01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਰੁੱਖ ਮੇਰਾ ਦੋਸਤ

Ad Position 21
No active advertisement
ਅਜੀਤ ਡੈਸਕ 01-08-2026

ਸਕੂਲੋਂ ਘਰ ਮੁੜਦਿਆਂ ਨਵਦੀਪ ਨੇ ਰਸਤੇ ਵਿਚ ਦੇਖਿਆ ਕਿ ਇਕ ਆਦਮੀ ਕੁਹਾੜੀ ਨਾਲ ਇਕ ਸੰਘਣੇ ਰੁੱਖ ਦੀ ਟਾਹਣੀ ਨੂੰ ਵੱਢਣ ਦੀ ਕੋਸ਼ਿਸ਼ ਕਰ ਰਿਹਾ ਸੀ।ਉਹ ਰੁੱਖ ਦੇ ਕੋਲ ਆਇਆ ਤੇ ਉਸ 'ਤੇ ਚੜ੍ਹੇ ਆਦਮੀ ਨੂੰ ਆਵਾਜ਼ ਲਗਾ ਕੇ ਕਹਿਣ ਲੱਗਾ, 'ਅੰਕਲ, ਇਹ ਕੀ ਕਰ ਰਹੇ ਹੋ,ਹਰੇ ਭਰੇ ਰੁੱਖ ਵੱਢਣਾ ਮਾੜੀ ਗੱਲ ਐ ਫੇਰ ਇਸ ਰੁੱਖ ਨੇ ਤੁਹਾਡਾ ਕੀ ਵਿਗਾੜਿਐ ਜਿਹੜਾ ਤੁਸੀਂ ਇਹਨੂੰ ਵੱਢ ਰਹੇ ਹੋ ? ਇਸ ਰਸਤੇ ਵਿਚ ਸੰਘਣੇ ਰੁੱਖਾਂ ਦੀ ਤਾਂ ਪਹਿਲਾਂ ਹੀ ਕਾਫੀ ਘਾਟ ਐ।'
ਉਸ ਆਦਮੀ ਨੇ ਹੇਠਾਂ ਖੜ੍ਹੇ ਨਵਦੀਪ ਵੱਲ ਇਕ ਨਜ਼ਰ ਦੇਖਿਆ ਤੇ ਥੋੜ੍ਹੀ ਲਾਪਰਵਾਹੀ ਵਿਚ ਬੋਲਿਆ, 'ਕਾਕਾ ਮੈਨੂੰ ਲੱਕੜੀ ਲੋੜ ਐ ਇਸ ਲਈ ਇਹਨੂੰ ਵੱਢ ਰਿਹਾ ਹਾਂ।' ਤੇ ਉਹ ਫਿਰ ਕੁਹਾੜੀ ਚਲਾਉਣ ਲੱਗਾ।
'ਜ਼ਰਾ ਰੁਕੋ ਤੇ ਪਹਿਲਾਂ ਮੇਰੀ ਗੱਲ ਸੁਣ ਲਓ ਫਿਰ ਜੋ ਚਾਹੇ ਕਰਨਾ।' ਨਵਦੀਪ ਨੇ ਉਸ ਆਦਮੀ ਨੂੰ ਆਖਿਆ।
'ਹਾਂ ਹਾਂ, ਪਹਿਲਾਂ ਤੂੰ ਹੀ ਦੱਸ...।' ਉਸ ਆਦਮੀ ਨੇ ਕੁਹਾੜੀ ਮੋਢੇ 'ਤੇ ਰੱਖਦਿਆਂ ਕਿਹਾ।
'ਤੁਸੀਂ ਲੱਕੜੀ ਵਾਸਤੇ ਕੋਈ ਬੇਕਾਰ ਤੇ ਸੁੱਕਾ ਰੁੱਖ ਕਿਉਂ ਨਹੀਂ ਭਾਲਦੇ। ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਸੰਘਣੇ ਹਰੇ ਭਰੇ ਰੁੱਖਾਂ ਦੇ ਕਿੰਨੇ ਲਾਭ ਨੇ। ਰੁੱਖ ਸਾਨੂੰ ਆਕਸੀਜਨ ਤਾਂ ਦਿੰਦੇ ਹੀ ਨੇ ਫਲ, ਛਾਂ, ਦਵਾਈਆਂ ਬੂਟੀਆਂ ਸਭ ਰੁੱਖਾਂ ਕੋਲੋਂ ਹੀ ਮਿਲਦੀਆਂ ਨੇ। ਵਰਖਾ ਤੇ ਧੁੱਪ ਦੇ ਦਿਨਾਂ ਵਿਚ ਇਹ ਸਾਨੂੰ ਸਹਾਰਾ ਦਿੰਦੇ ਨੇ। ਹੋਰ ਤਾਂ ਹੋਰ ਵਰਖਾ ਲਿਆਉਣ ਵਿਚ ਵੀ ਇਹ ਮਦਦਗਾਰ ਹੁੰਦੇ ਹਨ। ਹੜ੍ਹਾਂ ਦੀ ਰੋਕਥਾਮ ਵਿਚ ਵੀ ਰੁੱਖਾਂ ਦਾ ਵੱਡਾ ਯੋਗਦਾਨ ਹੁੰਦੈ। ਫੇਰ ਰੁੱਖ ਵੱਢਣਾ ਅਪਰਾਧ ਵੀ ਐ।' ਨਵਦੀਪ ਨੇ ਆਪਣੀ ਸੂਝ ਬੂਝ ਨਾਲ ਗੱਲ ਪੂਰੀ ਕੀਤੀ ਤਾਂ ਕਿ ਆਦਮੀ ਕਿਸੇ ਤਰ੍ਹਾਂ ਰੁੱਖ ਨੂੰ ਨਾ ਵੱਢੇ ਪਰ ਰੁੱਖ 'ਤੇ ਚੜ੍ਹੇ ਆਦਮੀ 'ਤੇ ਉਸ ਦੀਆਂ ਗੱਲਾਂ ਦਾ ਅਸਰ ਨਹੀਂ ਸੀ। ਕਹਿਣ ਲੱਗਾ, 'ਕਾਕਾ ਆਪਣੀ ਪੜ੍ਹਾਈ ਆਪਣੇ ਕੋਲ ਹੀ ਰੱਖ 'ਤੇ ਆਪਣਾ ਰਸਤਾ ਨਾਪ।ਮੈਨੂੰ ਹੋਰ ਵੀ ਕਈ ਕੰਮ ਨੇ।' ਤੇ ਉਹ ਹੋਰ ਵਧੇਰੇ ਜੋਸ਼ ਨਾਲ ਕੁਹਾੜੀ ਚਲਾਉਣ ਲੱਗਾ।
ਨਵਦੀਪ ਸਮਝ ਗਿਆ ਕਿ ਉਸ ਦੀਆਂ ਗੱਲਾਂ ਦਾ ਉਸ ਆਦਮੀ 'ਤੇ ਕੋਈ ਅਸਰ ਨਹੀਂ ਸੀ।ਉਹ ਮਨ ਮਸੋਸ ਕੇ ਉਥੋਂ ਜਾਣ ਹੀ ਲੱਗਿਆ ਸੀ ਕਿ ਰੁੱਖ 'ਤੇ ਚੜ੍ਹੇ ਆਦਮੀ ਦੇ ਹੱਥੋਂ ਕੁਹਾੜੀ ਛੁੱਟ ਕੇ ਹੇਠਾਂ ਡਿੱਗ ਪਈ ਤੇ ਉਹ ਤੇਜ਼ੀ ਨਾਲ ਰੁੱਖ ਤੋਂ ਹੇਠਾਂ ਉਤਰਨ ਲੱਗਿਆ।ਨਵਦੀਪ ਨੂੰ ਕੁਝ ਹੈਰਾਨੀ ਹੋਈ।ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ ਉਸ ਨੇ ਦੇਖਿਆ ਰੁੱਖ ਤੋਂ ਹੇਠਾਂ ਉਤਰਿਆ ਆਦਮੀ ਨੱਠ ਕੇ ਇਕ ਦਿਸ਼ਾ ਵੱਲ ਗਿਆ।ਨਵਦੀਪ ਨੇ ਦੇਖਿਆ ਕਿ ਸਾਹਮਣੇ ਤੋਂ ਉਸ ਦੀ ਹੀ ਜਮਾਤ ਦੇ ਦੋ ਵਿਦਿਆਰਥੀ ਇਕ ਬੇਹੋਸ਼ ਲੜਕੇ ਨੂੰ ਚੁੱਕੀਂ ਉਹਨਾਂ ਵੱਲ ਹੀ ਆ ਰਹੇ ਸਨ।
'ਕੀ ਹੋਇਆ ਮੇਰੇ ਮੰਗੂ ਨੂੰ...।' ਉਸ ਆਦਮੀ ਨੇ ਬੇਹੋਸ਼ ਲੜਕੇ ਨੂੰ ਆਪਣੇ ਹੱਥਾਂ ਵਿਚ ਚੁੱਕ ਲਿਆ ਤੇ ਰੁੱਖ ਦੀ ਛਾਂ ਹੇਠ ਲੈ ਆਇਆ।ਇਕ ਵਿਦਿਆਰਥੀ ਨੇ ਦੱਸਿਆ ਕਿ ਉਹ ਜਦੋਂ ਛੁੱਟੀ ਉਪਰੰਤ ਘਰ ਆ ਰਹੇ ਸਨ ਤਾਂ ਉਨ੍ਹਾਂ ਦੇ ਅੱਗੇ-ਅੱਗੇ ਤੁਰ ਰਿਹਾ ਇਹ ਲੜਕਾ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ।ਸ਼ਾਇਦ ਇਹ ਤੇਜ਼ ਧੁੱਪ ਬਰਦਾਸ਼ਤ ਨਹੀਂ ਕਰ ਸਕਿਆ।ਬੇਹੋਸ਼ ਲੜਕਾ ਉਸ ਆਦਮੀ ਦਾ ਬੇਟਾ ਹੈ ਇਹ ਗੱਲ ਨਵਦੀਪ ਤੇ ਦੋਵੇਂ ਵਿਦਿਆਰਥੀਆਂ ਨੂੰ ਸਮਝ ਆ ਗਈ ਸੀ।ਨਵਦੀਪ ਨੇ ਉਸ ਆਦਮੀ ਨੂੰ ਤਸੱਲੀ ਦਿੰਦੇ ਆਖਿਆ, 'ਅੰਕਲ ਘਬਰਾਉਣ ਦੀ ਲੋੜ ਨਹੀਂ।' ਉਸ ਨੇ ਫਟਾਫਟ ਆਪਣੀ ਪਾਣੀ ਦੀ ਬੋਤਲ ਵਿਚ ਬਚੇ ਪਾਣੀ ਦੇ ਕੁਝ ਛਿੱਟੇ ਬੇਹੋਸ਼ ਲੜਕੇ ਦੇ ਮੂੰਹ 'ਤੇ ਮਾਰੇ ਤੇ ਕੁਝ ਪਾਣੀ ਉਸ ਦੇ ਮੂੰਹ ਵਿਚ ਪਾਇਆ।ਲੜਕਾ ਹੋਸ਼ ਵਿਚ ਆ ਗਿਆ ਸੀ।ਇਹ ਵੇਖ ਕੇ ਉਸ ਦੇ ਪਿਤਾ ਦਾ ਚਿਹਰਾ ਖਿੜ ਗਿਆ।ਉਹ ਕਹਿਣ ਲੱਗਾ, 'ਸ਼ੁਕਰ ਐ ਤੁਸੀਂ ਇਹਨੂੰ ਇਸ ਰੁੱਖ ਦੀ ਛਾਂ ਹੇਠ ਲਿਆਏ।ਕਾਕਾ ਤੇਰਾ ਵੀ ਧੰਨਵਾਦ ਜੋ ਤੂੰ ਮੇਰੇ ਬੇਟੇ ਨੂੰ ਪਾਣੀ ਪਿਆਇਆ।'
'ਵੇਖਿਆ ਅੰਕਲ, ਮੈਂ ਆਖਿਆ ਸੀ ਨਾ ਕਿ ਰੁੱਖ ਸਾਡੇ ਦੋਸਤ ਹਨ।ਇਸ ਦੀ ਛਾਂ ਹੇਠ ਲਿਆ ਕੇ ਹੀ ਤੁਹਾਡੇ ਲੜਕੇ ਨੂੰ ਜੀਵਨ ਮਿਲਿਐ।ਕੀ ਤੁਸੀਂ ਹੁਣ ਵੀ ਇਸ ਰੁੱਖ ਨੂੰ ਵੱਢੋਗੇ...?' ਨਵਦੀਪ ਨੇ ਮੌਕੇ ਸਿਰ ਗੱਲ ਆਖੀ ਤਾਂ ਉਹ ਆਦਮੀ ਕੁਝ ਸ਼ਰਮਸਾਰ ਹੋ ਕੇ ਬੋਲਿਆ, 'ਬੇਟਾ ਮੈਂ ਸ਼ਰਮਿੰਦਾ ਹਾਂ।ਸਚਮੁੱਚ ਰੁੱਖ ਤੇ ਪਾਣੀ ਬਿਨਾਂ ਧਰਤੀ 'ਤੇ ਮਨੁੱਖ ਦਾ ਜੀਵਨ ਅਸੰਭਵ ਐ।ਇਹ ਸਾਡੇ ਲਈ ਦਵਾ ਦਾ ਕੰਮ ਕਰਦੇ ਨੇ।ਮੈਂ ਅਨਪੜ੍ਹ ਬੰਦਾ ਇਹ ਗੱਲ ਦੇਰ ਬਾਅਦ ਸਮਝਿਆ।ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਹਰੇ ਭਰੇ ਰੁੱਖਾਂ ਨੂੰ ਨਹੀਂ ਵੱਢਾਂਗਾ ਸਗੋਂ ਹੋਰਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਾਂਗਾ।'
ਉਸ ਆਦਮੀ ਦੀ ਗੱਲ ਸੁਣ ਕੇ ਨਵਦੀਪ ਮੁਸਕਰਾਉਣ ਲੱਗਾ।ਉਸ ਨੇ ਇਕ ਨਜ਼ਰ ਰੁੱਖ ਵੱਲ ਦੇਖਿਆ। ਨਵਦੀਪ ਨੂੰ ਜਾਪਿਆ ਜਿਵੇਂ ਰੁੱਖ ਵੀ ਮੁਸਕਰਾ ਰਿਹਾ ਸੀ ਤੇ ਉਸ ਦਾ ਧੰਨਵਾਦ ਕਰ ਰਿਹਾ ਸੀ।
-ਯੂਸਿਕ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ad Position 22
No active advertisement
ਪਿਛਲੀ ਖ਼ਬਰ ਆਓ, ਜਾਣੀਏ ਧਰਤੀ ਦੀਆਂ ਅਦਭੁਤ ਰਚਨਾਵਾਂ ਬਾਰੇ ਅਗਲੀ ਖ਼ਬਰ ਟਰਾਂਸਪੋਰਟਰ ਨਾਲ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਬਿਹਾਰ ਦੇ ਕਾਰੋਬਾਰੀ ਖ਼ਿਲਾਫ਼ ਕੇਸ ਦਰਜ
Ad Position 24
No active advertisement