![]()
'ਚੰਗੀ ਨੀਂਦ ਲਓ |' ਅੱਜ ਦੀ ਤਰੀਕ ਵਿਚ ਇਹ ਸਲਾਹ ਨਹੀਂ ਹੈ ਸਗੋਂ ਅੱਜ ਦੀ ਪੀੜ੍ਹੀ ਨੇ ਇਸ ਨੂੰ ਹੌਲੀ-ਹੌਲੀ ਇਕ ਰੁਝਾਨ ਵਿਚ ਬਦਲ ਦਿੱਤਾ ਹੈ | ਜਿਸ ਤਰ੍ਹਾਂ ਕੁਝ ਸਾਲ ਪਹਿਲਾਂ ਫਿਟਨੈੱਸ, ਯੋਗ ਅਤੇ ਸਿਹਤਮੰਦ ਭੋਜਨ ਨੌਜਵਾਨਾਂ ਦੀ ਪਹਿਲ ਸਨ, ਅੱਜ ਉਸੇ ਤਰ੍ਹਾਂ 'ਸਲੀਪ ਮੈਕਸਿੰਗ' ਹਰਮਨਪਿਆਰਾ ਹੋ ਰਿਹਾ ਹੈ, ਨੌਜਵਾਨ ਵਿਚਾਲੇ ਇਕ ਨਵਾਂ ਜਾਨੂੰਨ ਹੈ | ਸਲੀਪ ਮੈਕਸਿੰਗ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀਆਂ ਆਦਤਾਂ ਅਤੇ ਵਾਤਾਵਰਨ ਵਿਕਸਿਤ ਕਰਨਾ, ਜਿਸ ਨਾਲ ਨੀਂਦ ਦੀ ਗੁਣਵੱਤਾ ਜ਼ਿਆਦਾ ਹੋ ਸਕੇ | ਅੱਜ ਦੇ ਮਹਾਨਗਰੀ ਜੀਵਨ ਵਿਚ ਦੇਰ ਰਾਤ ਤੱਕ ਮੋਬਾਈਲ, ਲੈਪਟਾਪ ਅਤੇ ਓ.ਟੀ.ਟੀ. ਪਲੇਟਫਾਰਮ 'ਤੇ ਸਮਾਂ ਬਿਤਾਉਣਾ ਇਕ ਸਾਧਾਰਨ ਜਿਹੀ ਗੱਲ ਹੈ | ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਬਹੁਤ ਸਾਰੇ ਨੌਜਵਾਨ ਸਹੀ ਸਮਾਂ ਬਿਸਤਰ 'ਤੇ ਬਿਤਾਉਣ ਦੇ ਬਾਵਜੂਦ ਤਰੋਤਾਜ਼ਾ ਨਹੀਂ ਮਹਿਸੂਸ ਕਰਦੇ | ਇਸ ਤਰ੍ਹਾਂ 'ਚ ਸਿਰਫ਼ ਨੀਂਦ ਦਾ ਸਮਾਂ ਨਹੀਂ ਸਗੋਂ ਉਸ ਦੀ ਗੁਣਵੱਤਾ 'ਤੇ ਧਿਆਨ ਦੇਣ ਦਾ ਰੁਝਾਨ ਵੀ ਤੇਜ਼ੀ ਨਾਲ ਵਧ ਰਿਹਾ ਹੈ |
ਆਖ਼ਰ ਕਿਉਂ ਆਇਆ ਇਹ ਰੁਝਾਨ?
ਕੁਝ ਸਾਲ ਪਹਿਲਾਂ ਤੱਕ ਲੋਕ ਆਪਣੇ ਕੰਮ ਨੂੰ ਲੰਮੇ ਸਮੇਂ ਤੱਕ ਕਰਨ 'ਤੇ ਫ਼ਖਰ ਕਰਦੇ ਸਨ ਅਤੇ ਘੱਟ ਸੌਣਾ, ਮਿਹਨਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ | ਪਰ ਹੁਣ ਸਿਹਤ ਮਾਹਿਰ ਲਗਾਤਾਰ ਸਾਵਧਾਨ ਕਰ ਰਹੇ ਹਨ ਕਿ ਭਰਪੂਰ ਅਤੇ ਗੁਣਵੱਤਾ ਵਾਲੀ ਨੀਂਦ ਸਰੀਰਕ ਤੇ ਮਾਨਸਿਕ ਸਿਹਤ, ਕੰਮ ਕਰਨ ਦੀ ਤਾਕਤ ਅਤੇ ਭਾਵਨਾਤਮਿਕ ਸੰਤੁਲਨ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ | ਇਹੀ ਕਾਰਨ ਹੈ ਕਿ ਨੌਜਵਾਨ ਹੁਣ ਆਪਣੇ ਬੈੱਡਰੂਮ ਦੇ ਵਾਤਾਵਰਨ, ਸੌਣ ਦੇ ਸਮੇਂ, ਸਕ੍ਰੀਨ ਟਾਈਮ ਅਤੇ ਰਾਤ ਦੀ ਰੁਟੀਨ ਨੂੰ ਲੈ ਕੇ ਪਹਿਲਾਂ ਨਾਲੋਂ ਹੀ ਕਿਤੇ ਜ਼ਿਆਦਾ ਸਾਵਧਾਨ ਹੋ ਗਏ ਹਨ | ਸੋਸ਼ਲ ਮੀਡੀਆ 'ਤੇ ਵੀ '#ਸਲੀਪ ਮੈਕਸਿੰਗ, #ਸਲੀਪ ਰੁਟੀਨ ਅਤੇ #ਸਲੀਪ ਹੈਲਥ' ਵਰਗੇ ਨਾਅਰੇ ਬਣ ਚੁੱਕੇ ਹਨ |
ਨੀਂਦ ਸਿਰਫ਼ ਆਰਾਮ ਦਾ ਵਿਸ਼ਾ ਨਹੀਂ ਹੈ
ਜੀ ਹਾਂ, ਨੀਂਦ ਸਿਰਫ਼ ਆਰਾਮ ਦਾ ਵਿਸ਼ਾ ਨਹੀਂ ਹੈ ਸਗੋਂ ਇਹ ਸਰੀਰ ਦੀ ਮੁਰੰਮਤ ਅਤੇ ਵਿਕਾਸ ਦਾ ਵੀ ਜ਼ਰੀਆ ਹੈ | ਜਦੋਂ ਅਸੀਂ ਗੂੜ੍ਹੀ ਨੀਂਦ ਸੌਂਦੇ ਹਾਂ, ਉਦੋਂ ਸਾਡਾ ਸਰੀਰ ਖ਼ੁਦ ਹੀ ਆਪਣੀ ਮੁਰੰਮਤ ਕਰਦਾ ਹੈ | ਦਿਮਾਗ਼ ਦਿਨ ਭਰ ਦੀਆਂ ਸੂਚਨਾਵਾਂ ਨੂੰ ਖੰਗਾਲਦਾ ਹੈ ਅਤੇ ਜ਼ਰੂਰੀ ਅਤੇ ਮਹੱਤਵਪੂਰਨ ਸੂਚਨਾਵਾਂ ਨੂੰ ਇਕੱਠਾ ਕਰ ਲੈਂਦਾ ਹੈ ਅਤੇ ਫਾਲਤੂ ਦੀਆਂ ਸੂਚਨਾਵਾਂ ਨੂੰ ਮਿਟਾ ਦਿੰਦਾ ਹੈ | ਇਸ ਤਰ੍ਹਾਂ ਦਿਮਾਗ਼ ਭਰਪੂਰ ਕੰਮ ਕਰਨ ਦੀ ਸ਼ਕਤੀ ਵਾਲਾ ਬਣਿਆ ਰਹਿੰਦਾ ਹੈ ਅਤੇ ਉਹ ਸੂਚਨਾਵਾਂ ਦੇ ਵਾਧੂ ਬੋਝ ਨਾਲ ਤਣਾਅ ਵਿਚ ਵੀ ਨਹੀਂ ਜਾਂਦਾ | ਇਸੇ ਤਰ੍ਹਾਂ ਸਾਡੀ ਬਿਹਤਰ ਨੀਂਦ ਨਾਲ ਸਾਡੀਆਂ ਮਾਸਪੇਸ਼ੀਆਂ ਬਿਹਤਰ ਢੰਗ ਨਾਲ ਰਿਕਵਰ ਕਰਦੀਆਂ ਹਨ | ਨੀਂਦ ਕਾਰਨ ਹੀ ਸਾਡੇ ਸਰੀਰ ਵਿਚ ਕਈ ਮਹੱਤਵਪੂਰਨ ਹਾਰਮੋਨਜ਼ ਸੰਤੁਲਿਤ ਰਹਿੰਦੇ ਹਨ | ਮੁਕਦੀ ਗੱਲ ਇਹ ਹੈ ਕਿ ਨੀਂਦ ਬਹੁਤ ਮਹੱਤਵਪੂਰਨ ਹੈ | ਜੇਕਰ ਲਗਾਤਾਰ ਸਾਡੀ ਮਨੁੱਖ ਲਈ ਨੀਂਦ ਖਰਾਬ ਰਹੇ ਤਾਂ ਇਹ ਜ਼ਿਆਦਾ ਥਕਾਵਟ, ਚਿੜਚਿੜਾਪਨ, ਧਿਆਨ ਦੀ ਕਮੀ, ਕੰਮ ਕਰਨ ਦੀ ਤਾਕਤ ਵਿਚ ਗਿਰਾਵਟ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦਾ ਹੈ | ਲੰਮੇ ਸਮੇਂ ਤੱਕ ਉਨੀਂਦਰੇ ਰਹਿਣ ਨਾਲ ਅਸੀਂ ਕਈ ਕਿਸਮ ਦੀਆਂ ਜੀਵਨਸ਼ੈਲੀ ਸੰਬੰਧੀ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਾਂ | ਇਸ ਲਈ ਨੌਜਵਾਨਾਂ ਵਿਚਾਲੇ ਹੁਣ ਬੈੱਡਰੂਮ ਵੀ ਨਵਾਂ 'ਵੈੱਲਨੈੱਸ ਸਪੇਸ' ਬਣ ਕੇ ਉੱਭਰਿਆ ਹੈ |
ਨੀਂਦ ਦੀ ਸਭ ਤੋਂ ਵੱਡੀ ਚੁਣੌਤੀ
ਨੀਂਦ ਨਾ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਸੌਣ ਤੋਂ ਪਹਿਲਾਂ ਲਗਾਤਾਰ ਮੋਬਾਈਲ ਜਾਂ ਲੈਪਟਾਪ ਨਾਲ ਚਿੰਬੜੇ ਰਹਿਣਾ | ਅਸਲ ਵਿਚ ਇਹ ਇਸ ਤਰ੍ਹਾਂ ਦੀ ਡਿਵਾਈਸ ਹੈ, ਜੋ ਅੱਜ ਇਨਸਾਨ ਦੀ ਨੀਂਦ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਹੋਈ ਹੈ | ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਸੌਣ ਤੋਂ ਲਗਭਗ ਇਕ ਘੰਟਾ ਪਹਿਲਾਂ ਸਕਰੀਨ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ | ਕਿਉਂਕਿ ਸਕ੍ਰੀਨ ਤੋਂ ਨਿਕਲਣ ਵਾਲੀ ਰੌਸ਼ਨੀ ਸਰੀਰ ਦੀ ਕੁਦਰਤੀ ਜੈਵਿਕ ਘੜੀ 'ਚ ਰੁਕਾਵਟ ਪਾਉਂਦੀ ਹੈ | ਜੇਕਰ ਸੌਣ ਤੋਂ ਪਹਿਲਾਂ ਇਕ ਘੰਟੇ ਜਾਂ ਇਸ ਤੋਂ ਜ਼ਿਆਦਾ ਦੇਰ ਤੱਕ ਜਦੋਂ ਅਸੀਂ ਮੋਬਾਈਲ ਅਤੇ ਲੈਪਟਾਪ ਵਰਗੀਆਂ ਡਿਵਾਈਸਿਸ ਤੋਂ ਦੂਰ ਰਹਿੰਦੇ ਹਾਂ ਤਾਂ ਸਾਡੀ ਕੁਦਰਤੀ ਜੈਵਿਕ ਘੜੀ ਆਪਣੇ ਰੁਟੀਨ 'ਤੇ ਆ ਜਾਂਦੀ ਹੈ ਅਤੇ ਸਾਨੂੰ ਸੌਖਿਆਂ ਹੀ ਨੀਂਦ ਆ ਜਾਂਦੀ ਹੈ | ਹਾਲਾਂਕਿ ਮੋਬਾਈਲ ਅਤੇ ਲੈਪਟਾਪ ਦੇ ਉਲਟ ਜੇਕਰ ਅਸੀਂ ਸੌਣ ਤੋਂ ਪਹਿਲਾਂ ਕਿਤਾਬ ਪੜ੍ਹਨ ਦੀ ਆਦਤ ਪਾ ਲਈਏ ਤਾਂ ਇਸ ਨਾਲ ਕਿਸੇ ਕਿਸਮ ਦਾ ਨੁਕਸਾਨ ਹੋਣ ਦੀ ਥਾਂ ਉਲਟਾ ਫਾਇਦਾ ਹੁੰਦਾ ਹੈ | ਕਿਤਾਬ ਪੜ੍ਹਨ ਦੇ ਜਾਂ ਹਲਕਾ ਸੰਗੀਤ ਸੁਣਨ ਨਾਲ ਜਾਂ ਧਿਆਨ ਤੇ ਸਾਹ ਅਭਿਆਸ ਵਰਗੀ ਸਰਗਰਮੀ ਕਰਨ ਨਾਲ ਨੀਂਦ ਸੌਖਿਆਂ ਅਤੇ ਗੁਣਵੱਤਾ ਭਰਪੂਰ ਆਉਂਦੀ ਹੈ | ਪਰ ਮੋਬਾਈਲ ਜਾਂ ਕਿਸੇ ਤਰ੍ਹਾਂ ਦੀ ਸਕਰੀਨ ਨਾਲ ਸੰਪਰਕ ਵਿਚ ਰਹਿਣ ਨਾਲ ਸਾਡੀ ਨੀਂਦ ਉੱਡ ਜਾਂਦੀ ਹੈ | ਹਾਲਾਂਕਿ ਇਕ ਵਿਰੋਧਾਭਾਸ ਵੀ ਹੈ | ਜਿਥੇ ਇਕ ਪਾਸੇ ਸਕ੍ਰੀਨ ਸਾਡੀ ਨੀਂਦ ਦੀ ਗੁਣਵੱਤਾ ਖ਼ਰਾਬ ਕਰਦੀ ਹੈ, ਉਥੇ ਦੂਜੇ ਪਾਸੇ ਨਵੀਂ ਅਤੇ ਸਮਾਰਟ ਤਕਨੀਕ ਸਾਡੀ ਨੀਂਦ ਨੂੰ ਬਿਹਤਰ ਬਣਾਉਣ ਵਿਚ ਵੀ ਭੂਮਿਕਾ ਨਿਭਾਉਂਦੀ ਹੈ | ਜਿਵੇਂ ਸਮਾਰਟ ਵਾਚ ਅਤੇ ਹੈਲਥ ਟ੍ਰੈਕਰ | ਇਹ ਸਾਡੇ ਸਿਰਫ਼ ਕਦਮ ਨਹੀਂ ਗਿਣਦੇ ਸਗੋਂ ਇਹ ਵੀ ਦੱਸਦੇ ਹਨ ਕਿ ਕੋਈ ਵਿਅਕਤੀ ਕਿੰਨੀ ਦੇਰ ਤੱਕ ਡੂੰਘੀ ਨੀਂਦ ਵਿਚ ਰਿਹਾ, ਕਿੰਨੀ ਵਾਰ ਉਸ ਦੀ ਨੀਂਦ ਟੁੱਟੀ ਜਾਂ ਉਸ ਦੀ ਨੀਂਦ ਦਾ ਪੈਟਰਨ ਕਿਸ ਤਰ੍ਹਾਂ ਦਾ ਰਿਹਾ? ਇਨ੍ਹਾਂ ਅੰਕੜਿਆਂ ਜ਼ਰੀਏ ਵੀ ਅਸੀਂ ਆਪਣੀ ਜੀਵਨਸ਼ੈਲੀ ਵਿਸ਼ੇਸ਼ ਕਰਕੇ ਨੀਂਦ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵੱਲ ਕਦਮ ਚੁੱਕਦੇ ਹਾਂ | ਇਸ ਤਰ੍ਹਾਂ ਜੋ ਸਮਾਰਟ ਤਕਨੀਕ ਸਾਡੀ ਨੀਂਦ ਵਿਚ ਰੁਕਾਵਟ ਹੈ, ਉਥੇ ਸਮਾਰਟ ਤਕਨੀਕ ਸਾਡੀ ਨੀਂਦ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਵੀ ਦੱਸਦੀ ਹੈ |
ਨੀਂਦ ਅਤੇ ਭੋਜਨ ਦਾ ਸੰਬੰਧ
ਸਾਡੇ ਖਾਣ-ਪੀਣ ਦਾ ਵੀ ਸਾਡੀ ਨੀਂਦ ਨਾਲ ਡੂੰਘਾ ਰਿਸ਼ਤਾ ਹੁੰਦਾ ਹੈ | ਸਲੀਪ ਮੈਕਸਿੰਗ ਦੇ ਸਮਰਥਕ ਸਿਰਫ਼ ਸੌਣ ਸਮੇਂ 'ਤੇ ਹੀ ਨਹੀਂ ਸਗੋਂ ਆਪਣੇ ਖਾਣ-ਪੀਣ 'ਤੇ ਵੀ ਉਸ ਅਨੁਸਾਰ ਧਿਆਨ ਦਿੰਦੇ ਹਨ | ਜਿਵੇਂ ਦੇਰ ਰਾਤ ਤੱਕ ਭਾਰੀ ਭੋਜਨ ਤੋਂ ਬਚਦੇ ਹਨ | ਜ਼ਿਆਦਾ ਕੈਫੀਨ ਅਤੇ ਊਰਜਾ ਵਧਾਉਣ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਬਚਦੇ ਹਨ ਅਤੇ ਰਾਤ ਦਾ ਭੋਜਨ ਵਿਸ਼ੇਸ਼ ਕਰਕੇ ਹਲਕਾ ਅਤੇ ਲਗਾਤਾਰ ਇਕ ਮਿੱਥੇ ਸਮੇਂ ਵਿਚ ਕਰਨ 'ਤੇ ਜ਼ੋਰ ਦਿੰਦੇ ਹਨ | ਚੰਗੀ ਨੀਂਦ ਮਾਨਸਿਕ ਸੰਤੁਲਨ ਬਣਾਈ ਰੱਖਦੀ ਹੈ | ਇਹੀ ਕਾਰਨ ਹੈ ਕਿ ਨੌਜਵਾਨ ਰਾਤ ਨੂੰ ਧਿਆਨ ਲਗਾਉਣ ਜਾਂ ਕੁਝ ਮਿੰਟ ਤੱਕ ਡੂੰਘੇ ਸਾਹ ਲੈਣ ਦੀਆਂ ਇਨ੍ਹਾਂ ਆਦਤਾਂ ਨੂੰ ਵਿਕਸਿਤ ਕਰ ਰਹੇ ਹਨ ਜੋ ਸਾਡੀ ਨੀਂਦ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਦੇ ਰਹੀਆਂ ਹਨ, ਪਰ ਸਵਾਲ ਹੈ ਇਹ ਕਈ ਟ੍ਰੈਂਡ ਆਉਂਦੇ ਹਨ ਅਤੇ ਕੁਝ ਦਿਨ ਤੱਕ ਬਹੁਤ ਚਕਾਚੌਂਧ ਬਿਖੇਰਦੇ ਹਨ ਅਤੇ ਫਿਰ ਗ਼ਾਇਬ ਹੋ ਜਾਂਦੇ ਹਨ? ਸਵਾਲ ਹੈ ਕਿ, ਕੀ ਸਲੀਪ ਮੈਕਸਿੰਗ ਵੀ ਹਾਲ ਹੀ ਦੇ ਦਿਨਾਂ ਵਿਚ ਆਇਆ ਇਕ ਇਸ ਤਰ੍ਹਾਂ ਦਾ ਹੀ ਫੈਸ਼ਨ ਟੈ੍ਰਾਡ ਸਾਬਿਤ ਹੋਵੇਗਾ?
ਜਾਣਕਾਰਾਂ ਦੀ ਮੰਨੀਏ ਤਾਂ ਬਿਲਕੁਲ ਨਹੀਂ | ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ 'ਸਲੀਪ ਮੈਕਸਿੰਗ' ਸਿਰਫ਼ ਇਕ ਫੈਸ਼ਨ ਨਹੀਂ ਸਗੋਂ ਸਿਹਤ ਸੰਬੰਧੀ ਜੀਵਨਸ਼ੈਲੀ ਦਾ ਹਿੱਸਾ ਹੈ | ਅੱਜ ਕਿਉਂਕਿ ਸਭ ਕਾਰਪੋਰੇਟ ਕੰਪਨੀਆਂ ਵੀ ਆਪਣੇ ਮੁਲਾਜ਼ਮਾਂ ਦੇ ਮਾਨਸਿਕ ਸਿਹਤ ਅਤੇ ਕੰਮ ਕਰਨ ਦੀ ਤਾਕਤ ਵੱਲ ਧਿਆਨ ਦੇ ਰਹੀਆਂ ਹਨ, ਉਨ੍ਹਾਂ ਲਈ ਵੈੱਲਨੇਸ ਪ੍ਰੋਗਰਾਮ ਅਤੇ ਤਣਾਅ ਪ੍ਰਬੰਧਨ ਵਰਗੀਆਂ ਕਾਰਜਸ਼ਾਲਾਵਾਂ ਵੀ ਆਯੋਜਿਤ ਕਰ ਰਹੀਆਂ ਹਨ ਤਾਂ ਕਿ ਮੁਲਾਜ਼ਮਾਂ ਦੀ ਉਤਪਾਦਕਤਾ ਬਿਹਤਰ ਬਣੀ ਰਹੇ | ਇਸ ਲਈ ਆਉਣ ਵਾਲੇ ਸਾਲਾਂ ਵਿਚ 'ਸਲੀਪ ਮੈਕਸਿੰਗ' ਵਰਗਾ ਟ੍ਰੈਂਡ ਗ਼ਾਇਬ ਨਹੀਂ ਹੋਵੇਗਾ ਸਗੋਂ ਇਹ 'ਸਲੀਪ ਹੈਲਥ' ਦਾ ਵੀ ਬਦਲ ਬਣ ਕੇ ਉੱਭਰੇਗਾ |