ਗਰਮੀਆਂ ਦੇ ਦਿਨਾਂ ਵਿਚ ਜੇਕਰ ਸੰਭਵ ਹੋਵੇ ਤਾਂ ਦਿਨ ਵਿਚ ਦੋ ਵਾਰ ਇਸ਼ਨਾਨ ਜ਼ਰੂਰ ਕਰੋ। ਇਸ ਨਾਲ ਪਸੀਨੇ ਕਾਰਨ ਸਰੀਰ 'ਤੇ ਪੈਦਾ ਹੋਣ ਵਾਲੇ ਕਿਟਾਣੂਆਂ ਤੋਂ ਤੁਸੀਂ ਬਚ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਘਮੌਰੀਆਂ ਹੋਣ ਦੀ ਸੰਭਾਵਨਾ ਵੀ ਕਾਫ਼ੀ ਹੱਦ ਤੱਕ ਘੱਟ ਹੋ ਜਾਂਦੀ ਹੈ।
ਗਰਮੀ ਦੇ ਦਿਨਾਂ ਵਿਚ ਭਰਪੂਰ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਸਰੀਰ ਨੂੰ ਸਹੀ ਮਾਤਰਾ ਵਿਚ ਪਾਣੀ ਮਿਲਦਾ ਰਹੇ।
ਇਨ੍ਹੀਂ ਦਿਨੀਂ ਸੌਖਿਆਂ ਹਜ਼ਮ ਹੋਣ ਵਾਲਾ ਭੋਜਨ ਖਾਣਾ ਚਾਹੀਦਾ ਹੈ। ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਤੇਜ਼ ਧੁੱਪ ਵਿਚ ਘਰੋਂ ਬਾਹਰ ਨਾ ਨਿਕਲੋ। ਜੇਕਰ ਤੇਜ਼ ਧੁੱਪ ਵਿਚ ਕਿਤੇ ਜਾਣਾ ਹੋਵੇ ਤਾਂ ਅੱਖਾਂ 'ਤੇ ਚਸ਼ਮਾ ਲਗਾ ਲਓ। ਸਿਰ 'ਤੇ ਟੋਪੀ ਪਾ ਲਓ ਅਤੇ ਨਾਲ ਛਤਰੀ ਜ਼ਰੂਰ ਲੈ ਲਓ।
ਗਰਮੀ ਦੇ ਦਿਨਾਂ ਵਿਚ ਮੋਟੇ ਜਾਂ ਗੂੜ੍ਹੇ ਰੰਗ ਦੇ ਕੱਪੜਿਆਂ ਨੂੰ ਪਾਉਣ ਦੀ ਬਜਾਏ ਪਤਲੇ ਅਤੇ ਹਲਕੇ ਰੰਗ ਵਾਲੇ ਕੱਪੜੇ ਪਾਓ। ਸਫ਼ੇਦ ਰੰਗ ਦੇ ਸੂਤੀ ਕੱਪੜੇ ਪਾਉਣਾ ਜ਼ਿਆਦਾ ਚੰਗਾ ਹੈ।
ਇਨ੍ਹੀਂ ਦਿਨੀਂ ਕੋਲਡ ਡ੍ਰਿੰਕਸ, ਫਲਾਂ ਦਾ ਜੂਸ, ਖਰਬੂਜ਼ਾ, ਅੰਗੂਰ ਆਦਿ ਰਸਦਾਰ ਫਲਾਂ ਦੀ ਵਰਤੋਂ ਕਰਨੀ ਚੰਗੀ ਹੁੰਦੀ ਹੈ। ਇਸ ਨਾਲ ਨਾ ਸਿਰਫ਼ ਸਰੀਰ ਨੂੰ ਭਰਪੂਰ ਮਾਤਰਾ ਵਿਚ ਪਾਣੀ ਮਿਲਦਾ ਹੈ ਸਗੋਂ ਇਹ ਸੌਖਿਆਂ ਹੀ ਹਜ਼ਮ ਵੀ ਹੁੰਦੇ ਹਨ।
ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਮੌਸਮ ਵਿਚ ਫਲਾਂ ਦੀ ਵਰਤੋਂ ਜ਼ਿਆਦਾ ਕਰੋ।
ਗਰਮੀਆਂ ਦੇ ਦਿਨਾਂ ਵਿਚ ਨਹਾਉਂਦੇ ਸਮੇਂ ਸੁਗੰਧਿਤ ਸਾਬਣ ਦੀ ਵਰਤੋਂ ਕਰਨੀ ਬਿਹਤਰ ਹੁੰਦੀ ਹੈ।
ਇਸ਼ਨਾਨ ਕਰ ਲੈਣ ਤੋਂ ਬਾਅਦ ਆਪਣੇ ਕੱਪੜੇ ਜ਼ਰੂਰ ਬਦਲੋ, ਨਾਲ ਹੀ ਆਪਣੇ ਸਰੀਰ 'ਤੇ ਕੋਈ ਚੰਗਾ ਪਾਊਡਰ ਵੀ ਲਗਾਓ।
ਆਪਣੇ ਸਰੀਰ ਦੇ ਨਾਲ-ਨਾਲ ਆਪਣੇ ਕੱਪੜਿਆਂ ਦੀ ਸਾਫ਼-ਸਫ਼ਾਈ ਵੱਲ ਵੀ ਧਿਆਨ ਦਿਓ, ਖ਼ਾਸ ਕਰਕੇ ਉਨ੍ਹਾਂ ਹਿੱਸਿਆਂ 'ਤੇ ਜੋ ਪਸੀਨੇ ਦੇ ਸੰਪਰਕ ਵਿਚ ਜ਼ਿਆਦਾ ਰਹਿੰਦੇ ਹਨ।
ਜੇਕਰ ਤੁਸੀਂ ਪਸੀਨੇ ਦੀ ਬਦਬੂ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਉਸ ਤੋਂ ਬਚਣ ਲਈ ਡਿਓਡਰੈਂਟ ਦੀ ਵਰਤੋਂ ਕਰੋ।
ਇਨ੍ਹੀਂ ਦਿਨੀਂ ਚੁਸਤ ਕੱਪੜੇ ਨਾ ਪਾਓ। ਖੁੱਲ੍ਹੇ ਭਾਵ ਢਿੱਲੇ ਕੱਪੜੇ ਪਾਓ ਤਾਂ ਕਿ ਪਸੀਨਾ ਤੁਰੰਤ ਭਾਫ਼ ਬਣ ਕੇ ਉੱਡ ਜਾਵੇ।
ਆਪਣੇ ਕੋਲ ਪਸੀਨਾ ਪੂੰਝਣ ਲਈ ਰੁਮਾਲ ਜ਼ਰੂਰ ਰੱਖੋ। ਹੱਥ ਨਾਲ ਚਿਹਰਾ ਪੂੰਝਣ 'ਤੇ ਤੁਹਾਡੇ ਮੇਕਅਪ 'ਤੇ ਅਸਰ ਪੈ ਸਕਦਾ ਹੈ।
ਜੇਕਰ ਸਵੇਰੇ ਕਿਤੇ ਜਾਣਾ ਹੋਵੇ ਤਾਂ ਕੁਝ ਖਾ ਕੇ ਹੀ ਘਰੋਂ ਨਿਕਲੋ। ਭੁੱਖੇ ਪੇਟ ਘਰੋਂ ਬਾਹਰ ਨਾ ਨਿਕਲੋ।
ਜੇਕਰ ਤੁਹਾਨੂੰ ਸਵੇਰ ਦੀ ਸੈਰ ਕਰਨ ਦੀ ਆਦਤ ਹੈ ਤਾਂ ਗਰਮੀ ਦੇ ਦਿਨਾਂ ਵਿਚ ਤੁਹਾਨੂੰ ਇਸ ਦਾ ਵਿਸ਼ੇਸ਼ ਫ਼ਾਇਦਾ ਮਿਲੇਗਾ।
ਗਰਮੀ ਦੇ ਦਿਨਾਂ ਵਿਚ ਭੁੱਖ ਤੋਂ ਜ਼ਿਆਦਾ ਜਾਂ ਦੇਰ ਰਾਤ ਨੂੰ ਭੋਜਨ ਨਾ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਹਾਜ਼ਮਾ ਕਿਰਿਆ ਖ਼ਰਾਬ ਹੋ ਸਕਦੀ ਹੈ।
ਜੇਕਰ ਤੁਹਾਨੂੰ ਜ਼ਿਆਦਾ ਗਰਮੀ ਵਿਚ ਕਿਤੇ ਜਾਣਾ ਪਵੇ ਤਾਂ ਚੰਗੀ ਕਿਸਮ ਦਾ ਸਨਸਕ੍ਰੀਨ ਲੋਸ਼ਨ ਆਪਣੇ ਸਰੀਰ 'ਤੇ ਲਗਾ ਲਓ, ਖ਼ਾਸ ਕਰਕੇ ਉਨ੍ਹਾਂ ਹਿੱਸਿਆਂ 'ਤੇ ਜੋ ਕੱਪੜਿਆਂ ਨਾਲ ਢਕਿਆ ਨਾ ਰਹਿੰਦਾ ਹੋਵੇ।
ਤੁਹਾਡੀਆਂ ਚੱਪਲਾਂ ਜਾਂ ਸੈਂਡਲ ਇਸ ਤਰ੍ਹਾਂ ਦੇ ਹੋਣ ਜਿਨ੍ਹਾਂ ਵਿਚ ਤੁਹਾਡੇ ਪੈਰਾਂ ਨੂੰ ਹਵਾ ਲੱਗੇ। ਜੇਕਰ ਜੁਰਾਬਾਂ ਪਾਉਣੀਆਂ ਹੋਣ ਤਾਂ ਆਪਣੇ ਪੈਰਾਂ ਵਿਚ ਪਾਊਡਰ ਲਗਾ ਲਓ।
ਗਰਮੀਆਂ ਵਿਚ ਮੁਸ਼ਕਿਲ ਕਸਰਤ ਨਾ ਕਰੋ।
ਗਰਮੀ ਦੇ ਦਿਨਾਂ ਵਿਚ ਭੁੱਲ ਕੇ ਵੀ ਨੰਗੇ ਪੈਰ ਘਰ ਤੋਂ ਬਾਹਰ ਨਾ ਨਿਕਲੋ।
ਸਖ਼ਤ ਗਰਮੀ 'ਚੋਂ ਚੱਲ ਕੇ ਆਉਣ 'ਤੇ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ।
ਇਨ੍ਹੀਂ ਦਿਨੀਂ ਚਾਹ, ਕੌਫ਼ੀ ਆਦਿ ਦੀ ਵਰਤੋਂ ਘੱਟ ਤੋਂ ਘੱਟ ਕਰੋ।
ਜੇਕਰ ਤੁਹਾਨੂੰ ਲੂ ਲੱਗਣ ਦਾ ਖ਼ਤਰਾ ਹੋਵੇ ਤਾਂ ਲਗਾਤਾਰ ਕੱਚੇ ਅੰਬ ਅਤੇ ਪਿਆਜ਼ ਦੀ ਵਰਤੋਂ ਕਰੋ।
-੦-
ਗਰਮੀ ਤੋਂ ਰਾਹਤ ਦਾ ਰਾਹ
ਅਜੀਤ ਡੈਸਕ
29-05-2026