ਪੰਜਾਬੀ ਇਤਿਹਾਸਕਾਰਾਂ ਵਿਚ ਡਾ. ਗੰਡਾ ਸਿੰਘ ਦਾ ਨਾਂਅ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਡਾ. ਗੰਡਾ ਸਿੰਘ ਨੇ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਪੰਜਾਬ ਦੀ ਇਤਿਹਾਸਕਾਰੀ ਨਾਲ ਸੰਬੰਧਿਤ ਖੋਜ ਕਾਰਜਾਂ ਦੇ ਲੇਖੇ ਲਾਇਆ। ਉਸ ਦੀ ਇਤਿਹਾਸ ਖੋਜੀ ਕਾਰਜ ਦੀ ਜਿਗਿਆਸਾ ਨੂੰ 'ਐਂਗਲੋ ਪਰਸ਼ੀਅਨ ਤੇਲ ਕੰਪਨੀ' ਵਿਚ ਕੰਮ ਕਰਿਦਆਂ ਹੋਇਆਂ ਅੰਗਰੇਜ਼ ਅਫ਼ਸਰ ਸਰ ਆਰਨਲਡ ਟੀ. ਵਿਲਸਨ ਨੂੰ ਮਿਲਣ ਉਪਰੰਤ ਵਧ ਗਈ ਸੀ। ਅੰਗਰੇਜ਼ ਅਫ਼ਸਰ ਨੇ ਹੀ ਉਸ ਨੂੰ ਇਤਿਹਾਸ ਦੇ ਖੋਜ ਕਾਰਜਾਂ ਲਈ ਉਤਸ਼ਾਹਿਤ ਕੀਤਾ ਸੀ।
ਡਾ. ਗੰਡਾ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਪੁਰਾਤਨ ਕਸਬੇ ਹਰਿਆਣਾ ਵਿਚ 15 ਨਵੰਬਰ, 1900 ਨੂੰ ਹੋਇਆ। ਉਸ ਦਾ ਪਿਤਾ ਸਰਦਾਰ ਜਵਾਲਾ ਸਿੰਘ ਮਹਿਕਮਾ ਮਾਲ ਵਿਚ ਨੌਕਰੀ ਕਰਦਾ ਸੀ। ਡਾ. ਗੰਡਾ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਇਸੇ ਕਸਬੇ ਤੋਂ ਕੀਤੀ, ਜੋ ਕਿ ਫਾਰਸੀ ਵਿਚ ਸੀ। ਮਿਡਲ ਦੀ ਪੜ੍ਹਾਈ ਖ਼ਤਮ ਕਰ ਲੈਣ ਮਗਰੋਂ ਗੌਰਮਿੰਟ ਹਾਈ ਸਕੂਲ ਹੁਸ਼ਿਆਰਪੁਰ ਵਿਚ ਦਾਖਲ ਹੋ ਗਿਆ। ਉਸ ਦੀ ਪੜ੍ਹਾਈ ਪ੍ਰਤੀ ਲਗਨ ਨੇ ਸਕੂਲ ਦੇ ਮੁੱਖ ਅਧਿਆਪਕ ਮਿ. ਜੇਮਜ਼ ਮਾਰ ਨੂੰ ਬਹੁਤ ਪ੍ਰਭਾਵਿਤ ਕੀਤਾ। ਸਕੂਲ ਤੋਂ ਮੈਟ੍ਰਿਕ ਕਰਨ ਤੋਂ ਬਾਅਦ ਗੰਡਾ ਸਿੰਘ ਉੱਚ ਵਿੱਦਿਆ ਲਈ ਫਾਰਮੈਨ ਕਾਲਜ ਲਾਹੌਰ ਵਿਚ ਜਾ ਕੇ ਦਾਖਲ ਹੋ ਗਿਆ। ਪਰੰਤੂ ਕਾਲਜ ਦੀ ਪੜ੍ਹਾਈ ਅੱਧ-ਵਿਚਕਾਰ ਛੱਡ ਕੇ ਉਹ ਤੀਜੇ ਅਫ਼ਗਾਨ ਯੁੱਧ ਵਿਚ ਰੁੱਝੀ ਭਾਰਤੀ ਫ਼ੌਜ ਵਿਚ ਜਾ ਭਰਤੀ ਹੋ ਗਿਆ। ਰਾਵਲਪਿੰਡੀ, ਪੇਸ਼ਾਵਰ ਅਤੇ ਮਾਰਗਿਲ ਆਦਿ ਥਾਵਾਂ 'ਤੇ ਜਾ ਕੇ ਉਸ ਨੇ ਆਪਣੀਆਂ ਸੇਵਾਵਾਂ ਭਾਰਤੀ ਫ਼ੌਜ ਨੂੰ ਦਿੱਤੀਆਂ। ਬਸਰੇ ਦੀ ਲੜਾਈ ਦੌਰਾਨ ਉਸ ਦੇ ਪੱਟ ਵਿਚ ਗੋਲੀ ਲੱਗ ਗਈ। ਤੰਦਰੁਸਤ ਹੋਣ ਤੋਂ ਬਾਅਦ ਗੰਡਾ ਸਿੰਘ ਨੇ ਐਂਗਲੋ ਪਰਸ਼ੀਅਨ ਤੇਲ ਕੰਪਨੀ ਵਿਚ ਨੌਕਰੀ ਕਰ ਲਈ।
ਡਾ. ਗੰਡਾ ਸਿੰਘ ਨੇ ਅਕਤੂਬਰ 1931 ਤੋਂ ਲੈ ਕੇ ਜਨਵਰੀ 1988 ਤੱਕ ਸਾਰਾ ਸਮਾਂ ਪੰਜਾਬ ਦੇ ਇਤਿਹਾਸ ਨੂੰ ਸਮਰਪਿਤ ਕਰੀ ਰੱਖਿਆ। ਪੂਰੀ ਦੁਨੀਆ ਸ਼ਾਇਦ ਹੀ ਕੋਈ ਵਿਰਲਾ ਇਤਿਹਾਸਕਾਰ ਹੋਵੇ, ਜਿਸ ਨੇ ਇਤਨੀ ਸਮਰਪਿਤ ਤੇ ਇਕਾਗਰ ਭਾਵਨਾ ਨਾਲ ਕੰਮ ਕੀਤਾ ਹੋਵੇ। ਜਦੋਂ ਵੀ ਪੰਜਾਬ ਦੇ ਇਤਿਹਾਸਕ ਖੋਜ ਕਾਰਜਾਂ ਦੇ ਕੰਮ ਦਾ ਜ਼ਿਕਰ ਹੁੰਦਾ ਹੈ ਤਾਂ ਇਕਦਮ ਡਾ. ਗੰਡਾ ਸਿੰਘ ਦਾ ਨਾਂਅ ਸਾਡੇ ਜ਼ਿਹਨ ਵਿਚ ਆ ਜਾਂਦਾ ਹੈ। ਡਾ. ਗੰਡਾ ਸਿੰਘ ਨੇ ਇਤਿਹਾਸਕਾਰ ਵਜੋਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਕਰੀਬ ਤਿੰਨ ਦਰਜਨ ਪੁਸਤਕਾਂ ਪਾਈਆਂ। ਪੁਰਾਤੱਤਵ ਵਿਭਾਗ ਪੰਜਾਬ ਦੇ ਡਾਇਰੈਕਟਰ ਵਜੋਂ ਬਹੁਤ ਸਾਰੇ ਦੁਰਲੱਭ ਖਰੜੇ ਇਸ ਵਿਭਾਗ ਵਿਚ ਲਿਆਂਦੇ। ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਿੱਖ ਇਤਿਹਾਸ ਵਿਭਾਗ ਦੇ ਮੁਖੀ ਹੋਣ ਸਮੇਂ ਇਸ ਵਿਭਾਗ ਨੂੰ ਭਾਰਤ ਦੇ ਇਤਿਹਾਸ ਦਾ ਖੋਜ ਕੰਮ ਕਰ ਰਹੀਆਂ ਸੰਸਥਾਵਾਂ ਵਿਚ ਇਕ ਸ਼੍ਰੋਮਣੀ ਸੰਸਥਾ ਬਣਾ ਦਿੱਤਾ।
ਡਾ. ਗੰਡਾ ਸਿੰਘ ਨੇ 1954 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 'ਅਹਿਮਦਸ਼ਾਹ ਦੁਰਾਨੀ' ਬਾਰੇ ਖੋਜ ਕਾਰਜ ਕਰਕੇ ਆਪਣੀ ਪੀ. ਐਚ. ਡੀ. ਦੀ ਡਿਗਰੀ ਪੂਰੀ ਕੀਤੀ। ਇਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਵਿਦਵਾਨ ਡਾ. ਅਮਰੀਕ ਸਿੰਘ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਪੀ. ਐਚ. ਡੀ. ਦੇ ਵਿਸ਼ੇ 'ਤੇ ਕਿੰਨੀ ਦੇਰ ਤੱਕ ਕੰਮ ਕੀਤਾ ਹੈ। ਡਾ. ਗੰਡਾ ਸਿੰਘ ਦਾ ਜੁਆਬ ਸੀ 'ਵੀਹ ਵਰ੍ਹੇ'। ਇਹ ਗੱਲ ਸੱਚ ਹੈ ਕਿ ਉਸ ਨੇ ਸਮੱਗਰੀ ਇਕੱਤਰ ਕਰਨ, ਵੱਖ ਵੱਖ ਸ੍ਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਤੱਥਾਂ ਦੀ ਪ੍ਰਮਾਣਿਤਕਤਾ ਸਿੱਧ ਕਰਨ ਅਤੇ ਫਿਰ ਕਿਤੇ ਜਾ ਕੇ ਅਹਿਮਦਸ਼ਾਹ ਦੁਰਾਨੀ ਦੀ ਇਤਿਹਾਸਕ ਜੀਵਨੀ ਦਾ ਖੋਜ ਕਾਰਜ ਪੂਰਾ ਕੀਤਾ। ਡਾ. ਗੰਡਾ ਸਿੰਘ ਦੀ ਅਜਿਹੀ ਸਿਰੜੀ ਬਿਰਤੀ ਅਜੋਕੇ ਖੋਜਕਾਰਾਂ ਲਈ ਪ੍ਰੇਰਨਾਦਾਇਕ ਦਾ ਕੰਮ ਕਰ ਸਕਦੀ ਹੈ। ਡਾ. ਗੰਡਾ ਸਿੰਘ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਨਾਲ-ਨਾਲ ਅੰਗਰੇਜ਼ੀ, ਉਰਦੂ, ਫਾਰਸੀ, ਪਸ਼ਤੋ ਅਤੇ ਮਰਾਠੀ ਵਰਗੀਆਂ ਭਾਸ਼ਾਵਾਂ ਚੰਗੀ ਤਰ੍ਹਾਂ ਪੜ੍ਹ ਅਤੇ ਲਿਖ ਲੈਂਦੇ ਸੀ। 19 ਦਸੰਬਰ, 1964 ਨੂੰ ਡਾ. ਗੰਡਾ ਸਿੰਘ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਡੀ. ਲਿਟ ਦੀ ਡਿਗਰੀ ਭੇਟ ਕੀਤੀ। ਹੈਰਾਨੀਜਨਕ ਗੱਲ ਹੈ ਕਿ ਉਨ੍ਹਾਂ ਨੇ ਮਰਾਠੀ 50 ਵਰ੍ਹੇ ਦੀ ਉਮਰ ਦੇ ਕਰੀਬ ਵਿਚ ਸਿੱਖੀ। 1944-45 ਵਿਚ ਡਾ. ਗੰਡਾ ਸਿੰਘ ਨੇ ਜੈਪੁਰ ਵਿਖੇ ਮੁਗ਼ਲ ਕੋਰਟ ਨਾਲ ਸੰਬੰਧਿਤ ਫਾਰਸੀ ਦੀਆਂ ਕੁਝ ਹੱਥ ਲਿਖਤਾਂ ਦਾ ਨਿਰੀਖਣ ਕੀਤਾ, ਕਿਉਂਕਿ ਗੰਡਾ ਸਿੰਘ ਦੀ ਕੇਵਲ ਪੰਜਾਬ ਦੇ ਇਤਿਹਾਸ ਵਿਚ ਹੀ ਦਿਲਚਪਸੀ ਸੀ, ਇਸ ਲਈ ਇਨ੍ਹਾਂ ਹੱਥ ਲਿਖਤਾਂ ਵਿਚੋਂ ਪੰਜਾਬ ਨਾਲ ਸੰਬੰਧਿਤ ਹੱਥ ਲਿਖਤਾਂ ਦੀ ਚੋਣ ਕਰ ਕੇ ਇਨ੍ਹਾਂ ਦੀਆਂ ਕਾਪੀਆਂ ਤਿਆਰ ਕੀਤੀਆਂ। ਇਹ ਕਾਪੀਆਂ 1708 ਤੋਂ ਲੈ ਕੇ 1719 ਦੇ ਕਾਲ ਬਾਰੇ ਮਹੱਤਵਪੂਰਨ ਸੂਚਨਾਵਾਂ ਪ੍ਰਦਾਨ ਕਰਦੀਆਂ ਹਨ ਅਤੇ ਇਹ 220 ਪੰਨਿਆਂ ਦੀ ਕਾਪੀ ਜੋ ਕਿ ਡਾ. ਗੰਡਾ ਸਿੰਘ ਦੀ ਨਿੱਜੀ ਲਾਇਬਰੇਰੀ ਵਿਚ ਮੌਜੂਦ ਸੀ, ਪਰ ਅੱਜਕਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਉਪਲੱਬਧ ਹੈ। ਇਨ੍ਹਾਂ ਹੱਥ ਲਿਖਤਾਂ ਵਿਚ ਬੰਦਾ ਸਿੰਘ ਬਹਾਦਰ ਦੀਆਂ ਰੋਜ਼ਾਨਾ ਸਰਗਰਮੀਆਂ ਅਤੇ ਮੁਗ਼ਲ ਸਰਕਾਰ ਦੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਬਾਰੇ ਵੇਰਵੇ ਅੰਕਿਤ ਹਨ। ਇਸ ਤੋਂ ਇਲਾਵਾ ਗੁਰੂੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾਂ ਦੇ ਮੁਗ਼ਲ ਸਰਕਾਰ ਵਿਰੁੱਧ ਕੀਤੇ ਗਏ ਸੰਘਰਸ਼ ਨਾਲ ਸੰਬੰਧਿਤ ਬਹੁਮੁੱਲੇ ਦਸਤਾਵੇਜ਼ ਹਨ।
ਡਾ. ਗੰਡਾ ਸਿੰਘ ਨੇ ਬੰਦਾ ਸਿੰਘ ਬਹਾਦਰ ਬਾਰੇ ਦੋ ਪੁਸਤਕਾਂ (ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸੰਖੇਪ ਜੀਵਨ, ਮਈ 1934 ਅਤੇ ਬੰਦਾ ਸਿੰਘ ਬਹਾਦਰ ਦਾ ਜੀਵਨ ਅਪ੍ਰੈਲ 1935) ਲਿਖ ਕੇ ਅਤੇ ਉਸ ਦੇ ਜੀਵਨ ਨਾਲ ਜੋੜੀਆਂ ਗਈਆਂ ਮਿੱਥਿਆਵਾਂ, ਕਲਪਨਾਵਾਂ ਦਾ ਖੰਡਨ ਕਰ ਕੇ ਇਤਿਹਾਸ ਦੇ ਪਰਿਪੇਖ ਵਿਚ ਉਸ ਦਾ ਸਹੀ ਸਥਾਨ ਨਿਰਧਾਰਿਤ ਕਰ ਦਿੱਤਾ। ਆਪਣੀ ਇਕ ਪੁਸਤਕ ਦੀ ਭੂਮਿਕਾ ਵਿਚ ਉਹ ਲਿਖਦੇ ਹਨ:
'ਮੈਂ ਇਹ ਕੰਮ ਨਵੇਂ ਸਿਰਿਓਂ ਸ਼ੁਰੂ ਕੀਤਾ। ਮੈਂ ਉਸ ਸਾਰੇ ਹਨੇਰੇ ਨੂੰ ਚੀਰਨ ਦਾ ਪ੍ਰਯਤਨ ਕੀਤਾ, ਜੋ ਮੁਢਲੀ ਅਠ੍ਹਾਰਵੀਂ ਸਦੀ ਦੇ ਇਸ ਮਹਾਨ ਨਾਇਕ ਅਤੇ ਸ਼ਹੀਦ ਦੇ ਜੀਵਨ-ਬਿਰਤਾਂਤ ਉੱਪਰ ਪਸਰਿਆ ਹੋਇਆ ਸੀ। ਮੈਂ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸੰਬੰਧਿਤ ਸਾਰੀਆਂ ਹੱਥ ਲਿਖਤਾਂ ਦੇ ਇਕੱਲੇ-ਇਕੱਲੇ ਤੱਥ ਦੀ ਚੀਰ-ਫਾੜ ਕੀਤੀ। ਇਸ ਤਰ੍ਹਾਂ ਪੁਰਾਣੇ ਲੇਖਕਾਂ ਦੇ ਪੂਰਵ ਧਾਰਨਾਵਾਂ ਅਤੇ ਸਿੱਟਿਆਂ ਤੋਂ ਪੂਰਨ ਭਾਂਤ ਬੇਲਾਗ ਹੋ ਕੇ ਮੈਂ ਇਸ ਪੁਸਤਕ ਦੀ ਰਚਨਾ ਵਿਗਿਆਨਕ ਲੀਹਾਂ ਉੱਤੇ ਕਰਨ ਦਾ ਯਤਨ ਕੀਤਾ ਹੈ। ਫ਼ਾਰਸੀ ਅਤੇ ਗੁਰਮੁਖੀ ਵਿਚ ਮਿਲਦੀ ਸ੍ਰੋਤ ਸਮੱਗਰੀ ਦਾ ਅਨੁਵਾਦ ਮੈ ਸ਼ਾਬਦਿਕ ਰੂਪ ਵਿਚ ਕੀਤਾ ਹੈ ਤਾਂ ਜੋ ਸ਼ੈਲੀ ਦੀ ਕਲਾਤਮਿਕਤਾ ਵਿਚ ਇਤਿਹਾਸਕ ਤੱਥ ਹੀ ਨਾ ਗੁਆਚ ਜਾਣ। ਇਹ ਰਚਨਾ ਠੋਸ ਤੱਥਾਂ ਉੱਤੇ ਆਧਾਰਿਤ ਇਕ ਸਪੱਸ਼ਟ ਜੀਵਨੀ ਹੈ। (ਬੰਦਾ ਸਿੰਘ ਬਹਾਦਰ ਦਾ ਜੀਵਨ, 1935 ਪੰਨਾ 17)
ਡਾ. ਗੰਡਾ ਸਿੰਘ ਦਾ ਵਿਚਾਰ ਹੈ ਕਿ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਗੁਰੂੂ ਗੋਬਿੰਦ ਸਿੰਘ ਵਿਰੁੱਧ ਇਕ ਸਾਜਿਸ਼ ਰਚੀ। ਉਹ ਗੁਰੂੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੇ ਦਰਮਿਆਨ ਚੱਲ ਰਹੀ ਗੱਲਬਾਤ ਤੋਂ ਡਰਿਆ ਹੋਇਆ ਸੀ, ਕਿਉਂਕਿ ਵਜ਼ੀਰ ਖਾਨ ਨੇ ਸਿੱਖਾਂ ਉਤੇ ਬਹੁਤ ਅੱਤਿਆਚਾਰ ਕੀਤੇ ਸਨ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਿਚ ਵੀ ਮੁੱਖ ਦੋਸ਼ੀ ਉਹੀ ਸੀ। ਉਸ ਨੇ ਦੋ ਪਠਾਣਾਂ ਨੂੰ ਪੈਸੇ ਦੇ ਕੇ ਗੁਰੂੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰਨ ਵਾਸਤੇ ਤਿਆਰ ਕਰ ਲਿਆ। ਡਾ. ਗੰਡਾ ਸਿੰਘ ਨੇ ਇਸ ਤੋਂ ਮਗਰੋਂ ਵਾਪਰਨ ਵਾਲੀਆਂ ਘਟਨਾਵਾਂ ਨੂੰ ਬੜੇ ਵਿਸਥਾਰ ਨਾਲ ਬਿਆਨ ਕੀਤਾ ਹੈ।
ਇਸੇ ਤਰ੍ਹਾਂ ਡਾ. ਗੰਡਾ ਸਿੰਘ ਨੇ ਭਾਰਤ ਅਤੇ ਵਿਦੇਸ਼ਾਂ ਦੀਆਂ ਸਾਰੀਆਂ ਲਾਇਬਰੇਰੀਆਂ ਦੀ ਯਾਤਰਾ ਕੀਤੀ। ਉਨ੍ਹਾਂ ਨੇ ਸਟੇਟ ਲਾਇਬਰੇਰੀ ਰਾਮਪੁਰ (ਯੂ.ਪੀ) ਤੋਂ 11 ਹੱਥ ਲਿਖਤਾਂ ਦੇ ਉਤਾਰੇ ਤਿਆਰ ਕਰਵਾਏ, ਅਸਫੀਆ ਲਾਇਬਰੇਰੀ ਹੈਦਰਾਬਾਦ ਤੋਂ 12, ਸਰ ਜਾਦੂਨਾਥ ਸਰਕਾਰ ਦੀ ਨਿੱਜੀ ਲਾਇਬਰੇਰੀ ਤੋਂ 5 ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਲਾਇਬਰੇਰੀ ਤੋਂ 6 ਹੱਥ ਲਿਖਤਾਂ ਦਾ ਲਿਪੀਆਂਤਰ ਕਰਵਾਇਆ। ਕਾਜ਼ੀ ਨੂਰ ਮੁਹੰਮਦ ਦਾ 'ਜੰਗਨਾਮਾ' ਸਭ ਤੋਂ ਪਹਿਲਾਂ ਸ. ਕਰਮ ਸਿੰਘ ਨੇ ਲੱਭਿਆ ਸੀ। ਉਸ ਨੇ ਇਹ ਜੰਗਨਾਮਾ ਭਾਈ ਵੀਰ ਸਿੰਘ ਨੂੰ ਦੇ ਦਿੱਤਾ। ਭਾਈ ਵੀਰ ਸਿੰਘ ਤੋਂ ਲੈ ਕੇ ਡਾ. ਗੰਡਾ ਸਿੰਘ ਨੇ ਇਸ ਦਾ ਲਿਪੀਆਂਤਰ ਕੀਤਾ। ਪੁਰਾਣੀ ਸ੍ਰੋਤ ਸਮੱਗਰੀ ਦੀ ਭਾਲ ਵਿਚ ਡਾ. ਗੰਡਾ ਸਿੰਘ ਕਬਾੜੀਆਂ ਦੀਆਂ ਦੁਕਾਨਾਂ 'ਤੇ ਵੀ ਜਾਂਦੇ ਰਹੇ। ਖੋਜ ਕਾਰਜਾਂ ਨਾਲ ਸੰਬੰਧਿਤ ਉਹ ਤਿੰਨ ਵਾਰ ਇੰਗਲੈਂਡ ਗਏ। 1857 ਦੇ ਵਿਦਰੋਹ ਅਤੇ ਸਿੱਖ ਵਿਸ਼ੇ 'ਤੇ ਡਾ. ਗੰਡਾ ਸਿੰਘ ਨੇ ਆਪਣਾ ਮਤ ਆਪਣੇ ਖੋਜ ਕਾਰਜਾਂ ਰਾਹੀਂ ਪੇਸ਼ ਕੀਤਾ ਹੈ। ਡਾ. ਗੰਡਾ ਸਿੰਘ ਦਾ ਮੱਤ ਹੈ ਕਿ ਪਿਛਲੇ ਕੁਝ ਸਮਿਆਂ ਵਿਚ ਰਾਜਸੀ ਪ੍ਰਚਾਰਕਾਂ ਵਲੋਂ ਆਤਮ ਪ੍ਰਸੰਸਾ ਖਾਤਰ ਕੁਝ ਅਜਿਹੀਆਂ ਰਚਨਾਵਾਂ ਪ੍ਰਕਾਸ਼ਿਤ ਹੋਈਆਂ ਹਨ, ਜਿਨ੍ਹਾਂ ਨੇ 1857 ਦੀ ਘਟਨਾ ਨੂੰ 'ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ' ਦਾ ਨਾਂਅ ਦਿੱਤਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਨਾ ਸਿਰਫ਼ ਸਾਧਾਰਣ ਲੋਕ ਬਲਕਿ ਪੜ੍ਹੇ-ਲਿਖੇ ਲੋਕ ਵੀ ਦਿਸ਼ਾ-ਰਹਿਤ ਦੇਸ਼ ਭਗਤੀ ਦੇ ਵਹਿਣ ਵਿਚ ਵਹਿ ਕੇ ਆਤਮ ਪ੍ਰਸੰਸਾ ਦਾ ਸ਼ਿਕਾਰ ਹੋ ਰਹੇ ਹਨ। ਆਚਾਰੀਆ ਕ੍ਰਿਪਲਾਨੀ ਨੇ ਜਨਵਰੀ 1968 ਦੀ ਭੂਪਾਲ ਇਤਿਹਾਸ ਕਾਨਫਰੰਸ ਦਾ ਉਦਘਾਟਦਨ ਕਰਦਿਆਂ ਇਤਿਹਾਸਕਾਰਾਂ ਨੂੰ ਅਜਿਹੀ ਉਪਭਾਵੁਕਤਾ ਤੋਂ ਬਚਣ ਦੀ ਪ੍ਰੇਰਨਾ ਦਿੱਤੀ ਸੀ। ਉਨ੍ਹਾਂ ਨੇ ਬਹੁਤ ਹੀ ਸਪੱਸ਼ਟ ਸ਼ਬਦਾਂ ਵਿਚ ਇਹ ਕਿਹਾ ਸੀ ਕਿ 1857 ਦਾ ਗ਼ਦਰ ਪੁਰਾਣੇ ਰਾਜਿਆਂ-ਰਜਵਾੜਿਆਂ ਵਲੋਂ ਆਪਣੇ ਰਾਜ ਭਾਗ ਅਤੇ ਸਰਬਸ੍ਰੇਸ਼ਠਤਾ ਪ੍ਰਾਪਤ ਕਰਨ ਦਾ ਹੀ ਇਕ ਯਤਨ-ਮਾਤਰ ਸੀ। ਇਸ ਨੂੰ ਸੁਤੰਤਰਤਾ ਸੰਗਰਾਮ ਨਾਲ ਜੋੜਨਾ ਠੀਕ ਨਹੀਂ ਹੋਵੇਗਾ। ਡਾ. ਗੰਡਾ ਸਿੰਘ ਅਨੁਸਾਰ 1857 ਈ. ਤੱਕ ਭਾਰਤੀ ਰਾਸ਼ਟਰ ਦਾ ਸੰਕਲਪ ਹੀ ਪੈਦਾ ਨਹੀਂ ਸੀ ਹੋਇਆ ਅਤੇ ਨਾ ਹੀ ਇਕ ਦੇਸ਼ ਦੀ ਧਾਰਨਾ ਹੀ ਬਣ ਸਕੀ ਸੀ। ਭਾਰਤੀ ਰਾਸ਼ਟਰ ਦਾ ਸੰਕਲਪ ਇਸ ਘਟਨਾ ਤੋਂ ਲਗਭਗ ਤਿੰਨ ਦਹਾਕੇ ਬਾਅਦ 'ਇੰਡੀਅਨ ਨੈਸ਼ਨਲ ਕਾਂਗਰਸ' ਨੇ ਪੇਸ਼ ਕੀਤਾ ਤਾਂ ਜੋ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਵਾਸਤੇ ਇਕ ਮੰਚ ਉਤੇ ਲਿਆਂਦਾ ਜਾ ਸਕੇ। 1857 ਵਾਲਾ ਗ਼ਦਰ ਅਸਫਲ ਹੋ ਗਿਆ ਸੀ। ਇਸ ਲਈ ਨਹੀਂ ਕਿ ਸਿੱਖਾਂ ਜਾਂ ਪੰਜਾਬ ਦੇ ਲੋਕਾਂ ਨੇ ਇਸ ਵਿਚ ਭਾਗ ਨਹੀਂ ਲਿਆ ਜਾਂ ਕਿਸੇ ਪ੍ਰਦੇਸ਼ ਦੇ ਲੋਕ ਅੰਗਰੇਜ਼ਾਂ ਨੂੰ ਸਮਰਥਨ ਕਰਦੇ ਰਹੇ, ਬਲਕਿ ਇਸ ਲਈ ਕਿਉਂਕਿ ਇਸ ਦੇ ਸੰਚਾਲਕਾਂ ਜਾਂ ਇਸ ਲਈ ਲੜਨ ਵਾਲੇ ਸਿਪਾਹੀਆਂ ਦੇ ਮਨਾਂ ਵਿਚ ਕੋਈ ਦੇਸ਼ ਭਗਤੀ ਦਾ ਜਜ਼ਬਾ ਹੀ ਨਹੀਂ ਸੀ। ਨਾ ਇਸ ਦਾ ਕੋਈ ਲੀਡਰ ਸੀ, ਨਾ ਕੋਈ ਵਿਉਂਤਬੰਦੀ ਸੀ ਅਤੇ ਨਾ ਹੀ ਕੋਈ ਕੇਂਦਰੀ ਸੰਗਠਨ ਇਸ ਦੀ ਅਗਵਾਈ ਕਰ ਰਿਹਾ ਸੀ। ਇਸ ਲਈ 1857 ਦੇ ਗ਼ਦਰ ਨੂੰ ਆਜ਼ਾਦੀ ਦੀ ਕੌਮੀ ਜੰਗ ਕਹਿਣਾ ਉਚਿਤ ਨਹੀਂ ਹੋਵੇਗਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਂ: 80000-00584