ਦੰਦ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦੰਦਾਂ ਨੂੰ ਦੋ ਵਾਰ ਤੋਂ ਜ਼ਿਆਦਾ ਬਰੁਸ਼ ਕੀਤਾ ਜਾਵੇ ਤਾਂ ਇਹ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਇਸ ਨਾਲ ਦੰਦਾਂ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਿਵੇਂ—ਕੈਵਿਟੀ ਆਦਿ | ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਦੰਦਾਂ ਦੀਆਂ ਜੜ੍ਹਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਅਤੇ ਅੱਗੇ ਚਲ ਕੇ ਦੰਦ ਉੱਖੜ ਜਾਂਦੇ ਹਨ | ਇਸ ਦਾ ਕਾਰਨ ਬਰੁਸ਼ ਜ਼ਿਆਦਾ ਸਮੇਂ ਤੱਕ ਕਰਨਾ ਵੀ ਹੈ | ਕੁਝ ਲੋਕ ਕਾਫ਼ੀ ਦੇਰ ਤੱਕ ਦੰਦਾਂ 'ਤੇ ਬਰੁਸ਼ ਰਗੜਦੇ ਰਹਿੰਦੇ ਹਨ | ਇਸ ਪਿੱਛੇ ਉਨ੍ਹਾਂ ਦਾ ਵਿਚਾਰ ਹੁੰਦਾ ਹੈ ਕਿ ਦੰਦ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਪਰ ਉਨ੍ਹਾਂ ਦਾ ਇਹ ਵਿਚਾਰ ਬਿਲਕੁਲ ਗ਼ਲਤ ਸਾਬਿਤ ਹੁੰਦਾ ਹੈ | ਦੰਦ ਸਾਫ਼ ਹੋਣ ਦੀ ਬਜਾਏ ਕਮਜ਼ੋਰ ਪੈ ਜਾਂਦੇ ਹਨ, ਕਿਉਂਕਿ ਟੁੱਥਪੇਸਟ ਵਿਚ ਜੋ ਕੈਮੀਕਲ ਹੁੰਦੇ ਹਨ, ਉਹ ਦੰਦਾਂ ਦੇ ਸੰਵੇਦਨਸ਼ੀਲ ਹਿੱਸਿਆਂ ਵਿਚ ਪਹੁੰਚ ਕੇ ਉਸ ਦੇ ਤਾਪਮਾਨ 'ਤੇ ਪ੍ਰਭਾਵ ਪਾਉਂਦੇ ਹਨ, ਜਿਸ ਨਾਲ ਦੰਦਾਂ ਦਾ ਅੰਦਰੂਨੀ ਹਿੱਸਾ ਕਮਜ਼ੋਰ ਪੈਣ ਲਗਦਾ ਹੈ | ਅਖੀਰ ਡਾਕਟਰਾਂ ਦਾ ਸੁਝਾਅ ਹੈ ਕਿ ਦਿਨ ਵਿਚ ਦੋ ਵਾਰ ਤੋਂ ਜ਼ਿਆਦਾ ਬਰੁਸ਼ ਨਹੀਂ ਕਰਨਾ ਚਾਹੀਦਾ | ਬਰੁਸ਼ ਖਰੀਦਦੇ ਸਮੇਂ ਧਿਆਨ ਦਿਓ ਕਿ ਉਹ ਜ਼ਿਆਦਾ ਸਖ਼ਤ ਤਾਂ ਨਹੀਂ | ਹਮੇਸ਼ਾ ਨਰਮ ਬਰੁਸ਼ ਦੀ ਵਰਤੋਂ ਕਰੋ | ਦੋ ਮਿੰਟ ਤੋਂ ਜ਼ਿਆਦਾ ਬਰੁਸ਼ ਨਾ ਕਰੋ | ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਦੰਦਾਂ ਦੇ ਡਾਕਟਰ ਤੋਂ ਬਰੁਸ਼ ਕਰਨ ਦੀ ਵਿਧੀ ਸਿੱਖ ਲਓ |