ਗੈਸ ਦੇ ਰੋਗਾਂ ਵਿਚ ਗਠੀਏ ਨੂੰ ਬਹੁਤ ਹੀ ਦੁਖਦਾਈ ਰੋਗ ਮੰਨਿਆ ਗਿਆ ਹੈ। ਵਿਦੇਸ਼ਾਂ ਵਿਚ ਇਸ ਨੂੰ ਰੋਗਾਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਹਮੇਸ਼ਾ ਪੀੜ੍ਹੀ-ਦਰ-ਪੀੜ੍ਹੀ ਹੁੰਦਾ ਹੈ। ਇਹ ਰੋਗ ਪੈਰਾਂ ਦੇ ਜੋੜਾਂ ਤੋਂ ਵੀ ਸ਼ੁਰੂ ਹੋ ਸਕਦਾ ਤੇ ਅੱਗੇ ਹੌਲੀ-ਹੌਲੀ ਹੋਰ ਛੋਟੇ-ਵੱਡੇ ਜੋੜ ਪ੍ਰਭਾਵਿਤ ਹੋਣ ਲਗਦੇ ਹਨ। ਉਨ੍ਹਾਂ ਵਿਚ ਵਿਕਾਰ ਆ ਸਕਦੇ ਹਨ।
ਜੋ ਲੋਕ ਗਠੀਏ ਦੇ ਲੱਛਣ ਸਾਫ਼ ਦਿਖਾਈ ਦੇਣ ਤੋਂ ਬਾਅਦ ਵੀ ਡਾਕਟਰ ਕੋਲ ਨਹੀਂ ਜਾਂਦੇ ਅਤੇ ਆਪਣਾ ਇਲਾਜ ਨਹੀਂ ਕਰਾਉਂਦੇ, ਉਹ ਆਪਣੇ ਜੀਵਨ ਦੇ ਮਹੱਤਵਪੂਰਨ ਦਸ ਸਾਲ ਘੱਟ ਕਰ ਲੈਂਦੇ ਹਨ ਅਤੇ ਦੁੱਖ ਭਰੀ ਜ਼ਿੰਦਗੀ ਜਿਊਂਦੇ ਹਨ।
ਜੋੜਾਂ ਅਤੇ ਪੈਰਾਂ ਦੇ ਅੰਗੂਠੇ ਵਿਚ ਸੋਜ ਅਤੇ ਦਰਦ ਨਾਲ ਬਿਮਾਰੀ ਦੀ ਪਹਿਲੀ ਝਲਕ ਮਿਲਦੀ ਹੈ। ਇਹ ਗਠੀਏ ਦੇ ਹਮਲੇ ਦੀ ਸ਼ੁਰੂਆਤ ਹੁੰਦੀ ਹੈ। ਇਸ ਦੌਰਾਨ ਡਾਕਟਰ ਨੂੰ ਦਿਖਾ ਕੇ ਇਲਾਜ ਕਰਾ ਕੇ ਇਸ ਦੇ ਹਮਲੇ ਦੀ ਰਫ਼ਤਾਰ ਨੂੰ ਹੌਲੀ ਕੀਤਾ ਜਾ ਸਕਦਾ ਹੈ ਜਾਂ ਇਸ ਰੋਗ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। ਇਹ ਸਮਾਂ ਮਹੱਤਵਪੂਰਨ ਹੁੰਦਾ ਹੈ, ਨਹੀਂ ਤਾਂ ਜੀਵਨ ਦੁੱਖ ਭਰਿਆ ਅਤੇ ਹਾਲਾਤ ਦਰਦਨਾਕ ਹੋ ਜਾਂਦੇ ਹਨ।
ਉਂਝ ਤਾਂ ਇਹ ਰੋਗ ਪਹਿਲਾਂ 40 ਸਾਲ ਦੀ ਉਮਰ ਤੋਂ ਬਾਅਦ ਹੁੰਦਾ ਸੀ, ਪਰ ਹੁਣ ਕਿਸੇ ਵੀ ਉਮਰ ਵਿਚ ਹੋ ਜਾਂਦਾ ਹੈ। ਇਹ ਰੋਗ ਹਮਲੇ ਤੋਂ ਬਾਅਦ ਆਪਣਾ ਪ੍ਰਭਾਵ ਤੇਜ਼ੀ ਨਾਲ ਦਿਖਾਉਂਦਾ ਹੈ। ਪੀੜਤ ਵਿਅਕਤੀ ਪੰਜ ਤੋਂ ਦਸ ਸਾਲ ਦੇ ਅੰਦਰ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਅਤੇ ਛੇਤੀ ਹੀ ਉਸ ਦੀ ਦੁਖਭਰੀ ਮੌਤ ਹੋ ਜਾਂਦੀ ਹੈ।
ਕਾਰਨ : ਗਠੀਏ ਦੀ ਸ਼ੁਰੂਆਤ ਕੋਮਲ, ਮੋਟੇ, ਅਮੀਰ, ਦਿਨ ਵਿਚ ਸੌਣ ਤੇ ਰਾਤ ਵਿਚ ਜਾਗਣ ਵਾਲੇ ਵਿਅਕਤੀਆਂ, ਨਮਕੀਨ, ਚਟਪਟੇ, ਗਰਮ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਹੁੰਦੀ ਹੈ। ਸ਼ਰਾਬ, ਸਿਰਕਾ, ਗੰਨਾ, ਦਹੀਂ, ਅਜੀਰਣ ਸਥਿਤੀ ਵਿਚ ਗਾੜ੍ਹਾ ਭੋਜਨ ਕਰਨ ਵਾਲਿਆਂ ਵਿਚ ਇਹ ਸਮੱਸਿਆ ਜ਼ਿਆਦਾ ਪਾਈ ਜਾਂਦੀ ਹੈ।
ਗਠੀਆ ਵੀ ਸ਼ੂਗਰ ਵਾਂਗ ਹਾਜ਼ਮਾ, ਪਾਚਨਤੰਤਰ ਦਾ ਰੋਗ ਹੈ। ਇਸ ਨਾਲ ਖੂਨ ਵਿਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ ਜੋ ਦਾਲਾਂ ਤੋਂ ਮਿਲਣ ਵਾਲੀ ਪਿਓਰੀਨ ਨਾਮੀ ਪ੍ਰੋਟੀਨ ਦਾ ਇਕ ਘਟਕ ਹੁੰਦਾ ਹੈ ਜਿਸ ਦੇ ਚਲਦਿਆਂ ਜੋੜਾਂ ਵਿਚ ਸੋਡੀਅਮ ਬਾਇਓਰੋਰੇਟ ਦਾ ਜਮਾਅ ਕ੍ਰਿਸਟਲ ਦੇ ਰੂਪ ਵਿਚ ਹੋਣ ਲਗਦਾ ਹੈ। ਇਸ ਦਾ ਦਰਦ ਸੂਈ ਵਾਂਗ ਤੇਜ਼ ਚੁੱਭਣ ਵਾਲਾ ਹੁੰਦਾ ਹੈ। ਇਹ ਜਮਾਅ ਗੁਰਦੇ ਤੇ ਚਮੜੀ ਵਿਚ ਵੀ ਹੁੰਦਾ ਹੈ। ਇਸ ਗਠੀਏ ਰੋਗ ਵਿਚ ਗੁਰਦੇ, ਪਿਸ਼ਾਬ ਰਸਤੇ ਵਿਚ ਦਰਦ ਜਾਂ ਪੱਥਰੀ ਤੇ ਧਮਨੀ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ।
ਲੱਛਣ : ਗਠੀਏ ਦੇ ਰੋਗੀ ਨੂੰ ਪਹਿਲਾਂ ਪੇਟ ਵਿਚ ਜਲਣ ਹੁੰਦੀ ਹੈ। ਪੇਟ ਵਿਚ ਗੈਸ ਦੀ ਜ਼ਿਆਦਾ ਬਣਦੀ ਹੈ। ਮੂੰਹ ਦੇ ਸਵਾਦ ਵਿਚ ਖ਼ਰਾਬੀ ਆ ਜਾਂਦੀ ਹੈ। ਭੁੱਖ ਵਿਚ ਗੜਬੜੀ ਤੇ ਬੇਚੈਨੀ ਦੇ ਲੱਛਣ ਦੇਖੇ ਜਾਂਦੇ ਹਨ। ਅੱਧੀ ਰਾਤ ਨੂੰ ਪੈਰ ਦੇ ਅੰਗੂਠੇ ਵਿਚ ਅਚਾਨਕ ਦਰਦ ਹੁੰਦਾ ਹੈ, ਜੋੜ ਲਾਲ ਪੈ ਜਾਂਦੇ ਹਨ, ਦਬਾਉਣ 'ਤੇ ਟੋਇਆ ਜਿਹਾ ਮਹਿਸੂਸ ਹੁੰਦਾ ਹੈ, ਬੁਖਾਰ ਹੋ ਜਾਂਦਾ ਹੈ। ਅੰਗੂਠੇ ਦੇ ਜੋੜਾਂ ਵਿਚ ਇਕ ਜਾਂ ਦੋਵੇਂ ਪਾਸੇ ਸੋਜ ਹੋ ਜਾਂਦੀ ਹੈ। ਕਦੀ-ਕਦੀ ਤੇਜ਼ ਦਰਦ ਹੁੰਦਾ ਹੈ।
ਖੂਨ ਜਾਂਚ ਵਿਚ ਯੂਰਿਕ ਐਸਿਡ ਜ਼ਿਆਦਾ ਪਾਇਆ ਜਾਂਦਾ ਹੈ। ਹੱਡੀਆਂ ਦੇ ਜੋੜਾਂ ਦੇ ਸਿਰਾਂ 'ਤੇ ਯੂਰੇਟਸ ਦੇ ਕ੍ਰਿਸਟਲ ਦਾ ਜਮਾਅ ਹੁੰਦਾ ਹੈ, ਜੋ ਐਕਸਰੇ ਕਰਾਉਣ 'ਤੇ ਦਿਸਦਾ ਹੈ। ਸਫੇਦ ਖੂਨ ਕਣਾਂ ਅਤੇ ਈ.ਐਸ.ਆਰ. ਵਿਚ ਵਾਧਾ ਦਿਖਾਈ ਦਿੰਦਾ ਹੈ। ਹੱਥਾਂ ਦੀਆਂ ਹੱਡੀਆਂ ਤੇ ਉਂਗਲੀਆਂ ਦੇ ਪੋਰਿਆਂ ਵਿਚ ਪੋਲਾਪਨ ਮਹਿਸੂਸ ਹੁੰਦਾ ਹੈ। ਹੱਡੀਆਂ ਵਿਚ ਵਿਕਾਰ ਆ ਜਾਂਦਾ ਹੈ।
ਗਠੀਏ ਦਾ ਰੋਗੀ ਪਹਿਲਾਂ-ਪਹਿਲਾਂ ਇਸ ਨੂੰ ਮਾਮੂਲੀ ਗੱਲ ਕਹਿ ਕੇ ਟਾਲਦਾ ਹੈ। ਸੁਣੀ ਸੁਣਾਈ ਡਾਕਟਰੀ ਕਰਦਾ ਹੈ। ਠੀਕ ਹੋਣ ਦੀ ਉਡੀਕ ਕਰਦਾ ਹੈ ਪਰ ਰੋਗ ਉਦੋਂ ਤੱਕ ਗੰਭੀਰ ਹੋ ਜਾਂਦਾ ਹੈ। ਉਸ ਨੂੰ ਸਰੀਰਕ ਤੇ ਮਾਨਸਿਕ ਪ੍ਰੇਸ਼ਾਨੀ ਹੋਣ ਲਗਦੀ ਹੈ। ਸ਼ੁਰੂਆਤੀ ਲੱਛਣ ਦੀ ਹਾਲਤ ਵਿਚ ਜਾਂਚ ਤੋਂ ਬਾਅਦ ਗਠੀਏ ਦਾ ਪਤਾ ਲੱਗਣ 'ਤੇ ਇਲਾਜ ਕਰਾ ਲੈਣ ਨਾਲ ਵਿਅਕਤੀ ਦਰਦ ਭਰੀ ਜ਼ਿੰਦਗੀ ਤੋਂ ਪਹਿਲਾਂ ਹੀ ਸੁਰੱਖਿਅਤ ਹੋ ਜਾਂਦਾ ਹੈ।
ਇਲਾਜ : ਗਠੀਏ ਦੀ ਲਪੇਟ ਵਿਚ ਆਉਣ ਵਾਲੇ ਜ਼ਿਆਦਾਤਰ ਰੋਗੀ ਜੀਵਨਸ਼ੈਲੀ ਵਿਚ ਬਦਲਾਅ ਕਰਕੇ ਇਸ ਬਿਮਾਰੀ ਤੋਂ ਬਚ ਸਕਦੇ ਹਨ। ਲੰਮੇ ਸਮੇਂ ਤੱਕ ਚੌਂਕੜੀ ਮਾਰ ਕੇ ਬੈਠਣ, ਪੈਰਾਂ ਨੂੰ ਇਕ ਦੇ ਉੱਪਰ ਇਕ ਕ੍ਰਾਸ ਬਣਾ ਕੇ ਰੱਖਣ ਨਾਲ ਇਸ ਇਸ 'ਚ ਵਾਧਾ ਹੁੰਦਾ ਹੈ। ਜ਼ਿਆਦਾ ਦੇਰ ਤੱਕ ਚੌਂਕੜੀ ਮਾਰ ਕੇ ਨਾ ਬੈਠੋ। ਕੁਰਸੀ 'ਤੇ ਬੈਠਦੇ ਜਾਂ ਬਿਸਤਰ ਵਿਚ ਸੌਂਦੇ ਸਮੇਂ ਇਕ ਪੈਰ ਦੇ ਉੱਪਰ ਦੂਜਾ ਪੈਰ ਜ਼ਿਆਦਾ ਦੇਰ ਨਾ ਰੱਖੋ। ਆਪਣਾ ਵਜ਼ਨ ਤੇ ਮੋਟਾਪਾ ਘੱਟ ਕਰੋ। ਜੋੜਾਂ 'ਤੇ ਜ਼ਿਆਦਾ ਜ਼ੋਰ ਨਾ ਦੇਵੋ। ਕੈਲਸ਼ੀਅਮ ਵਾਲੀਆਂ ਚੀਜ਼ਾਂ ਨੂੰ ਖਾਣਾ ਵਧਾ ਦਿਉ।
ਧੁੱਪ ਤੋਂ ਵਿਟਾਮਿਨ 'ਡੀ' ਹਾਸਿਲ ਕਰਕੇ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਓ। ਘਰ ਦੇ ਅੰਦਰ ਜ਼ਿਆਦਾ ਰਹਿਣ ਵਾਲੀਆਂ ਔਰਤਾਂ ਅਤੇ ਸ਼ਹਿਰੀ ਔਰਤਾਂ ਧੁੱਪ ਦੀ ਵਰਤੋਂ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਜ਼ਿਆਦਾਤਰ ਔਰਤਾਂ ਧੁੱਪ ਤੋਂ ਚਮੜੀ ਨੂੰ ਬਚਾਉਣ ਲਈ 12 ਮਹੀਨੇ ਸਨਸਕ੍ਰੀਨ ਲੋਸ਼ਨ ਲਗਾਉਂਦੀਆਂ ਹਨ, ਜਿਸ ਨਾਲ ਸਰੀਰ ਧੁੱਪ ਤੋਂ ਵਿਟਾਮਿਨ 'ਡੀ' ਹਾਸਿਲ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ, ਜਿਸ ਦੇ ਚਲਦਿਆਂ ਚਮੜੀ ਤਾਂ ਝੁਲਸਣ ਤੋਂ ਬਚ ਜਾਂਦੀ ਹੈ ਪਰ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਹ ਜੋੜਾਂ ਦੇ ਦਰਦ ਨੂੰ ਵਧਾਉਣ ਦਾ ਕਾਰਨ ਵੀ ਬਣਦਾ ਹੈ। ਨਾਲ ਹੀ ਹੱਡੀਆਂ ਦੀ ਸਮੱਸਿਆ ਵਧ ਜਾਂਦੀ ਹੈ।
ਗਠੀਏ ਦੇ ਰੋਗੀ ਤੰਗ ਜੁੱਤੀਆਂ ਤੇ ਕੱਪੜੇ ਨਾ ਪਾਉਣ। ਪੈਰ ਮੋੜ ਕੇ ਜ਼ਿਆਦਾ ਦੇਰ ਨਾ ਰੱਖੋ। ਖੜ੍ਹੇ ਹੁੰਦੇ ਸਮੇਂ ਦੋਵੇਂ ਪੈਰ ਬਰਾਬਰ ਰੱਖੋ। ਸਰੀਰ ਦਾ ਭਾਰ ਉਨ੍ਹਾਂ 'ਤੇ ਬਰਾਬਰ ਹੋਵੇ। ਕੁਰਸੀ ਆਦਿ 'ਤੇ ਬੈਠਦੇ ਸਮੇਂ ਦੋਵੇਂ ਪੈਰਾਂ ਦੇ ਤਲੇ ਸਰੀਰ ਵਿਚ ਇਕ ਸਮਾਨ ਹੋਣ। ਮੌਕਾ ਮਿਲਣ 'ਤੇ ਸਰੀਰ ਨੂੰ ਲੰਮਾ ਤਾਣੋ। ਢੁਕਵੀਂ ਕਸਰਤ ਕਰੋ। ਠੰਢੀਆਂ ਥਾਵਾਂ ਵਿਚ ਜ਼ਿਆਦਾ ਨਾ ਰਹੋ। ਠੰਢੀਆਂ ਚੀਜ਼ਾਂ ਨਾ ਖਾਓ। ਜ਼ਿਆਦਾ ਠੰਢੇ ਪਾਣੀ ਨਾਲ ਨਾ ਨਹਾਉ। ਕੋਸਾ ਜਾਂ ਹਲਕਾ ਗਰਮ ਪਾਣੀ ਸਹੀ ਰਹਿੰਦਾ ਹੈ। ਡਾਕਟਰ ਵਲੋਂ ਜਾਂਚ ਤੋਂ ਬਾਅਦ ਸੁਝਾਈ ਗਈ ਦਵਾਈ ਸਮੇਂ ਅਨੁਸਾਰ ਖਾਓ।
ਕੀ ਖਾਈਏ, ਕੀ ਨਹੀਂ : ਤੇਲ ਵਾਲੇ ਪਦਾਰਥਾਂ ਤੋਂ ਬਚੋ। ਸ਼ਰਾਬ ਤੇ ਸਿਰਕੇ ਦੀ ਵਰਤੋਂ ਨਾ ਕਰੋ। ਮਾਸ, ਮੱਛੀ ਨਾ ਖਾਓ। ਚਾਹ, ਕੌਫ਼ੀ, ਚਟਨੀ, ਖਟਿਆਈ, ਮਠਿਆਈ, ਗੋਭੀ, ਟਮਾਟਰ, ਪਾਲਕ, ਚੌਲਾਈ, ਦਹੀਂ, ਧੋਤੇ ਮਾਂਹ ਆਦਿ ਯੂਰਿਕ ਐਸਿਡ ਵਾਧੇ ਵਾਲੀਆਂ ਚੀਜ਼ਾਂ ਨਾ ਖਾਓ। ਭਾਰੀ ਭੋਜਨ ਨਾ ਖਾਓ।
ਪਾਣੀ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਪੀਓ। ਪੁਰਾਣੀ ਕਣਕ, ਚੌਲ, ਜੌਂ, ਮਸਰ, ਮੂੰਗੀ, ਕਰੇਲਾ, ਪਰਵਲ, ਫਲ, ਮਿਸ਼ਰੀ, ਮੱਖਣ, ਪਨੀਰ, ਸਾਬੂਦਾਣਾ ਆਦਿ ਦੀ ਵਰਤੋਂ ਕਰੋ। ਭੋਜਨ ਹਮੇਸ਼ਾ ਸਾਦਾ, ਗਰਮ, ਹਜ਼ਮ ਹੋਣ ਵਾਲਾ ਤੇ ਹਲਕਾ ਖਾਓ। ਰੋਗੀ ਨੂੰ ਕਬਜ਼, ਬਦਹਜ਼ਮੀ ਨਾ ਹੋਵੇ। ਪੇਟ ਸਾਫ਼ ਰਹੇ, ਇਸ ਦਾ ਧਿਆਨ ਰੱਖੋ। ਸੁਸਤ ਤੇ ਇਕੋ ਜਿਹੀ ਸਥਿਤੀ ਵਿਚ ਜ਼ਿਆਦਾ ਨਾ ਰਹੋ। ਨਿਰਧਾਰਿਤ ਦਵਾਈ ਦੀ ਲਗਾਤਾਰ ਵਰਤੋਂ ਕਰੋ। ਸਹੀ ਕਸਰਤ ਜ਼ਰੂਰ ਕਰੋ। ਡਾਕਟਰ ਦੇ ਸੰਪਰਕ ਵਿਚ ਰਹੋ। ਸਭ ਪੈਥੀਆਂ ਵਿਚ ਸਹੀ ਦਵਾਈ ਹੈ, ਪਰ ਸਭ ਤੋਂ ਜ਼ਿਆਦਾ ਮਹੱਤਵਪੂਰਨ ਰੋਗੀ ਦੀ ਸਰੀਰਕ ਸਰਗਰਮੀ ਹੋਣੀ ਚਾਹੀਦੀ ਹੈ।
ਕਿਸੇ ਵੀ ਸਥਿਤੀ ਵਿਚ ਨਿਰਾਸ਼ ਨਾ ਹੋਵੋ। ਹਸਮੁਖ ਰਹੋ, ਇੱਛਾ ਸ਼ਕਤੀ ਨੂੰ ਮਜ਼ਬੂਤ ਬਣਾਈ ਰੱਖੋ। ਗਠੀਆ ਰੋਗ ਦੇ ਹੋ ਜਾਣ 'ਤੇ ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ ਵਿਚ ਸਹੀ ਬਦਲਾਅ ਜ਼ਰੂਰ ਕਰੋ, ਪਰ ਇਲਾਜ ਵਿਚ ਦੇਰੀ ਹਾਨੀਕਾਰਕ ਹੋ ਸਕਦੀ ਹੈ, ਕਿਉਂਕਿ ਰੋਗ ਦੀ ਅਣਦੇਖੀ ਤੇ ਲਾਪ੍ਰਵਾਹੀ ਨਾਲ ਰੋਗ ਖ਼ਤਰਨਾਕ ਹੋ ਜਾਂਦਾ ਹੈ।
ਗਠੀਏ ਦੇ ਇਲਾਜ ਵਿਚ ਦੇਰੀ ਠੀਕ ਨਹੀਂ
ਅਜੀਤ ਡੈਸਕ
02-01-2026