ਪਿਤਾ ਇਕ ਅਜਿਹੀ ਹਸਤੀ, ਜਿਸ ਬਾਰੇ ਵਿਚਾਰ ਕਰਦਿਆਂ ਹੀ ਇਕ ਬੱਚੇ ਦੇ ਸਿਰ 'ਤੇ ਬੋਹੜ ਵਰਗੀ ਛਾਂ ਦਾ ਅਹਿਸਾਸ ਹੁੰਦਾ ਹੈ | ਪਿਤਾ, ਉਹ ਹਸਤੀ, ਜਿਸ ਦੀ ਮੌਜੂਦਗੀ ਵਿਚ ਬੱਚਾ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਅਣਜਾਣ ਰਹਿੰਦਾ ਹੈ ਤੇ ਪਿਤਾ ਹਰ ਕਸ਼ਟ ਆਪਣੇ ਸਿਰ 'ਤੇ ਲੈ ਕੇ, ਆਪਣੀ ਔਲਾਦ ਨੂੰ ਹਰ ਹੀਲੇ ਸੁਰਖਰੂ ਰੱਖਣ ਦੀ ਕੋਸ਼ਿਸ਼ ਕਰਦਾ ਹੈ |

ਜਨਮ ਸਮੇਂ ਤੋਂ ਬੱਚਾ ਬੇਸ਼ੱਕ ਆਪਣੀ ਮਾਂ ਦੀ ਗੋਦੀ ਦਾ ਨਿੱਘ ਵਧੇਰੇ ਮਾਣਦਾ ਹੈ, ਉਸ ਤੋਂ ਆਪਣੀ ਜ਼ੁਬਾਨ ਦੇ ਪਹਿਲੇ ਅੱਖਰ ਉਚਾਰਨੇ ਸਿੱਖਦਾ ਹੈ | ਪਰ ਪਿਤਾ ਦਾ ਰੋਲ ਉਸ ਸਮੇਂ ਵੀ ਕਿਸੇ ਪੱਖ ਤੋਂ ਊਣਾ ਨਹੀਂ ਰਹਿੰਦਾ | ਉਹ ਮਾਂ-ਬੱਚੇ ਨੂੰ ਘਰ ਵਿਚ ਹੀ ਹਰ ਸਹੂਲਤ ਪ੍ਰਦਾਨ ਕਰਨ ਖਾਤਰ, ਖੁਦ ਦਿਨ-ਰਾਤ ਇਕ ਕਰਕੇ ਮਿਹਨਤ ਕਰਦਾ ਹੈ ਤਾਂ ਕਿ ਉਸ ਦੀ ਔਲਾਦ ਕਿਸੇ ਪੱਖ ਤੋਂ ਵਿਗੋਚੀ ਨਾ ਰਹਿ ਜਾਵੇ |
ਘਰ ਤੋਂ ਬਾਹਰ ਰਹਿ ਕੇ, ਮਿਹਨਤ,-ਮੁਸ਼ੱਕਤ ਵਿਚ ਰੁੱਝਿਆ ਪਿਤਾ ਕਈ ਵਾਰ ਬੱਚਿਆਂ ਨੂੰ , ਉਨ੍ਹਾਂ ਦੀ ਮਾਂ ਵਾਂਗ ਸਮਾਂ ਦੇਣ ਦੇ ਅਸਮਰੱਥ ਰਹਿੰਦਾ ਹੈ ਤਾਂ ਬੱਚੇ ਅਕਸਰ ਸ਼ਿਕਾਇਤ ਕਰਦੇ ਨਜ਼ਰ ਆਉਂਦੇ ਹਨ | ਜਦਕਿ ਤਸਵੀਰ ਦਾ ਦੂਜਾ ਪੱਖ ਵੇਖਣਾ ਵੀ ਬਹੁਤ ਜ਼ਰੂਰੀ ਹੈ | ਆਪਣੇ ਬੱਚਿਆਂ ਨੂੰ ਕਾਮਯਾਬ ਬਣਾਉਣ ਖਾਤਰ ਪਿਤਾ ਨੂੰ ਕਈ ਵਾਰ ਕੌੜਾ ਤੇ ਕੈੜਾ ਵੀ ਹੋਣਾ ਪੈਂਦਾ ਹੈ, ਪਰ ਸੁਭਾਅ ਵਿਚਲੀ ਇਹੀ ਥੋੜ੍ਹੀ ਜਿਹੀ ਕੁੜੱਤਣ, ਬੱਚਿਆਂ ਨੂੰ ਸਹੀ ਰਾਹ 'ਤੇ ਤੋਰਨ ਦੇ ਕੰਮ ਆਉਂਦੀ ਹੈ | ਕਿਸੇ ਨੇ ਬਹੁਤ ਸੋਹਣਾ ਕਿਹਾ ਹੈ ਕਿ ਬਾਪੂ ਦੀ ਹਸਤੀ ਤਾਂ ਮਘਦੇ ਸੂਰਜ ਵਾਂਗ ਹੈ, ਉਹ ਗਰਮ ਜ਼ਰੂਰ ਹੁੰਦਾ ਹੈ, ਪਰ ਉਸ ਦੀ ਗ਼ੈਰ-ਮੌਜੂਦਗੀ ਨਾਲ ਜੀਵਨ ਵਿਚ ਹਨੇਰਾ ਛਾ ਜਾਂਦਾ ਹੈ |
ਪਿਤਾ ਦੀ ਹਸਤੀ ਹੈ ਮਘਦਾ ਸੂਰਜ,
ਗਰਮੀ ਦਾ ਅਹਿਸਾਸ ਕਰਵਾਵੇ,
ਪਰ ਇਸ ਸੂਰਜ ਬਿਨ ਜੀਵਨ ਦੇ ਵਿਚ,
ਘੁੱਪ ਹਨੇਰਾ ਛਾ ਜਾਵੇ |
ਪਿਤਾ, ਬੱਚਿਆਂ ਦੀਆਂ ਰੀਝਾਂ ਪੁਗਾਉਣ ਖਾਤਰ ਹਰ ਹੀਲਾ ਕਰਦਾ ਹੈ, ਉਨ੍ਹਾਂ ਨੂੰ ਖ਼ੁਸ਼ ਕਰਨਾ ਹੀ ਉਹ ਆਪਣੀ ਰੀਝ ਬਣਾ ਲੈਂਦਾ ਹੈ | ਪਿਤਾ ਅਜਿਹੀ ਹਸਤੀ ਹੈ, ਜਿਹੜਾ ਬੱਚੇ ਨੂੰ ਮਾਂ ਵਾਂਗ, ਸ਼ਾਇਦ ਖੁੱਲ੍ਹ ਕੇ ਗੱਲਵਕੜੀ ਵਿਚ ਨਾ ਲੈਂਦਾ ਹੋਵੇ | ਉਸ ਨੂੰ ਮਾਂ ਵਾਂਗ ਪਿਆਰ ਜਤਾਉਣਾ ਵੀ ਨਹੀਂ ਆਉਂਦਾ, ਪਰ ਉਸ ਦਾ ਮੋਹ ਕਿਸੇ ਪੱਖੋਂ ਵੀ ਘੱਟ ਨਹੀਂ ਹੁੰਦਾ | ਬੱਚਿਆਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਦੁਨੀਆ ਵਿਖਾਉਣ ਵਾਲਾ ਪਿਤਾ, ਹਮੇਸ਼ਾ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੈ | ਉਹ ਆਪਣੇ ਬੱਚਿਆਂ ਨੂੰ ਆਪਣੇ ਤੋਂ ਵੱਧ ਕਾਮਯਾਬ ਵੇਖਣਾ ਚਾਹੁੰਦਾ ਹੈ ਤੇ ਕਾਮਯਾਬ ਹੋਏ ਬੱਚਿਆਂ ਨੂੰ ਫਖਰ ਦੀਆਂ ਨਿਗਾਹਾਂ ਨਾਲ ਤੱਕਦਾ ਹੋਇਆ, ਸਮਾਜ ਵਿਚ ਛਾਤੀ ਫੈਲਾਅ ਕੇ ਤੁਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ | ਉਸ ਪਿਤਾ ਦੇ ਪੈਰ ਭੋਇੰ 'ਤੇ ਨਹੀਂ ਟਿਕਦੇ, ਜਿਸ ਦਾ ਧੀ-ਪੁੱਤਰ ਉਸ ਦੀਆਂ ਅੱਖਾਂ ਸਾਹਮਣੇ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਿਹਾ ਹੋਵੇ |
ਬਹੁਤੀ ਵਾਰ ਪਿਤਾ ਦੇ ਤੁਰ ਜਾਣ ਪਿੱਛੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਕ ਪਿਤਾ ਹੀ ਸੀ, ਜੋ ਬੱਚਿਆਂ ਦਾ ਮਾਰਗਦਰਸ਼ਕ ਬਣ ਕੇ ਉਨ੍ਹਾਂ ਨੂੰ ਰਾਹ ਭਟਕਣ ਤੋਂ ਬਚਾਉਣ ਦਾ ਹਰ ਹੀਲਾ ਜੁਟਾਉਂਦਾ ਰਿਹਾ ਹੈ |
ਬਚਪਨ ਆਖੇ ਸੁਭਾਅ ਦਾ ਬੜਾ ਗਰਮ ਹੈ ਮੇਰਾ ਬਾਪੂ
ਜਵਾਨੀ ਵੇਲੇ ਲੱਗੇ ਸਭ ਤੋਂ ਅੜਬ ਹੈ ਮੇਰਾ ਬਾਪੂ,
ਪਰ ਜਦ ਬਾਪੂ ਸਿਰ 'ਤੇ ਨਹੀਂ ਰਹਿੰਦਾ,
ਤਦ ਪਤਾ ਲਗਦਾ
ਹਰ ਹਨੇਰੇ ਤੋਂ ਚਾਨਣ ਵੱਲ ਦਾ ਰਾਹ ਸੀ ਬਾਪੂ,
ਉਸ ਦੇ ਸਖ਼ਤ ਬੋਲਾਂ ਦੇ ਪਿੱਛੇ,
ਇਕ ਮਿੱਠੀ ਜਿਹੀ ਪ੍ਰਵਾਹ ਸੀ ਬਾਪੂ |
ਪਿਤਾ ਇਕ ਅਜਿਹੀ ਸ਼ਖ਼ਸੀਅਤ ਹੈ, ਜਿਹੜੀ ਸਾਡੀਆਂ ਭਾਵਨਾਵਾਂ ਨਾਲ ਜੁੜੀ ਹੁੰਦੀ ਹੈ, ਜਿਸ ਨੂੰ ਮੁਕੰਮਲ ਸ਼ਬਦਾਂ ਵਿਚ ਪੇਸ਼ ਕਰਨਾ ਅਸੰਭਵ ਜਿਹਾ ਪ੍ਰਤੀਤ ਹੁੰਦਾ ਹੈ | ਕਈਆਂ ਨੂੰ ਪਿਤਾ ਦਾ ਪਾਤਰ ਕੌੜਾ ਮਹਿਸੂਸ ਹੁੰਦਾ ਹੈ | ਪਰ ਯਾਦ ਰੱਖਣਾ ਚਾਹੀਦਾ ਹੈ ਕਿ ਅਕਸਰ ਕੌੜੀ ਦਵਾਈ ਹੀ ਭਿਆਨਕ ਬਿਮਾਰੀਆਂ ਦਾ ਹੱਲ ਕਰਨ ਵਿਚ ਕਾਮਯਾਬ ਹੁੰਦੀ ਹੈ | ਪਿਤਾ ਦੀ ਹਸਤੀ ਦਾ ਰੋਹਬ ਹੋਣਾ ਬਹੁਤ ਜ਼ਰੂਰੀ ਹੈ, ਇਹੀ ਰੋਹਬ ਭਟਕਿਆਂ ਧੀਆਂ-ਪੁੱਤਰਾਂ ਨੂੰ ਸਿੱਧੇ ਰਾਹ 'ਤੇ ਤੋਰਦਾ ਹੈ |
ਇਕ ਪਿਤਾ ਦੁਆਰਾ ਦਿੱਤੀ ਗਈ ਹਿੰਮਤ ਤੇ ਹੌਸਲਾ, ਬੱਚਿਆਂ ਨੂੰ ਉੱਡਣ ਲਈ ਦਿੱਤੇ ਜਾਣ ਵਾਲੇ ਖੰਭਾਂ ਤੋਂ ਘੱਟ ਨਹੀਂ ਹੁੰਦੇ, ਜਿਨ੍ਹਾਂ ਦੇ ਸਹਾਰੇ ਉਹ ਕਾਮਯਾਬੀ ਦੇ ਆਕਾਸ਼ ਵਿਚ ਉਡਾਰੀਆਂ ਭਰ ਸਕਦੇ ਹਨ | ਲੋੜ ਹੁੰਦੀ ਹੈ ਇਨ੍ਹਾਂ ਸਲਾਹਾਂ ਤੇ ਤਾਕੀਦਾਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਦੀ, ਕਿਉਂਕਿ ਪਿਤਾ ਕੋਲ ਤਜਰਬਾ ਹੁੰਦਾ ਹੈ, ਜ਼ਿੰਦਗੀ ਜਿਊਣ ਦਾ | ਉਹ ਆਪ ਖਾਧੇ ਠੇਡਿਆਂ ਤੇ ਠੋਕਰਾਂ ਤੋਂ ਆਪਣੇ ਬੱਚਿਆਂ ਨੂੰ ਬਚਾਅ ਕੇ ਰੱਖਣਾ ਚਾਹੁੰਦਾ ਹੈ |
ਜਦੋਂ ਪਿਤਾ ਬਜ਼ੁਰਗ ਹੋ ਜਾਵੇ ਤਾਂ ਫਿਰ ਬੱਚਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਪਿਤਾ ਨੂੰ ਬਾਬੇ ਬੋਹੜ ਵਾਂਗ ਸਮਝ ਕੇ ਉਸ ਦਾ ਆਦਰ-ਸਤਿਕਾਰ ਕਰਨ |
-ਮੋਬਾਈਲ : 97790-52732
hirdechhina10gmail.com