ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਲੜੀਵਾਰ ਬਾਲ ਨਾਵਲ-21 ਪਾਣੀ-ਪਿਤਾ

Ad Position 21
No active advertisement
ਅਜੀਤ ਡੈਸਕ 30-05-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਇਕ ਦਿਨ ਸਵੇਰੇ ਸਵੇਰੇ ਪਾਪਾ ਅਖ਼ਬਾਰ ਵਿਚੋਂ ਇਕ ਖ਼ਬਰ ਉੱਚੀ ਉੱਚੀ ਪੜ੍ਹ ਰਹੇ ਸਨ, 'ਕੱਲ੍ਹ ਵਿਧਾਨ ਸਭਾ ਵਿਚ ਸਰਕਾਰ ਨੇ ਪਾਣੀ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਸੋਧ ਐਕਟ 2024 ਨੂੰ ਮਾਨਤਾ ਦਿੱਤੀ...।'
'ਕੀ ਮਤਲਬ ਪਾਪਾ ਜੀ? ਥੋੜ੍ਹਾ ਵਿਸਥਾਰ ਵਿਚ ਚਾਨਣਾ ਪਾਓ...।' ਸਿਮਰਨ ਨੇ ਪੁੱਛਿਆ।
ਪਾਪਾ ਨੇ ਸਾਰੀ ਖ਼ਬਰ ਪੜ੍ਹ ਕੇ ਸੁਣਾਈ। ਇਸ ਖ਼ਬਰ ਦਾ ਤੱਤਸਾਰ ਇਹ ਸੀ ਕਿ ਇਸ ਐਕਟ ਅਧੀਨ ਜਿਹੜੇ ਵਿਅਕਤੀ ਪਾਣੀ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਪਾਏ ਜਾਣਗੇ, ਹੁਣ ਉਨ੍ਹਾਂ ਨੂੰ ਕੇਵਲ ਜੁਰਮਾਨਾ ਹੀ ਦੇਣਾ ਪਵੇਗਾ, ਦੰਡ ਨਹੀਂ।
'ਵੈਸੇ ਪਾਪਾ ਉਨ੍ਹਾਂ ਨੂੰ ਦੰਡ ਵੀ ਮਿਲਣਾ ਚਾਹੀਦਾ ਏ। ਇਸ ਤਰ੍ਹਾਂ ਤਾਂ ਸਰਮਾਏਦਾਰ ਲੋਕ ਆਪਣੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਪ੍ਰਦੂਸ਼ਿਤ ਕਰਦੇ ਰਹਿਣਗੇ। ਸਜ਼ਾ ਉਨ੍ਹਾਂ ਨੂੰ ਕੋਈ ਹੋਣੀ ਨਹੀਂ। ਜ਼ਹਿਰੀਲਾ ਪਾਣੀ ਪੀ ਕੇ ਬੀਮਾਰ ਕੌਣ ਹੋਣਗੇ, ਆਮ ਲੋਕ..। ਮਰਨਗੇ ਕੌਣ ਪਾਣੀ ਵਿਚਲੇ ਹਜ਼ਾਰਾਂ ਲੱਖਾਂ ਜੀਵ-ਜੰਤੂ...। ਰੁੱਖ-ਬੂਟੇ ਵੀ ਰਸਾਇਣਕ ਤੱਤਾਂ ਦੀ ਮਾਰ ਤੋਂ ਨਹੀਂ ਬਚ ਸਕਣਗੇ।' ਸਿਮਰਨ ਆਪਣੇ ਮਨ ਦੀ ਭੜਾਸ ਕੱਢ ਰਿਹਾ ਸੀ।
ਸਿਮਰਨ ਦੇ ਕੰਨਾਂ ਵਿਚ ਪਾਣੀ ਬਾਰੇ ਤਰ੍ਹਾਂ-ਤਰ੍ਹਾਂ ਦੇ ਝਗੜੇ ਝੇੜਿਆਂ ਦੀਆਂ ਗੱਲਾਂ ਕੁਝ ਜ਼ਿਆਦਾ ਹੀ ਪੈ ਰਹੀਆਂ ਸਨ।
ਕਿਧਰੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੀ ਵੰਡ ਬਾਰੇ ਰੇੜਕਾ ਪਿਆ ਹੋਇਆ ਸੀ, ਕਿਧਰੇ ਡੈਮਾਂ ਦੇ ਪਾਣੀ ਦੇ ਰੈਗੂਲੇਟਰ ਸੈਂਟਰ ਨੂੰ ਤਾਲਾ ਲਾ ਕੇ ਪੁਲਿਸ ਦਾ ਪੈਰਾ ਬਿਠਾਇਆ ਹੋਇਆ ਸੀ। ਕਿਧਰੇ ਸਤਲੁਜ-ਯਮਨਾ ਲਿੰਕ ਨਹਿਰ ਦਾ ਰੱਫੜ ਪੈ ਰਿਹਾ ਸੀ। ਕਿਧਰੇ ਵੱਧ ਤੇ ਕਿਧਰੇ ਘੱਟ ਕਿਊਸਿਕ ਪਾਣੀ ਲੈਣ-ਦੇਣ ਦਾ ਮਸਲਾ ਗੁੰਝਲਦਾਰ ਬਣਦਾ ਜਾ ਰਿਹਾ ਸੀ। ਕਿਧਰੇ ਕੋਈ ਸਰਕਾਰ ਰਾਵੀ-ਬਿਆਸ ਪਾਣੀ ਦੀ ਵੰਡ ਦਾ ਮਸਲਾ ਸੁਪਰੀਮ ਕੋਰਟ ਵਿਚ ਲਿਜਾ ਰਹੀ ਸੀ।
ਗੱਲ ਕੀ, ਹਰ ਪਾਸੇ ਪਾਣੀ ਨੂੰ ਲੈ ਕੇ ਵਿਵਾਦ ਹੀ ਵਿਵਾਦ ਸੀ।
ਸਿਮਰਨ ਦੀਆਂ ਅੱਖਾਂ ਅੱਗੇ ਜੰਗ ਵਿਚ ਜ਼ਖ਼ਮੀਆਂ ਨੂੰ ਆਪਣੀ ਮਸ਼ਕ ਵਿਚੋਂ ਪਾਣੀ ਪਿਆ ਰਹੇ ਭਾਈ ਘਨੱਈਆ ਜੀ ਦਾ ਚਿੱਤਰ ਉੱਭਰ ਆਇਆ।
ਸਿਮਰਨ ਨੂੰ ਰਾਤੀਂ ਇਕ ਸੁਪਨਾ ਆਇਆ।
ਇਹ ਸੁਪਨਾ ਕੁਝ ਡਰਾਉਣਾ ਸੀ।
ਸਿਮਰਨ ਨੇ ਇਕ ਹੋਰ ਖ਼ੌਫ਼ਨਾਕ ਦ੍ਰਿਸ਼ ਦੇਖਿਆ।
ਸੁਪਨੇ ਵਿਚ ਸਿਮਰਨ 2050 ਈਸਵੀ ਵਿਚ ਵਿਚਰ ਰਿਹਾ ਸੀ।
ਨੇੜੇ-ਤੇੜੇ ਰੁੱਖਾਂ ਦਾ ਨਾਮੋ ਨਿਸ਼ਾਨ ਨਹੀਂ ਸੀ। ਵੱਡੇ ਤੇ ਵਿਸ਼ਾਲ ਰੁੱਖ ਤਾਂ ਕਦੋਂ ਦੇ ਵੱਢੇ ਜਾ ਚੁੱਕੇ ਸਨ।
ਹਰ ਪਾਸੇ ਬੰਜਰ ਜ਼ਮੀਨ ਹੀ ਨਜ਼ਰ ਆ ਰਹੀ ਸੀ। ਝੀਲਾਂ, ਤਲਾਅ, ਸਭ ਸੁੱਕ ਚੁੱਕੇ ਸਨ।
ਕਮਜ਼ੋਰ ਤੇ ਬਿਮਾਰ ਲੋਕਾਈ ਪਾਣੀ-ਪਾਣੀ ਕੁਰਲਾ ਰਹੀ ਸੀ।
ਸਿਮਰਨ ਦਾ ਪਿਆਸ ਨਾਲ ਬੁਰਾ ਹਾਲ ਸੀ।
ਪਾਣੀ ਦੀ ਭਾਲ ਕਰਦਾ ਕਰਦਾ ਉਹ ਬਹੁਤ ਦੂਰ ਨਿਕਲ ਗਿਆ ਸੀ। ਆਖ਼ਰ ਇਕ ਅਜਿਹੀ ਥਾਂ ਪੁੱਜਿਆ ਜਿੱਥੇ ਪਾਣੀ ਬੋਤਲਾਂ ਵਿਚ ਨਹੀਂ ਸਗੋਂ ਅਧੀਏ ਜਾਂ ਪਊਏ ਵਿਚ ਵੇਚਿਆ ਜਾ ਰਿਹਾ ਸੀ। ਪਾਣੀ ਦੇ ਅਧੀਏ ਦੀ ਕੀਮਤ 100 ਰੁਪਏ ਸੀ ਤੇ ਪਊਏ ਦੀ 60 ਰੁਪਏ। ਗ਼ਰੀਬ ਲੋਕ ਅਧੀਏ ਦੇ ਪਾਣੀ ਦਾ ਭਰਿਆ ਢੱਕਣ ਦਸ ਰੁਪਏ ਵਿਚ ਖਰੀਦਣ ਲਈ ਮਜਬੂਰ ਸਨ।
ਪਾਣੀ ਦੀ ਭਾਲ ਵਿਚ ਜੀਵ-ਜੰਤੂ ਇਧਰ ਉਧਰ ਮਾਰੇ ਮਾਰੇ ਦੌੜ ਰਹੇ ਸਨ। ਪਾਣੀ ਖੁਣੋਂ ਬੇਹੋਸ਼ ਹੋ ਰਹੇ ਸਨ। ਦਮ ਤੋੜ ਰਹੇ ਸਨ।
ਸਿਮਰਨ ਨੂੰ ਨਾਨਾ ਜੀ ਦੀ ਕਹੀ ਗੱਲ ਯਾਦ ਆ ਗਈ, 'ਸਾਨੂੰ ਸਾਰਿਆਂ ਨੂੰ ਪਾਣੀ-ਪਿਤਾ ਬਚਾਉਣ ਲਈ ਜ਼ੋਰਦਾਰ ਹੰਭਲੇ ਮਾਰਨ ਦੀ ਜ਼ਰੂਰਤ ਏ ਕਿਉਂਕਿ ਪੰਜਾਬ ਕੋਲ ਆਉਣ ਵਾਲੇ ਕੇਵਲ 17 ਕੁ ਸਾਲਾਂ ਦਾ ਪਾਣੀ ਹੀ ਬਚਿਆ ਏ।'
ਸਿਮਰਨ ਵੀ ਪਾਣੀ ਖਰੀਦਣ ਲਈ ਲਾਈਨ ਵਿਚ ਜਾ ਖੜ੍ਹਾ ਹੋਇਆ।
ਉਸ ਤੋਂ ਅੱਗੇ 100 ਵਿਅਕਤੀ ਹੋਰ ਖੜ੍ਹੇ ਸਨ। ਸਾਰਿਆਂ ਦੇ ਗਲ਼ ਸੁੱਕ ਰਹੇ ਸਨ। ਜੀਭਾਂ ਬਾਹਰ ਨਿਕਲਣ ਨੂੰ ਕਰ ਰਹੀਆਂ ਸਨ।
ਲੋਕਾਂ ਦੀਆਂ ਆਵਾਜ਼ਾਂ ਹੋਰ ਉੱਚੀ ਹੋ ਰਹੀਆਂ ਸਨ, 'ਸਾਨੂੰ ਛੇਤੀ ਪਾਣੀ ਦਿਉ। ਪੈਸੇ ਜਿੰਨੇ ਮਰਜ਼ੀ ਲੈ ਲਵੋ...। ਹਾਏ ਪਾਣੀ....। ਜਾਨ ਨਿਕਲਦੀ ਜਾ ਰਹੀ ਏ ਸਾਡੀ....। ਸਾਡੇ ਬੱਚੇ ....ਰੱਬ ਦੇ ਵਾਸਤੇ ਛੇਤੀ ਕਰੋ....। ਭਾਵੇਂ ਸਾਨੂੰ ਪਾਣੀ ਨਾ ਦੇਵੋ ਪਰ ਸਾਡੇ ਬੱਚਿਆਂ ਦੇ ਮੂੰਹ ਵਿਚ ਪਾਣੀ ਦੀਆਂ ਦੋ ਬੂੰਦਾਂ ਤਾਂ ਪਾ ਦਿਉ।'
'ਪਹਿਲਾਂ ਮੈਨੂੰ ਪਾਣੀ ਦਿਉ...।'
'ਪਹਿਲਾਂ ਮੈਨੂੰ।'
'ਪਹਿਲਾਂ ਮੈਨੂੰ।'
'ਉਏ, ਤੂੰ ਲਾਈਨ ਵਿਚ ਕਿਵੇਂ ਘੁਸੜਦਾ ਆ ਰਿਹੈਂ...? ਦੀਂਹਦਾ ਨੀ ਤਿੰਨੇ ਘੰਟੇ ਹੋ ਗਏ ਨੇ ਮੈਨੂੰ ਲਾਈਨ 'ਚ ਖੜ੍ਹੇ ਨੂੰ...।'
'ਮੈਂ ਕੀ ਕਰਾਂ? ਪਾਣੀ ਬਿਨਾਂ ਮੇਰੀ ਜਾਨ ਨਿਕਲਦੀ ਜਾ ਰਹੀ ਏ..।'
'ਉਏ ਪਰ੍ਹਾਂ ਹਟ।'
'ਉਏ ਖੜ੍ਹ ਜਾ। ਤੈਨੂੰ ਮੈਂ ਦੱਸਦਾ ਆਂ...।'
ਦੇਖਦਿਆਂ ਹੀ ਦੇਖਦਿਆਂ ਭੀੜ ਇਕ ਦੂਜੇ ਉਪਰ ਟੁੱਟ ਗਈ। ਪਾਣੀ ਦੇ ਭਰੇ ਅਧੀਏ ਤੇ ਪਊਏ ਜਿਸ ਜਿਸ ਦੇ ਹੱਥ ਲੱਗੇ, ਖੋਹ ਕੇ ਔਹ ਗਏ, ਔਹ ਗਏ।
ਚਾਣਚੱਕ ਸਿਮਰਨ ਦੀ ਚੀਕ ਨਿਕਲ ਗਈ। ਉਹ ਅੱਭੜਵਾਹੇ ਜਾਗ ਪਿਆ।
ਉਸ ਦੇ ਮੰਮੀ ਵੀ ਝਟਪਟ ਜਾਗ ਪਏ। ਸਿਮਰਨ ਦੇ ਸਿਰ ਤੇ ਪਿਆਰ ਭਰਿਆ ਹੱਥ ਧਰ ਕੇ ਬੋਲੇ, 'ਕੀ ਗੱਲ ਸਿੰਮੂ ਬੇਟੇ, ਕੋਈ ਭੈੜਾ ਸੁਪਨਾ ਆ ਰਿਹਾ ਸੀ...?'
ਸਿਮਰਨ ਅੱਖਾਂ ਮਲਦਾ ਹੋਇਆ ਬੋਲਿਆ, 'ਸ਼ੁਕਰ ਏ, ਇਹ ਸੁਪਨਾ ਹੀ ਸੀ...।'
ਫਿਰ ਸਿਮਰਨ ਨੇ ਸੁਪਨੇ ਵਾਲੀ ਸਾਰੀ ਕਹਾਣੀ ਮੰਮੀ ਨੂੰ ਸੁਣਾ ਦਿੱਤੀ।
ਸਿਮਰਨ ਅਗਲੇ ਦਿਨ ਸਕੂਲ ਗਿਆ। ਉਹ ਲਾਇਬ੍ਰੇਰੀ ਵਿਚ ਗਿਆ। ਲਾਇਬ੍ਰੇਰੀ ਦੇ ਵੱਡੇ ਮੇਜ਼ 'ਤੇ ਕੁਝ ਨਵੀਆਂ ਕਿਤਾਬਾਂ ਆਈਆਂ ਪਈਆਂ ਸਨ। ਇਕ ਕਿਤਾਬ ਨੇ ਸਿਮਰਨ ਦਾ ਧਿਆਨ ਆਪਣੇ ਵੱਲ ਖਿੱਚਿਆ। ਪੁਸਤਕ ਦਾ ਸਿਰਲੇਖ ਸੀ, 'ਪਹਿਲਾ ਪਾਣੀ ਜੀਉ ਹੈ।'
ਲੇਖਕ ਦਾ ਨਾਂਅ ਸੀ ਡਾ. ਬਰਜਿੰਦਰ ਸਿੰਘ ਹਮਦਰਦ।
ਸਿਮਰਨ ਉਸ ਕਿਤਾਬ ਨੂੰ ਚੁੱਕ ਕੇ ਉਸ ਦਾ ਤਤਕਰਾ ਪੜ੍ਹਨ ਲੱਗ ਪਿਆ।
ਕਿੰਨੇ ਹੀ ਲੇਖਾਂ ਦੇ ਸਿਰਲੇਖ ਉਸ ਦੀਆਂ ਅੱਖਾਂ ਖੋਲ੍ਹ ਰਹੇ ਸਨ।
'ਪਾਣੀਆਂ ਦੀ ਵੰਡ', 'ਪਾਣੀਆਂ ਦਾ ਵਿਵਾਦ', 'ਪਾਣੀਆਂ ਦਾ ਰੇੜਕਾ', 'ਨਾ ਮਿਲੇਗੀ ਹਵਾ ਤੇ ਨਾ ਮਿਲੇਗਾ ਪਾਣੀ', 'ਪਾਣੀ ਦੇ ਸੋਮਿਆਂ ਦੀ ਸੰਭਾਲ ਕੀਤੀ ਜਾਵੇ', 'ਪੰਜਾਬੀ ਪਾਣੀ ਦੀ ਅਹਿਮੀਅਤ ਨੂੰ ਸਮਝਣ', 'ਜਬ ਚਿੜੀਆਂ ਚੁਗ ਗਈ ਖੇਤ।'
ਸਿਮਰਨ ਨੇ ਲਾਇਬ੍ਰੇਰੀਅਨ ਮੈਡਮ ਨੂੰ ਉਹ ਕਿਤਾਬ ਜਾਰੀ ਕਰਨ ਲਈ ਬੇਨਤੀ ਕੀਤੀ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 9814423703

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 13 'ਚ ਰੀਤਾ ਰਾਣੀ ਦੀ ਇਤਿਹਾਸਕ ਜਿੱਤ, 908 ਵੋਟਾਂ ਨਾਲ ਕਾਂਗਰਸ ਦਾ ਝੰਡਾ ਬੁਲੰਦ ਅਗਲੀ ਖ਼ਬਰ ਬਾਲ ਗੀਤ ਖੇਡ ਦਾ ਮੈਦਾਨ
Ad Position 24
No active advertisement