਇੱਕ ਕੋਨੇ ਵਿਚ ਹੋ ਰਹੇ ਅੱਤਿਆਚਾਰਾਂ ਦਾ ਦਰਦ ਧਰਤੀ ਦੇ ਦੂਜੇ ਕੋਨੇ ਵਿਚ ਬੈਠੇ ਲੋਕਾਂ ਤੱਕ ਪਹੁੰਚਾਉਣ ਦਾ ਜ਼ਿਕਰਯੋਗ ਕਾਰਜ ਕੀਤਾ ਹੈ। ਸਾਹਿਤ ਜਗਤ ਦੇ ਸੁਹਿਰਦ ਪਾਠਕਾਂ ਨੂੰ ਉਨ੍ਹਾਂ ਦੇ ਇਸ ਕਲਿਆਣਕਾਰੀ ਜਜ਼ਬੇ ਦਾ ਭਰਪੂਰ ਸਮਰਥਨ ਕਰਨਾ ਚਾਹੀਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਮਹਾਨ ਜਰਨੈਲ
ਬਾਬਾ ਬੰਦਾ ਸਿੰਘ ਬਹਾਦਰ
ਕਵੀ : ਸੰਤ ਸਿੰਘ ਸੋਹਲ
ਪ੍ਰਕਾਸ਼ਕ : ਯੂਰਪੀ ਪੰਜਾਬੀ ਸੱਥ, ਵਾਲਸਾਲ ਯੂ.ਕੇ.
ਮੁੱਲ : 500 ਰੁਪਏ, ਸਫ਼ੇ : 264
ਸੰਪਰਕ : 93166-25738

ਇਸ ਮਹਾਂ-ਕਾਵਿ ਵਿਚ ਕਵੀ ਨੇ ਅਦੁੱਤੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਗੁਰੂ ਸ਼ਰਨ, ਬਹਾਦਰੀ ਅਤੇ ਸ਼ਾਨਦਾਰ ਜਿੱਤਾਂ ਦਾ ਕਾਵਿਮਈ ਵਰਣਨ ਕੀਤਾ ਹੈ। ਆਓ ਕੁਝ ਝਲਕਾਂ ਮਾਣੀਏ
-ਰੰਗ ਨੇ ਨਿਆਰੇ ਉਹਦੇ, ਕੌਣ ਜਾਣੇ ਰੰਗਾਂ ਤਾਈਂ
ਪਲ 'ਚ ਹਨੇਰੀ ਪਲ ਵਿਚ ਬਰਸਾਤ ਹੈ।
ਪਲ 'ਚ ਹਨੇਰ ਕਰ ਬੱਦਲਾਂ ਨੂੰ ਢਕ ਦਿੰਦਾ
ਗਰਦਾ ਗੁਬਾਰ ਚੜ੍ਹ, ਕਰ ਦਿੰਦਾ ਰਾਤ ਹੈ।
-ਕਲਮਾਂ ਜਾਗਦੇ ਰਹਿਣ ਦਾ ਦੇਣ ਹੋਕਾ
ਕਲਮਾਂ ਕਰਦੀਆਂ ਸੱਚ ਬਿਆਨ ਲੋਕੋ।
ਕਲਮਾਂ ਸਾਂਭਣ ਇਤਿਹਾਸ ਮਿਥਿਹਾਸ ਤਾਈਂ
ਪੜ੍ਹ ਕੇ ਪਾਈਦਾ ਸੱਚ ਗਿਆਨ ਲੋਕੋ।
-ਹੋਇਆ ਖੰਡੇ ਦੀ ਧਾਰ 'ਚੋਂ ਜਨਮ ਜੀਹਦਾ
ਲੋਕੋ ਕੌਮ ਇਹ ਪਿਤਾ ਦਸਮੇਸ਼ ਦੀ ਹੈ।
ਖੜ੍ਹਦੀ ਨਾਲ ਮਜ਼ਲੂਮਾਂ ਦੇ ਸਦਾ ਜਿਹੜੀ
ਹੱਕ ਸੱਚ ਤੇ ਹਾਮੀ ਦਰਵੇਸ਼ ਦੀ ਹੈ।
ਕਵੀ ਨੇ ਆਪਣੇ ਸੁਨਹਿਰੀ ਇਤਿਹਾਸ ਨੂੰ ਕਵਿਤਾ ਵਿਚ ਸ਼ਿੰਗਾਰ ਕੇ ਸਾਡੇ ਸਨਮੁੱਖ ਕੀਤਾ ਹੈ। ਇਹ ਬਹਾਦਰਾਂ ਦੀ ਸ਼ਾਨਾਂਮੱਤੀ ਗਾਥਾ ਹੈ ਜੋ ਪ੍ਰੰਪਰਾਵਾਦੀ ਢੰਗ ਨਾਲ ਪੇਸ਼ ਕੀਤੀ ਗਈ ਹੈ। ਇਹੋ ਜਿਹੀਆਂ ਪੁਸਤਕਾਂ ਸਾਡੇ ਲਈ ਬਹੁਤ ਲਾਹੇਵੰਦ ਹਨ। ਸਿਰਜੇ ਹੋਏ ਮਹਾਨ ਇਤਿਹਾਸ ਨੂੰ ਸਾਂਭਣ ਦਾ ਇਹ ਸੁਚੱਜਾ ਉਪਰਾਲਾ ਹੈ। ਪੁਸਤਕ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਵੰਸ਼ਜਾਂ ਦਾ ਵੀ ਵਰਣਨ ਹੈ। ਇਸ ਪੁਸਤਕ ਦਾ ਭਰਪੂਰ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਸ਼ਾਇਰੀ ਦਾ ਸਰੂਰ
ਸ਼ਿਵ ਕੁਮਾਰ ਬਟਾਲਵੀ
ਲੇਖਕ : ਡਾ. ਸੁਰਿੰਦਰ ਸਿੰਘ ਕਾਹਲੋਂ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 128
ਸੰਪਰਕ : 94171-75846

ਡਾ. ਸੁਰਿੰਦਰ ਸਿੰਘ ਕਾਹਲੋਂ ਪੰਜਾਬੀ ਸਾਹਿਤ, ਸਭਿਆਚਾਰ ਅਤੇ ਗੁਰਮਤਿ ਅਧਿਆਤਮਵਾਦ ਨੂੰ ਪ੍ਰਣਾਇਆ ਹੋਇਆ ਇਕ ਗੰਭੀਰ ਚਿੰਤਕ ਹੈ। ਆਪਣੇ ਘਰ ਪਰਿਵਾਰ ਵਿਚ ਉਹ ਬੜੇ ਪਿਆਰ-ਦੁਲਾਰ ਨਾਲ ਵਿਗਸਿਆ ਤੇ ਵਧਿਆ ਫੁੱਲਿਆ ਪਰੰਤੂ ਬਚਪਨ ਵਿਚ ਉਸ ਦੇ ਰੌਸ਼ਨ-ਦਿਮਾਗ਼ ਪਿਤਾ ਦੀ ਮ੍ਰਿਤੂ ਨੇ ਉਸ ਨੂੰ ਉੱਚ-ਅਸਮਾਨਾਂ ਤੋਂ ਧਰਤੀ ਉੱਪਰ ਲਿਆ ਪਟਕਿਆ ਪਰ ਉਸ ਨੂੰ ਆਪਣੇ ਆਪ ਉੱਪਰ ਪੂਰਨ ਵਿਸ਼ਵਾਸ ਸੀ, ਜਿਸ ਕਾਰਨ ਉਸ ਨੇ ਨਾ ਕੇਵਲ ਪੰਜਾਬੀ ਸਾਹਿਤ ਵਿਚ ਪੋਸਟ-ਗ੍ਰੈਜੂਏਟ ਡਿਗਰੀ ਪ੍ਰਾਪਤ ਕਰ ਲਈ ਬਲਕਿ ਚਕਿਤਸਾ ਦੇ ਖੇਤਰ ਵਿਚ ਇਕ ਚੰਗੀ ਉੱਚ-ਡਿਗਰੀ ਪ੍ਰਾਪਤ ਕਰਕੇ ਆਪਣੇ-ਆਪ ਨੂੰ ਦੀਨ-ਦੁਖੀਆਂ ਦੀ ਸੇਵਾ-ਸਹਾਇਤਾ ਦੇ ਉਦੇਸ਼ ਨਾਲ ਜੋੜ ਲਿਆ। ਉਸ ਨੇ ਪੰਜਾਬੀ ਭਾਸ਼ਾ ਵਿਚ ਕਈ ਵਿਸ਼ਿਆਂ ਉੱਪਰ ਮਿਆਰੀ ਪੁਸਤਕਾਂ ਲਿਖੀਆਂ ਹਨ। ਸ਼ਿਵ ਬਟਾਲਵੀ ਬਾਰੇ ਲਿਖੀ ਉਸ ਦੀ ਵਿਚਾਰਧੀਨ ਪੁਸਤਕ ਸਾਡੇ ਕਥਨ ਦੀ ਪੁਸ਼ਟੀ ਕਰੇਗੀ।
ਪੰਜਾਬੀ ਸਾਹਿਤ ਵਿਚ ਸ਼ਿਵ ਕੁਮਾਰ ਵਰਗੇ ਅਲਬੇਲੇ ਰੋਮਾਂਟਿਕ ਕਵੀ ਦਾ ਉਦੈ ਹੋਣਾ ਇਕ ਕਰਾਮਾਤ ਤੋਂ ਘੱਟ ਨਹੀਂ ਸੀ। ਡਾ. ਕਾਹਲੋਂ ਨੇ ਸ਼ਿਵ-ਕਾਵਿ ਦਾ ਮੁਲਾਂਕਣ ਅਤੇ ਵਿਸ਼ਲੇਸ਼ਣ ਕਰਨ ਲਈ 'ਜੀਵਨੀਮੂਲਕ ਮਾਡਲ' ਦਾ ਪ੍ਰਯੋਗ ਕੀਤਾ ਹੈ। ਇਸ ਮਾਡਲ ਨੂੰ ਅੰਗਰੇਜ਼ੀ ਕਵੀ ਤੇ ਆਲੋਚਕ ਐਸ. ਟੀ. ਕਾਲਰਿਜ ਨੇ ਲੋਕਪ੍ਰਿਆ ਬਣਾਇਆ ਸੀ। ਇਸ ਪ੍ਰਸੰਗ ਵਿਚ 'ਬਾਇਓਗ੍ਰਾਫ਼ੀਆਂ ਲਿਟਰੇਰੀਆਂ' ਉਸ ਦੀ ਇਕ ਬਹੁ-ਉਧਾਰਿਤ ਰਚਨਾ ਹੈ। ਡਾ. ਕਾਹਲੋਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਦਿਆਂ (1960-70 ਦੌਰਾਨ), ਕਈ ਵਾਰ ਸ਼ਿਵ ਨੂੰ ਕਵੀ ਦਰਬਾਰਾਂ ਵਿਚ ਗੀਤ ਪੜ੍ਹਦਿਆਂ, ਸੁਣਾਉਂਦਿਆਂ ਦੇਖਣ ਦਾ ਸੁਅਵਸਰ ਮਿਲਿਆ। ਇਨ੍ਹਾਂ ਕੀਮਤੀ ਪਲਾਂ ਨੂੰ ਪੰਜਾਬੀ ਪਾਠਕਾਂ ਨਾਲ ਸਾਂਝਾ ਕਰਨ ਲਈ ਹੀ ਉਸ ਨੇ ਇਸ ਪੁਸਤਕ ਨੂੰ ਦੋ-ਵਾਰ ਲਿਖਿਆ ਅਤੇ ਪ੍ਰਕਾਸ਼ਿਤ ਕਰਵਾਇਆ ਹੈ।
ਉਸ ਨੂੰ ਬਟਾਲੇ ਦੇ ਇਕ ਵਰਿਸ਼ਠ ਕਵੀ ਜਨਾਬ ਬਰਕਤ ਰਾਮ ਯੁਮਨ ਨਾਲ ਮਿਲਣ ਦਾ ਇਤਫ਼ਾਕ ਵੀ ਕਈ ਵਾਰ ਹੋਇਆ, ਜਿਸ ਨੇ ਸ਼ਿਵ ਨੂੰ ਕਾਵਿ-ਸ਼ਿਲਪ ਵਿਚ ਦੀਖਿਅਤ ਅਤੇ ਪਰਿਪੱਕ ਕੀਤਾ ਸੀ। ਇਸੇ ਪ੍ਰਕਾਰ ਉਸ ਨੇ ਸ਼ਿਵ ਦੇ ਕੁਝ ਹੋਰ ਸਮਕਾਲੀ ਕਵੀਆਂ ਦੀ ਨਜ਼ਰ ਨਾਲ ਵੀ ਉਸ ਨੂੰ ਸਮਝਿਆ-ਪਰਖਿਆ ਹੈ। ਕਾਹਲੋਂ ਨੇ ਸ਼ਿਵ ਬਾਰੇ ਕੁਝ ਮਿੱਥਾਂ ਦਾ ਖੰਡਨ ਵੀ ਬੜੇ ਵਿਸ਼ਵਾਸ ਨਾਲ ਕੀਤਾ ਹੈ, ਜਿਸ ਨਾਲ ਇਸ ਪੁਸਤਕ ਦਾ ਮੁੱਲ ਅਤੇ ਮਹੱਤਵ ਕਾਫ਼ੀ ਵਧ ਗਿਆ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136