21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਰਸਾਤ ਰੁੱਤ ਵਿਚ ਰਹੋ ਸਿਹਤਮੰਦ

ਬਰਸਾਤ ਰੁੱਤ ਵਿਚ ਰਹੋ ਸਿਹਤਮੰਦ

Ad Position 21
No active advertisement
ਅਜੀਤ ਡੈਸਕ 21-08-2026


ਕਿਹਾ ਜਾਂਦਾ ਹੈ ਕਿ ਸਿਹਤਮੰਦ ਸਰੀਰ ਵਿਚ ਸਿਹਤਮੰਦ ਦਿਮਾਗ਼ ਦਾ ਨਿਵਾਸ ਹੁੰਦਾ ਹੈ | ਵਿਅਕਤੀ ਥੋੜ੍ਹਾ ਜਿਹਾ ਵੀ ਆਪਣੇ ਸਰੀਰ ਦਾ ਖਿਆਲ ਰੱਖੇ, ਰੁੱਤ ਅਨੁਸਾਰ ਭੋਜਨ ਖਾਣ ਦਾ ਧਿਆਨ ਰੱਖੇ ਤਾਂ ਉਹ ਇਨ੍ਹਾਂ ਮੌਸਮਾਂ ਵਿਚ ਹੋਣ ਵਾਲੇ ਰੋਗਾਂ ਤੋਂ ਬਚ ਸਕਦਾ ਹੈ |
ਜਦੋਂ ਇਕ ਰੁੱਤ ਦੇ ਮਹੀਨੇ ਸ਼ੁਰੂ ਹੋ ਜਾਣ ਅਤੇ ਇਕ ਰੁੱਤ ਖ਼ਤਮ ਹੋ ਰਹੀ ਹੋਵੇ ਅਤੇ ਦੂਜੀ ਰੁੱਤ ਸ਼ੁਰੂ ਹੋ ਰਹੀ ਹੋਵੇ ਤਾਂ ਉਸ ਸਮੇਂ ਵਿਚ ਵਿਅਕਤੀ ਨੂੰ  ਵਿਸ਼ੇਸ਼ ਤੌਰ 'ਤੇ ਭੋਜਨ ਖਾਣ ਅਤੇ ਸਿਹਤ ਬਾਰੇ ਕਾਫ਼ੀ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਮੌਸਮੀ ਬਦਲਾਅ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਸਿਹਤ ਅਤੇ ਚਮੜੀ 'ਤੇ ਪੈਂਦਾ ਹੈ | ਵਿਸ਼ੇਸ਼ ਤੌਰ 'ਤੇ ਬਰਸਾਤ ਰੁੱਤ ਵਿਚ ਵਿਅਕਤੀ ਨੂੰ  ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਬਰਸਾਤ ਰੁੱਤ ਆਪਣੇ ਨਾਲ ਅਣਗਿਣਤ ਰੋਗਾਂ ਨੂੰ  ਲੈ ਕੇ ਆਉਂਦੀ ਹੈ |
ਬਰਸਾਤ ਰੁੱਤ ਵਿਚ ਵਿਅਕਤੀ ਨੂੰ  ਸਵੇਰੇ 5 ਵਜੇ ਤੋਂ 6 ਵਜੇ ਵਿਚਾਲੇ ਜ਼ਰੂਰ ਹੀ ਬਿਸਤਰ ਛੱਡ ਦੇਣਾ ਚਾਹੀਦਾ ਹੈ | ਪਖਾਨਾ ਜਾਣ ਤੋਂ ਪਹਿਲਾਂ ਵਿਅਕਤੀ ਨੂੰ  ਘੱਟ ਤੋਂ ਘੱਟ ਅੱਧਾ ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ | ਇਸ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਅਤੇ ਪੇਟ ਵਿਚ ਗੈਸ ਬਣਨ ਦੀ ਸੰਭਾਵਨਾ ਨਹੀਂ ਰਹਿ ਜਾਂਦੀ | ਸਵੇਰੇ ਬਰਸਾਤ ਨਾ ਹੋ ਰਹੀ ਹੋਵੇ ਅਤੇ ਅਸਮਾਨ ਸਾਫ਼ ਹੋਵੇ ਤਾਂ ਕੁਝ ਦੂਰ ਤੱਕ ਤੇਜ਼ ਕਦਮਾਂ ਨਾਲ ਟਹਿਲਣਾ ਚਾਹੀਦਾ ਹੈ | ਨਾਲ ਹੀ ਇਸ ਗੱਲ ਦਾ ਖਿਆਲ ਵੀ ਰੱਖੋ ਕਿ ਸਰੀਰ ਬਰਸਾਤ ਵਿਚ ਭਿੱਜ ਨਾ ਸਕੇ |
ਦੰਦਾਂ ਦੀ ਸਫ਼ਾਈ 'ਤੇ ਵਿਸ਼ੇਸ਼ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ | ਇਸ ਲਈ ਹਮੇਸ਼ਾ ਤਾਜ਼ੇ ਨਿੰਮ ਦੀ ਦਾਤਣ ਦੀ ਵਰਤੋਂ ਕਰੋ | ਸਵੇਰੇ ਨਾਸ਼ਤੇ ਵਿਚ ਹਲਕੇ ਪਦਾਰਥ ਜਿਵੇਂ ਚਾਹ, ਦੁੱਧ, ਬਿਸਕੁਟ ਆਦਿ ਹਲਕੇ ਭੋਜਨ ਦੇ ਰੂਪ ਵਿਚ ਖਾਧੇ ਜਾ ਸਕਦੇ ਹਨ | ਇਸ਼ਨਾਨ ਕਰਨ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਨਾਲ ਪੂਰੇ ਸਰੀਰ 'ਤੇ ਮਾਲਿਸ਼ ਕਰਨੀ ਚਾਹੀਦੀ ਹੈ | ਇਸ ਨਾਲ ਸਰੀਰ ਵਿਚ ਖੂਨ ਸੰਚਾਰ ਵਧ ਜਾਂਦਾ ਹੈ ਅਤੇ ਸਰੀਰ 'ਤੇ ਪਾਣੀ ਦਾ ਘੱਟ ਅਸਰ ਹੁੰਦਾ ਹੈ |
ਇਸ ਮੌਸਮ ਵਿਚ ਜਿੰਨੀ ਭੁੱਖ ਹੋਵੇ, ਉਸ ਤੋਂ ਕੁਝ ਘੱਟ ਭੋਜਨ ਹੀ ਖਾਣਾ ਚਾਹੀਦਾ ਹੈ | ਸ਼ੁੱਧ ਪਾਣੀ ਨੂੰ  ਪਹਿਲ ਦੇਣੀ ਚਾਹੀਦੀ ਹੈ ਅਤੇ ਭੋਜਨ ਨੂੰ  ਖੁੱਲ੍ਹਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਉਸ 'ਤੇ ਮੱਖੀਆਂ ਆਦਿ ਬੈਠਣ ਨਾਲ ਬਿਮਾਰੀਆਂ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ | ਭੋਜਨ ਵਿਚ ਰੋਟੀ, ਸਬਜ਼ੀ, ਨਿੰਬੂ, ਹਰੀ ਮਿਰਚ, ਆਦਿ ਲੈਣਾ ਕਾਫ਼ੀ ਚੰਗਾ ਹੋਵੇਗਾ |
ਸਾਉਣ-ਭਾਦੋਂ ਦੇ ਮਹੀਨੇ ਦੀ ਸ਼ੁਰੂਆਤ ਵਿਚ ਸਾਗ ਅਤੇ ਦਹੀਂ ਦੀ ਭੁੱਲ ਕੇ ਵੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ | ਮਨੁੱਖ ਨੂੰ  ਮਾਸਾਹਾਰੀ ਭੋਜਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪੇਟ ਵਿਚ ਗੈਸ ਬਣਦੀ ਹੈ ਅਤੇ ਖੱਟੇ ਡਕਾਰ ਆਉਂਦੇ ਹਨ, ਜਿਸ ਨਾਲ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ | ਜੇਕਰ ਪੇਟ ਵਿਚ ਗੜਬੜੀ ਹੋਵੇ ਤਾਂ ਇਕ ਸਮੇਂ ਦਾ ਭੋਜਨ ਬੰਦ ਕਰ ਦੇਣਾ ਚਾਹੀਦਾ ਹੈ |
ਬਰਸਾਤ ਰੁੱਤ ਵਿਚ ਚਾਰੇ ਪਾਸੇ ਪਾਣੀ ਭਰ ਜਾਂਦਾ ਹੈ, ਇਸ ਲਈ ਉਸ ਨੂੰ  ਸਾਫ਼ ਰੱਖਣਾ ਤੁਹਾਡੀ ਆਪਣੀ ਅਤੇ  ਸਭ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਗੰਦਗੀ ਹੋਣ 'ਤੇ ਮੱਖੀਆਂ ਅਤੇ ਮੱਛਰਾਂ ਦਾ ਹਮਲਾ ਵਧ ਜਾਂਦਾ ਹੈ | ਇਸ ਲਈ ਇਕੱਠੇ ਹੋਏ ਪਾਣੀ 'ਤੇ ਮਿੱਟੀ ਦੇ ਤੇਲ ਦਾ ਛਿੜਕਾਓ ਕਰ ਦੇਣਾ ਚਾਹੀਦਾ ਹੈ |
ਇਸ ਰੁੱਤ ਵਿਚ ਪੀਣ ਦੇ ਪਾਣੀ 'ਤੇ ਵਿਸ਼ੇਸ਼ ਤੌਰ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਦੂਸ਼ਿਤ ਪਾਣੀ ਪੀਣ ਨਾਲ ਸਰੀਰ ਵਿਚ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ | ਇਸ ਲਈ ਪੀਣ ਤੋਂ ਪਹਿਲਾਂ ਪਾਣੀ ਨੂੰ  ਪੂਰੀ ਤਰ੍ਹਾਂ ਨਾਲ ਉਬਾਲ ਕੇ, ਠੰਢਾ ਕਰਕੇ ਪੀਣਾ ਚਾਹੀਦਾ ਹੈ | ਦੁਪਹਿਰ ਵਿਚ ਖਾਣਾ ਖਾਣ ਤੋਂ ਬਾਅਦ ਘੁੰਮਣਾ-ਟਹਿਲਣਾ ਜਾਂ ਸੌਣਾ ਨਹੀਂ ਚਾਹੀਦਾ | ਸਿਰਫ਼ ਅਰਾਮ ਕਰਨਾ ਚਾਹੀਦਾ ਹੈ |
ਇਸ ਰੁੱਤ ਵਿਚ ਸਰੀਰ 'ਤੇ ਹਲਕੇ ਕੱਪੜੇ ਹੋਣੇ ਚਾਹੀਦੇ ਹਨ | ਇਸ ਲਈ ਹਮੇਸ਼ਾ ਸੂਤੀ ਕੱਪੜੇ ਪਾਓ | ਜਦੋਂ ਵੀ ਘਰੋਂ ਬਾਹਰ ਨਿਕਲੋ ਤਾਂ ਛਤਰੀ ਜਾਂ ਬਰਸਾਤੀ ਜ਼ਰੂਰ ਨਾਲ ਲੈ ਕੇ ਜਾਓ ਅਤੇ ਪੈਰਾਂ 'ਚ ਜੁੱਤੀਆਂ ਪਾ ਲੈਣੀਆਂ ਚਾਹੀਦੀਆਂ | ਬਰਸਾਤ ਰੁੱਤ ਵਿਚ ਧਿਆਨ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਵਿਅਕਤੀ ਨੂੰ  ਰਾਤ ਨੂੰ  ਜਿੰਨੀ ਛੇਤੀ ਹੋ ਸਕੇ ਖਾਣਾ ਖਾ ਲੈਣਾ ਚਾਹੀਦਾ ਹੈ ਕਿਉਂਕਿ ਇਸ ਰੁੱਤ ਵਿਚ ਸਭ ਤਰ੍ਹਾਂ ਦੇ ਕੀੜੇ-ਮਕੌੜੇ, ਮੱਛਰਾਂ ਅਤੇ ਕੀੜੀਆਂ ਦੀ ਗਿਣਤੀ ਵਧ ਜਾਂਦੀ ਹੈ ਜੋ ਅਕਸਰ ਭੋਜਨ ਕਰਦੇ ਸਮੇਂ ਥਾਲੀ ਵਿਚ ਉੱਡ ਕੇ ਆ ਜਾਂਦੇ ਹਨ, ਜਿਸ ਨਾਲ ਮਨੁੱਖ ਅਸਿੱਧੇ ਰੂਪ ਵਿਚ ਅਨੇਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ |
ਜੇਕਰ ਬਰਸਾਤ ਵਿਚ ਸਰੀਰ ਭਿੱਜ ਜਾਵੇ ਤਾਂ ਗਿੱਲੇ ਕੱਪੜਿਆਂ ਨੂੰ  ਸਰੀਰ ਤੋਂ ਉਸੇ ਸਮੇਂ ਲਾਹ ਦੇਣਾ ਚਾਹੀਦਾ ਅਤੇ ਸਰੀਰ ਨੂੰ  ਸੁੱਕੇ ਤੌਲੀਏ ਨਾਲ ਪੂੰਝ ਕੇ ਤੁਲਸੀ, ਕਾਲੀ ਮਿਰਚ ਅਤੇ ਅਦਰਕ ਦਾ ਕਾੜ੍ਹਾ ਬਣਾ ਕੇ ਪੀਣਾ ਚਾਹੀਦਾ ਹੈ ਜਿਸ ਨਾਲ ਸਰਦੀ-ਜ਼ੁਕਾਮ ਤੋਂ ਬਚਿਆ ਜਾ ਸਕੇ | 
ਰਾਤ ਨੂੰ  ਸੌਣ ਤੋਂ ਪਹਿਲਾਂ ਥੋੜ੍ਹੀ ਦੇਰ ਜ਼ਰੂਰ ਹੀ ਟਹਿਲਣਾ ਚਾਹੀਦਾ ਹੈ ਅਤੇ ਪੈਰਾਂ ਨੂੰ  ਸਾਫ਼ ਪਾਣੀ ਨਾਲ ਧੋ ਕੇ ਉਨ੍ਹਾਂ ਨੂੰ  ਸਾਫ਼ ਅਤੇ ਸੁੱਕੇ ਤੌਲੀਏ ਨਾਲ ਪੂੰਝ ਕੇ ਗਰਮ ਸਰ੍ਹੋਂ ਦਾ ਤੇਲ ਹੱਥਾਂ ਅਤੇ ਪੈਰਾਂ 'ਤੇ ਲਗਾਉਣਾ ਚਾਹੀਦਾ ਹੈ | ਪੈਰਾਂ ਦੇ ਤਲਿਆਂ ਵਿਚ ਸਰੋ੍ਹਾ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ |
ਇਸ ਤਰ੍ਹਾਂ ਇਸ ਮੌਸਮ ਵਿਚ ਵਿਅਕਤੀ ਸਹੀ ਖਾਣ-ਪੀਣ, ਪੌਸ਼ਟਿਕ ਭੋਜਨ ਅਤੇ ਸਿਹਤ ਪ੍ਰਤੀ ਸੁਚੇਤ ਰਹੇ ਤਾਂ ਉਹ ਆਪਣੇ ਸਰੀਰ ਨੂੰ  ਰਿਸ਼ਟ-ਪੁਸ਼ਟ ਅਤੇ ਸਿਹਤਮੰਦ ਬਣਾ ਕੇ ਰੱਖ ਸਕਦਾ ਹੈ |
-0-

Ad Position 22
No active advertisement
ਪਿਛਲੀ ਖ਼ਬਰ ਨਿਰੋਗੀ ਜੀਵਨ ਦੀ ਕੁੰਜੀ ਹੈ ਸਿਹਤਮੰਦ ਮਨ ਅਗਲੀ ਖ਼ਬਰ ਚੰਗੀ ਨੀਂਦ ਦੇ ਨਵੇਂ ਜਨੂੰਨ ਦਾ ਨਾਂਅ ਹੈ 'ਸਲੀਪ ਮੈਕਸਿੰਗ'
Ad Position 24