28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਲੜੀਵਾਰ ਬਾਲ ਨਾਵਲ-2 ਪਾਣੀ-ਪਿਤਾ

Ad Position 21
No active advertisement
ਅਜੀਤ ਡੈਸਕ 24-01-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਇਕ ਦਿਨ ਨਾਨੀ ਜੀ ਨੇ ਸਿਮਰਨ ਨੂੰ ਇਕ ਗਿਲਾਸ ਦਿੰਦੇ ਹੋਏ ਕਿਹਾ, 'ਸਿੰਮੂ, ਇਹ ਤੇਰਾ ਗਿਲਾਸ ਏ ਤੇ ਆਹ ਢੱਕਣ। ਆਰ.ਓ. ਤੋਂ ਪਾਣੀ ਪੀ ਕੇ ਇਸ ਗਿਲਾਸ ਨੂੰ ਧੋਣ ਲਈ ਸਿੰਕ ਵਿਚ ਨਹੀਂ ਰੱਖਣਾ। ਪਾਣੀ ਪੀਣ ਪਿੱਛੋਂ ਇਸ ਢੱਕਣ ਨਾਲ ਢਕ ਕੇ ਰੱਖਣਾ ਏ। ਸ਼ਾਮ ਤੱਕ ਇਹੀ ਗਿਲਾਸ ਬਿਨਾਂ ਧੋਤਿਆਂ ਵਰਤਣਾ ਏ।'
'ਬਿਨਾਂ ਧੋਤਿਆਂ?' ਸਿਮਰਨ ਅਵਾਕ ਰਹਿ ਗਿਆ, 'ਨਾਨੀ ਜੀ, ਤੁਸੀਂ ਤਾਂ ਕੰਜੂਸ ਹੋ ਗਏ ਹੋ। ਨਾਲੇ ਮੈਂ ਸਾਰਾ ਦਿਨ ਜੂਠੇ ਗਿਲਾਸ ਵਿਚ ਹੀ ਪਾਣੀ ਪੀਆ ਕਰਾਂਗਾ?'
ਨਾਨੀ ਜੀ ਕਹਿਣ ਲੱਗੇ, 'ਤੇਰਾ ਆਪਣਾ ਗਿਲਾਸ ਜੂਠਾ ਕਿਵੇਂ ਹੋਇਆ? ਜੂਠਾ ਗਿਲਾਸ ਉਹ ਹੁੰਦਾ ਏ ਜਿਹੜਾ ਪਹਿਲਾਂ ਕਿਸੇ ਹੋਰ ਨੇ ਵਰਤਿਆ ਹੋਵੇ। ਇਹ ਗਿਲਾਸ ਤੂੰ ਹੀ ਵਰਤ ਰਿਹਾ ਏਂ, ਹੋਰ ਕਿਸੇ ਨੇ ਇਸ ਨੂੰ ਕਿਵੇਂ ਜੂਠਾ ਕਰ ਦਿੱਤਾ? ਨਾਲੇ ਹਾਂ, ਤੂੰ ਪਾਣੀ ਪੀ ਕੇ ਇਸ ਗਿਲਾਸ ਨੂੰ ਢਕ ਕੇ ਰੱਖਣਾ ਏ। ਸਗੋਂ ਇਸ ਤਰ੍ਹਾਂ ਕਰਕੇ ਤਾਂ ਤੂੰ ਕੁਦਰਤ ਦੇ ਇਕ ਅਨਮੋਲ ਸ੍ਰੋਤ ਦੀ ਸੁਚੱਜੀ ਵਰਤੋਂ ਕਰ ਰਿਹਾ ਹੋਵੇਂਗਾ।'
ਸਿਮਰਨ ਬੋਲਿਆ, 'ਅੱਛਾ, ਹੁਣ ਸਮਝ ਆਈ ਨਾਨੀ ਜੀ, ਤੁਸੀਂ ਮੈਨੂੰ ਆਉਣ ਤੋਂ ਪਹਿਲਾਂ ਕਿਉਂ ਆਖ ਰਹੇ ਸੀ ਕਿ ਦਿੱਲੀ ਆ ਕੇ ਮੈਨੂੰ ਕੁਝ ਚੀਜ਼ਾਂ ਦਾ ਖ਼ਾਸ ਧਿਆਨ ਰੱਖਣਾ ਪਏਗਾ?'
ਸਿਮਰਨ ਨੂੰ ਉਸ ਰਾਤੀਂ ਪਾਣੀ ਦਾ ਹੀ ਸੁਪਨਾ ਆਇਆ।
ਅੱਜ ਛੁੱਟੀ ਵਾਲਾ ਦਿਨ ਸੀ।
ਇਕ ਦਿਨ ਸਵੇਰੇ ਸਵੇਰੇ ਸਿਮਰਨ ਦੀ ਅੱਖ ਖੁੱਲ੍ਹੀ। ਨਾਨੀ ਜੀ ਬੜੀ ਸਹਿਜਤਾ ਨਾਲ ਪਾਠ ਕਰ ਰਹੇ ਸਨ। ਉਨ੍ਹਾਂ ਦੀ ਆਵਾਜ਼ ਉਹਦੇ ਕੰਨੀਂ ਪੈ ਰਹੀ ਸੀ। ਉਹ ਜਪੁ ਜੀ ਸਾਹਿਬ ਦਾ ਪਾਠ ਕਰ ਰਹੇ ਸਨ, 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ। । ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ। ।'
ਸਿਮਰਨ ਦਾ ਧਿਆਨ ਇਨ੍ਹਾਂ ਪੰਕਤੀਆਂ ਵੱਲ ਖਿੱਚਿਆ ਗਿਆ। ਉਸ ਨੇ ਫਿਰ ਪਾਸਾ ਲੈ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਨੀਂਦ ਨਾ ਆਈ।
ਉਹ ਉਠ ਕੇ ਨਾਨੀ ਜੀ ਕੋਲ ਆ ਬੈਠਾ।
ਨਾਨੀ ਜੀ ਨੇ ਪਾਠ ਸਮਾਪਤ ਕੀਤਾ।
ਫਿਰ ਉਨ੍ਹਾਂ ਨੇ ਦੁੱਧ ਤਿਆਰ ਕੀਤਾ। ਸਾਰੇ ਬਹਿ ਕੇ ਪੀਣ ਲੱਗੇ।
ਸਿਮਰਨ ਦੇ ਮਨ ਵਿਚ ਕੋਈ ਉਲਝਣ ਜਿਹੀ ਪਈ ਹੋਈ ਸੀ। ਦੁੱਧ ਪੀਂਦਿਆਂ ਉਸ ਨੇ ਨਾਨੀ ਜੀ ਨੂੰ ਪੁੱਛਿਆ, 'ਨਾਨੀ ਜੀ, ਤੁਸੀਂ ਪਾਠ ਕਰਦੇ ਹੋਏ ਕੀ ਪੜ੍ਹ ਰਹੇ ਸੀ? ਪਾਣੀ ਪਿਤਾ?'
ਨਾਨੀ ਜੀ ਨੇ ਉਹੀ ਵਾਕ ਦੁਹਰਾਇਆ ਤਾਂ ਸਿਮਰਨ ਕਹਿਣ ਲੱਗਾ, 'ਨਾਨੀ ਜੀ, ਪਾਣੀ ਸਾਡਾ ਪਿਤਾ ਕਿਵੇਂ ਹੋਇਆ? ਨਾਲੇ ਮੇਰੇ ਪਿਤਾ ਜੀ ਦਾ ਨਾਂ ਤਾਂ ਬਲਦੇਵ ਸਿੰਘ ਏ।'
ਸਿਮਰਨ ਦੀ ਇਹ ਗੱਲ ਸੁਣ ਕੇ ਨਾਨੀ ਜੀ ਹੱਸ ਪਏ। ਬੋਲੇ, 'ਮੇਰੇ ਭੋਲੇ ਭਗਤ ਸਿੰਮੂ, ਦੁਨੀਆ ਵਿਚ ਪਾਣੀ ਦਾ ਦਰਜਾ ਏਨਾ ਵੱਡਾ ਏ ਕਿ ਸਾਡੇ ਗੁਰੂਆਂ ਪੀਰਾਂ ਨੇ ਪੂਰੇ ਆਦਰ ਸਤਿਕਾਰ ਨਾਲ ਇਸ ਦੀ ਵਡਿਆਈ ਕੀਤੀ ਏ। ਨਾਲੇ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਹੋਈਆਂ ਜਿਹੜੀਆਂ ਪੰਕਤੀਆਂ ਤੈਨੂੰ ਮੈਂ ਹੁਣ ਸੁਣਾਈਆਂ ਨੇ ਉਨ੍ਹਾਂ ਦਾ ਮਤਲਬ ਵੀ ਤਾਂ ਪਤਾ ਹੋਣਾ ਚਾਹੀਦੈ ਨਾ ਤੈਨੂੰ..।'
ਸਿਮਰਨ ਬੋਲਿਆ, 'ਦੱਸੋ ਫੇਰ? ਕੀ ਮਤਲਬ ਏ?'
ਨਾਨੀ ਜੀ ਬੋਲੇ, 'ਹਵਾ ਜਾਂ ਪ੍ਰ੍ਰਾਣ ਦਾ ਸਰੀਰ ਲਈ ਦਰਜਾ ਉਸੇ ਤਰ੍ਹਾਂ ਹੈ ਜਿਵੇਂ ਗੁਰੂ ਦਾ ਦਰਜਾ। ਇਸੇ ਤਰ੍ਹਾਂ ਪਾਣੀ ਸਭ ਜੀਵਾਂ ਵਾਸਤੇ ਪਿਤਾ ਦੇ ਸਮਾਨ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਦੇ ਸਮਾਨ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਵਾਂਗ ਹਨ, ਸਾਰਾ ਸੰਸਾਰ ਖੇਡ ਰਿਹਾ ਏ। ਮਤਲਬ ਇਹ ਕਿ ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਅਤੇ ਦਿਨ ਵਿਚ ਕਾਰ ਵਿਹਾਰ ਵਿਚ ਪਰਚੇ ਹੋਏ ਹਨ।
ਸਿਮਰਨ ਦੀ ਜਿਗਿਆਸਾ ਮਿਟਣ ਦਾ ਨਾਂ ਨਹੀਂ ਸੀ ਲੈ ਰਹੀ।
ਸਿਮਰਨ ਚਾਹ ਵਾਲੇ ਬਰਤਨ ਸਿੰਕ ਵਿਚ ਰੱਖ ਆਇਆ। ਫਿਰ ਪੁੱਛਣ ਲੱਗਾ, 'ਨਾਨੀ ਮੰਮਾ, ਕੀ ਪਾਣੀ ਸਾਡੇ ਲਈ ਇੰਨਾ ਜ਼ਰੂਰੀ ਏ? ਜੇ ਸਾਨੂੰ ਪਾਣੀ ਨਾ ਮਿਲੇ, ਤਾਂ ਕੀ ਅਸੀਂ ਜਿਊਂਦੇ ਨਹੀਂ ਰਹਿ ਸਕਾਂਗੇ?'
ਨਾਨੀ ਜੀ ਸਿਮਰਨ ਦੀ ਪਾਣੀ ਬਾਰੇ ਦਿਲਚਸਪੀ ਮਹਿਸੂਸ ਕਰ ਰਹੇ ਸਨ। ਕਹਿਣ ਲੱਗੇ, 'ਸਿੰਮੂ ਪੁੱਤਰ, ਤੂੰ ਠੀਕ ਕਹਿ ਰਿਹਾ ਏਂ। ਜੇ ਮਨੁੱਖ ਨੂੰ ਕਈ ਦਿਨਾਂ ਤੱਕ ਪਾਣੀ ਨਾ ਮਿਲੇ ਤਾਂ ਉਹ ਮਰ ਵੀ ਸਕਦਾ ਏ।'
ਸਿਮਰਨ ਕਹਿਣ ਲੱਗਾ, 'ਨਾਨੀ ਜੀ, ਪਾਣੀ ਦੀ ਕਹਾਣੀ ਸੁਣ ਕੇ ਮੈਨੂੰ ਬੜਾ ਮਜ਼ਾ ਆ ਰਿਹਾ ਏ, ਪਰ ਮੈਂ ਪਹਿਲਾਂ ਨਹਾ ਲਵਾਂ। ਰਾਤੀਂ ਫਿਰ ਸੁਣਾਂਗਾ ਤੁਹਾਡੇ ਕੋਲੋਂ ਇਹਦੀ ਕਹਾਣੀ।'
ਸਿਮਰਨ ਫਿਰ ਮੋਬਾਈਲ ਵਿਚ ਖੁੱਭੇ ਹੋਏ ਨਾਨਾ ਜੀ ਵੱਲ ਤੱਕਦਾ ਹੋਇਆ ਕਹਿਣ ਲੱਗਾ, 'ਨਾਲੇ ਆਪਾਂ ਨਾਸ਼ਤਾ ਕਰਕੇ ਅੱਜ ਚਿੜੀਆ-ਘਰ ਦੇਖਣ ਚੱਲਾਂਗੇ। ਯਾਦ ਏ ਨਾ ਨਾਨਾ ਜੀ, ਪਰਸੋਂ ਪ੍ਰਾਮਿਸ ਕੀਤਾ ਸੀ ਤੁਸੀਂ ਮੇਰੇ ਨਾਲ?'
ਨਾਨਾ ਜੀ ਉਸੇ ਤਰ੍ਹਾਂ ਮੋਬਾਈਲ 'ਤੇ ਉਂਗਲਾਂ ਚਲਾਉਂਦੇ ਹੋਏ ਬੋਲੇ, 'ਉਏ ਭਾਈ ਯਾਦ ਏ, ਯਾਦ ਏ। ਤਿਆਰ ਹੋ ਜਾਓ। ਚਲਦੇ ਹਾਂ।'
ਸਾਰੇ ਜੀਅ ਚਿੜੀਆ-ਘਰ ਦੇਖਣ ਲਈ ਚਲੇ ਗਏ।
ਸਿਮਰਨ ਛੁੱਟੀਆਂ ਦਾ ਕੰਮ ਵੀ ਰੋਜ਼ਾਨਾ ਕਰ ਰਿਹਾ ਸੀ।
ਰਾਤੀਂ ਰੋਟੀ ਖਾ ਕੇ ਸਿਮਰਨ ਨਾਨੀ ਜੀ ਨੂੰ ਕਹਿਣ ਲੱਗਾ, 'ਨਾਨੀ ਜੀ, ਆਪਣੀ ਪਾਣੀ ਵਾਲੀ ਕਹਾਣੀ ਅਜੇ ਵਿੱਚੇ ਪਈ ਏ। ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਪਾਣੀ ਆਇਆ ਕਿੱਥੋਂ?'
ਨਾਨੀ ਜੀ ਕਹਿਣ ਲੱਗੇ, 'ਸਿੰਮੂ, ਪਾਣੀ ਦੀ ਕਹਾਣੀ ਬੜੀ ਹੀ ਲੰਮੀ ਏ। ਜੇ ਤੈਨੂੰ ਮਹੀਨਾ ਭਰ ਵੀ ਪਾਣੀ ਦੀ ਕਹਾਣੀ ਸੁਣਾਉਂਦੀ ਰਹਾਂ, ਇਹ ਤਦ ਵੀ ਨਾ ਮੁੱਕੇ। ਹਾਂ, ਮੈਂ ਤੈਨੂੰ ਪਾਣੀ ਬਾਰੇ ਖ਼ਾਸ-ਖ਼ਾਸ ਗੱਲਾਂ ਜ਼ਰੂਰ ਦੱਸਾਂਗੀ।'
ਸਿਮਰਨ ਦੀ ਉਤਸੁਕਤਾ ਜਾਗ ਪਈ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 9814-423703

Ad Position 22
No active advertisement
ਪਿਛਲੀ ਖ਼ਬਰ ਪਤੰਗਾਂ ਨਾ ਉਡਾ ਅਗਲੀ ਖ਼ਬਰ 26 ਜਨਵਰੀ 'ਤੇ ਵਿਸ਼ੇਸ਼ ਬਾਲ ਕਹਾਣੀ ਦੇਸ਼ ਪ੍ਰੇਮ
Ad Position 24