ਕੁਝ ਦਿ੍ਸ਼ ਅਜਿਹੇ ਹੁੰਦੇ ਹਨ, ਜੋ ਅੱਖਾਂ ਨਾਲ ਘੱਟ ਅਤੇ ਰੂਹ ਨਾਲ ਵੱਧ ਵੇਖੇ ਜਾਂਦੇ ਹਨ | ਸਰਦ ਰੁੱਤ ਦੀ ਕਿਸੇ ਸਵੇਰ ਜਾਂ ਸ਼ਾਮ, ਜਦੋਂ ਆਸਮਾਨ ਦੀ ਨੀਲੀ ਚੁੱਪ ਉਤੇ ਕੂੰਜਾਂ ਦਾ ਝੁੰਡ ਉੱਡਦਾ ਹੋਇਆ ਲੰਘਦਾ ਹੈ ਤਾਂ ਲਗਦਾ ਹੈ ਜਿਵੇਂ ਕੁਦਰਤ ਆਪਣੇ ਹੀ ਹੱਥਾਂ ਨਾਲ ਕੋਈ ਪ੍ਰਾਚੀਨ ਸ਼ਲੋਕ ਲਿਖ ਰਹੀ ਹੋਵੇ | ਉਹ ਕਦੇ 'ਅੰਗਰੇਜ਼ੀ ਦੇ ਅੱਖਰ 'ਵੀ' (V) ਬਣਾਉਂਦੀਆਂ ਹਨ, ਕਦੇ ਤੀਰ, ਕਦੇ ਅਰਧ ਚੰਦ ਅਤੇ ਕਦੇ ਅਜਿਹੇ ਅਣਗਿਣਤ ਨਕਸ਼, ਜਿਨ੍ਹਾਂ ਦਾ ਕੋਈ ਨਾਂਅ ਨਹੀਂ ਹੁੰਦਾ, ਪਰ ਜਿਨ੍ਹਾਂ ਦੀ ਸੁੰਦਰਤਾ ਮਨ ਦੇ ਅੰਦਰ ਲੰਮੇ ਸਮੇਂ ਤੱਕ ਘੁੰਮਦੀ ਰਹਿੰਦੀ ਹੈ |

ਅਸੀਂ ਅਕਸਰ ਉਨ੍ਹਾਂ ਨੂੰ ਪੰਛੀਆਂ ਦਾ ਇਕ ਝੁੰਡ ਸਮਝ ਕੇ ਵੇਖਦੇ ਹਾਂ, ਪਰ ਧਿਆਨ ਨਾਲ ਵੇਖੀਏ ਤਾਂ ਉਹ ਕੇਵਲ ਪੰਛੀ ਨਹੀਂ, ਇਕ ਵਿਚਾਰ ਹਨ, ਇਕ ਜੀਵਨ-ਦਰਸ਼ਨ ਹਨ, ਇਕ ਅਜਿਹੀ ਮੌਨ ਕਵਿਤਾ ਹਨ, ਜਿਸ ਨੂੰ ਹਵਾ ਪੜ੍ਹਦੀ ਹੈ ਅਤੇ ਆਸਮਾਨ ਯਾਦ ਰੱਖਦਾ ਹੈ | ਵਿਗਿਆਨ ਦੱਸਦਾ ਹੈ ਕਿ ਕੂੰਜਾਂ ਦੇ ਇਸ ਪੈਟਰਨ ਪਿਛੇ ਊਰਜਾ ਦੀ ਬੱਚਤ ਦਾ ਸਿਧਾਂਤ ਕੰਮ ਕਰਦਾ ਹੈ | ਸਭ ਤੋਂ ਅੱਗੇ ਉੱਡਣ ਵਾਲੀ ਕੂੰਜ ਹਵਾ ਦੇ ਵਿਰੋਧ ਨੂੰ ਆਪਣੇ ਸੀਨੇ ਉਤੇ ਝੱਲਦੀ ਹੈ | ਉਸ ਦੇ ਪਰ੍ਹਾਂ ਦੀ ਫੜਫੜਾਹਟ ਹਵਾ ਵਿਚ ਅਜਿਹੀਆਂ ਲਹਿਰਾਂ ਪੈਦਾ ਕਰਦੀ ਹੈ, ਜੋ ਪਿੱਛੇ ਵਾਲੀਆਂ ਕੂੰਜਾਂ ਲਈ ਸਹਾਰਾ ਬਣਦੀਆਂ ਹਨ | ਇਸ ਤਰ੍ਹਾਂ ਸਾਰਾ ਝੁੰਡ ਘੱਟ ਥਕਾਵਟ ਨਾਲ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰ ਲੈਂਦਾ ਹੈ | ਪਰ ਕੁਦਰਤ ਦੀ ਖੂਬਸੂਰਤੀ ਇਹ ਹੈ ਕਿ ਉਹ ਕਦੇ ਵਿਗਿਆਨ ਨੂੰ ਕਵਿਤਾ ਤੋਂ ਵੱਖ ਨਹੀਂ ਹੋਣ ਦਿੰਦੀ | ਅੱਗੇ ਵਾਲੀ ਕੂੰਜ ਸਦਾ ਲਈ ਆਗੂ ਨਹੀਂ ਰਹਿੰਦੀ | ਜਦੋਂ ਉਹ ਥੱਕ ਜਾਂਦੀ ਹੈ ਤਾਂ ਚੁੱਪ-ਚਾਪ ਪਿੱਛੇ ਹੋ ਜਾਂਦੀ ਹੈ ਅਤੇ ਕੋਈ ਹੋਰ ਉਸ ਦੀ ਥਾਂ ਲੈ ਲੈਂਦੀ ਹੈ | ਉਥੇ ਅਹੁਦੇ ਨਹੀਂ ਹੁੰਦੇ, ਸਿਰਫ਼ ਜ਼ਿੰਮੇਵਾਰੀਆਂ ਹੁੰਦੀਆਂ ਹਨ | ਉਥੇ ਹਕੂਮਤ ਨਹੀਂ ਹੁੰਦੀ, ਸੇਵਾ ਹੁੰਦੀ ਹੈ | ਉਥੇ ਕੋਈ ਕਿਸੇ ਤੋਂ ਵੱਡਾ ਨਹੀਂ ਹੁੰਦਾ, ਸਭ ਇਕ-ਦੂਜੇ ਦੀ ਉਡਾਣ ਦੇ ਸਾਥੀ ਹੁੰਦੇ ਹਨ |
ਸ਼ਾਇਦ ਇਸੇ ਕਰਕੇ ਕੂੰਜਾਂ ਦਾ ਝੁੰਡ ਸਾਨੂੰ ਗੁਰਬਾਣੀ ਦੇ 'ਸੰਗਤ' ਸਿਧਾਂਤ ਦੀ ਯਾਦ ਦਿਵਾਉਂਦਾ ਹੈ | ਇਕੱਲਾ ਮਨੁੱਖ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ | ਪਰ ਸੰਗਤ ਨਾਲ ਚੱਲਣ ਵਾਲਾ ਮਨੁੱਖ ਯਾਤਰਾ ਦਾ ਅਰਥ ਵੀ ਸਮਝ ਲੈਂਦਾ ਹੈ | ਕੁਦਰਤ ਦੀ ਇਹ ਉਡਾਣ ਜਿਵੇਂ ਕਹਿ ਰਹੀ ਹੋਵੇ:
ਜਿਸ ਉਡਾਣ ਵਿਚ ਸਿਰਫ਼ ਮੈਂ ਹਾਂ, ਉਹ ਯਾਤਰਾ ਨਹੀਂ
ਜਿਸ ਉਡਾਣ ਵਿਚ ਅਸੀਂ ਹਾਂ, ਉਹ ਆਸਮਾਨ ਹੈ |
ਅੱਜ ਦਾ ਮਨੁੱਖ ਆਪਣੀ ਸਫਲਤਾ ਦੇ ਬੋਝ ਹੇਠ ਦੱਬਿਆ ਤੇ ਥੱਕਿਆ ਹੋਇਆ ਹੈ | ਉਹ ਦੌੜ ਰਿਹਾ ਹੈ, ਪਰ ਕਈ ਵਾਰ ਇਹ ਭੁੱਲ ਜਾਂਦਾ ਹੈ ਕਿ ਮੰਜ਼ਿਲਾਂ ਇਕੱਲਿਆਂ ਨਹੀਂ ਸਰ ਹੁੰਦੀਆਂ | ਘਰ, ਪਿੰਡ, ਸਮਾਜ, ਦੇਸ਼ ਅਤੇ ਮਨੁੱਖਤਾ-ਸਭ ਸਾਂਝ ਦੀਆਂ ਨੀਂਹਾਂ ਉਤੇ ਖੜ੍ਹੇ ਹਨ | ਕੂੰਜਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਜੀਵਨ ਦਾ ਸਭ ਤੋਂ ਵੱਡਾ ਰਾਜ ਮੁਕਾਬਲੇ ਵਿਚ ਨਹੀਂ, ਸਹਿਯੋਗ ਵਿਚ ਲੁਕਿਆ ਹੋਇਆ ਹੈ |
ਪੰਜਾਬੀ ਲੋਕ ਚੇਤਨਾ ਵਿਚ ਕੂੰਜਾਂ ਦਾ ਸਥਾਨ ਸਦੀਆਂ ਪੁਰਾਣਾ ਹੈ | ਲੋਕ-ਗੀਤਾਂ ਵਿਚ ਉਹ ਵਿਛੜੇ ਸੱਜਣਾਂ ਦਾ ਸੁਨੇਹਾ ਲੈ ਕੇ ਆਉਂਦੀਆਂ ਹਨ | ਹੀਰ ਦੀਆਂ ਅੱਖਾਂ ਵਿਚ, ਮਾਹੀਏ ਦੇ ਬੋਲਾਂ ਵਿਚ, ਟੱਪਿਆਂ ਦੀਆਂ ਸੁਰਾਂ ਵਿਚ ਅਤੇ ਖੇਤਾਂ ਦੀ ਨਿਰਵਤਾ ਵਿਚ ਕੂੰਜਾਂ ਦੀ ਆਵਾਜ਼ ਸੁਣੀ ਜਾ ਸਕਦੀ ਹੈ | ਉਹ ਪ੍ਰੇਮ ਦੀਆਂ ਦੂਤ ਵੀ ਹਨ ਅਤੇ ਯਾਤਰਾ ਦੀਆਂ ਸਾਥਣਾਂ ਵੀ | ਪਰ ਅੱਜ ਜਦੋਂ ਮਨੁੱਖ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਰਿਹਾ ਹੈ, ਤਦੋਂ ਕੂੰਜਾਂ ਦੀ ਉਡਾਣ ਇਕ ਹੋਰ ਸੰਦੇਸ਼ ਵੀ ਲਿਆਉਂਦੀਆਂ ਹਨ | ਉਹ ਹਜ਼ਾਰਾਂ ਮੀਲਾਂ ਦੂਰ ਜਾਂਦੀਆਂ ਹਨ, ਪਰ ਆਪਣੇ ਰਸਤੇ ਨਹੀਂ ਭੁੱਲਦੀਆਂ | ਉਹ ਮੌਸਮ ਬਦਲਦੀਆਂ ਹਨ, ਦੇਸ਼ ਬਦਲਦੀਆਂ ਹਨ, ਆਸਮਾਨ ਬਦਲਦੀਆਂ ਹਨ, ਪਰ ਆਪਣੀ ਸੰਗਤ ਨਹੀਂ ਛੱਡਦੀਆਂ | ਮਨੁੱਖ ਨੇ ਤਕਨਾਲੋਜੀ ਦੀਆਂ ਉੱਚੀਆਂ ਉਡਾਣਾਂ ਭਰ ਲਈਆਂ ਹਨ ਪਰ ਕਈ ਵਾਰ ਆਪਣੇ ਹੀ ਲੋਕਾਂ ਤੋਂ ਦੂਰ ਹੋ ਜਾਂਦਾ ਹੈ | ਕੂੰਜਾਂ ਜਿਵੇਂ ਸਾਨੂੰ ਪੁੱਛਦੀਆਂ ਹਨ—ਕੀ ਵਿਕਾਸ ਦਾ ਅਰਥ ਆਪਣੀ ਸੰਗਤ ਤੋਂ ਦੂਰ ਹੋ ਜਾਣਾ ਹੈ?
ਕੂੰਜਾਂ ਦੇ ਪੈਟਰਨ ਕਦੇ ਸਥਿਰ ਨਹੀਂ ਰਹਿੰਦੇ | ਹਵਾ ਬਦਲਦੀ ਹੈ ਤਾਂ ਉਹ ਵੀ ਆਪਣਾ ਰੁਖ਼ ਬਦਲ ਲੈਂਦੀਆਂ ਹਨ | ਇਥੇ ਕੁਦਰਤ ਦਾ ਇਕ ਹੋਰ ਮਹਾਨ ਸਬਕ ਲੁਕਿਆ ਹੋਇਆ ਹੈ | ਜਦੋਂ ਬਦਲਾਅ ਨੂੰ ਸਵੀਕਾਰ ਨਹੀਂ ਕਰਦਾ, ਉਹ ਯਾਤਰਾ ਪੂਰੀ ਨਹੀਂ ਕਰ ਸਕਦਾ | ਦਰਿਆ, ਬੱਦਲ, ਰੁੱਤਾਂ ਅਤੇ ਕੂੰਜਾਂ, ਸਭ ਸਾਨੂੰ ਇਹੀ ਸਿਖਾਉਂਦੀਆਂ ਹਨ ਕਿ ਜੀਵਨ ਦਾ ਦੂਜਾ ਨਾਂਅ ਪ੍ਰਵਾਹ ਹੈ |
ਜਦੋਂ ਮੈਂ ਕੂੰਜਾਂ ਨੂੰ ਆਸਮਾਨ ਵਿਚ ਉੱਡਦਿਆਂ ਵੇਖਦਾ ਹਾਂ ਤਾਂ ਮੈਨੂੰ ਉਹ ਸਿਰਫ਼ ਪੰਛੀ ਨਹੀਂ ਲਗਦੀਆਂ | ਉਹ ਮੈਨੂੰ ਮਨੁੱਖੀ ਸੱਭਿਆਚਾਰ ਦੀਆਂ ਪ੍ਰਾਚੀਨ ਯਾਦਾਂ ਵਰਗੀਆਂ ਲੱਗਦੀਆਂ ਹਨ | ਜਿਵੇਂ ਧਰਤੀ ਨੇ ਆਪਣੇ ਸੁਪਨੇ ਪਰਾਂ ਉਤੇ ਬਿਠਾ ਕੇ ਆਸਮਾਨ ਵੱਲ ਭੇਜ ਦਿੱਤੇ ਹੋਣ | ਜਿਵੇਂ ਹਵਾ ਨੇ ਸੰਗੀਤ ਨੂੰ ਰੂਪ ਦੇ ਦਿੱਤਾ ਹੋਵੇ | ਜਿਵੇਂ ਚੁੱਪ ਨੇ ਆਪਣੇ ਲਈ ਕੋਈ ਭਾਸ਼ਾ ਲੱਭ ਲਈ ਹੋਵੇ |
ਉਹ ਸਾਨੂੰ ਦੱਸਦੀਆਂ ਹਨ ਕਿ ਇਕੱਲੀ ਉਡਾਣ ਭਾਵੇਂ ਤੇਜ਼ ਹੋ ਸਕਦੀ ਹੈ, ਪਰ ਲੰਬੀ ਨਹੀਂ ਹੁੰਦੀ | ਲੰਬੀਆਂ ਯਾਤਰਾਵਾਂ ਲਈ ਸਾਥ ਚਾਹੀਦਾ ਹੈ, ਵਿਸ਼ਵਾਸ ਚਾਹੀਦਾ ਹੈ ਇਕ-ਦੂਜੇ ਲਈ ਜਗ੍ਹਾ ਬਣਾਉਣੀ ਪੈਂਦੀ ਹੈ | ਅਸਲ ਮਹਾਨਤਾ ਅੱਗੇ ਉੱਡਣ ਵਿਚ ਨਹੀਂ, ਸਗੋਂ ਦੂਜਿਆਂ ਲਈ ਹਵਾ ਨੂੰ ਚੀਰਨ ਵਿਚ ਹੈ | ਸ਼ਾਇਦ ਇਸੇ ਲਈ ਕੂੰਜਾਂ ਜਦੋਂ ਆਸਮਾਨ ਉਤੇ ਲਕੀਰਾਂ ਖਿੱਚਦੀਆਂ ਹਨ ਤਾਂ ਉਹ ਕੇਵਲ ਆਪਣਾ ਰਾਹ ਨਹੀਂ ਬਣਾਉਂਦੀਆਂ, ਉਹ ਮਨੁੱਖਤਾ ਲਈ ਇਕ ਸੁਨੇਹਾ ਲਿਖਦੀਆਂ ਹਨ, 'ਜੇ ਆਸਮਾਨ ਜਿੱਤਣਾ ਹੈ ਤਾਂ ਪਰ ਮਜ਼ਬੂਤ ਕਰਨ ਤੋਂ ਪਹਿਲਾਂ ਰਿਸ਼ਤੇ ਮਜ਼ਬੂਤ ਕਰੋ, ਕਿਉਂਕਿ ਉਡਾਣ ਪਰਾਂ ਨਾਲ ਨਹੀਂ, ਸੰਗਤ ਨਾਲ ਲੰਬੀ ਹੁੰਦੀ ਹੈ |'
ਕੂੰਜਾਂ ਦੀ ਉਡਾਣ ਕੁਦਰਤ ਦਾ ਇਕ ਅਜਿਹਾ ਗ੍ਰੰਥ ਹੈ, ਜਿਸ ਦਾ ਹਰ ਪੰਨਾ ਸਹਿਯੋਗ, ਨਿਮਰਤਾ, ਸਾਂਝ ਅਤੇ ਪ੍ਰੇਮ ਦੀ ਭਾਸ਼ਾ ਨਾਲ ਲਿਖਿਆ ਹੋਇਆ ਹੈ | ਜਿਹੜਾ ਮਨੁੱਖ ਇਸ ਗ੍ਰੰਥ ਨੂੰ ਪੜ੍ਹ ਲੈਂਦਾ ਹੈ, ਉਹ ਸਮਝ ਜਾਂਦਾ ਹੈ ਕਿ ਆਸਮਾਨ ਦੀ ਅਸਲ ਵਿਸ਼ਾਲਤਾ ਉੱਚਾ ਉੱਡਣ ਵਿਚ ਨਹੀਂ, ਇਕੱਠੇ ਉੱਡਣ ਵਿਚ ਹੈ |
-ਮੋਬਾਈਲ : 614129113021