28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਅਣਗੌਲਿਆ ਸਿਕਲੀਗਰ ਕਬੀਲਾ

Ad Position 21
No active advertisement
ਅਜੀਤ ਡੈਸਕ 04-01-2026

(ਲੜੀ ਜੋੜਨ ਲਈ 21 ਦਸੰਬਰ, 2025 ਦਾ ਅੰਕ ਦੇਖੋ)
ਜਦ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਮਿਸਲਾਂ ਨੂੰ ਇਕੱਠਾ ਕਰਕੇ ਵਿਸ਼ਾਲ ਸਿੱਖ ਰਾਜ ਦਾ ਗਠਨ ਕੀਤਾ ਤਾਂ ਉਸ ਨੇ ਆਪਣੀ ਫ਼ੌਜ ਲਈ ਜੰਗੀ ਸਾਜ਼ੋ-ਸਾਮਾਨ ਅਤੇ ਹਥਿਆਰ ਬਣਾਉਣ ਵਾਸਤੇ ਬਹੁਤ ਸਾਰੇ ਸਿਕਲੀਗਰਾਂ ਨੂੰ (ਮੁਲਾਜ਼ਮ) ਭਰਤੀ ਕਰ ਲਿਆ। ਮਹਾਰਾਜੇ ਨੇ ਆਪਣੀ ਫ਼ੌਜ ਦੀ ਸਿਖਲਾਈ, ਸ਼ਸਤਰਾਂ ਦੇ ਬਿਹਤਰ ਨਿਰਮਾਣ ਅਤੇ ਨਵੀਨੀਕਰਨ ਵੱਲ ਉਚੇਚਾ ਧਿਆਨ ਦਿੱਤਾ। ਮਹਾਰਾਜੇ ਦੀ ਫ਼ੌਜ ਲਈ ਰਵਾਇਤੀ ਅਤੇ ਨਵੀਨ ਸ਼ਸਤਰਾਂ ਦੇ ਨਿਰਮਾਣ ਅਤੇ ਮੁਹਾਰਤ ਦਾ ਕਾਰਜ, ਲਾਹੌਰ ਦੀਆਂ ਅਸ੍ਹਲਾ-ਵਰਕਸ਼ਾਪਾਂ 'ਚ ਸਿਕਲੀਗਰ ਹੀ ਕਰਦੇ ਸਨ। ਸਿਕਲੀਗਰਾਂ ਨੂੰ ਰਵਾਇਤੀ ਤੇਜ਼ਧਾਰ ਹਥਿਆਰਾਂ ਦੇ ਨਾਲ-ਨਾਲ ਅਗਨ ਸ਼ਸਤਰਾਂ ਜਿਵੇਂ ਬੰਦੂਕਾਂ, ਗੋਲਾ-ਬਾਰੂਦ ਆਦਿ ਬਣਾਉਣ ਦੀ ਮੁਹਾਰਤ ਵੀ ਹਾਸਿਲ ਸੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਿਕਲੀਗਰ ਕਬੀਲੇ ਨੇ ਆਪਣੇ ਖੋਏ ਹੋਏ ਵਕਾਰ ਨੂੰ ਬਹਾਲ ਕਰਨ ਲਈ ਸਿਰਤੋੜ ਯਤਨ ਕੀਤੇ।
ਅੰਗਰੇਜ਼ੀ ਰਾਜ ਸਮੇਂ ਸਿਕਲੀਗਰ
ਭਾਰਤ 'ਚ ਅੰਗਰੇਜ਼ੀ ਸਾਮਰਾਜ ਸਿਕਲੀਗਰ ਕਬੀਲੇ ਦੇ ਪਤਨ ਦਾ ਕਾਰਨ ਬਣਿਆ। 1849 ਈ: 'ਚ ਪੰਜਾਬ ਅੰਗਰੇਜ਼ੀ ਸਾਮਰਾਜ ਅਧੀਨ ਚਲਾ ਗਿਆ। ਉਸ ਸਮੇਂ ਸਿਕਲੀਗਰ ਪੰਜਾਬ 'ਚ ਖੁੱਲ੍ਹੇ ਤੌਰ 'ਤੇ ਨੇਕ-ਨੀਤੀ ਸਹਿਤ ਹਥਿਆਰ ਬਣਾਉਣ ਦੇ ਕਿੱਤੇ 'ਚ ਲੱਗੇ ਹੋਏ ਸਨ। ਉਨ੍ਹਾਂ 'ਚੋਂ ਕੁਝ ਅੰਗਰੇਜ਼ ਸਰਕਾਰ ਦੀ ਮੁਲਾਜ਼ਮਤ 'ਚ ਚਲੇ ਗਏ, ਜਿੱਥੇ ਉਨ੍ਹਾਂ ਨੂੰ ਤਲਵਾਰਾਂ, ਵਿਸ਼ੇਸ਼ ਤੌਰ 'ਤੇ ਫ਼ੌਜ ਦੇ ਗੋਰਖਾ ਵਿੰਗ ਲਈ ਖੁਖਰੀਆਂ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਪਰ ਛੇਤੀ ਕਬੀਲੇ ਦੇ ਪਤਨ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜਿਸ ਦੇ ਮੁੱਖ ਤੌਰ 'ਤੇ ਤਿੰਨ ਕਾਰਨ ਸਨ-
1. ਵਿਗਿਆਨ ਦੀ ਤਰੱਕੀ ਕਾਰਨ ਨਵੀਨ ਸ਼ਸਤਰਾਂ ਦਾ ਆਗਮਨ
2. ਅੰਗਰੇਜ਼ੀ ਸਰਕਾਰ ਵਲੋਂ ਦੇਸੀ ਹਥਿਆਰ ਬਣਾਉਣ 'ਤੇ ਪਾਬੰਦੀ
3. ਅਪਰਾਧੀ ਕਬੀਲਾ ਕਾਨੂੰਨ
19ਵੀਂ ਸਦੀ 'ਚ ਵਿਗਿਆਨ ਨੇ ਹਰ ਖੇਤਰ 'ਚ ਤਰੱਕੀ ਕਰਕੇ ਵੱਡੀਆਂ ਮੱਲਾਂ ਮਾਰੀਆਂ। ਤਲਵਾਰਾਂ ਅਤੇ ਤੇਜ਼ਧਾਰ ਹਥਿਆਰਾਂ ਦੀ ਜਗ੍ਹਾ ਘਾਤਕ ਬੰਬਾਂ, ਬੰਦੂਕਾਂ, ਤੋਪਾਂ ਨੇ ਮੱਲ ਲਈ। ਇਸ ਕਰਕੇ ਸਿਕਲੀਗਰਾਂ ਦੇ ਰਵਾਇਤੀ ਤੇ ਪਿਤਾ-ਪੁਰਖੀ ਕਿੱਤੇ ਨੂੰ ਭਾਰੀ ਢਾਹ ਲੱਗੀ।
ਦੂਜਾ, ਅੰਗਰੇਜ਼ ਸਰਕਾਰ ਨੇ ਭਾਰਤ 'ਚ ਦੇਸੀ ਹਥਿਆਰ ਬਣਾਉਣ 'ਤੇ ਪਾਬੰਦੀ ਲਾ ਦਿੱਤੀ ਅਤੇ ਇਸ ਵਿਰੁੱਧ ਕਾਨੂੰਨ ਪਾਸ ਕਰ ਦਿੱਤਾ। ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਅੰਗਰੇਜ਼ ਸਰਕਾਰ ਵਿਰੁੱਧ ਲੜਨ ਵਾਲੀਆਂ ਧਿਰਾਂ ਲਈ ਨਾ ਕੋਈ ਹਥਿਆਰ ਬਣਾਏ, ਨਾ ਹੀ ਸਪਲਾਈ ਕਰ ਸਕੇ। ਇਹ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ। ਸਿਕਲੀਗਰ ਕਬੀਲੇ ਦੀ ਰੀੜ੍ਹ ਤੋੜਨ ਲਈ ਇਹ ਮਾਰੂ ਕਾਨੂੰਨ ਕਾਫ਼ੀ ਸਨ। ਅਫ਼ਸੋਸ ਇਹ ਕਿ ਇਨ੍ਹਾਂ ਹੁਨਰਮੰਦ ਕਾਰੀਗਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਲਈ ਕਿਸੇ ਵੀ ਧਿਰ ਨੇ ਹੀਲਾ ਨਹੀਂ ਕੀਤਾ। ਇਸ ਸਮੇਂ ਸਾਰਾ ਦੇਸ਼ ਵਿਦੇਸ਼ੀ ਪ੍ਰਭਾਵ ਅਧੀਨ ਗ੍ਰੱਸਿਆ ਜਾ ਰਿਹਾ ਸੀ, ਇਸ ਲਈ ਸਿਕਲੀਗਰ ਕਾਰੀਗਰਾਂ ਦਾ ਬਿਹਤਰੀਨ ਹੁਨਰ ਉਨ੍ਹਾਂ ਦੇ ਹੱਥਾਂ 'ਚ ਹੀ ਮਰ-ਮੁੱਕ ਗਿਆ।
ਇਸ ਦੇ ਨਾਲ ਹੀ ਅੰਗਰੇਜ਼ ਸਰਕਾਰ ਨੇ ਅਪਰਾਧ ਦੀ ਆੜ ਹੇਠ ਭਾਰਤ 'ਚ ਕਬੀਲਿਆਂ ਦੇ ਘੁੰਮਣ 'ਤੇ ਪਾਬੰਦੀ ਲਾ ਦਿੱਤੀ। ਮਾਨਵਤਾਵਾਦੀ ਅਤੇ ਵਿਗਿਆਨਕ ਲੀਹਾਂ 'ਤੇ ਇਨ੍ਹਾਂ ਟੱਪਰੀਵਾਸਾਂ ਦੇ ਪੁਨਰਵਾਸ ਤੇ ਸੁਧਾਰ ਦੀ ਬਜਾਏ, 1871 'ਚ 'ਅਪਰਾਧੀ ਕਬੀਲਾ ਕਾਨੂੰਨ' ਥੋਪ ਦਿੱਤਾ ਗਿਆ, ਜਿਸ ਨੇ ਟੱਪਰੀਵਾਸ ਕਬੀਲਿਆਂ ਨੂੰ ਪੀੜ੍ਹੀਆਂ ਤੱਕ ਦਰੜ ਕੇ ਰੱਖ ਦਿੱਤਾ। ਭਾਵੇਂ ਇਹ ਕਾਨੂੰਨ ਸਿਕਲੀਗਰਾਂ 'ਤੇ ਲਾਗੂ ਨਹੀਂ ਸੀ ਪਰ ਉਨ੍ਹਾਂ ਦੇ ਪਿਤਰੀ ਭਰਾ ਵਣਜਾਰਾ ਕਬੀਲੇ ਭਾਰਤ ਦੇ ਕਈ ਪ੍ਰਦੇਸ਼ਾਂ 'ਚ ਅਪਰਾਧੀ ਕਬੀਲੇ ਘੋਸ਼ਿਤ ਕਰ ਦਿੱਤੇ ਗਏ।
ਇਸ ਕਾਨੂੰਨ ਦੀ ਪੀਡੀ ਪਕੜ 'ਚੋਂ ਕਈ ਹੁਨਰਮੰਦ ਅਤੇ ਮਜ਼ਲੂਮ ਕਬੀਲੇ ਵੀ ਨਾ ਬਚ ਸਕੇ। ਸਿਕਲੀਗਰ ਕਬੀਲੇ 'ਤੇ ਖ਼ਾਸ ਨਿਗਾਹ ਰੱਖੀ ਗਈ; ਕਿਉਂਕਿ ਕਬੀਲਾ ਅੰਗਰੇਜ਼ਾਂ ਦੇ ਖ਼ਿਲਾਫ਼ ਕਿਸੇ ਵੀ ਰਜਵਾੜਾ ਤਾਕਤ ਲਈ ਹਥਿਆਰ ਬਣਾ ਸਕਦਾ ਸੀ। ਇਸ ਲਈ ਕਬੀਲੇ ਦੇ ਕਾਰੀਗਰਾਂ ਨਾਲ ਸ਼ੱਕ ਦੇ ਆਧਾਰ ੍ਟਤੇ ਬੇਰਹਿਮ ਸਖ਼ਤੀ ਕੀਤੀ ਗਈ, ਜਿਸ ਕਰਕੇ ਸਾਰੇ ਕਬੀਲੇ ਨੇ 'ਭੱਠ ਤਾਉਣ' ਦੀ ਸਹੁੰ ਪਾ ਦਿੱਤੀ ਅਤੇ ਗੁਜ਼ਾਰੇ ਲਈ ਘਰਾਂ ਦਾ ਨਿੱਕਾ-ਮੋਟਾ ਸਾਮਾਨ (ਚਾਕੂ-ਛੁਰੀਆਂ,ਬੱਠਲ-ਬਾਲਟੀਆਂ, ਚਿਮਟੇ-ਖੁਰਚਣੇ ਆਦਿ।) ਬਣਾਉਣਾ ਸ਼ੁਰੂ ਕਰ ਦਿੱਤਾ। ਸਮਾਨ ਵੇਚਣ ਲਈ ਇਨ੍ਹਾਂ ਨੂੰ ਪਿੰਡੋ-ਪਿੰਡ, ਨਗਰ-ਨਗਰ ਘੁੰਮਣਾ ਪੈਂਦਾ, ਜਿਸ ਕਰਕੇ ਇਨ੍ਹਾਂ ਨੂੰ ਟੱਪਰੀਵਾਸ ਜੀਵਨ-ਸ਼ੈਲੀ, ਅਪਣਾਉਣੀ ਪਈ।
ਆਜ਼ਾਦੀ ਉਪਰੰਤ ਸਿਕਲੀਗਰ ਕਬੀਲਾ: ਆਜ਼ਾਦੀ ਉਪਰੰਤ, ਸਮਾਜਿਕ-ਆਰਥਿਕ ਪਛੜੇਵੇਂ ਕਾਰਨ ਇਨ੍ਹਾਂ ਨੂੰ ਅਨੁਸੂਚਿਤ ਜਾਤੀਆਂ 'ਚ ਸ਼ਾਮਿਲ ਤਾਂ ਕਰ ਦਿੱਤਾ ਗਿਆ ਹੈ ਪਰ ਇਨ੍ਹਾਂ ਦੇ ਕਲਿਆਣ ਅਤੇ ਵਸੇਬੇ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਅਨੁਸੂਚਿਤ ਵਰਗਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਇਹ ਲੋਕ ਇਸ ਕਰਕੇ ਵੀ ਵਾਂਝੇ ਹਨ, ਕਿਉਂਕਿ ਇਹ ਅਨਪੜ੍ਹਤਾ, ਗ਼ਰੀਬੀ, ਅਸਥਿਰ ਜੀਵਨ-ਸ਼ੈਲੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਹ ਕਬੀਲਾ ਕੇਵਲ ਪੰਜਾਬ 'ਚ ਹੀ ਨਹੀਂ, ਬਲਕਿ ਪੂਰੇ ਭਾਰਤ 'ਚ ਖਿੰਡਿਆ ਹੋਇਆ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਯੂ.ਪੀ., ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਸਮੇਤ ਬਹੁਤ ਸਾਰੇ ਪ੍ਰਦੇਸ਼ਾਂ 'ਚ ਇਨ੍ਹਾਂ ਦੀ ਵਸੋਂ ਕਰੋੜਾਂ ਹੈ।
ਟੱਪਰੀਵਾਸ ਕਬੀਲੇ : ਪੰਜਾਬ 'ਚ ਇਹ ਲੋਕ ਕਈ ਜ਼ਿਲ੍ਹਿਆਂ 'ਚ ਡੇਰਿਆਂ ਦੀ ਸ਼ਕਲ 'ਚ ਰਹਿ ਰਹੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਵਣ ਵਿਭਾਗ, ਸ਼ਾਮਲਾਤ, ਬੱਕਰੀਆ ਚਰਾਉਣਾ, ਗਊ ਚਰਾਂਦਾਂ ਅਤੇ ਬੀਆਬਾਨਾਂ ਥਾਵਾਂ ਆਦਿ 'ਚ ਵਸੇ ਹੋਏ ਹਨ। ਇਹ ਲੋਕ ਲੋਹੇ ਦੇ ਤਸਲੇ, ਚਿਮਟੇ, ਟੋਕਰੇ, ਰੈਕ, ਪੀਪੇ ਪੀਪਿਆਂ 'ਤੇ ਢੱਕਣ ਅਤੇ ਘਰੇਲੂ ਲੋੜਾਂ ਲਈ ਛੋਟਾ-ਮੋਟਾ ਸਾਮਾਨ ਤਿਆਰ ਕਰਕੇ ਪਿੰਡਾਂ ਅਤੇ ਨਗਰਾਂ 'ਚ ਸਾਈਕਲਾਂ 'ਤੇ ਵੇਚਣ ਜਾਂਦੇ ਹਨ। ਇਹੀ ਇਨ੍ਹਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਹਨ। ਇਹ ਲੋਕ ਇਸ ਵਸਤੂ ਸਮੱਗਰੀ ਲਈ ਕੱਚਾ ਮਾਲ ਸ਼ਹਿਰਾਂ ਅਤੇ ਕਬਾੜੀਆਂ ਪਾਸੋਂ ਖਰੀਦਦੇ ਹਨ। ਟੱਪਰੀਵਾਸ ਸਿਕਲੀਗਰਾਂ ਦਾ ਪੂਰੇ ਦਾ ਪੂਰਾ ਪਰਿਵਾਰ ਲੋਹੇ ਦੇ ਕੰਮਕਾਰ ਨਾਲ ਜੁੜਿਆ ਹੋਇਆ ਹੈ। ਇੱਥੋਂ ਤੱਕ ਕਿ ਇਨ੍ਹਾਂ ਦੇ ਬੱਚੇ ਵੀ ਪਿਤਾਪੁਰਖੀ ਧੰਦੇ ਨਾਲ ਜੁੜੇ ਹੋਏ ਹਨ। ਇਹ ਲੋਕ ਸ਼ਿਕਾਰੀ ਸੁਭਾਅ ਦੇ ਮਾਲਕ ਹਨ। ਲੋਹੇ ਦੇ ਕੰਮ ਤੋਂ ਇਲਾਵਾ ਸ਼ਿਕਾਰ ਕਰਕੇ ਗੁਜ਼ਾਰਾ ਕਰਨਾ ਇਨ੍ਹਾਂ ਦਾ ਮੁੱਖ ਸ਼ੌਕ ਹੈ। ਇਹ ਲੋਕ ਖਰਗੋਸ਼, ਸਾਹਾ, ਕਬੂਤਰ ਅਤੇ ਤਿੱਤਰ, ਬਟੇਰ, ਗੋਅ ਦਾ ਮਾਸ ਬੜੇ ਚਾਅ ਨਾਲ ਖਾਂਦੇ ਹਨ। ਸਿਕਲੀਗਰ ਕਬੀਲੇ ਦੇ ਲੋਕ ਮਾਸ ਖਾਣ ਦੇ ਬਹੁਤ ਸ਼ੌਕੀਨ ਹਨ। ਸ਼ਿਕਾਰੀ ਰੁਚੀਆਂ ਦੇ ਮਾਲਕ ਹੋਣ ਕਰਕੇ ਗੁਲੇਲ ਕਲਾ 'ਚ ਇਨ੍ਹਾਂ ਦੀ ਚੰਗੀ ਮੁਹਾਰਤ ਹੈ। ਇਹ ਵਿਸ਼ੇਸ਼ ਕਿਸਮ ਦੇ ਸ਼ਿਕਾਰੀ ਕੁੱਤੇ ਵੀ ਪਾਲਦੇ ਹਨ ਪਰ ਅੱਜ ਇਹ ਸ਼ਿਕਾਰੀ ਕੁੱਤੇ ਵਿਰਲੇ-ਟਾਵੇਂ ਹੀ ਰਹਿ ਗਏ ਹਨ। ਇਨ੍ਹਾਂ ਦੀ ਪਰਜਾਤੀ ਖ਼ਤਮ ਹੋਣ ਦੀ ਕਗਾਰ ਉੱਤੇ ਹੈ।
ਸਿਕਲੀਗਰ ਕਬੀਲੇ ਦੀ ਵਰਤਮਾਨ ਸਥਿਤੀ : ਸਿਕਲੀਗਰ ਕਬੀਲਾ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਵੱਡੀ ਤਾਦਾਦ 'ਚ ਵਸਿਆ ਹੋਇਆ ਹੈ। ਸਿਕਲੀਗਰ ਕਬੀਲੇ ਦਾ ਮੁੱਖ ਕਿੱਤਾ ਲੋਹੇ ਦੇ ਹਥਿਆਰ, ਔਜ਼ਾਰ ਅਤੇੇ ਘਰਾਂ ਦੀਆਂ ਲੋੜਾਂ ਦਾ ਛੋੋਟਾ-ਮੋਟਾ ਸਾਮਾਨ ਤਿਆਰ ਕਰਕੇ ਵੇਚਣਾ ਹੈ ਪਰ ਅਜੋਕੇ ਸਮੇਂ 'ਚ ਤਕਨਾਲੋਜੀ ਦੇ ਵਿਕਾਸ ਤੇ ਲੋਹੇ ਦੀਆਂ ਕੀਮਤਾਂ ਵਧਣ ਕਾਰਨ ਇਨ੍ਹਾਂ ਲੋਕਾਂ ਦੇ ਧੰਦੇ 'ਚ ਨਿਘਾਰ ਆ ਰਿਹਾ ਹੈ, ਜਿਸ ਕਾਰਨ ਇਨ੍ਹਾਂ ਲੋਕਾਂ ਦਾ ਆਪਣਾ ਜੀਵਨ ਨਿਰਬਾਹ ਕਰਨਾ ਵੀ ਬਹੁਤਾ ਚੰਗੇਰਾ ਨਹੀਂ ਹੈ। ਇਨ੍ਹਾਂ ਲੋਕਾਂ 'ਚੋਂ ਉਠਣੀਏ ਸਿਕਲੀਗਰ ਜਿਹੜੇ ਕਿ ਆਪਣਾ ਸਾਮਾਨ ਵੇਚਣ ਲਈ ਚੰਗੀ ਮੰਡੀ ਦੀ ਭਾਲ 'ਚ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ। ਉਠਣੀਏ ਸਿਕਲੀਗਰ ਆਪਣੇ ਪੁਰਖਿਆਂ ਵਾਂਗ ਅੱਜ ਵੀ ਚੱਕਰਵਰਤੀ ਜੀਵਨ ਬਤੀਤ ਕਰਦੇ ਹਨ। ਇਹ ਲੋਕ ਆਪਣਾ ਵਣਜ ਵਪਾਰ ਕਰਨ ਲਈ ਛੋਟੀਆਂ-ਛੋਟੀਆਂ ਇਕਾਈਆਂ 'ਚ ਘੁੰਮਦੇ ਹਨ, ਪ੍ਰੰਤੂ ਖ਼ਾਸ ਮੌਕਿਆਂ 'ਤੇ ਇਕ ਥਾਂ ਇਕੱਠੇ ਹੋ ਜਾਂਦੇ ਹਨ ਵਰਤਮਾਨ ਦੌਰ 'ਚ ਭਾਵੇਂ ਪੰਜਾਬ ਦੇ ਕਬੀਲਿਆਂ ਦੇ ਲੋਕ ਆਪਣਾ ਜੀਵਨ ਛੱਡ ਕੇ ਇਕ ਥਾਂ ਵਸਣ ਲਗ ਪਏ ਹਨ ਪਰ ਇਨ੍ਹਾਂ 'ਚ ਉਠਣੀਏ ਸਿਕਲੀਗਰ ਲੋਕ ਹੀ ਅਜਿਹੇ ਹਨ, ਜੋ ਆਪਣਾ ਜੀਵਨ ਨਿਰਬਾਹ ਕਰਨ ਲਈ ਰੋਜ਼ੀ ਰੋਟੀ ਲਈ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਇਨ੍ਹਾਂ ਦੀਆਂ ਸਿੱਖਿਆ ਤੇ ਸਿਹਤ ਸਹੂਲਤਾਂ 'ਤੇ ਡੂੰਘਾ ਅਸਰ ਪੈਂਦਾ ਹੈ। ਖ਼ਾਸਕਰ ਕੋਈ ਪੱਕਾ ਠਿਕਾਣਾ ਨਾ ਹੋਣ ਕਾਰਨ ਬੱਚੇ ਅਣਸਿੱਖਿਅਤ ਰਹਿ ਜਾਂਦੇ ਹਨ। ਸਮਾਜਿਕ, ਆਰਥਿਕ, ਰਾਜਨੀਤਕ, ਵਿਸ਼ੇਸ਼ ਕਰ ਵਿੱਦਿਅਕ ਪੱਖੋਂ ਇਹ ਕਬੀਲਾ ਬੇਹੱਦ ਪਛੜੇਪਨ ਦਾ ਸ਼ਿਕਾਰ ਹੈ। ਝੁੱਗੀਆਂ-ਝੌਂਪੜੀਆਂ 'ਚ ਵਸ ਰਹੇ ਇਹ ਲੋਕ, ਨਵੇਂ ਜ਼ਮਾਨੇ ਦੀ ਤੋਰ ਦੇ ਮੁਕਾਬਲੇ 'ਚ ਪੱਛੜ ਜਾਣ ਕਾਰਨ, ਰੁਜ਼ਗਾਰੋਂ ਹੀਣੇ ਦੋ ਵੇਲੇ ਦੀ ਰੋਜ਼ੀ-ਰੋਟੀ ਪੱਖੋਂ ਬੇਹਾਲ ਹਨ, ਨਾ ਚੰਗਾ ਖਾਣ ਨੂੰ, ਨਾ ਪਹਿਨਣ ਨੂੰ। ਜਿੱਥੇ ਕਿਤੇ ਸਥਾਈ ਬਸਤੀਆਂ ਬਣਾ ਕੇ ਇਨ੍ਹਾਂ ਨੇ ਝੌਂਪੜੀ-ਨੁਮਾ ਘਰ ਬਣਾਏ ਵੀ ਹਨ, ਉੱਥੇ ਵੀ ਨਾ ਕੋਈ ਵਿੱਦਿਆ ਲਈ ਸਕੂਲ ਦਾ ਪ੍ਰਬੰਧ ਹੈ ਅਤੇ ਨਾ ਹੀ ਕੋਈ ਡਾਕਟਰੀ ਸਹੂਲਤ। ਪੀਣ ਵਾਲੇ ਪਾਣੀ ਤੱਕ ਦਾ ਕੋਈ ਬਕਾਇਦਾ ਇੰਤਜ਼ਾਮ ਨਹੀਂ ਹੈ।
(ਸਮਾਪਤ)

Ad Position 22
No active advertisement
ਪਿਛਲੀ ਖ਼ਬਰ ਕਿਵੇਂ ਸੌ ਸੌ ਸਾਲ ਜਿਊਂਦੇ ਰਹਿੰਦੇ ਨੇ ਜਾਪਾਨੀ ਲੋਕ? ਅਗਲੀ ਖ਼ਬਰ ਮਹਾਨ ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ
Ad Position 24