02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

02-01-2026

Ad Position 21
repet_subhas-goyals [Copy P29]
ਅਜੀਤ ਡੈਸਕ 02-01-2026

 ਦਵਾਈ ਨਾਲੋਂ ਚੰਗੀ ਸਵੇਰ ਦੀ ਸੈਰ
ਜੋ ਇਨਸਾਨ ਕੁਦਰਤ ਨਾਲ ਜੁੜਿਆ ਹੋਵੇ, ਉਸ ਨੂੰ ਕੁਦਰਤ ਦੀਆਂ ਨਿਆਮਤਾਂ ਬਾਰੇ ਪਤਾ ਹੁੰਦਾ ਹੈ। ਸਵੇਰ ਦੀ ਸੈਰ ਦੇ ਅਨੇਕਾਂ ਫਾਇਦੇ ਹਨ, ਇਨਸਾਨ ਸਾਰਾ ਦਿਨ ਹੀ ਤਰੋਤਾਜ਼ਾ ਮਹਿਸੂਸ ਕਰਦਾ ਹੈ। ਸਵੇਰ ਵੇਲੇ ਵਾਤਾਵਰਨ ਬਹੁਤ ਹੀ ਸ਼ਾਂਤ ਆਕਸੀਜਨ ਭਰਪੂਰ ਹੁੰਦਾ ਹੈ। ਅਕਸਰ ਅੱਜ ਦੀ ਦੌੜ-ਭੱਜ ਭਰੀ ਜ਼ਿੰਦਗੀ ਵਿਚ ਲੋਕ ਸਵੇਰੇ ਉਠਦੇ ਸਾਰ ਹੀ ਮੋਬਾਈਲ 'ਤੇ ਲੱਗ ਜਾਂਦੇ ਹਨ। ਲੋਕ ਸਵੇਰੇ ਗੱਡੀਆਂ 'ਚ ਜ਼ਿੰਮਾਂ ਵਿਚ ਜਾ ਕੇ ਟ੍ਰੇਡ ਮਿੱਲਾਂ 'ਤੇ ਭੱਜਦੇ ਹਨ, ਪਰ ਚਾਰ ਕਦਮ ਪੈਦਲ ਨਹੀਂ ਚੱਲ ਸਕਦੇ। ਜੇ ਤੁਸੀਂ ਰੋਜ਼ਾਨਾ ਸੈਰ ਕਰਨ ਦੀ ਆਦਤ ਪਾ ਲਈ ਤਾਂ ਤੁਹਾਡੀ ਜ਼ਿੰਦਗੀ ਵਿਚ ਬਹੁਤ ਸਕਾਰਾਤਮਿਕਤਾ ਆ ਜਾਵੇਗੀ। ਮਾਹਿਰਾਂ ਮੁਤਾਬਿਕ ਘੱਟੋ-ਘੱਟ 30 ਤੋਂ 45 ਮਿੰਟ ਸੈਰ ਕਰਨੀ ਚਾਹੀਦੀ ਹੈ। ਜਦੋਂ ਅਸੀਂ ਸੈਰ ਕਰਨ ਲਈ ਕਿਸੇ ਪਾਰਕ ਵਿਚ ਜਾਂਦੇ ਹਾਂ ਤਾਂ ਉਥੇ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਦੀ ਖੁਸ਼ਬੂ ਨਾਲ ਸਾਰਾ ਵਾਤਾਵਰਨ ਮਹਿਕਿਆ ਹੁੰਦਾ ਹੈ। ਆਪਣੇ ਤੰਦਰੁਸਤ ਜੀਵਨ ਲਈ ਸਮਾਂ ਜ਼ਰੂਰ ਕੱਢੋ। ਸ਼ੂਗਰ ਰੋਗੀਆਂ ਲਈ ਤਾਂ ਸੈਰ ਬਹੁਤ ਲਾਹੇਵੰਦ ਹੈ ਕਿਉਂਕਿ ਵਾਤਾਵਰਨ ਵਿਚ ਸਵੇਰ ਵੇਲੇ ਬਹੁਤ ਜ਼ਿਆਦਾ ਇੰਸੂਲਿਨ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਰਾਤ ਨੂੰ ਜਲਦੀ ਸੌਂਵੋ ਤੇ ਸਵੇਰੇ ਜਲਦੀ ਉਠ ਕੇ ਕੁਦਰਤੀ ਦਵਾਈ ਮਤਲਬ ਸੈਰ ਦੀ ਸੈਰ ਦਾ ਆਨੰਦ ਮਾਣੋ, ਫਿਰ ਬਿਮਾਰੀਆਂ ਵੀ ਹਮੇਸ਼ਾ ਤੁਹਾਡੇ ਤੋਂ ਦੂਰ ਰਹਿਣਗੀਆਂ।

-ਸੰਜੀਵ ਸਿੰਘ ਸੈਣੀ, ਮੋਹਾਲੀ।

ਚੜ੍ਹਦੀ ਕਲਾ 'ਚ ਰਹਿਣਾ ਸਿੱਖੋ

ਦੁੱਖ-ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਜਿਵੇਂ ਰਾਤ ਤੋਂ ਬਾਅਦ ਦਿਨ ਅਤੇ ਜਿਵੇਂ ਧੁੱਪ ਤੋਂ ਬਾਅਦ ਛਾਂ ਉਂਝ ਹੀ ਦੁੱਖ ਤੋਂ ਬਾਅਦ ਸੁੱਖ ਦਾ ਆਉਣਾ ਵੀ ਲਾਜ਼ਮੀ ਹੈ। ਬੰਦੇ ਨੂੰ ਦੁੱਖ ਵੇਲੇ ਹਿੰਮਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਅਤੇ ਸੁੱਖ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਣਾ ਚਾਹੀਦਾ। ਜਿਵੇਂ ਹਮੇਸ਼ਾ ਧੁੱਪ ਨਹੀਂ ਰਹਿੰਦੀ, ਇੰਝ ਹੀ ਦੁੱਖ ਵੀ ਹਾਜ਼ਰੀ ਲਗਵਾ ਕੇ ਅਤੇ ਮਨੁੱਖ ਨੂੰ ਮਜ਼ਬੂਤ ਬਣਾ ਕੇ ਅਤੇ ਜ਼ਿੰਦਗੀ ਦਾ ਅਸਲ ਤਜ਼ਰਬਾ ਸਿਖਾ ਕੇ ਚਲਾ ਜਾਂਦਾ ਹੈ। ਸੁੱਖ ਵਿਚ ਮਨੁੱਖ ਬੇਫ਼ਿਕਰਾ ਰਹਿੰਦਾ ਹੈ ਅਤੇ ਜ਼ਿੰਦਗੀ ਦੇ ਅਸਲ ਮਾਅਨੇ ਨੂੰ ਨਹੀਂ ਸਮਝਦਾ। ਕਿਸੇ ਨੇ ਸੌ ਆਨੇ ਸੱਚ ਹੀ ਕਿਹਾ ਹੈ ਕਿ ਅਕਲ ਬਦਾਮ ਖਾ ਕੇ ਨਹੀਂ, ਬਲਕਿ ਠੋਕਰਾਂ ਖਾ ਕੇ ਆਉਂਦੀ ਹੈ। ਸੋ, ਦੁੱਖ ਵਿਚ ਘਬਰਾਉਣਾ ਨਹੀਂ ਚਾਹੀਦਾ, ਬਲਕਿ ਦੁੱਖ ਤੋਂ ਸਬਕ ਸਿੱਖਣਾ ਚਾਹੀਦਾ ਹੈ। ਦੁੱਖ ਦੀ ਘੜੀ ਵਿਚ ਕਈ ਮਨੁੱਖ ਹਿੰਮਤ ਹਾਰ ਕੇ ਮਾਯੂਸ ਹੋ ਕੇ ਬੈਠ ਜਾਂਦੇ ਹਨ ਅਤੇ ਕਈ ਤਾਂ ਖ਼ੁਦਕੁਸ਼ੀ ਕਰ ਕੇ ਆਪਣੀ ਖ਼ੂਬਸੂਰਤੀ ਜ਼ਿੰਦਗੀ ਤੋਂ ਚੰਦ ਮਿੰਟਾਂ ਵਿਚ ਹੀ ਹੱਥ ਧੋ ਬੈਠਦੇ ਹਨ।ਸੋ, ਹਰ ਤਰ੍ਹਾਂ ਦੀ ਸਥਿਤੀ ਵਿਚ ਚੜ੍ਹਦੀਕਲਾ ਵਿਚ ਰਹਿਣ ਲਈ ਸਾਨੂੰ ਛੋਟੇ-ਛੋਟੇ 5 ਸਾਲ ਅਤੇ 7 ਸਾਲ ਦੇ ਸਾਹਿਬਜ਼ਾਦਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਜੋ ਕਿਸੇ ਪ੍ਰਕਾਰ ਦੇ ਲਾਲਚ ਵਿਚ ਨਹੀਂ ਆਏ ਅਤੇ ਜਿਨ੍ਹਾਂ ਨੇ ਹੱਸ-ਹੱਸ ਆਪਣੀ ਉਮਰ ਨਾਲੋਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਅਤੇ ਕੌਮ ਨੂੰ ਸਦਾ ਚੜ੍ਹਦੀਕਲਾ ਵਿਚ ਰਹਿਣ ਦਾ ਸੁਨੇਹਾ ਦਿੱਤਾ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ ਘੁਮਾਣ।

ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ

ਸਰਦੀ ਦੇ ਮੌਸਮ ਵਿਚ ਧੁੰਦ ਸੜਕਾਂ ਉੱਤੇ ਆਵਾਜਾਈ ਨੂੰ ਕਾਫ਼ੀ ਖ਼ਤਰਨਾਕ ਬਣਾ ਦਿੰਦੀ ਹੈ। ਧੁੰਦ ਦੌਰਾਨ ਵਾਹਨ ਚਲਾਉਣ ਵਾਲਿਆਂ ਦੀ ਇਕ ਛੋਟੀ ਜਿਹੀ ਲਾਪਰਵਾਹੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜਲਦਬਾਜ਼ੀ ਟ੍ਰੈਫਿਕ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਧੁੰਦ ਦੌਰਾਨ ਵਾਹਨਾਂ ਦੀ ਰਫ਼ਤਾਰ ਹੌਲੀ ਰੱਖਣੀ, ਹੈੱਡਲਾਈਟਾਂ ਅਤੇ ਫਾਗ ਲਾਈਟਾਂ ਦੀ ਸਹੀ ਵਰਤੋਂ ਕਰਨੀ ਅਤੇ ਵਾਹਨਾਂ ਵਿਚਕਾਰ ਪੂਰਾ ਫ਼ਾਸਲਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਹੈਲਮੈਟ ਅਤੇ ਚਾਰ-ਪਹੀਆ ਵਾਹਨਾਂ ਵਿਚ ਸੀਟ ਬੈਲਟ ਦੀ ਵਰਤੋਂ ਜਾਨ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਲਾਲ ਬੱਤੀ, ਸੰਕੇਤਕ ਚਿੰਨ੍ਹ ਅਤੇ ਟ੍ਰੈਫਿਕ ਨਿਯਮ ਸਾਨੂੰ ਰੋਕਣ ਲਈ ਨਹੀਂ, ਸਗੋਂ ਸੁਰੱਖਿਅਤ ਰੱਖਣ ਲਈ ਹਨ।
ਇਨ੍ਹਾਂ ਦਿਨਾਂ ਵਿਚ ਟ੍ਰੈਫਿਕ ਪ੍ਰਸ਼ਾਸਨ ਵਲੋਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਲੋੜੀਂਦੀ ਹੈ, ਪਰ ਇਸ ਤੋਂ ਵੀ ਵੱਡੀ ਜ਼ਿੰਮੇਵਾਰੀ ਆਮ ਲੋਕਾਂ ਦੀ ਹੈ। ਜਦੋਂ ਤੱਕ ਅਸੀਂ ਖੁਦ ਨਿਯਮਾਂ ਨੂੰ ਆਪਣੀ ਸੁਰੱਖਿਆ ਨਾਲ ਨਹੀਂ ਜੋੜਦੇ, ਤਦ ਤੱਕ ਹਾਦਸਿਆਂ ਨੂੰ ਰੋਕਿਆ ਨਹੀਂ ਜਾ ਸਕਦਾ। ਧੁੰਦ ਦੇ ਦਿਨਾਂ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਅਸੀਂ ਆਪਣੀ ਅਤੇ ਦੂਜਿਆਂ ਦੀ ਜਾਨ ਬਚਾ ਸਕਦੇ ਹਾਂ।

-ਪਵਨ ਕੁਮਾਰ ਅੱਤਰੀ
ਕਪੂਰਥਲਾ

ਬੇਸਹਾਰਾ ਪਸ਼ੂਆਂ ਦੀਆਂ ਸਮੱਸਿਆਵਾਂ

ਬੇਸਹਾਰਾ ਪਸ਼ੂਆਂ ਦੇ ਸੜਕ 'ਤੇ ਘੁੰਮਣ ਨਾਲ ਆਮ ਜਨਤਾ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ। ਕੁਝ ਸਮੱਸਿਆਵਾਂ ਤਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਕੋਈ ਹੱਲ ਵੀ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਬੇਸਹਾਰਾ ਕੁੱਤਿਆਂ ਦੇ ਸੜਕ 'ਤੇ ਘੁੰਮਣ ਨਾਲ ਆਮ ਜਨਤਾ ਲਈ ਬਹੁਤ ਖ਼ਤਰਾ ਵਧ ਜਾਂਦਾ ਹੈ, ਕਿਉਂਕਿ ਅਵਾਰਾ ਕੁੱਤਿਆਂ ਦੇ ਟੀਕਾਕਰਨ ਨਾ ਹੋਣ ਕਾਰਨ ਉਨ੍ਹਾਂ ਦੇ ਵੱਢਣ ਨਾਲ ਰੇਬਿਜ਼ ਨਾਮਕ ਬਿਮਾਰੀ ਹੋਣ ਦਾ ਬਹੁਤ ਖ਼ਤਰਾ ਰਹਿੰਦਾ ਹੈ।
ਬੇਸਹਾਰਾ ਪਸ਼ੂਆਂ ਦਾ ਸੜਕ 'ਤੇ ਘੁੰਮਣਾ ਨਾ ਕੇ ਸਿਹਤ ਸਮੱਸਿਆਵਾਂ ਨੂੰ ਹੀ, ਬਲਕਿ ਦੁਰਘਟਨਾਵਾਂ ਨੂੰ ਵੀ ਜਨਮ ਦਿੰਦਾ ਹੈ। ਅਜੋਕੇ ਸਮੇਂ ਵਿਚ ਵਧਦੀ ਆਵਾਜਾਈ ਵਿਚ ਹੋ ਰਹੀਆਂ ਦੁਰਘਟਨਾਵਾਂ ਦਾ ਮੁੱਖ ਕਾਰਨ ਬੇਸਹਾਰਾ ਪਸ਼ੂ ਹਨ, ਜੋ ਕਿ ਅਣਜਾਣੇ ਵਿਚ ਕਿਸੇ ਵੀ ਵਹੀਕਲ ਅੱਗੇ ਆ ਕੇ ਉਨ੍ਹਾਂ ਨੂੰ ਹਾਦਸਾਗ੍ਰਸਤ ਕਰ ਦਿੰਦੇ ਹਨ। ਬੀਤੇ ਦਿਨ ਹੀ ਪੰਜਾਬ ਦਾ ਨਾਮੀ ਕਲਾਕਾਰ ਵੀ ਇਸ ਘਟਨਾ ਦਾ ਸ਼ਿਕਾਰ ਹੋ ਕੇ ਪੰਜਾਬੀ ਇੰਡਸਟਰੀ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਕੱਢੇ, ਜਿਸ ਕਾਰਨ ਆਮ ਜਨਤਾ ਨੂੰ ਸੜਕ 'ਤੇ ਨਿਕਲਣ ਲੱਗਿਆਂ ਕੁਝ ਵੀ ਸੋਚਣਾ ਨਾ ਪਵੇ।

-ਕਰਨਜੋਤ ਸਿੰਘ
ਫ਼ਤਹਿਗੜ੍ਹ ਸਾਹਿਬ।

Ad Position 22
No active advertisement
ਪਿਛਲੀ ਖ਼ਬਰ ਕਿਸ ਤਰ੍ਹਾਂ ਜੀਵੀਏ ਸੌ ਸਾਲ ਦੀ ਜ਼ਿੰਦਗੀ ਅਗਲੀ ਖ਼ਬਰ ਠੇਕੇ 'ਤੇ ਜ਼ਮੀਨ ਅਤੇ ਮਹਿੰਗੀ ਮਸ਼ੀਨਰੀ
Ad Position 24