ਖੇਤਾਂ ਨੂੰ ਕੱਦੂ ਕਰਨ ਤੋਂ ਬਾਅਦ ਝੋਨੇ ਦੀ ਪਨੀਰੀ ਨੂੰ ਹੱਥ ਨਾਲ ਲਾ ਕੇ ਜ਼ਿਆਦਾਤਰ ਕਿਸਾਨਾਂ ਵਲੋਂ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ 'ਤੇ ਲੇਬਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਕਈ ਵਾਰ ਸਮੇਂ ਸਿਰ ਲੇਬਰ ਨਾ ਮਿਲਣ ਕਰਕੇ ਝੋਨੇ ਦੀ ਲੁਆਈ 'ਚ ਵੀ ਦੇਰੀ ਜਾਂਦੀ ਹੈ। ਲੇਬਰ ਵੀ ਮਨਚਾਹੇ ਪੈਸੇ ਲੈਂਦੀ ਹੈ, ਜਿਸ ਨਾਲ ਲਾਗਤ 'ਚ ਵਾਧਾ ਹੋ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਕਿਸਾਨਾਂ ਦਾ ਰੁਝਾਨ ਝੋਨੇ ਦੀ ਮਸ਼ੀਨੀ ਲੁਆਈ ਵੱਲ ਵਧਿਆ ਹੈ, ਜਿਸ ਨਾਲ ਲੇਬਰ ਦੀ ਬੱਚਤ ਤੇ ਲੁਆਈ ਸਮੇਂ ਸਿਰ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਝੋਨੇ ਦੀ ਲੁਆਈ ਲਈ ਮਸ਼ੀਨਾਂ ਦੀ ਸਿਫ਼ਾਰਸ਼ ਕੀਤੀ ਹੈ। ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ ਟਾਈਪ ਪਨੀਰੀ ਦੀ ਲੋੜ ਹੁੰਦੀ ਹੈ। ਮਸ਼ੀਨੀ ਲੁਆਈ ਦੀ ਕਾਰਜਕੁਸ਼ਲਤਾ, ਝੋਨੇ ਦੀ ਮੈਟ ਟਾਈਪ ਪਨੀਰੀ 'ਤੇ ਬਹੁਤ ਨਿਰਭਰ ਕਰਦੀ ਹੈ ਤੇ ਮੈਟਾਂ 'ਚ ਪੁੰਗਰਿਆ ਹੋਇਆ ਬੀਜ ਇਕਸਾਰ ਖਿੱਲਰਿਆ ਹੋਣਾ ਚਾਹੀਦਾ ਹੈ। ਰਵਾਇਤੀ ਤਰੀਕੇ ਨਾਲ 2 ਕਾਮੇ ਪ੍ਰਤੀ ਦਿਨ 4-5 ਏਕੜ ਰਕਬੇ ਦੀ ਮਸ਼ੀਨੀ ਲੁਆਈ ਲਈ ਮੈਟ ਤਿਆਰ ਕਰ ਸਕਦੇ ਹਨ। 2.5 ਏਕੜ ਰਕਬੇ ਦੀ ਮਸ਼ੀਨੀ ਲੁਆਈ ਲਈ ਲਗਭਗ 50 ਵਰਗ ਮੀਟਰ ਨਰਸਰੀ ਖੇਤਰ ਦੀ ਲੋੜ ਹੁੰਦੀ ਹੈ। ਲੇਬਰ ਦੁਆਰਾ ਮੈਟ ਟਾਈਪ ਪਨੀਰੀ ਤਿਆਰ ਕਰਨ ਲਈ ਬਹੁਤ ਸਾਰੇ ਕੰਮਾਂ (ਪਨੀਰੀ ਵਾਲਾ ਖੇਤ ਤਿਆਰ ਹੋਣ ਉਪਰੰਤ ਪਲਾਸਟਿਕ ਦੀ ਸ਼ੀਟ ਨੂੰ ਵਿਛਾਉਣਾ, ਵਿਛਾਈ ਹੋਈ ਸ਼ੀਟ 'ਤੇ ਫਰੇਮਾਂ ਨੂੰ ਰੱਖਣਾ, ਫਰੇਮ ਦੇ ਦੋਨੋਂ ਪਾਸਿਆਂ ਤੋਂ ਇਕਸਾਰ ਮਿੱਟੀ ਚੁੱਕ ਕੇ ਫਰੇਮ 'ਚ ਪਾ ਕੇ ਪੱਧਰਾ ਕਰਨਾ, ਹਰ ਖਾਨੇ 'ਚ 50-60 ਗ੍ਰਾਮ ਪੁੰਗਰੇ ਝੋਨੇ ਦੇ ਬੀਜ ਨੂੰ ਰੋਲਰ ਦੀ ਸਹਾਇਤਾ ਨਾਲ ਖਿਲਾਰਨਾ ਤਾਂ ਜੋ 2 ਜਾਂ 3 ਦਾਣੇ ਪ੍ਰਤੀ ਸੈਂਟੀਮੀਟਰ ਖੇਤਰਫਲ 'ਚ ਆਉਣ, ਬੀਜ ਨੂੰ ਮਿੱਟੀ ਦੀ ਬਾਰੀਕ ਪਰਤ ਨਾਲ ਢਕਣ ਉਪਰੰਤ ਹੱਥ ਵਾਲੇ ਫੁਹਾਰੇ ਨਾਲ ਪਾਣੀ ਦਾ ਛਿੜਕਾਅ ਕਰਨਾ ਤਾਂ ਜੋ ਮਿੱਟੀ ਜੰਮ ਜਾਵੇ, ਫਰੇਮਾਂ ਨੂੰ ਹੌਲੀ ਚੁੱਕਣਾ ਤੇ ਅੱਗੇ ਵਿਛਾਈ ਹੋਈ ਪਲਾਸਟਿਕ ਸ਼ੀਟ 'ਤੇ ਰੱਖਣਾ) ਵਿਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਤੇ ਕਾਮਿਆਂ ਨੂੰ ਵੀ ਬਹੁਤ ਸਰੀਰਕ ਥਕਾਵਟ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਕਿਸਾਨ ਇਸ ਤਰੀਕੇ ਨੂੰ ਘੱਟ ਪਸੰਦ ਕਰਦੇ ਹਨ।
ਝੋਨੇ ਦੀ ਮੈਟ ਟਾਈਪ ਪਨੀਰੀ ਦੀ ਬਿਜਾਈ ਨੂੰ ਆਸਾਨ ਤੇ ਤੇਜ਼ੀ ਨਾਲ ਕਰਨ ਲਈ ਸਾਲ 2021 ਦੌਰਾਨ ਪੀ.ਏ.ਯੂ. ਨੇ ਮੈਟ ਟਾਈਪ ਪਨੀਰੀ ਦੀ ਮਸ਼ੀਨੀ ਬਿਜਾਈ ਲਈ ਟਰੈਕਟਰ ਨਾਲ ਚੱਲਣ ਵਾਲੀ ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਵਿਕਸਿਤ ਕੀਤੀ, ਜਿਸ ਨਾਲ ਆਸਾਨੀ ਨਾਲ ਮੈਟ ਤਿਆਰ ਕੀਤੇ ਜਾ ਸਕਦੇ ਹਨ। ਇਸ ਮਸ਼ੀਨ 'ਚ ਦੋਵੇਂ ਪਾਸੇ ਤੋਂ ਮਿੱਟੀ ਕੱਟਣ ਵਾਲਾ ਬਲੇਡ ਲੱਗਾ ਹੁੰਦਾ ਹੈ ਤੇ ਨਾਲ ਹੀ ਡੂੰਘਾਈ ਕੰਟਰੋਲ ਕੀਤੀ ਜਾਂਦੀ ਹੈ, ਜਿਸ ਨਾਲ ਤਿਆਰ ਕਰਨ ਵੇਲੇ ਮਿੱਟੀ ਦੀ ਕਟਾਈ ਦੀ ਮਾਤਰਾ ਨੂੰ ਨਿਰਧਾਰਤ ਕੀਤਾ ਜਾਂਦਾ ਹੈ। ਮਿੱਟੀ ਨੂੰ ਕਨਵੇਆਰ ਤੇ ਔਗਰ ਰਾਹੀਂ ਛਾਣਨੀ ਵਾਲੀ ਇਕਾਈ 'ਚ ਭੇਜਿਆ ਜਾਂਦਾ ਹੈ, ਜਿੱਥੇ ਮਿੱਟੀ ਦੇ ਛੋਟੇ ਡਲੇ ਜਾਂ ਹੋਰ ਰੋੜੇ, ਮਿੱਟੀ ਤੋਂ ਵੱਖ ਹੋ ਜਾਂਦੇ ਹਨ ਤੇ ਸਾਫ਼ ਮਿੱਟੀ ਹੌਪਰ 'ਚ ਜਾਂਦੀ ਹੈ। ਇਕ ਪੋਲੀਥੀਨ ਸ਼ੀਟ ਰੋਲ ਹੌਪਰ ਦੇ ਸਾਹਮਣੇ ਲਗਾਈ ਗਈ ਰਾਡ 'ਚ ਪਾਇਆ ਜਾਂਦਾ ਹੈ ਤਾਂ ਜੋ 1.0 ਮੀਟਰ ਚੌੜੇ ਮਿੱਟੀ ਦੇ ਬੈੱਡ 'ਤੇ ਪੋਲੀਥੀਨ ਸ਼ੀਟ (50-60 ਗੇਜ਼) ਨੂੰ ਵਿਛਾਇਆ ਜਾ ਸਕੇ ਤੇ ਉਸ 'ਤੇ ਮਿੱਟੀ ਡਿਗਦੀ ਹੋ ਜਾਵੇ। ਛਾਣਨੀ ਵਾਲੇ ਯੂਨਿਟ ਦੇ ਪਿੱਛੇ ਬੀਜ ਬਕਸਾ ਲੱਗਾ ਹੁੰਦਾ ਹੈ, ਇਸ ਤੋਂ ਮਿਣਤੀ ਕੀਤਾ ਝੋਨੇ ਦਾ ਬੀਜ ਮੈਟ 'ਤੇ ਡਿਗਦਾ ਹੈ, ਜਿਸ ਤੋਂ ਬਾਅਦ ਇਸ ਝੋਨੇ ਦੇ ਬੀਜ ਨੂੰ ਢਕਣ ਲਈ ਮਸ਼ੀਨ ਦੁਆਰਾ ਹਲਕੀ ਮਿੱਟੀ ਦੀ ਪਰਤ ਵੀ ਪਾਈ ਜਾਂਦੀ ਹੈ। ਇਹ ਮਸ਼ੀਨ ਆਸਾਨੀ ਨਾਲ 45 ਹਾਰਸ ਪਾਵਰ ਜਾਂ ਇਸ ਤੋਂ ਵੱਧ ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ, ਜੋ ਇਕ ਦਿਨ 'ਚ ਲਗਭਗ 137-150 ਏਕੜ ਦੀ ਪਨੀਰੀ ਲਈ ਮੈਟ ਤਿਆਰ ਕਰ ਦਿੰਦੀ ਹੈੈ। ਇਸ ਮਸ਼ੀਨ ਔਸਤਨ 4.5-5.0 ਲੀਟਰ/ਘੰਟਾ ਡੀਜ਼ਲ ਦੀ ਖ਼ਪਤ ਕਰਦੀ ਹੈ। ਇਸ ਮਸ਼ੀਨ ਦੁਆਰਾ ਮੈਟ ਦੀ ਮੋਟਾਈ 24.1-26.3 ਮਿਲੀਮੀਟਰ ਤੱਕ ਹੁੰਦੀ ਹੈ।
ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਦੇ ਫ਼ਾਇਦੇ
÷ ਰਵਾਇਤੀ ਢੰਗ ਨਾਲ ਮੈਟ ਵਾਲੀ ਪਨੀਰੀ ਦੇ ਬਿਜਾਈ ਦੇ ਮੁਕਾਬਲੇ ਲਾਗਤ 'ਚ 61.4-64.6% ਤੇ ਮਜ਼ਦੂਰੀ 'ਚ 91.0-91.6% ਦੀ ਬੱਚਤ।
÷ ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਨਾਲ ਮੈਟ ਦੀ ਬਿਜਾਈ ਪ੍ਰਕਿਰਿਆ ਤੇਜ਼ ਤੇ ਨਿਰਵਿਘਨ ਹੁੰਦੀ ਹੈ, ਜਦਕਿ ਮੈਟ ਵਾਲੀ ਪਨੀਰੀ ਨੂੰ ਹੱਥੀਂ ਬਿਜਾਈ, ਹੌਲੀ ਤੇ ਜ਼ਿਆਦਾ ਸਰੀਰਕ ਥਕਾਵਟ ਵਾਲੀ ਹੁੰਦੀ ਹੈ।
÷ ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਬੈੱਡ ਤਿਆਰ ਕਰਨ ਦੇ ਨਾਲ, ਪੋਲੀਥੀਨ ਸ਼ੀਟ ਵਿਛਾਉਂਦੀ ਹੋਈ ਤੇ ਨਾਲ ਹੀ ਮਿੱਟੀ ਪਾਉਂਦੀ ਜਾਂਦੀ ਹੈ, ਉਸ 'ਤੇ ਬੀਜ ਵੀ ਕੇਰ ਕੇ ਨਾਲ ਦੀ ਨਾਲ ਹਲਕੀ ਮਿੱਟੀ ਦੀ ਪਰਤ ਵੀ ਵਿਛਾਉਂਦੀ ਹੈ। ਇਸ ਤਰ੍ਹਾਂ ਮਸ਼ੀਨ ਬਹੁਤ ਸਾਰੇ ਕੰਮ ਇਕ ਹੀ ਲਾਂਘੇ 'ਚ ਕਰਨ ਦੇ ਸਮੱਰਥ ਹੈ। ÷ ਮਸ਼ੀਨੀ ਦੁਆਰਾ ਬਣਾਏ ਮੈਟਾਂ 'ਚ ਝੋਨੇ ਦਾ ਬੀਜ ਇਕਸਾਰ ਖਿੱਲਰਦਾ ਹੈ।
÷ ਲੇਬਰ ਦੁਆਰਾ ਮੈਟ ਪਨੀਰੀ ਦੀ ਬਿਜਾਈ ਜ਼ਿਆਦਾ ਸਮਾਂ, ਘੱਟ ਸਮਰੱਥਾ ਤੇ ਜ਼ਿਆਦਾ ਸਰੀਰਕ ਥਕਾਵਟ ਹੋਣ ਕਰਕੇ ਕਈ ਕਿਸਾਨ ਵੀਰ ਝੋਨੇ ਦੀ ਮਸ਼ੀਨੀ ਲੁਆਈ ਛੱਡ ਗਏ ਸਨ, ਪਰ ਮੈਟ ਟਾਈਪ ਪਨੀਰੀ ਦੀ ਮਸ਼ੀਨੀ ਬਿਜਾਈ ਕਰਕੇ ਬਹੁਤ ਸਾਰੇ ਕਿਸਾਨ ਵੀਰ ਫਿਰ ਤੋਂ ਝੋਨੇ ਦੀ ਮਸ਼ੀਨੀ ਲੁਆਈ ਵਾਲੇ ਪਾਸੇ ਉਤਸ਼ਾਹਿਤ ਹੋਏ ਹਨ।
ਧਿਆਨ ਰੱਖਣ ਵਾਲੇ ਨੁਕਤੇ
÷ ਝੋਨੇ ਦੀ ਮੈਟ ਟਾਈਪ ਪਨੀਰੀ ਦੀ ਬਿਜਾਈ ਵਾਲਾ ਖੇਤ ਲੇਜ਼ਰ ਕਰਾਹੇ ਨਾਲ ਪੱਧਰ ਹੋਣਾ ਚਾਹੀਦਾ ਹੈ ਤੇ ਖੇਤਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਰੂੜੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਪਨੀਰੀ ਵਾਲੇ ਖੇਤ 'ਚ ਪੱਥਰ ਜਾਂ ਕਿਸੇ ਤਰ੍ਹਾਂ ਦੀ ਸਖ਼ਤ ਵਸਤੂ ਨਹੀਂ ਹੋਣੀ ਚਾਹੀਦੀ। ÷ ਝੋਨਾ ਲਗਾਉਣ ਵਾਲੇ ਖੇਤਾਂ ਦੇ ਨੇੜੇ ਝੋਨੇ ਦੀ ਮੈਟ ਟਾਈਪ ਪਨੀਰੀ ਤਿਆਰ ਕਰਨੀ ਚਾਹੀਦੀ ਹੈ ਅਤੇ ਟਿਊਬਵੈੱਲ ਤੇ ਦਰੱਖਤਾਂ ਤੋਂ ਵੀ ਘੱਟੋ-ਘੱਟ 20 ਮੀ. ਦੀ ਦੂਰੀ 'ਤੇ ਹੋਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਪਨੀਰੀ ਵਾਲਾ ਖੇਤ ਸੁੱਕਾ ਹੋਣਾ ਚਾਹੀਦਾ ਹੈ। ÷ ਬਿਜਾਈ ਤੋਂ ਪਹਿਲਾਂ ਝੋਨੇ ਦੇ ਬੀਜ ਦਾ ਸਿਫ਼ਾਰਸ਼ ਉੱਲੀਨਾਸ਼ਕਾਂ ਨਾਲ ਸੋਧਿਆ ਹੋਣਾ ਚਾਹੀਦਾ ਹੈ।÷ ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ 'ਚ ਮੈਟ ਦੀ ਮੋਟਾਈ ਲਗਭਗ 1 ਇੰਚ 'ਤੇ ਕਰੋ।
ਸਫ਼ਲਤਾ ਦੀ ਕਹਾਣੀ-ਮੈਟ ਦੀ ਮਸ਼ੀਨੀ ਬਿਜਾਈ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪੀ.ਏ.ਯੂ. ਅਤੇ ਇਸ ਅਧੀਨ ਆਉਂਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਦੀਆਂ ਸਿਖਲਾਈਆਂ, ਖੇਤ ਪ੍ਰਦਰਸ਼ਨੀਆਂ ਤੇ ਖੇਤ ਦਿਵਸਾਂ ਦਾ ਆਯੋਜਨ ਲਗਾਤਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਖੇਤੀ ਪਸਾਰ ਗਤੀਵਿਧੀਆਂ ਰਾਹੀਂ ਕਿਸਾਨਾਂ ਨੂੰ ਇਸ ਨਵੀਨਤਮ ਮਸ਼ੀਨ ਨੂੰ ਚਲਾਉਣ ਅਤੇ ਤਿਆਰ ਪਨੀਰੀ ਦੀ ਦੇਖਭਾਲ ਬਾਬਤ ਮਾਹਿਰਾਂ ਵਲੋਂ ਖੇਤੀ ਦੌਰੇ ਵੀ ਕੀਤੇ ਜਾਂਦੇ ਹਨ। ਸਾਉਣੀ 2023 ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੇ ਮਿਲ ਕੇ ਪੀ.ਏ.ਯੂ. ਮੈਟ ਟਾਈਪ ਨਰਸਰੀ ਸੀਡਰ ਖਰੀਦੀਆ। ਕੇ.ਵੀ.ਕੇ. ਹੁਸ਼ਿਆਰਪੁਰ ਦੇ ਤਕਨੀਕੀ ਮਾਹਿਰਾਂ ਹੇਠ ਇਨ੍ਹਾਂ ਕਿਸਾਨਾਂ ਨੇ ਲਗਭਗ 300 ਏਕੜ ਦੀ ਮਸ਼ੀਨੀ ਲੁਆਈ ਲਈ ਮੈਟ ਟਾਈਪ ਪਨੀਰੀ ਦੀ ਸਫ਼ਲਤਾਪੂਰਵਕ ਬਿਜਾਈ ਕੀਤੀ। ਇਸ ਮਸ਼ੀਨ ਦੀ ਕਾਰਜਗੁਜ਼ਾਰੀ ਦੇਖ ਕੇ ਹੋਰ ਕਿਸਾਨ ਵੀ ਸੰਤੁਸ਼ਟ ਹਨ ਤੇ ਹੋਰ ਕਿਸਾਨ ਵੀ ਹੁਣ ਇਹ ਮਸ਼ੀਨ ਖ਼ਰੀਦ ਰਹੇ ਹਨ ਜਾਂ ਕਿਰਾਏ 'ਤੇ ਵਰਤ ਰਹੇ ਹਨ। ਮਾਰਚ 2025 ਦੌਰਾਨ ਪੀ.ਏ.ਯੂ. ਵਿਖੇ ਕਿਸਾਨ ਮੇਲੇ ਦੌਰਾਨ ਇਨ੍ਹਾਂ ਕਿਸਾਨਾਂ 'ਚੋਂ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਕੋਟ ਫਤੂਹੀ ਦੇ ਅਗਾਂਹਵਧੂ ਕਿਸਾਨ ਗੁਰਦੀਪ ਸਿੰਘ ਨੂੰ ਖੇਤੀ 'ਚ ਆਧੁਨਿਕ ਮਸ਼ੀਨੀਕਰਨ ਅਪਣਾਉਣ ਬਾਬਤ ਸੀ.ਆਈ.ਆਰ. ਪੰਪਸ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਸਾਉਣੀ 2025 ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਵਲੋਂ ਇਸ ਮਸ਼ੀਨ ਦੀ ਵਰਤੋਂ ਕਰਕੇ 500 ਏਕੜ ਦੀ ਮੈਟ-ਟਾਈਪ ਪਨੀਰੀ ਦੀ ਸਫ਼ਲਤਾਪੂਰਵਕ ਬਿਜਾਈ ਕੀਤੀ ਗਈ। ਇਸ ਮਸ਼ੀਨ 'ਤੇ ਸਰਕਾਰ ਵਲੋਂ 40% ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ,
ਫਾਰਮ ਮਸ਼ੀਨਰੀ ਤੇ ਪਾਵਰ ਇੰਜੀਨੀਅਰਿੰਗ ਵਿਭਾਗ, ਪੀ.ਏ.ਯੂ. ਲੁਧਿਆਣਾ।