ਗਾਜਰ ਦੇ ਫਾਇਦਿਆਂ ਤੋਂ ਬਹੁਤ ਘੱਟ ਲੋਕ ਜਾਣੂ ਹੋਣਗੇ। ਬਾਜ਼ਾਰ ਵਿਚ ਕਈ ਰੰਗਾਂ ਦੀਆਂ ਗਾਜਰਾਂ ਮਿਲਦੀਆਂ ਹਨ। ਲਾਲ, ਨਾਰੰਗੀ ਅਤੇ ਕਾਲੇ ਰੰਗ ਦੀਆਂ ਗਾਜਰਾਂ ਦੀ ਵਰਤੋਂ ਅਸੀਂ ਵੱਖ-ਵੱਖ ਤਰ੍ਹਾਂ ਨਾਲ ਅਤੇ ਵੱਖ-ਵੱਖ ਰੂਪਾਂ ਵਿਚ ਕਰਦੇ ਹਾਂ। ਇਨ੍ਹਾਂ ਗਾਜਰਾਂ ਦਾ ਹਲਵਾ, ਜੂਸ, ਅਚਾਰ, ਸਬਜ਼ੀ ਅਤੇ ਕਈ ਹੋਰ ਤਰ੍ਹਾਂ ਨਾਲ ਵਰਤੋਂ ਅਸੀਂ ਕਰ ਸਕਦੇ ਹਾਂ।
ਬੱਚਿਆਂ ਲਈ ਗਾਜਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਗਾਜਰਾਂ ਦਾ ਸੂਪ ਬਣਾ ਕੇ ਜਾਂ ਸਲਾਦ ਜਾਂ ਫਿਰ ਕੱਚੀ ਹੀ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਨੂੰ ਖਿਲਾ ਸਕਦੇ ਹੋ।
ਚਿਹਰੇ 'ਤੇ ਆਈਆਂ ਝੁਰੜੀਆਂ ਨੂੰ ਘੱਟ ਕਰਨ ਵਿਚ ਗਾਜਰ ਬਹੁਤ ਲਾਹੇਵੰਦ ਹੈ। ਬਚਪਨ ਤੋਂ ਤੁਸੀਂ ਜੇਕਰ ਗਾਜਰ ਦੀ ਲਗਾਤਾਰ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਮੇਂ ਤੋਂ ਪਹਿਲਾਂ ਝੁਰੜੀਆਂ ਨਹੀਂ ਪੈਣਗੀਆਂ। ਗਾਜਰ ਨੂੰ ਅਸੀਂ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਵਿਚ ਫੇਸਪੈਕ ਦੇ ਰੂਪ ਵਿਚ ਵੀ ਵਰਤੋਂ ਕਰਦੇ ਹਾਂ। ਵਟਣੇ ਦੇ ਰੂਪ ਵਿਚ ਗਾਜਰ ਦੀ ਵਰਤੋਂ ਕਰਨ ਨਾਲ ਚਿਹਰੇ ਦੇ ਸਾਂਵਲੇਪਨ ਤੋਂ ਬਚਿਆ ਜਾ ਸਕਦਾ ਹੈ।
ਗਾਜਰ ਦਾ ਵਟਣਾ ਬਣਾਉਣ ਲਈ ਸਭ ਤੋਂ ਪਹਿਲਾਂ ਦੋ ਚਮਚ ਗਾਜਰ ਦਾ ਜੂਸ ਲਓ। ਉਸ ਵਿਚ ਦੋ ਚਮਚ ਬਦਾਮ ਦਾ ਤੇਲ ਅਤੇ ਉਸੇ ਮਾਤਰਾ ਵਿਚ ਵੇਸਣ ਮਿਲਾਓ। ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਉਸ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ ਅਤੇ ਵੀਹ ਮਿੰਟ ਬਾਅਦ ਚਿਹਰਾ ਠੰਢੇ ਪਾਣੀ ਨਾਲ ਧੋ ਲਓ। ਫਿਰ ਦੇਖੋ ਗਾਜਰ ਦਾ ਕਮਾਲ। ਇਸ ਵਟਣੇ ਦੀ ਵਰਤੋਂ ਕਰਦੇ ਰਹਿਣ ਨਾਲ ਚਮੜੀ 'ਤੇ ਜੰਮੀ ਮੈਲ ਸਾਫ਼ ਹੋ ਜਾਂਦੀ ਹੈ।
ਜੇਕਰ ਤੁਸੀਂ ਦਿਨ ਵਿਚ ਦੋ ਗਿਲਾਸ ਗਾਜਰ ਦਾ ਜੂਸ ਪੀਂਦੇ ਹੋ ਤਾਂ ਇਹ ਤੁਹਾਡੇ ਹਾਜ਼ਮੇ ਨੂੰ ਠੀਕ ਰੱਖਦਾ ਹੈ। ਗਾਜਰ ਸਰੀਰ ਵਿਚੋਂ ਗੰਦੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੀ ਹੈ ਅਤੇ ਅਲਸਰ ਵਰਗੀ ਖ਼ਤਰਨਾਕ ਬਿਮਾਰੀ ਵਿਚ ਵੀ ਫਾਇਦਾ ਕਰਦੀ ਹੈ। ਕਮਜ਼ੋਰੀ ਨਾਲ ਜੇਕਰ ਤੁਹਾਨੂੰ ਚੱਕਰ ਆਉਂਦੇ ਹਨ ਤਾਂ ਗਾਜਰ ਖਾਣਾ ਤੁਹਾਡੇ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗੀ।
ਗਾਜਰ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਦਸਤ ਆਉਣਾ ਬੰਦ ਹੋ ਜਾਂਦੇ ਹਨ। ਦਿਨ ਵਿਚ ਦੋ ਤੋਂ ਤਿੰਨ ਵਾਰ ਇਸ ਜੂਸ ਨੂੰ ਪੀਣ ਨਾਲ ਦਸਤਾਂ ਵਿਚ ਫਾਇਦਾ ਹੁੰਦਾ ਹੈ।
ਬੱਚਿਆਂ ਨੂੰ ਡਾਇਰੀਆ ਹੋਣ 'ਤੇ ਇਸ ਵਿਧੀ ਦੀ ਵਰਤੋਂ ਕਰੋ। ਇਕ ਪਤੀਲੇ ਵਿਚ ਦੋ-ਤਿੰਨ ਗਾਜਰਾਂ ਨੂੰ ਉਬਾਲੋ। ਉਬਾਲਣ ਨਾਲ ਉਹ ਨਰਮ ਪੈ ਜਾਂਦੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਦਾ ਗੁੱਦਾ ਕੱਢੋ ਅਤੇ ਜੂਸ ਤਿਆਰ ਕਰ ਲਓ। ਉਸ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਲਓ ਅਤੇ ਬੱਚਿਆਂ ਨੂੰ ਥੋੜ੍ਹੀ-ਥੋੜ੍ਹੀ ਦੇਰ ਵਿਚ ਇਸ ਨੂੰ ਦਿੰਦੇ ਰਹੋ। ਬਹੁਤ ਛੇਤੀ ਆਰਾਮ ਮਿਲੇਗਾ।
ਲਾਲ ਗਾਜਰ ਅੱਖਾਂ, ਦੰਦਾਂ ਅਤੇ ਪੇਟ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਵਿਟਾਮਿਨ 'ਏ' ਵਾਲੀ ਗਾਜਰ ਦੀ ਵਰਤੋਂ ਨਾਲ ਅੱਖਾਂ ਦੀਆਂ ਬਿਮਾਰੀਆਂ 'ਨਾਈਟ ਬਲਾਇੰਡਨੈੱਸ' ਕਾਫ਼ੀ ਹੱਦ ਤੱਕ ਠੀਕ ਹੋ ਸਕਦੀ ਹੈ।
ਗਾਜਰ ਨੂੰ ਖਾਣ ਵਿਚ ਕੁਝ ਸਾਵਧਾਨੀ ਵਰਤਣੀ ਚਾਹੀਦੀ ਹੈ ਜਿਵੇਂ ਕਿ ਜੇਕਰ ਤੁਸੀਂ ਗਾਜਰ ਨੂੰ ਕੱਚੀ ਹੀ ਖਾ ਰਹੇ ਹੋ ਤਾਂ ਭੁੱਲ ਕੇ ਵੀ ਉਸ ਦੀ ਉੱਪਰੀ ਤਹਿ ਨੂੰ ਨਾ ਛਿੱਲੋ ਕਿਉਂਕਿ ਉਸ ਵਿਚ ਤਰ੍ਹਾਂ-ਤਰ੍ਹਾਂ ਦੇ ਵਿਟਾਮਿਨ ਅਤੇ ਪੋਸ਼ਕ ਤੱਤ ਲੁਕੇ ਹੁੰਦੇ ਹਨ।
ਗਾਜਰ ਨੂੰ ਜੇਕਰ ਤੁਹਾਡੇ ਬੱਚੇ ਕੱਚੇ ਰੂਪ ਵਿਚ ਨਾ ਜਾਂ ਨਮਕੀਨ ਰੂਪ ਵਿਚ ਨਾ ਪਸੰਦ ਕਰਦੇ ਹੋਣ ਤਾਂ ਤੁਸੀਂ ਉਨ੍ਹਾਂ ਦਾ ਕੜਾਹ ਬਣਾ ਕੇ ਖਵਾਓ ਅਤੇ ਖ਼ੁਦ ਵੀ ਖਾ ਸਕਦੇ ਹੋ। ਇਸ ਤਰ੍ਹਾਂ ਨਾਲ ਤੁਹਾਡੀ ਸਮੱਸਿਆ ਵੀ ਸੁਲਝ ਜਾਵੇਗੀ ਅਤੇ ਬੱਚੇ ਵੀ ਖ਼ੁਸ਼ ਰਹਿਣਗੇ।
ਗਾਜਰ ਦੇ ਹਨ ਅਨੇਕ ਲਾਭ
ਅਜੀਤ ਡੈਸਕ
02-01-2026