18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗਰਮੀਆਂ 'ਚ ਸ਼ਹਿਦ ਦੀਆਂ ਮੱਖੀਆਂ ਪਾਲਣ ਨੂੰ ਸਫ਼ਲ ਬਣਾਉਣ ਦੇ ਢੰਗ

Ad Position 21
No active advertisement
ਅਜੀਤ ਡੈਸਕ 05-05-2026

ਸ਼ਹਿਦ ਮੱਖੀ ਪਾਲਣ ਦੀ ਸਫ਼ਲਤਾ ਕੇਵਲ ਛੱਤੇ ਦੇ ਪ੍ਰਬੰਧਨ ਤੱਕ ਸੀਮਤ ਨਹੀਂ, ਇਸ ਦਾ ਸਿੱਧਾ ਸੰਬੰਧ ਆਲੇ-ਦੁਆਲੇ ਦੀ ਬਨਸਪਤੀ ਅਤੇ ਜੀਵ-ਜੰਤੂਆਂ ਨਾਲ ਵੀ ਹੁੰਦਾ ਹੈ। ਗਰਮੀਆਂ ਦੇ ਮੌਸਮ ਵਿਚ ਪੰਜਾਬ ਦੇ ਖੇਤਾਂ ਤੇ ਜੰਗਲਾਂ 'ਚ ਅਜਿਹੇ ਬਹੁਤ ਸਾਰੇ ਫੁੱਲ ਖਿੜਦੇ ਹਨ, ਜੋ ਸ਼ਹਿਦ ਦੀਆਂ ਮੱਖੀਆਂ ਲਈ ਮਹੱਤਵਪੂਰਨ ਖ਼ੁਰਾਕ ਦਾ ਕੰਮ ਕਰਦੇ ਹਨ। ਦੂਜੇ ਪਾਸੇ ਕੁਝ ਜੀਵ-ਜੰਤੂ ਇਨ੍ਹਾਂ ਲਈ ਖ਼ਤਰਾ ਵੀ ਬਣਦੇ ਹਨ। ਇਸ ਲੇਖ ਵਿਚ ਗਰਮੀਆਂ ਦੀ ਉਸ ਕੁਦਰਤੀ ਦੁਨੀਆ ਬਾਰੇ ਜਾਣਾਂਗੇ, ਜੋ ਸ਼ਹਿਦ ਮੱਖੀ ਪਾਲਕ ਨੂੰ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ।
ਮੁੱਖ ਚਾਰਾ ਫ਼ਸਲਾਂ ਤੇ ਦਰੱਖਤ-ਪੰਜਾਬ ਵਿਚ ਗਰਮੀਆਂ ਦੌਰਾਨ ਕਈ ਫ਼ਸਲਾਂ ਅਤੇ ਦਰੱਖਤ ਅਜਿਹੇ ਹਨ, ਜੋ ਸ਼ਹਿਦ ਦੀਆਂ ਮੱਖੀਆਂ ਨੂੰ ਭਰਪੂਰ ਅੰਮ੍ਰਿਤ ਤੇ ਪਰਾਗ ਦਿੰਦੇ ਹਨ। ਸੂਰਜਮੁਖੀ ਦੀ ਫ਼ਸਲ ਸ਼ਹਿਦ ਦੀਆਂ ਮੱਖੀਆਂ ਦੀ ਸਭ ਤੋਂ ਪਸੰਦੀਦਾ ਫ਼ਸਲ ਮੰਨੀ ਜਾਂਦੀ ਹੈ ਕਿਉਂਕਿ ਇਸ ਦੇ ਵੱਡੇ ਫੁੱਲਾਂ ਵਿਚ ਪਰਾਗ ਤੇ ਅੰਮ੍ਰਿਤ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਅੰਬ, ਜਾਮਣ, ਬੇਰੀ, ਅਮਰੂਦ ਅਤੇ ਨਿੰਮ ਦੇ ਦਰੱਖਤ ਵੀ ਸ਼ਹਿਦ ਦੀਆਂ ਮੱਖੀਆਂ ਲਈ ਚੰਗੇ ਚਾਰੇ ਦਾ ਸਾਧਨ ਹਨ। ਧਨੀਆ, ਅਜਵਾਇਣ, ਤਿਲ ਤੇ ਕਪਾਹ ਦੇ ਫੁੱਲ ਵੀ ਗਰਮੀਆਂ ਵਿਚ ਸ਼ਹਿਦ ਦੀਆਂ ਮੱਖੀਆਂ ਨੂੰ ਕਾਫ਼ੀ ਆਕਰਸ਼ਿਤ ਕਰਦੇ ਹਨ। ਸ਼ਹਿਦ ਮੱਖੀ ਪਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਛੱਤਿਆਂ ਨੂੰ ਅਜਿਹੀਆਂ ਫ਼ਸਲਾਂ ਦੇ ਨੇੜੇ ਰੱਖਣ ਤਾਂ ਜੋ ਮੱਖੀਆਂ ਨੂੰ ਘੱਟ ਊਰਜਾ ਖ਼ਰਚ ਕਰਕੇ ਵੱਧ ਤੋਂ ਵੱਧ ਚਾਰਾ ਮਿਲ ਸਕੇ।
ਜੰਗਲੀ ਬਨਸਪਤੀ ਤੇ ਜੜੀ-ਬੂਟੀਆਂ-ਪੰਜਾਬ ਦੇ ਖੇਤਾਂ ਦੀਆਂ ਵੱਟਾਂ ਅਤੇ ਬੰਜਰ ਜ਼ਮੀਨਾਂ 'ਤੇ ਉੱਗਣ ਵਾਲੀਆਂ ਜੰਗਲੀ ਬੂਟੀਆਂ ਵੀ ਸ਼ਹਿਦ ਦੀਆਂ ਮੱਖੀਆਂ ਲਈ ਅਹਿਮ ਚਾਰੇ ਦਾ ਸੋਮਾ ਹਨ। ਗੁੱਲ-ਮਹਿੰਦੀ, ਕਾਸ਼ਨੀ, ਕਰੀਲਾ ਤੇ ਅੱਕ ਦੇ ਫੁੱਲ ਗਰਮੀਆਂ ਵਿਚ ਖਿੜਦੇ ਹਨ ਅਤੇ ਸ਼ਹਿਦ ਦੀਆਂ ਮੱਖੀਆਂ ਨੂੰ ਕੀਮਤੀ ਪਰਾਗ ਦਿੰਦੇ ਹਨ। ਤੁਲਸੀ ਤੇ ਪੁਦੀਨੇ ਦੇ ਫੁੱਲ ਵੀ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਤੋਂ ਮਿਲਣ ਵਾਲਾ ਸ਼ਹਿਦ ਦਵਾਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸ਼ਹਿਦ ਮੱਖੀ ਪਾਲਕਾਂ ਨੂੰ ਆਪਣੇ ਖੇਤਾਂ ਦੇ ਆਲੇ-ਦੁਆਲੇ ਅਜਿਹੀਆਂ ਜੜ੍ਹੀ-ਬੂਟੀਆਂ ਲਗਾਉਣ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਇਹ ਮੁਫ਼ਤ ਵਿਚ ਚਾਰਾ ਮੁਹੱਈਆ ਕਰਦੀਆਂ ਹਨ ਅਤੇ ਸ਼ਹਿਦ ਦੀ ਗੁਣਵੱਤਾ ਵੀ ਵਧਾਉਂਦੀਆਂ ਹਨ।
ਦੁਸ਼ਮਣ ਜੀਵ-ਜੰਤੂ-ਗਰਮੀਆਂ ਵਿਚ ਸ਼ਹਿਦ ਦੀਆਂ ਮੱਖੀਆਂ ਨੂੰ ਕਈ ਜੀਵ-ਜੰਤੂਆਂ ਤੋਂ ਖ਼ਤਰਾ ਰਹਿੰਦਾ ਹੈ। ਭੀੜ ਅਤੇ ਵੱਡੀਆਂ ਭੌਰੇ ਜਾਤੀਆਂ ਸ਼ਹਿਦ ਦੀਆਂ ਮੱਖੀਆਂ ਦੀਆਂ ਕਾਲੋਨੀਆਂ 'ਤੇ ਹਮਲਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਭੋਜਨ ਵਜੋਂ ਖਾਂਦੀਆਂ ਹਨ। ਪੰਛੀਆਂ ਵਿਚੋਂ ਸ਼ਹਿਦ ਮੱਖੀ ਭੱਖਣਾ ਸ਼ਹਿਦ ਦੀਆਂ ਮੱਖੀਆਂ ਨੂੰ ਉੱਡਦੇ ਹੋਏ ਫੜ ਕੇ ਖਾ ਜਾਂਦਾ ਹੈ ਅਤੇ ਇਹ ਗਰਮੀਆਂ ਵਿਚ ਬਹੁਤ ਕਿਰਿਆਸ਼ੀਲ ਹੁੰਦਾ ਹੈ। ਕਿਰਲੀਆਂ ਅਤੇ ਡੱਡੂ ਵੀ ਛੱਤੇ ਦੇ ਦਰਵਾਜ਼ੇ ਕੋਲ ਬੈਠ ਕੇ ਮੱਖੀਆਂ ਖਾਂਦੇ ਹਨ। ਮੱਕੜੀਆਂ ਆਪਣੇ ਜਾਲਾਂ ਵਿਚ ਸ਼ਹਿਦ ਦੀਆਂ ਮੱਖੀਆਂ ਨੂੰ ਫਸਾ ਲੈਂਦੀਆਂ ਹਨ। ਇਨ੍ਹਾਂ ਤੋਂ ਬਚਾਉਣ ਲਈ ਛੱਤਿਆਂ ਦੇ ਦਰਵਾਜ਼ੇ ਬਹੁਤੇ ਵੱਡੇ ਨਾ ਰੱਖੋ ਅਤੇ ਆਲੇ-ਦੁਆਲੇ ਸਫ਼ਾਈ ਰੱਖੋ।
ਕੀਟਨਾਸ਼ਕਾਂ ਦਾ ਅਸਰ-ਗਰਮੀਆਂ ਵਿਚ ਕਪਾਹ, ਸਬਜ਼ੀਆਂ ਅਤੇ ਹੋਰ ਫ਼ਸਲਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਵਧ ਜਾਂਦਾ ਹੈ। ਇਹ ਕੀਟਨਾਸ਼ਕ ਸ਼ਹਿਦ ਦੀਆਂ ਮੱਖੀਆਂ ਲਈ ਬੇਹੱਦ ਖ਼ਤਰਨਾਕ ਹੁੰਦੇ ਹਨ। ਖ਼ਾਸ ਕਰਕੇ ਆਰਗੈਨੋਫਾਸਫੇਟ ਤੇ ਨਿਓਨੀਕੋਟੀਨੋਇਡ ਸਮੂਹ ਦੇ ਕੀਟਨਾਸ਼ਕ ਸ਼ਹਿਦ ਦੀਆਂ ਮੱਖੀਆਂ ਦੀ ਯਾਦਸ਼ਕਤੀ ਅਤੇ ਦਿਸ਼ਾ-ਬੋਧ ਕਮਜ਼ੋਰ ਕਰ ਦਿੰਦੇ ਹਨ। ਕਿਸਾਨਾਂ ਨੂੰ ਬੇਨਤੀ ਹੈ ਕਿ ਛਿੜਕਾਅ ਸ਼ਾਮ ਵੇਲੇ ਕਰੋ, ਜਦੋਂ ਸ਼ਹਿਦ ਦੀਆਂ ਮੱਖੀਆਂ ਛੱਤੇ ਵਿਚ ਵਾਪਸ ਆ ਚੁੱਕੀਆਂ ਹੋਣ ਅਤੇ ਸ਼ਹਿਦ ਦੀਆਂ ਮੱਖੀ ਪਾਲਕਾਂ ਨੂੰ ਪਹਿਲਾਂ ਸੂਚਿਤ ਕਰੋ ਤਾਂ ਜੋ ਉਹ ਆਪਣੇ ਛੱਤੇ ਸੁਰੱਖਿਅਤ ਥਾਂ 'ਤੇ ਲੈ ਕੇ ਜਾ ਸਕਣ।
ਲਾਭਦਾਇਕ ਜੀਵ-ਜੰਤੂ-ਕੁਦਰਤ ਵਿਚ ਕੁਝ ਜੀਵ ਸ਼ਹਿਦ ਦੀਆਂ ਮੱਖੀਆਂ ਦੇ ਨਾਲ-ਨਾਲ ਰਹਿੰਦੇ ਹਨ ਅਤੇ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਦੇ। ਤਿਤਲੀਆਂ ਅਤੇ ਹੋਰ ਪਰਾਗਣ ਕਰਨ ਵਾਲੇ ਕੀੜੇ ਸ਼ਹਿਦ ਦੀਆਂ ਮੱਖੀਆਂ ਦੇ ਸਹਿਯੋਗੀ ਹਨ ਅਤੇ ਇਕੱਠੇ ਮਿਲ ਕੇ ਪਰਾਗਣ ਦਾ ਕੰਮ ਕਰਦੇ ਹਨ। ਕੁਝ ਕੀੜੇ ਜਿਵੇਂ ਕਿ ਲੇਡੀਬਰਡ ਬੀਟਲ ਅਤੇ ਲੇਸਵਿੰਗ ਕੀੜਾ ਉਨ੍ਹਾਂ ਕੀੜਿਆਂ ਨੂੰ ਖਾਂਦੇ ਹਨ, ਜੋ ਸ਼ਹਿਦ ਦੀਆਂ ਮੱਖੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਸ਼ਹਿ ਮੱਖੀ ਪਾਲਕ ਨੂੰ ਕੁਦਰਤੀ ਸੰਤੁਲਨ ਬਣਾਈ ਰੱਖਣ ਵਿਚ ਮਦਦ ਕਰਨੀ ਚਾਹੀਦੀ ਹੈ।
ਬਾਗ਼ਬਾਨੀ ਤੇ ਵਾਧੂ ਬੂਟੇ ਲਾਉਣੇ-ਜੇ ਤੁਸੀਂ ਸਾਲ ਭਰ ਸ਼ਹਿਦ ਦੀਆਂ ਮੱਖੀਆਂ ਲਈ ਚੰਗਾ ਚਾਰਾ ਯਕੀਨੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਖੇਤ ਦੇ ਨੇੜੇ ਗਰਮੀਆਂ ਵਿਚ ਖਿੜਨ ਵਾਲੇ ਫੁੱਲਾਂ ਦੇ ਬੂਟੇ ਜ਼ਰੂਰ ਲਗਾਓ। ਬੋਗਨਵੀਲੀਆ, ਗੁਲਾਬ, ਰਾਤ ਦੀ ਰਾਣੀ ਅਤੇ ਲੈਂਟਾਨਾ ਅਜਿਹੇ ਬੂਟੇ ਹਨ, ਜੋ ਗਰਮੀਆਂ ਵਿਚ ਵੀ ਫੁੱਲਦੇ ਰਹਿੰਦੇ ਹਨ। ਨਿੰਮ ਅਤੇ ਸ਼ਰੀਂਹ ਦੇ ਦਰੱਖਤ ਲਗਾਉਣ ਨਾਲ ਦੋਹਰਾ ਫਾਇਦਾ ਹੁੰਦਾ ਹੈ, ਇਕ ਤਾਂ ਸ਼ਹਿਦ ਦੀਆਂ ਮੱਖੀਆਂ ਨੂੰ ਖ਼ੁਰਾਕ ਮਿਲਦੀ ਹੈ, ਦੂਜਾ ਛੱਤਿਆਂ ਨੂੰ ਕੁਦਰਤੀ ਛਾਂ ਮਿਲਦੀ ਹੈ। ਇਹ ਛੋਟੀ ਜਿਹੀ ਕੋਸ਼ਿਸ਼ ਉਤਪਾਦਕਤਾ ਵਿਚ ਕਮਾਲ ਦਾ ਵਾਧਾ ਕਰ ਸਕਦੀ ਹੈ।
ਸ਼ਹਿਦ ਦੀ ਮੱਖੀ ਪਾਲਣ ਅਤੇ ਕੁਦਰਤ ਦਾ ਰਿਸ਼ਤਾ ਬਹੁਤ ਡੂੰਘਾ ਹੈ। ਜੋ ਕਿਸਾਨ ਆਪਣੀ ਬਨਸਪਤੀ ਨੂੰ ਸਮਝਦਾ ਹੈ ਤੇ ਕੁਦਰਤੀ ਸੰਤੁਲਨ ਦਾ ਆਦਰ ਕਰਦਾ ਹੈ, ਉਸ ਦੀਆਂ ਸ਼ਹਿਦ ਦੀਆਂ ਮੱਖੀਆਂ ਹਮੇਸ਼ਾ ਤਕੜੀਆਂ ਰਹਿੰਦੀਆਂ ਹਨ ਅਤੇ ਸ਼ਹਿਦ ਦਾ ਉਤਪਾਦਨ ਵੀ ਭਰਪੂਰ ਹੁੰਦਾ ਹੈ। ਆਓ, ਕੁਦਰਤ ਨਾਲ ਮਿਲ ਕੇ ਖੇਤੀ ਕਰੀਏ ਅਤੇ ਸ਼ਹਿਦ ਮੱਖੀ ਪਾਲਣ ਨੂੰ ਲਾਹੇਵੰਦ ਕਿੱਤਾ ਬਣਾਈਏ।
-ਸਹਾਇਕ ਪ੍ਰੋਫੈਸਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ।

Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਮੈਟ ਟਾਈਪ ਪਨੀਰੀ ਦੀ ਬਿਜਾਈ ਦਾ ਨਵੀਨਤਮ ਹੱਲ ਅਗਲੀ ਖ਼ਬਰ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਦੀਆਂ ਸਜ਼ਾ ਨੂੰ ਮੁਅੱਤਲ ਕਰਨ ਦੀਆਂ ਪਟੀਸ਼ਨਾਂ ਖ਼ਾਰਜ
Ad Position 24