'ਜੀਵੇਮ ਸ਼ਰਦ: ਸ਼ਤੱਮ'। ਇਹ ਵੈਦਿਕ ਪਰੰਪਰਾ ਦੀ ਮਾਨਤਾ ਰਹੀ ਹੈ ਕਿ ਹਰੇਕ ਮਨੁੱਖ ਆਪਣੇ ਜੀਵਨ ਵਿਚ ਸੌ ਸਾਲ ਜਿਊਂਦਾ ਰਹਿਣ ਦੀ ਆਸ ਕਰੇ। ਕੀ ਅੱਜ ਵੀ ਪ੍ਰਾਚੀਨ ਕਾਲ ਦੀ ਤਰ੍ਹਾਂ ਸੌ ਸਾਲ ਤੱਕ ਸਿਹਤ ਅਤੇ ਨਿਰੋਗੀ ਜੀਵਨ ਬਿਤਾਇਆ ਜਾ ਸਕਦਾ ਹੈ? ਹਾਂ, ਜੇਕਰ ਸੰਤੁਲਿਤ ਜੀਵਨ ਜੀਆ ਜਾਵੇ ਤਾਂ ਮਨੁੱਖ ਸੌ ਸਾਲ ਦੀ ਜ਼ਿੰਦਗੀ ਹਾਸਿਲ ਕਰ ਸਕਦਾ ਹੈ।
ਰੂਸ ਦੇ ਸਮਾਚਾਰ ਪੱਤਰ ਵਿਚ ਲੰਮੀ ਉਮਰ ਨਾਲ ਸੰਬੰਧਿਤ ਇਕ ਘਟਨਾ ਦਾ ਵੇਰਵਾ ਪ੍ਰਕਾਸ਼ਿਤ ਹੋਇਆ ਸੀ ਜਿਸ ਵਿਚ ਇਕ ਜੋੜੇ ਬਾਰੇ ਕਿਹਾ ਗਿਆ ਕਿ ਇਕ ਸੌ ਵੀਹ ਸਾਲ ਦੀ ਉਮਰ ਪੂਰੀ ਕਰ ਰਹੇ ਹਨ। ਇਸੇ ਤਰ੍ਹਾਂ ਇਕ 118 ਸਾਲਾ ਜੋੜੇ ਦਾ ਵੇਰਵਾ ਫਰਾਂਸ ਦੇ ਸਮਾਚਾਰ ਪੱਤਰਾਂ ਵਿਚ ਛਪਿਆ ਸੀ। ਹਾਲੇ ਸਭ ਤੋਂ ਜ਼ਿਆਦਾ ਲੰਮੀ ਉਮਰ ਦੀ ਗਿਣਤੀ ਜਪਾਨ ਵਿਚ ਹੈ। ਭਾਰਤ ਦੀ ਧਰਤੀ 'ਤੇ ਹਿਮਾਲਿਆ ਦੀਆਂ ਗੁਫਾਵਾਂ ਵਿਚ ਅੱਜ ਵੀ ਬਹੁਤ ਸਾਰੇ ਸਾਧੂ ਸੰਨਿਆਸੀ ਮਿਲ ਜਾਣਗੇ ਜੋ ਸੌ ਸਾਲ ਤੋਂ ਜ਼ਿਆਦਾ ਦੀ ਜ਼ਿੰਦਗੀ ਜੀਅ ਰਹੇ ਹਨ।
ਲੰਮੀ ਉਮਰ ਦੇ ਨੁਕਤੇ : 'ਭੋਜਨ ਨੂੰ ਅੱਧਾ ਕਰੋ, ਪਾਣੀ ਨੂੰ ਕਰੋ ਦੁੱਗਣਾ।'
ਮਿਹਨਤ ਨੂੰ ਤਿੰਨ ਗੁਣਾ ਕਰੋ, ਹੱਸਣ ਨੂੰ ਕਰੋ ਚਾਰ ਗੁਣਾ। ਇਹੀ ਹੈ ਲੰਮੀ ਜ਼ਿੰਦਗੀ ਦਾ ਰਾਜ਼। ਜਿਨ੍ਹਾਂ ਨੇ ਲੰਮੀ ਉਮਰ ਜਿਊਣੀ ਹੋਵੇ ਤਾਂ ਇਸ ਪੰਕਤੀ ਨੂੰ ਆਪਣੇ ਜੀਵਨ ਵਿਚ ਲਾਗੂ ਕਰ ਕੇ ਹਾਸਿਲ ਕਰ ਸਕਦੇ ਹਨ।
ਲੰਮੀ ਉਮਰ 8 ਨੁਕਤੇ : 1. ਪ੍ਰਣਾਯਾਮ, 2 ਮਿਹਨਤ, 3. ਸਾਦਾ ਜੀਵਨ, 4. ਸਾਦਾ ਭੋਜਨ, 5. ਬ੍ਰਹਮਚਾਰੀ ਜੀਵਨ, 6. ਵਰਤ, 7. ਗੁੱਸਾ ਨਾ ਕਰਨਾ, 8. ਆਰਾਮ ਕਰਨਾ।
ਮਾਹਿਰਾਂ ਦਾ ਕਹਿਣਾ ਹੈ ਕਿ ਲੰਮੀ ਉਮਰ ਦਾ ਸੰਬੰਧ ਉਥੋਂ ਦੇ ਵਾਤਾਵਰਨ ਨਾਲ ਵੀ ਹੋ ਸਕਦਾ ਹੈ, ਜਿਥੇ ਦਾ ਵਾਤਾਵਰਨ ਵਿਚ ਪ੍ਰਦੂਸ਼ਣ ਨਾ ਹੋਵੇ। ਕੋਲ ਵਗਣ ਵਾਲੀ ਨਦੀ ਸਾਫ਼ ਪਾਣੀ ਲੈ ਕੇ ਆਉਂਦੀ ਹੋਵੇ ਅਤੇ ਮੌਸਮ ਇਕ ਬਰਾਬਰ ਬਣਿਆ ਰਹਿੰਦਾ ਹੋਵੇ। ਕੁਦਰਤ ਦੇ ਅਨੁਸਾਰ ਭੋਜਨ ਨਾਲ ਵੀ ਲੰਮੀ ਉਮਰ ਹਾਸਿਲ ਕੀਤੀ ਜਾ ਸਕਦੀ ਹੈ।
ਲੰਮੀ ਉਮਰ ਦੀ ਆਮ ਰੱਖਣ ਵਾਲਿਆਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਲੰਮੀ ਜ਼ਿੰਦਗੀ ਜਿਊਣੀ ਹੋਵੇ ਤਾਂ ਸਾਦਾ ਜੀਵਨ ਅਪਣਾਓ। ਭੌਤਿਕਤਾ ਦੇ ਆਕਰਸ਼ਣ ਤੋਂ ਦੂਰ ਰਹੋ, ਆਪਣੀ ਸਮਰੱਥਾ ਅਨੁਸਾਰ ਮਿਹਨਤ ਕਰੋ, ਸਾਤਵਿਕ ਭੋਜਨ ਕਰੋ ਅਤੇ ਮਾਨਸਿਕ ਪ੍ਰੇਸ਼ਾਨੀ, ਚਿੰਤਾ, ਡਰ, ਕਲੇਸ਼ ਆਦਿ ਤੋਂ ਦੂਰ ਰਹੋ।
ਕਿਸ ਤਰ੍ਹਾਂ ਜੀਵੀਏ ਸੌ ਸਾਲ ਦੀ ਜ਼ਿੰਦਗੀ
ਅਜੀਤ ਡੈਸਕ
02-01-2026